Vishesh Sirlekh Baaniya – ਵਿਸ਼ੇਸ਼ ਸਿਰਲੇਖ ਬਾਣੀਆਂ

ਵਿਸ਼ੇਸ਼ ਸਿਰਲੇਖ ਬਾਣੀਆਂ

ਗੁਰੂ ਗ੍ਰੰਥ ਸਾਹਿਬ ਦੀ ਬਣਤਰ ਦੇ ਖ਼ੂਬਸੂਰਤ ਅਧਿਆਏ ਨਾਲ ਜੁੜਣ ਲਈ ਬਾਣੀ ਮਾਧਿਅਮ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਖ਼ੂਬਸੂਰਤੀ ਨਾਲ ਇਹਨਾਂ ਸਾਰੀਆਂ ਬਾਣੀਆਂ ਨੂੰ ਸਿਰਲੇਖ ਪ੍ਰਦਾਨ ਕੀਤੇ ਹਨ, ਉਹਨਾਂ ਬਾਣੀਆਂ ਵਿਚਲੀ ਤਰਤੀਬ ਨੂੰ ਜਾਣ ਲੈਣਾ ਬੇਹਦ ਜ਼ਰੂਰੀ ਹੋ ਜਾਂਦਾ ਹੈ। ਸੋ ਅਸੀਂ ਜਿੱਥੇ ਇਹਨਾਂ ਸਿਰਲੇਖਾਂ ਦੀ ਗੱਲ ਕਰਾਂਗੇ, ਉੱਥੇ ਉਸ ਬਾਣੀ ਦੇ ਪ੍ਰਸੰਗ ਨੂੰ ਵੀ ਸੰਖੇਪ ਵਿੱਚ ਪ੍ਰਗਟਾਉਣ ਦਾ ਯਤਨ ਕਰਾਂਗੇ ਅਤੇ ਨਾਲ ਹੀ ਉਸ ਬਾਣੀ ਦੀ ਇਤਿਹਾਸਕ ਪਿੱਠ- ਭੂਮਿ ਵੱਲ ਵੀ ਇੱਕ ਝਾਤ ਮਾਰਾਂਗੇ।

  1. ਜਪੁ

ਗੁਰੂ ਗ੍ਰੰਥ ਸਾਹਿਬ ਦਾ ਆਰੰਭ ‘ਜਪੁ’ ਬਾਣੀ ਤੋਂ ਹੁੰਦਾ ਹੈ ਜਿਸਦਾ ਸਿੱਖ ਧਰਮ ਵਿੱਚ ਬੇਹਦ ਮਹੱਤਵ ਹੈ ਅਤੇ ਇਹ ਨਿਤਨੇਮ ਦੀ ਬਾਣੀ ਹੈ। ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੁਆਰਾ ਰਚਿਤ ਹੈ ਅਤੇ ਇਹ ਗੁਰੂ ਗ੍ਰੰਥ ਸਾਹਿਬ ਦਾ ਬੀਜ ਰੂਪ ਹੈ। ਇਸ ਬਾਣੀ ਦੀਆਂ 38 ਪਉੜੀਆਂ ਅਤੇ 2 ਸਲੋਕ ਹਨ। ਇੱਕ ਸਲੋਕ ਬਾਣੀ ਦੇ ਆਰੰਭ ਵਿੱਚ ਅਤੇ ਦੂਜਾ ਬਾਣੀ ਦੇ ਅਖੀਰ ਵਿੱਚ ਹੈ। ਸਭ ਤੋਂ ਆਰੰਭ ਵਿੱਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਹੈ ਜਿਸਨੂੰ ਮੂਲਮੰਤਰ ਕਿਹਾ ਜਾਂਦਾ ਹੈ। ਮੂਲਮੰਤਰ ਤੋਂ ਬਾਅਦ ਬਾਣੀ ਦਾ ਸਿਰਲੇਖ ‘ਜਪੁ’ ਅੰਕਿਤ ਕੀਤਾ ਗਿਆ ਹੈ। ਇਹ ਬਾਣੀ ਰਾਗ ਮੁਕਤ ਹੈ। ਇਸ ਬਾਣੀ ਦਾ ਕੇਂਦਰੀ ਨੁਕਤਾ ਅਕਾਲ ਪੁਰਖ, ਮਨੁੱਖ ਅਤੇ ਸਮਾਜ ਹੈ। ਮਨੁੱਖ ਨੂੰ ਰੱਬ ਦੇ ਘਰ ਦਾ ਵਾਸੀ ਬਣਾਉਣ ਹਿਤ ਭਾਵ ਸਚਿਆਰ ਪਦ ਦੀ ਪ੍ਰਾਪਤੀ ਲਈ ਉਸਦਾ ਮਾਰਗ ਨਿਰਦੇਸ਼ਨ ਕੀਤਾ ਗਿਆ ਹੈ। ਇਸ ਅਵਸਥਾ ਦੀ ਪ੍ਰਾਪਤੀ ਲਈ ਜਿੱਥੇ ਸੁਣਨ, ਮੰਨਨ ਅਤੇ ਪੰਚ ਦਾ ਰਸਤਾ ਦਰਸਾਇਆ ਹੈ, ਉੱਥੇ ਨਾਲ ਹੀ ਪੰਜ ਖੰਡਾਂ ਰਾਹੀਂ ਅਧਿਆਤਮਕ ਪ੍ਰਾਪਤੀ ਦੇ ਸ਼ਿਖਰ ਨੂੰ ਰੂਪਮਾਨ ਕੀਤਾ ਗਿਆ ਹੈ।

  1. ਸੋ ਦਰੁ

ਗੁਰੂ ਗ੍ਰੰਥ ਸਾਹਿਬ ਵਿੱਚ ਜਪੁ ਬਾਣੀ ਤੋਂ ਬਾਅਦ ‘ਸੋ ਦਰੁ’ ਸਿਰਲੇਖ ਹੇਠ ਬਾਣੀ ਦਰਜ ਹੈ। ‘ਸੋ ਦਰੁ’ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰ ਅੰਕਿਤ ਕੀਤਾ ਗਿਆ ਹੈ। ਪਹਿਲੀ ਵਾਰ ਇਹ ਜਪੁ ਜੀ ਦੀ 27ਵੀਂ ਪਉੜੀ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ 6 ਉੱਤੇ ਦਰਜ ਹੈ, ਦੂਜੀ ਵਾਰ ਮਾਮੂਲੀ ਫ਼ਰਕ ਨਾਲ ਅੰਗ 8 ਉੱਤੇ ਅਤੇ ਤੀਜੀ ਵਾਰ ਰਾਗ ਆਸਾ ਵਿੱਚ ਅੰਗ 347 ਉੱਤੇ। ਇਸ ਬਾਣੀ ਦਾ ਮੂਲ ਭਾਵ ਰੱਬ ਦੇ ਘਰ ਦੀ ਮਹਿਮਾ ਦਾ ਵਰਣਨ ਹੈ।

  1. ਸੋ ਪੁਰਖੁ

‘ਸੋ ਪੁਰਖੁ’ ਤੋਂ ਭਾਵ ਪਰਮੇਸਵਰ ਹੈ ਕਿਉਂਕਿ ਉਹ ਹੀ ਸਭ ਤੋਂ ਵੱਡਾ ਅਤੇ ਉੱਤਮ ਪੁਰਖ ਹੈ ਜੋ ਸੁਤੰਤਰ, ਸ਼ਕਤੀਮਾਨ, ਸਿਰਜਨਹਾਰ ਅਤੇ ਸਦੀਵੀ ਹੈ। ਇਹ ਪੰਜ ਪਦਿਆਂ ਦੀ ਰਚਨਾ ਹੈ ਅਤੇ ਇਸ ਵਿੱਚ ਪਰਮਾਤਮਾ ਦੇ ਗੁਣਾਂ ਦਾ ਸੰਪੂਰਨ ਤੌਰ ਉੱਤੇ ਵਰਣਨ ਕੀਤਾ ਹੈ।

  1. ਸੋਹਿਲਾ

‘ਸੋਹਿਲਾ’ ਦਾ ਸ਼ਾਬਦਿਕ ਅਰਥ ਅਨੰਦ, ਖ਼ੁਸ਼ੀ ਜਾਂ ਵਡਿਆਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਅੰਗ 12 ਉੱਤੇ ਅੰਕਿਤ ਹੈ ਅਤੇ ਇਹ ਸਿੱਖ ਨਿਤਨੇਮ ਦੀ ਬਾਣੀ ਹੈ। ਇਸ ਬਾਣੀ ਵਿੱਚ ਮਹਲਾ ੧, ਮਹਲਾ ੪ ਅਤੇ ਮਹਲਾ ਪ ਦੀ ਬਾਣੀ ਦਰਜ ਹੈ। ਇਸ ਬਾਣੀ ਦਾ ਭਾਵ ਅਰਥ ਪਰਮਾਤਮਾ ਤੋਂ ਵਿੱਛੜੀ ਜੀਵ ਇਸਤਰੀ ਤੇ ਉਸ ਨਾਲ ਮਿਲਾਪ ਅਤੇ ਮਿਲਾਪ ਤੋਂ ਬਾਅਦ ਦੀਆਂ ਖ਼ੁਸ਼ੀਆਂ ਦਾ ਪ੍ਰਗਟਾਅ ਹੈ। ਇਸ ਬਾਣੀ ਵਿੱਚ ਪਰਮਾਤਮਾ ਨਾਲ ਮਿਲਾਪ ਦਾ ਮਾਰਗ ਦੱਸਿਆ ਗਿਆ ਹੈ।

  1. ਵਣਜਾਰਾ

ਗੁਰੂ ਰਾਮ ਦਾਸ ਜੀ ਦੀ ਰਚਿਤ ਬਾਣੀ ‘ਵਣਜਾਰਾ’ ਗੁਰੂ ਗ੍ਰੰਥ ਸਾਹਿਬ ਦੇ ਸਿਰੀ ਰਾਗ ਵਿੱਚ ਅੰਗ 80 ਉੱਤੇ ਅੰਕਿਤ ਹੈ। ਇਸ ਰਚਨਾ ਵਿੱਚ ਸੰਸਾਰ ‘ਤੇ ਮਨੁੱਖ ਦਾ ਆਗਮਨ ਵਣਜਾਰੇ ਦੇ ਰੂਪ ਵਿੱਚ ਕਿਆਸ ਕੀਤਾ ਹੈ। ਮਨੁੱਖ ਇੱਥੇ ਉਸੇ ਤਰ੍ਹਾਂ ਧਰਮ ਕਮਾਉਣ ਆਉਂਦਾ ਹੈ ਜਿਵੇਂ ਵਣਜਾਰਾ ਆਪਣੇ ਮਾਲ ਨੂੰ ਵੇਚਣ ਲਈ ਕੋਸ਼ਿਸ਼ਾਂ ਕਰਦਾ ਹੈ। ਜੇ ਸੱਚ ਦਾ ਵਾਪਾਰੀ ਬਣ ਕੇ, ਸੱਚ ਦਾ ਵਾਪਾਰ ਕਰਕੇ ਜੀਵ ਇਥੋਂ ਤੁਰੇਗਾ ਤਾਂ ਪਰਮਾਤਮਾ ਦੇ ਰਸਤੇ ਦੀਆਂ ਸਭ ਕ੍ਰਾਂਤੀਆਂ ਖ਼ਤਮ ਹੋ ਜਾਣਗੀਆਂ, ਜ਼ਿੰਦਗੀ ਖੇੜਾ ਬਣ ਜਾਏਗੀ ਅਤੇ ਉਹ ਅਲੌਕਿਕ ਗੁਣਾਂ ਦਾ ਧਾਰਨੀ ਹੋ ਸਫ਼ਲ ਵਣਜਾਰੇ ਵਜੋਂ ਨਾਮ ਧਨ ਦਾ ਵਾਪਾਰੀ ਹੋ ਜਾਏਗਾ।

  1. ਕਰਹਲੇ

ਇਹ ਰਚਨਾ ਗੁਰੂ ਰਾਮ ਦਾਸ ਜੀ ਦੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ 234 ‘ਤੇ ਦਰਜ ਹੈ। ਇਤਿਹਾਸਕ ਪ੍ਰਸੰਗ ਵਿੱਚ ਕਰਹਲੇ ਉੱਠਾਂ ਉੱਤੇ ਵਾਪਾਰ ਕਰਨ ਵਾਲੇ ਵਾਪਾਰੀਆਂ ਦੇ ਲੰਮੇ ਗੀਤ ਸਨ ਜਿਸ ਵਿੱਚ ਉਹ ਸਫ਼ਰ ਦਾ ਅਕੇਵਾਂ, ਥਕੇਵਾਂ ਅਤੇ ਘਰ ਦੀ ਯਾਦ ਦਾ ਵਰਣਨ ਕਰਦੇ ਹੋਏ ਤੁਰੇ ਜਾਂਦੇ ਸਨ। ਸਭ ਤੋਂ ਅਗਲਾ ਊਂਠ-ਸਵਾਰ ਗਾਇਨ ਸ਼ੁਰੂ ਕਰਦਾ ਅਤੇ ਪਿੱਛੇ ਉਸਦੇ ਸਾਥੀ ਉਸਦਾ ਸਾਥ ਦਿੰਦੇ। ਇਸ ਦਾ ਭਾਵ ਇਹ ਹੈ ਕਿ ਜਿਵੇਂ ਵਾਪਾਰੀਆਂ ਦਾ ਕੋਈ ਹੋਰ ਟਿਕਾਣਾ ਨਹੀਂ ਹੁੰਦਾ, ਘੁੰਮਦੇ-ਫਿਰਦੇ ਉਹ ਆਪਣੀ ਜ਼ਿੰਦਗੀ ਬਸਰ ਕਰਦੇ ਹਨ, ਇਸੇ ਤਰ੍ਹਾਂ ਹੀ ਮਨੁੱਖ ਜਦੋਂ ਪਰਮਾਤਮਾ ਦੇ ਗੁਣਾਂ ਦਾ ਧਾਰਨੀ ਨਹੀਂ ਬਣਦਾ, ਆਪਣੇ ਮਨ ਪਿੱਛੇ ਚਲਦਾ ਹੈ ਤਾਂ ਉਸਦਾ ਵੀ ਟਿਕਾਣਾ ਇੱਕ ਨਹੀਂ ਰਹਿੰਦਾ। ਉਹ ਆਵਾਗਵਨ ਵਿੱਚ ਉਲਝ ਜਾਂਦਾ ਹੈ ਕਿਉਂਕਿ ਮਨ ਦੀ ਚੰਚਲ ਬਿਰਤੀ ਉਸ ਨੂੰ ਉਸੇ ਤਰ੍ਹਾਂ ਉਲਝਾਈ ਰੱਖਦੀ ਹੈ ਜਿਵੇਂ ਵਾਪਾਰੀ ਥੋੜ੍ਹੇ ਜਿਹੇ ਲਾਭ ਪਿੱਛੇ ਹੋਰ ਅੱਗੇ ਤੋਂ ਅੱਗੇ ਵੱਧਦਾ ਜਾਂਦਾ ਹੈ। ਇਹ ਰਚਨਾ ਸਪਸ਼ਟ ਕਰਦੀ ਹੈ ਕਿ ਜ਼ਿੰਦਗੀ ਲਾਲਚ ਨਹੀਂ ਹੈ, ਜ਼ਿੰਦਗੀ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” ਹੈ ਅਤੇ ਜਿਸਨੇ ਮੂਲ ਪਛਾਣ ਲਿਆ ਉਸਦਾ ਆਵਾਗਵਨ ਮਿੱਟ ਗਿਆ। ਇੱਛਾਵਾਂ ਉੱਤੇ ਕਾਬੂ ਪਾਉਣਾ ਅਤੇ ਪਰਮਾਤਮਾ ਨਾਲ ਇਕਸੁਰਤਾ ਹੀ ਜ਼ਿੰਦਗੀ ਦਾ ਅਸਲ ਸੱਚ ਹੈ।

  1. ਸੁਖਮਨੀ

ਇਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਇੱਕ ਵੱਡ ਆਕਾਰੀ ਬਾਣੀ ਹੈ। ਇਸ ਦੀਆਂ 24 ਪਉੜੀਆਂ ਅਤੇ 24 ਅਸਟਪਦੀਆਂ ਹਨ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ 262 ਉੱਤੇ ਗਉੜੀ ਰਾਗ ਵਿੱਚ ਦਰਜ ਹੈ। ‘ਸੁਖਮਨੀ’ ਦਾ ਸ਼ਾਬਦਿਕ ਅਰਥ ਸੁੱਖਾਂ ਦੀ ਮਨੀ ਹੈ। ਇਸ ਦੀ ਪ੍ਰਾਪਤੀ ਇਸ ਬਾਣੀ ਦੀ ਰਹਾਉ ਦੀ ਪੰਗਤੀ ਤੋਂ ਸਪਸ਼ਟ ਹੈ :

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ।। ਭਗਤ ਜਨਾ ਕੈ ਮਨਿ ਬਿਸ੍ਰਾਮ ॥

ਇਸ ਰਚਨਾ ਵਿੱਚ ਅੰਤਿਮ ਸੁੱਖ ਜਾਂ ਵਡੇਰਾ ਸੁੱਖ ਪਰਮਾਤਮਾ ਦਾ ਮਿਲਾਪ ਦੱਸਿਆ ਹੈ ਅਤੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸੁੱਖ ਦੀ ਪ੍ਰਾਪਤੀ ਦਾ ਮਾਰਗ ਬਿਖਮ ਹੁੰਦਾ ਹੈ ਅਤੇ ਬਿਖਮ ਮਾਰਗ ਨੂੰ ਪਾਰ ਕਰਨ ਲਈ ਸੰਘਰਸ਼ ਕਰਨ ਦੀ ਲੋੜ ਪੈਂਦੀ ਹੈ। ਪਰਮਾਤਮਾ ਤਕ ਪਹੁੰਚਣ ਦਾ ਰਸਤਾ ਬੇਸ਼ਕ ਬਿਖਮ ਹੈ ਪਰ ਉਸ ਬਿਖਮ ਮਾਰਗ ਨੂੰ ਸੰਜਮੀ ਬਿਰਤੀਆਂ ਦਾ ਧਾਰਨੀ ਹੋ ਪ੍ਰਾਪਤ ਕਰ ਸਦੀਵੀ ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।

  1. ਬਿਰਹੜੇ

ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ ਆਸਾ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ 431 ਉੱਤੇ ਸੁਸ਼ੋਭਿਤ ਹੈ। ਜਿਵੇਂ ਇਸਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਵਿਯੋਗ ਜਾਂ ਬਿਰਹਾ ਵਿੱਚ ਤੜਫਦੀ ਰੂਹ ਦੇ ਵਲਵਲਿਆਂ ਦਾ ਪ੍ਰਸੰਗ ਰੂਪਮਾਨ ਹੁੰਦਾ ਹੈ। ਵਿਛੋੜਾ ਮੌਤ ਹੈ, ਮਿਲਾਪ ਜ਼ਿੰਦਗੀ ਹੈ ਅਤੇ ਮਿਲਾਪ ਲਈ ਚੰਗੇ ਗੁਣ ਵਾਹਨ ਬਣ ਜਾਦੇ ਹਨ।

  1. ਅਲਾਹਣੀਆ

ਇਸ ਸਿਰਲੇਖ ਅਧੀਨ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਾਰਤੀ ਪਰੰਪਰਾ ਵਿੱਚ ਅਲਾਹੁਣੀਆਂ ਦੀ ਵਰਤੋਂ ਮਰ ਚੁੱਕੇ ਪ੍ਰਾਣੀ ਲਈ ਕੀਤੀ ਜਾਂਦੀ ਸੀ ਜਿਸ ਵਿੱਚ ਇੱਕ ਔਰਤ ਉਸਦੇ ਗੁਣਾਂ ਨੂੰ ਰੂਪਮਾਨ ਕਰਦੀ ਅਤੇ ਬਾਕੀ ਔਰਤਾਂ ਉਸਦੇ ਪਿੱਛੇ ਕੀਰਨੇ ਪਾਉਂਦੀਆਂ। ਇਹਨਾਂ ਨੂੰ ਸ਼ੋਕਮਈ ਗੀਤ ਪ੍ਰਵਾਨ ਕੀਤਾ ਜਾਂਦਾ ਹੈ। ਗੁਰੂ ਸਾਹਿਬਾਨ ਨੇ ਪਰੰਪਰਾਗਤ ਰਵਾਇਤ ਨੂੰ ਅਪ੍ਰਵਾਨ ਕਰਦਿਆਂ ਇਹ ਦੱਸਿਆ ਕਿ ਪਰਮਾਤਮਾ ਹੀ ਇਸ ਜਗਤ ਦਾ ਕਰਤਾ, ਪਾਲਣਹਾਰ ਅਤੇ ਖ਼ਾਤਮਾ ਕਰਨ ਵਾਲਾ ਹੈ। ਨਾਲ ਹੀ ਮਨੁੱਖ ਥੁੜ-ਚਿਰਾ ਹੈ। ਜਦੋਂ ਮਨੁੱਖ ਦੀ ਹਸਤੀ ਸਦੀਵੀ ਨਹੀਂ ਤਾਂ ਫਿਰ ਉਸਦੇ ਗੁਣ ਗਾਇਨ ਕਰਨ ਦਾ ਕੀ ਅਰਥ। ਗੁਣ ਗਾਇਨ ਕੇਵਲ ਅਕਾਲ ਪੁਰਖ ਦੇ ਹੀ ਕੀਤੇ ਜਾ ਸਕਦੇ ਹਨ। ਅਸਲ ਵਿੱਚ ਇਸ ਬਾਣੀ ਰਾਹੀਂ ਮੌਤ ਦੇ ਭੈਅ ਨੂੰ ਦੂਰ ਕਰਕੇ ‘ਨਿਰਭੈਅ’ ਪਦ ਦੀ ਪ੍ਰਾਪਤੀ ਵੱਲ ਵੱਧਣ ਦਾ ਸੰਕੇਤ ਹੈ।

  1. ਆਰਤੀ

ਜਨਮਸਾਖੀ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਜਗੰਨਨਾਥ ਪੁਰੀ ਵਿਖੇ ਪਹੁੰਚੇ ਤਾਂ ਉਥੇ ਮੰਦਰਾਂ ਵਿੱਚ ਇੱਕ ਖ਼ਾਸ ਪ੍ਰਤੀਕ ਰੂਪ ਵਿੱਚ ਕੀਤੀ ਜਾਂਦੀ ਆਰਤੀ ਨੂੰ ਨਕਾਰਦਿਆਂ ਹੋਇਆ ਕੁਦਰਤੀ ਰੂਪ ਵਿੱਚ ਹੋ ਰਹੀ ਆਰਤੀ ਦਾ ਵਰਣਨ ਕੀਤਾ। ਆਰਤੀ ਦਾ ਸ਼ਾਬਦਿਕ ਅਰਥ ਪ੍ਰਾਰਥਨਾ ਕੀਤਾ ਜਾਂਦਾ ਹੈ। ਅਸਲ ਵਿੱਚ ਵੈਦਿਕ ਪਰੰਪਰਾ ਅਨੁਸਾਰ ਇਹ ਦੇਵਤੇ ਨੂੰ ਖ਼ੁਸ਼ ਕਰਨ ਦੀ ਵਿਧੀ ਹੈ। ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਦੱਸਿਆ ਕਿ ਕੁਦਰਤ ਦੇ ਇਸ ਵਿਲੱਖਣ ਵਰਤਾਰੇ ਵਿੱਚ ਸਾਰੀ ਕਾਇਨਾਤ ਉਸ ਪਰਮਾਤਮਾ ਦੀ ਆਰਤੀ ਕਰ ਰ ਹੈ, ਕੇਵਲ ਇਸਨੂੰ ਵੇਖਣ ਵਾਲੀ ਅੱਖ ਦੀ ਲੋੜ ਹੈ।

  1. ਕੁਚਜੀ

ਇਸ ਸਿਰਲੇਖ ਹੇਠ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਰਚਿਤ ਕੇਵਲ 16 ਪੰਗਤੀਆਂ ਹਨ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਰਾਗ ਵਿੱਚ ਅੰਗ 762 ਉੱਤੇ ਅੰਕਿਤ ਹੈ ਅਤੇ ਇਸਦਾ ਵਿਸ਼ਾ ਪਰਮਾਤਮਾ ਤੋਂ ਬੇਮੁਖ ਹੋਈ ਲੋਕਾਈ ਹੈ। ਤੋਂ ਇਸਤਰੀ ਰੂਪ ਵਿੱਚ ‘ਕੁਚਜੀ’ ਸ਼ਬਦ ਦੀ ਵਰਤੋਂ ਕਰਦਿਆਂ ਹੋਇਆ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਜਿਵੇਂ ਕੁਚਜੀ ਔਰਤ ਆਪਣੇ ਅਉਗੁਣਾਂ ਕਰਕੇ ਆਪਣੇ ਪਤੀ ਦੇ ਪਿਆਰ ਤੋਂ ਵਾਂਝੀ ਰਹਿ ਜਾਂਦੀ ਹੈ, ਉਸੇ ਤਰ੍ਹਾਂ ਹੀ ਕੁਚਜੀ ਜੀਵ ਇਸਤਰੀ ਸੰਸਾਰਿਕ ਕਾਰ-ਵਿਹਾਰ ਸੁਖ-ਆਰਾਮ ਵਿੱਚ ਖਚਿਤ ਹੋ, ਹਰ ਤਰ੍ਹਾਂ ਦੇ ਵਿਕਾਰਾਂ ਵਿੱ ਉਲਝੀ ਰਹਿੰਦੀ ਹੈ ਅਤੇ ਆਪਣੇ ਮੂਲ ਨਾਲੋਂ ਟੁੱਟ ਕੇ ਪਾਪਾਂ ਦੀ ਭਾਗੀ ਬਣੀ ਰਹਿੰਦੀ ਹੈ।

  1. ਸੁਚਜੀ

ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿੱਚ ਸੁਸ਼ੋਭਿਤ ਇਹ ਰਚਨਾ ਗੁਰੂ ਨਾਨਕ ਸਾਹਿਬ ਦੀ ਹੈ। ਸੁਚਜੀ ਦਾ ਸ਼ਾਬਦਿਕ ਅਰਥ ਚੰਗਾ, ਸ਼ੁਭ, ਪਵਿੱਤਰ ਹੈ। ਇੱਥੇ ਜੀਵ ਨੂੰ ਇਸਤਰੀ ਰੂਪ ਵਿੱਚ ਪ੍ਰਗਟਾਅ ਕਰਦਿਆਂ ਉਸਦੇ ਸੁਚੱਜੇ ਗੁਣਾਂ ਨੂੰ ਰੂਪਮਾਨ ਨੂੰ ਕੀਤਾ ਹੈ ਅਤੈ ਸਮਾਜਿਕ ਵਿਵਹਾਰ ਰਾਹੀਂ ਇਹ ਪ੍ਰਗਟ ਕੀਤਾ ਹੈ ਕਿ ਕਿਵੇਂ ਸਿਆਣੀ ਇਸਤਰੀ ਆਪਣੇ ਕਾਰ-ਵਿਹਾਰ ਨਾਲ ਆਪਣੇ ਪਤੀ ਨੂੰ ਪ੍ਰਸੰਨ ਕਰ ਉਸਦੇ ਪਿਆਰ ਨੂੰ ਪ੍ਰਾਪਤ ਕਰ ਲੈਂਦੀ ਹੈ। ਇਸੇ ਤਰ੍ਹਾਂ ਜੀਵ ਇਸਤਰੀ ਨੈਤਿਕ ਕਦਰਾਂ-ਕੀਮਤਾਂ ਨੂੰ ਧਾਰਨ ਕਰ ਅਕਾਲ ਪੁਰਖ ਦੇ ਰੰਗ ਵਿੱਚ ਰੰਗੀ ਜਾ ਸਕਦੀ ਹੈ। 13. ਗੁਣਵੰਤੀ

ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿੱਚ ਦਰਜ ਇਸ ਬਾਣੀ ਦਾ ਮੂਲ ਭਾਵ ਸੰਜਮੀ ਬਿਰਤੀਆਂ ਰਾਹੀਂ ਪਰਮਾਤਮਾ ਦਾ ਗੁਣ ਗਾਇਨ ਕਰਨਾ ਅਤੇ ਉਹਨਾਂ ਗੁਣਾਂ ਨੂੰ ਅੰਗੀਕਾਰ ਕਰਨ ਲਈ ਆਤਮ ਸਮਰਪਣ ਅਤੇ ਨਿਮਰਤਾ ਜਿਹੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲੈਣਾ ਹੈ। ਅਜਿਹੀ ਅਵਸਥਾ ਹੀ ਰੱਬ ਨਾਲ ਮਿਲਾਪ ਦੇ ਰਸਤੇ ਖੋਲ੍ਹਦੀ ਹੈ। 

  1. ਘੋੜੀਆ

ਗੁਰੂ ਗ੍ਰੰਥ ਸਾਹਿਬ ਦੇ ਅੰਗ 575 ਉੱਤੇ ਵਡਹੰਸ ਰਾਗ ਵਿੱਚ ਗੁਰੂ ਰਾਮ ਦਾਸ ਜੀ ਦੀ ਇਹ ਰਚਨਾ ‘ਘੋੜੀਆ’ ਦਰਜ ਹੈ। ਇਸ ਰਚਨਾ ਦੀ ਇਤਿਹਾਸਕ ਪਿੱਠ-ਭੂਮਿ ਵਿਆਹ ਸਮੇਂ ਘੋੜੀ ਉੱਤੇ ਚੜ੍ਹਣ ਨਾਲ ਜਾ ਜੁੜਦੀ ਹੈ ਅਤੇ ਘੋੜੀ ਉੱਤੇ ਲਾੜੇ ਦੇ ਚੜ੍ਹਣ ਵੇਲੇ ਗੀਤ ਗਾਇਨ ਕੀਤੇ ਜਾਂਦੇ ਸਨ। ਇਸੇ ਰੂਪ ਨੂੰ ਪ੍ਰਤੀਕ ਵਜੋਂ ਵਰਤਦਿਆਂ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਵੇਂ ਲਾੜੇ ਨੂੰ ਲਾੜੀ ਦੇ ਘਰ ਲੈ ਕੇ ਜਾਣ ਦਾ ਮਾਧਿਅਮ ਘੋੜੀ ਹੈ, ਇਸੇ ਤਰ੍ਹਾਂ ਹੀ ਮਨੁੱਖਾ ਦੇਹ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਾਧਿਅਮ ਹੈ। ਜਿਵੇਂ ਲਾੜੇ ਵਾਲੀ ਘੋੜੀ ਦਾ ਸ਼ਿੰਗਾਰ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਦੇਹੀ ਦਾ ਸ਼ਿੰਗਾਰ ਨਾਮ ਸਿਮਰਨ ਅਤੇ ਨੈਤਿਕ ਗੁਣਾਂ ਨੂੰ ਅੰਗੀਕਾਰ ਕਰਨ ਨਾਲ ਹੁੰਦਾ ਹੈ ਜੋ ਮਨ ਦੀ ਚੰਚਲਤਾ ਨੂੰ ਲਗਾਮ ਪਾ ਗੁਰੂ ਘਰ ਵੱਲ ਮੋੜ ਕੇ ਲੈ ਜਾਣ ਦੇ ਸਮਰਥ ਹੁੰਦੇ ਹਨ।

  1. ਪਹਰੇ

‘ਪਹਰੇ’ ਰਚਨਾ ਦਾ ਮੂਲ ਆਧਾਰ ਵਕਤ, ਪਹਿਰ ਜਾਂ ਸਮਾਂ ਹੈ। ਪਹਰ ਦਾ ਭਾਵ ਦਿਨ ਜਾਂ ਰਾਤ ਦਾ ਚੌਥਾ ਹਿੱਸਾ ਹੈ। ਇਸ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਵੇਂ ਮਨੁੱਖੀ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਉਸੇ ਤਰ੍ਹਾਂ ਇਸ ਬਾਣੀ ਰਾਹੀਂ ਪਹਿਲਾ ਹਿੱਸਾ ਮਾਤਾ ਦਾ ਗਰਭ, ਦੂਜਾ ਜਨਮ ਉਪ੍ਰੰਤ ਬਚਪਨ, ਤੀਜਾ ਜੁਆਨੀ ਅਤੇ ਚੌਥਾ ਬੁਢਾਪੇ ਦਾ ਵਰਣਨ ਕੀਤਾ ਗਿਆ ਹੈ। ਜਿਵੇਂ ਪਹਰ ਚੁੱਪ-ਚੁਪੀਤੇ ਲੰਘ ਜਾਂਦਾ ਹੈ, ਉਸੇ ਤਰ੍ਹਾਂ ਹੀ ਮਨੁੱਖੀ ਜੀਵਨ ਵੀ ਗੁਜ਼ਰਦਾ ਜਾਂਦਾ ਹੈ ਪਰ ਪਤਾ ਉਦੋਂ ਲੱਗਦਾ ਹੈ ਜਦੋਂ ਵਕਤ ਗੁਜ਼ਰ ਚੁੱਕਾ ਹੁੰਦਾ ਹੈ। ਇਸ ਬਾਣੀ ਵਿੱਚ ਜੀਵ ਨੂੰ ਵਣਜਾਰਾ ਕਰਕੇ ਸੰਬੋਧਿਤ ਕੀਤਾ ਗਿਆ ਹੈ। ਵਣਜਾਰਾ ਉਹ ਹੈ ਜੋ ਆਪਣੀ ਕਮਾਈ ਨੂੰ ਸਫ਼ਲ ਕਰਕੇ ਮੁੜੇ। ਜੋ ਆਪਣੀ ਕਮਾਈ ਨੂੰ ਸਫ਼ਲ ਕਰਨ ਤੋਂ ਅਸਮਰਥ ਹੁੰਦਾ ਹੈ, ਉਸਨੂੰ ਵਣਜਾਰਾ ਨਹੀਂ ਗਿਣਿਆ ਜਾਂਦਾ। ਇਹ ਮਨੁੱਖੀ ਜੀਵਨ ਵੀ ਵਣਜਾਰੇ ਦੀ ਨਿਆਈਂ ਹੈ ਜਿੱਥੇ ਮਨੁੱਖ ਸਮਾਜਿਕ ਕਾਰ-ਵਿਹਾਰ ਕਰਦਿਆਂ ਹੋਇਆ ਪਰਮਾਤਮਾ ਨਾਲ ਜੁੜਣ ਲਈ ਆਉਂਦਾ ਹੈ। ਇਹ ਕਰਮ-ਭੂਮਿ ਅਸਲ ਵਿੱਚ ‘ਨਾਮ ਬੀਜ ਸੁਹਾਗਾ’ ਹੈ। ਜਿਹੜੀਆਂ ਰੂਹਾਂ ਇਸ ਸੱਚ ਨੂੰ ਜਾਣ ਲੈਂਦੀਆਂ ਹਨ, ਉਹ ਰੱਬੀ ਰੂਪ ਹੋ ਜਾਂਦੀਆਂ ਹਨ ਅਤੇ ਜੋ ਅਸਫ਼ਲ ਰਹਿੰਦੀਆਂ ਹਨ, ਉਹਨਾਂ ਦੀ ਭਟਕਣਾ ਸਦੀਵੀ ਹੋ ਜਾਂਦੀ ਹੈ।

  1. ਅਨੰਦੁ

‘ਅਨੰਦੁ’ ਗੁਰੂ ਅਮਰਦਾਸ ਜੀ ਦੀ ਪ੍ਰਮੁੱਖ ਬਾਣੀ ਹੈ ਜੋ ‘ਰਾਮਕਲੀ ਮਹਲਾ ੩ ਅਨੰਦੁ’ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਦੇ ਅੰਗ 917 ਉੱਤੇ ਦਰਜ ਹੈ। ਅਨੰਦ ਦਾ ਸ਼ਾਬਦਿਕ ਅਰਥ ਖ਼ੁਸ਼ੀ ਜਾਂ ਪ੍ਰਸੰਨਤਾ ਕੀਤਾ ਗਿਆ ਹੈ। ਇਸ ਸਾਰੀ ਰਚਨਾ ਦਾ ਭਾਵ ਅਨੰਦ ਦੁਆਲੇ ਕੇਂਦ੍ਰਿਤ ਹੈ ਅਤੇ ਇਸ ਬਾਣੀ ਦੀਆਂ 40 ਪਉੜੀਆਂ ਹਨ। ਇਸ ਬਾਣੀ ਵਿੱਚ ਇਹ ਰੂਪਮਾਨ ਕੀਤਾ ਗਿਆ ਹੈ ਕਿ ਸੰਸਾਰਕ ਸੁੱਖਾਂ ਦਾ ਅਨੰਦ ਛਿੰਨ-ਭੰਗਰ ਹੈ ਪਰ ਅਸਲ ਅਨੰਦ ਰੱਬ ਨਾਲ ਇਕਸੁਰਤਾ ਹੈ। ਰੱਬ ਨਾਲ ਇਕਸੁਰਤਾ ਤੋਂ ਬਾਅਦ ਸਦੀਵੀ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿੱਖ ਧਰਮ ਪਰੰਪਰਾ ਵਿੱਚ ਆਮ ਕਰਕੇ ਇਸ ਬਾਣੀ ਦੀਆਂ ਛੇ ਪਉੜੀਆਂ – ਪਹਿਲੀ ਪੰਜ ਅਤੇ ਅਖੀਰਲੀ ਦਾ ਗਾਇਨ ਨੋਮ ਨਾਲ ਹਰ ਕਾਰਜ ਵਿੱਚ ਕੀਤਾ ਜਾਂਦਾ ਹੈ।

  1. ਓਅੰਕਾਰ

ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਰਾਗ ਰਾਮਕਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ 929 ਉੱਤੇ ਸੁਸ਼ੋਭਿਤ ਹੈ। ਓਅੰਕਾਰ ਪਰਮਾਤਮ ਨਾਮ ਹੈ। ਸਿਧਾਂਤਕ ਪੱਖ ਤੋਂ ਇਸ ਬਾਣੀ ਵਿੱਚ ਪਰਮਾਤਮਾ ਨੂੰ ਵਾਹਦ ਮਾਲਿਕ (Ultimate Reality) ਦਰਸਾਇਆ ਹੈ ਅਤੇ ਉਸਦੇ ਵਿਸ਼ਾਲ ਗੁਣਾਂ ਦਾ ਪ੍ਰਗਟਾਅ ਵੀ ਕੀਤਾ ਹੈ।

  1. ਸਿਧ ਗੋਸਟਿ

ਇਹ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਹੀ ਮਹੱਤਵਪੂਰਨ ਰਚਨਾ ਹੈ ਜਿਹੜੀ ਸਿੱਖ ਧਰਮ ਦੇ ਆਸ਼ੇ ਨੂੰ ਸੰਪੂਰਨ ਰੂਪ ਵਿੱਚ ਸਾਹਮਣੇ ਲਿਆਉਂਦੀ ਹੈ। ਉਹ ਆਸ਼ਾ ਹੈ :

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।

(ਗੁ.ਗ੍ਰੰ.ਸਾ. ਅੰਗ 661)

ਗੋਸਟਿ ਦਾ ਭਾਵ ਹੈ ਗੱਲਬਾਤ, ਚਰਚਾ, ਗੋਸਟੀ ਜਾਂ ਵਾਰਤਾ, ਅਤੇ ਵਾਰਤਾ ਉੱਤਮ ਮਨੁੱਖਾਂ ਦੀ। ਵਾਰਤਾਲਾਪ ਕਹਿਣ ਅਤੇ ਸੁਣਨ ਦੀ ਪਰਿਕ੍ਰਿਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਸ ਬਾਣੀ ਰਾਹੀਂ ਅੰਤਰ-ਧਰਮ ਸੰਵਾਦ ਦੀ ਨੀਂਹ ਰੱਖੀ ਹੈ। ਬੁਧ ਧਰਮ ਦੇ ਇੱਕ ਸੰਪਰਦਾਇ ਜਿਹੜੇ ਅਧਿਆਤਮਕ ਬੁਲੰਦੀਆਂ ਦੀ ਸ਼ਿਖਰ ਉੱਤੇ ਸਨ ਪਰ ਸਮਾਜਿਕ ਕਾਰ-ਵਿਹਾਰ ਤੋਂ ਪੂਰਨ ਤੌਰ ਉੱਤੇ ਵਿਰਕਤ ਹੋ ਚੁੱਕੇ ਸਨ ‘ਸਿਧ ਗੋਸਟਿ’ ਉਹਨਾਂ ਸਿਧਾਂ-ਜੋਗੀਆਂ ਨਾਲ ਵਾਰਤਾਲਾਪ ਹੈ। ਇਸ ਵਿੱਚ ਜਿੱਥੇ ਗੰਭੀਰ ਦਾਰਸ਼ਨਿਕ ਸੰਕਲਪਾਂ ਦਾ ਆਲੇਖ ਹੈ, ਉੱਥੇ ਸਮਾਜਿਕ ਪ੍ਰਸੰਗ ਦੀ ਸਥਾਪਤੀ ਦਾ ਵੀ ਬਹੁਤ ਹੀ ਖ਼ੂਬਸੂਰਤੀ ਨਾਲ ਵਰਣਨ ਕੀਤਾ ਹੋਇਆ ਹੈ ਅਤੇ ਇਹ ਵੀ ਦੱਸਿਆ ਹੈ ਕਿ ਸਮਾਜ ਨੂੰ ਉੱਤਮ ਬਣਾਉਣ ਲਈ ਉੱਤਮ ਪੁਰਖਾਂ ਦੀ ਲੋੜ ਹੁੰਦੀ ਹੈ। ਇਹ ਭਾਰਤੀ ਭਾਂਜਵਾਦੀ ਨੀਤੀ ਦੇ ਵਿਰੋਧ ਵਿੱਚ ਸਰਗਰਮ ਸਮਾਜਿਕ ਜ਼ਿੰਦਗੀ ਜਿਊਣ ਦੇ ਇੱਕ ਨਿਵੇਕਲੇ ਪ੍ਰਸੰਗ ਦੀ ਸਥਾਪਨਾ ਹੈ। ਇਸਨੂੰ ਗੁਰਬਾਣੀ ਦੇ ਇ ਪ੍ਰਮਾਣ ਨਾਲ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਜਦੋਂ ਸਿਧਾਂ ਨੇ ਸੁਆਲ ਕੀਤਾ ਕਿ ਗ੍ਰਹਿਸਤੀ ਹੋ ਕੇ ਉਦਾਸੀ ਜੀਵਨ ਕਿਉਂ ਧਾਰਨ ਕੀਤਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਬਹੁਤ ਖ਼ੂਬਸੂਰਤੀ ਨਾਲ ਜੁਆਬ ਦਿੱਤਾ :

ਗੁਰਮੁਖਿ ਖੋਜਤ ਭਏ ਉਦਾਸੀ।। ਦਰਸਨ ਕੈ ਤਾਈ ਭੇਖ ਨਿਵਾਸੀ
ਸਾਚੁ ਵਖਰ ਕੇ ਹਮ ਵਣਜਾਰੇ।।

(ਗੁ.ਗ੍ਰੰ.ਸਾ. ਅੰਗ 939)

ਇਹ ਬਾਣੀ ਗੁਰੂ ਗ੍ਰੰਥ ਦੇ ਅੰਗ 938 ਉੱਤੇ ਅੰਕਿਤ ਹੈ।

  1. ਅੰਜੁਲੀਆ

ਅੰਜੁਲੀ ਦਾ ਭਾਵ ਬਿਨੈ ਹੈ। ਭਾਰਤੀ ਪਰੰਪਰਾ ਵਿੱਚ ਦੇਵੀ-ਦੇਵਤਿਆਂ ਅਤੇ ਪਿਤਰਾਂ ਨੂੰ ਫੁੱਲ ਲੈ ਕੇ ਅਰਪਣ ਕਰਨਾ ਅਤੇ ਬੇਨਤੀ ਕਰਨਾ ਇੱਕ ਰਵਾਇਤ ਸੀ। ਇਸ ਸਿਰਲੇਖ ਅਧੀਨ ਗੁਰੂ ਅਰਜਨ ਪਾਤਸ਼ਾਹ ਨੇ ਬਾਣੀ ਰਚੀ ਹੈ ਜਿਸ ਵਿੱਚ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਕਿ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿੱਚ ਹੈ ਅਤੇ ਇਸ ਲਈ ਸੰਪੂਰਨ ਸਮਰਪਣ ਹੀ ਇੱਕੋ ਇੱਕ ਰਸਤਾ ਹੈ। ਇਸ ਬਾਣੀ ਵਿੱਚ ਪਰਮਾਤਮਾ ਦੇ ਹੁਕਮ ਅਤੇ ਭਾਣੇ ਨੂੰ ਬਹੁਤ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ ਅਤੇ ‘ਮੇਲਾ ਸੰਜੋਗੀ ਰਾਮ’ ਦਾ ਪ੍ਰਸੰਗ ਸਥਾਪਿਤ ਕੀਤਾ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1019 ਉੱਤੇ ਸੁਸ਼ੋਭਿਤ ਹੈ।

  1. ਮੁੰਦਾਵਣੀ

ਪੰਚਮ ਪਾਤਸ਼ਾਹ ਦਾ ਇਹ ਸ਼ਬਦ ‘ਮੁੰਦਾਵਣੀ’ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਦੇ ਅੰਗ 1429 ਉੱਤੇ ਦਰਜ ਹੈ। ਭਾਰਤੀ ਰਵਾਇਤ ਅਨੁਸਾਰ ਕਿਸੇ ਵੱਡੇ ਰਾਜੇ-ਮਹਾਰਾਜੇ ਨੂੰ ਭੋਜਨ ਛਕਾਉਣ ਤੋਂ ਪਹਿਲਾਂ ਉਸ ਲਈ ਤਿਆਰ ਕੀਤੇ ਖਾਣੇ ਨੂੰ ਕਿਸੇ ਖ਼ਾਸ ਬਰਤਨ ਵਿੱਚ ਪਾ ਕੇ ਮੁੰਦ ਦਿੱਤਾ ਜਾਂਦਾ ਸੀ। ਮੁੰਦ ਦਾ ਭਾਵ ਸੀਲ ਕਰਨਾ ਸੀ ਤਾਂ ਕਿ ਉਸਦੇ ਖਾਣੇ ਵਿੱਚ ਮਿਲਾਵਟ ਨਾ ਹੋ ਸਕੇ। ਗੁਰੂ ਗ੍ਰੰਥ ਸਾਹਿਬ ਦਾ ਇਹ ਅਖੀਰਲਾ ਸ਼ਬਦ ਇਸੇ ਭਾਵਨਾ ਦਾ ਪ੍ਰਗਟਾਅ ਹੈ ਜਿਸ ਵਿੱਚ ਗੁਰੂ ਪਾਤਸ਼ਾਹ ਨੇ ਦੱਸਿਆ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਸਤ, ਸੰਤੋਖ ਅਤੇ ਵਿਚਾਰ ਨਾਲ ਪਰੋਸ ਦਿੱਤਾ ਹੈ ਅਤੇ ਇਸਨੂੰ ਤਿਆਰ ਕਰਨ ਵੇਲੇ ਅੰਮ੍ਰਿਤ ਨਾਮ ਦੀ ਵਰਤੋਂ ਕੀਤੀ ਗਈ ਹੈ। ਕੋਈ ਵੀ ਜਗਿਆਸੂ ਇਸ ਅੰਮ੍ਰਿਤ ਰੂਪੀ ਥਾਲ ਨੂੰ ਬਿਨਾ ਕਿਸੇ ਭੈਅ ਤੋਂ ਭੁੰਚ ਸਕਦਾ ਹੈ, ਭਾਵ ਸਹਿਜ ਰੂਪ ਨਾਲ ਇਸਦਾ ਮੰਥਨ ਕਰਕੇ ਰੱਬ ਅਤੇ ਮਨੁੱਖ ਵਿਚਲੀਆਂ ਦੂਰੀਆਂ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਸਕਦੀਆਂ ਹਨ। ਰੱਬ ਅਤੇ ਮਨੁੱਖ ਦੀ ਦੂਰੀ ਖ਼ਤਮ ਹੋਣ ਨਾਲ ਗੁਰਮਤਿ ਦਾ ਅਸਲ ਪ੍ਰਸੰਗ ਸਥਾਪਿਤ ਹੋ ਜਾਂਦਾ ਹੈ।

  1. ਰਾਗ ਮਾਲਾ

ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਅੰਗ 1429-1430 ਤਕ ਰਾਗ ਮਾਲਾ ਦਰਜ ਹੈ। ਰਾਗ ਮਾਲਾ ਤੋਂ ਭਾਵ ਹੈ ਐਸੀ ਰਚਨਾ ਜਿਸ ਵਿੱਚ ਰਾਗਾਂ ਦੀ ਨਾਮਾਵਲੀ ਹੋਵੇ, ਰਾਗ ਤੇ ਉਹਨਾਂ ਦੇ ਪਰਿਵਾਰ ਅਰਥਾਤ ਕਿਸਮ ਦਰ ਕਿਸਮਾਂ ਦਾ ਵੇਰਵਾ ਹੋਵੇ।