ਸਿੱਖ ਧਰਮ
ਸਿੱਖ ਧਰਮ ਸੰਸਾਰ ਦੇ ਮਹੱਤਵਪੂਰਨ ਧਰਮਾਂ ਵਿੱਚ ਇੱਕ ਨਵਾਂ ਅਤੇ ਨਿਵੇਕਲਾ ਧਰਮ ਹੈ, ਜਿਸ ਦਾ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਨਾਲ ਹੋਇਆ।
1469 ਈ. ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਹਿੰਦੁਸਤਾਨ ਦੀ ਵਿਵਸਥਾ ਅਸਤ-ਵਿਅਸਤ ਸੀ। ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਤੌਰ ‘ਤੇ ਦੇਸ਼ ਦਾ ਪੂਰਨ ਨਿਘਾਰ ਹੋ ਚੁੱਕਾ ਸੀ। ਜਨਸਾਧਾਰਨ ਸਾਹਸਹੀਨ, ਨਿਰਾਸ਼ਾਵਾਦੀ ਅਤੇ ਕਾਇਰ ਬਣ ਚੁੱਕਾ ਸੀ। ਆਤਮ ਵਿਸ਼ਵਾਸ, ਸਵੈਮਾਨ ਦਾ ਨਾਮੋ-ਨਿਸ਼ਾਨ ਮਿੱਟ ਚੁੱਕਾ ਸੀ। ਲੋਕ ਪਤਿ ਹੀਣ ਜ਼ਿੰਦਗੀ ਨੂੰ ਹੀ ਜ਼ਿੰਦਗੀ ਸਮਝ ਬੈਠੇ ਸਨ। ਭਾਸ਼ਾ, ਇਸ਼ਟ, ਸਭਿਆਚਾਰ ਅਤੇ ਸੰਸਕ੍ਰਿਤੀ ਦਾ ਪੂਰਨ ਤੌਰ ‘ਤੇ ਤਿਆਗ ਕਰ ਦਿੱਤਾ ਸੀ। ਮੁਸਲਮਾਨ ਹੁਕਮਰਾਨਾਂ ਦਾ ਧਰਮ ਸੀ ਜਿਨ੍ਹਾਂ ਨੇ ਗ਼ੈਰ-ਮੁਸਲਮਾਨਾਂ ‘ਤੇ ਜ਼ੁਲਮ ਕਰਨ ਨੂੰ ਹੀ ਧਰਮ ਸਮਝ ਲਿਆ ਸੀ। ਹਿੰਦੂਆਂ ਦਾ ਇਥੋਂ ਤਕ ਪਤਨ ਹੋ ਚੁੱਕਾ ਸੀ ਕਿ ਉਹ ਆਪਣੇ ਘਰਾਂ ਅੰਦਰ ਛੁੱਪ ਕੇ ਆਪਣੇ ਇਸ਼ਟ ਦੀ ਉਪਾਸਨਾ ਤੇ ਪੂਜਾ ਕਰਦੇ ਸਨ। ਉਹ ਆਪਣੀ ਮਾਤ-ਭਾਸ਼ਾ ਦਾ ਤਿਆਗ ਕਰਕੇ ਫ਼ਾਰਸੀ ਬੋਲਦੇ ਸਨ ਤੇ ਮੀਆਂ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਸਨ। ਢੋਂਗ ਅਤੇ ਪਾਖੰਡ ਹੀ ਮਨੁੱਖਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸਨ।
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ।।
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ।।
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
(ਗੁ.ਗ੍ਰੰ.ਸਾ. ਅੰਗ 463)
ਅਜਿਹੇ ਹਾਲਾਤਾਂ ਵਿੱਚ ਪੰਜਾਬ ਦੀ ਧਰਤੀ ‘ਤੇ ਸਿੱਖ ਧਰਮ ਦਾ ਸੂਰਜ ਪ੍ਰਕਾਸ਼ਮਾਨ ਹੋਇਆ, ਜਿਸ ਨੇ ਸਦੀਆਂ ਤੋਂ ਦਬੀ-ਕੁਚਲੀ ਲੋਕਾਈ ਨੂੰ ਮਨੁੱਖ ਹੋਣ ਦਾ ਅਹਿਸਾਸ ਹੀ ਨਹੀਂ ਕਰਾਇਆ ਸਗੋਂ ‘ਜੂਝ ਮਰੋਂ ਤਾ ਸਾਚ ਪਤੀਜੈ’ ਦਾ ਨਵਾਂ ਮਾਰਗ ਵੀ ਦਰਸਾਇਆ। ਇਸ ਦਾ ਪ੍ਰਗਟਾਅ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਹਨ :
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣ ਹੋਆ॥
ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।।..
ਜਿਥੇ ਬਾਬਾ ਪੈਰ ਧਰੇ ਪੂਜਾ ਆਸਣੁ ਥਾਪਣਿ ਸੋਆ।।
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਮੀ ਸਚਾ ਢੋਆ॥
(ਭਾਈ ਗੁਰਦਾਸ, ਵਾਰ 1 ਪਉੜੀ 27)
ਭਾਈ ਗੁਰਦਾਸ ਦੇ ਉਕਤ ਸ਼ਬਦਾਂ ਦੀ ਪੁਸ਼ਟੀ 20ਵੀਂ ਸਦੀ ਵਿੱਚ ਉਰਦੂ ਦੇ ਸ਼ਇਰ ਸਰ ਮੁਹੰਮਦ ਇਕਬਾਲ ਨੇ ਬਹੁਤ ਖ਼ੂਬਸੂਰਤੀ ਨਾਲ ਇਸ ਤਰ੍ਹਾਂ ਕੀਤੀ ਹੈ: ਬੂਤ ਕਦਾਂ ਫਿਰ ਬਾਅਦ ਮੁਦੱਤ ਕੇ ਮਗਰ ਰੋਸ਼ਨ ਹੂਆ।
ਨੂਰੇ ਇਬਰਾਹੀਮ ਸੇ ਅਜ਼ਰ ਕਾ ਘਰ ਰੋਸ਼ਨ ਹੂਆ।
ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦਿ-ਕਾਮਲ ਨੇ ਜਗਾਇਆ ਖਵਾਬ ਸੇ।.
ਡਾ. ਮੁਹੰਮਦ ਇਕਬਾਲ ਦੇ ਇਹ ਸ਼ਬਦ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹਨ ਅਤੇ ਇਸ ਗੱਲ ਦਾ ਪ੍ਰਗਟਾਅ ਹਨ ਕਿ ਧਰਮ ਦੇ ਬਾਨੀ ਨੇ ਕਿਸ ਤਰ੍ਹਾਂ ਹਿੰਦੋਸਤਾਨ ਦੀ ਸ਼ੋਸ਼ਿਤ ਹੋ ਰਹੀ ਆਮ ਮਾਨਸਿਕਤਾ ਦੇ ਅੰਦਰ ਸੁਤੰਤਰਤਾ ਦੀ ਚਿਣਗ ਪੈਦਾ ਕਰ ਦਿੱਤੀ ਸੀ ਅਤੇ ਸਹਿਮ ਦੇ ਸਾਏ ਹੇਠ ਦੇ ਜੀਅ ਰਹੀ ਲੋਕਾਈ ਨੂੰ ਸਿਰ ਉੱਚਾ ਕਰਕੇ ਚਲਣ ਦੀ ਜਾਚ ਸਿਖਾਈ ਸੀ।
ਸਿੱਖ ਧਰਮ ਨੂੰ ਲੋਕ ਜੀਵਨ ਵਿੱਚ ਇਨਕਲਾਬ ਲਿਆਉਣ ਵਾਲਾ ਧਰਮ ਆਖਿਆ ਜਾਂਦਾ ਹੈ। ਇਨਕਲਾਬ ਦਾ ਅਰਥ ਇਥੇ ਮਾਨਸਿਕ ਪਰਿਵਰਤਨ ਵਜੋਂ ਲਿਆ ਜਾ ਰਿਹਾ ਹੈ। ਲੋਕਾਂ ਦੇ ਜੀਵਨ ਦਾ ਨਵੇਂ ਸਿਰਿਓਂ ਨਿਰਮਾਣ ਕਰਨਾ ਸਿੱਖੀ ਦਾ ਕੇਂਦਰੀ ਸਰੋਕਾਰ ਹੈ। ਸਮਾਜ ਦਾ ਅਜਿਹਾ ਪੁਨਰ-ਨਿਰਮਾਣ ਲੋਕ ਜੀਵਨ ਵਿੱਚ ਸਮੁੱਚੀ ਤਬਦੀਲੀ ‘ਤੇ ਹੀ ਅਧਾਰਤ ਹੁੰਦਾ ਹੈ।
ਸਿੱਖ ਧਰਮ ਦੇ ਬਾਨੀ ਇਸ ਗੱਲ ਤੋਂ ਚੇਤੰਨ ਸਨ ਕਿ ਕਿਸੇ ਦੇਸ਼ ਜਾਂ ਕੌਮ ਦੀ ਆਤਮਾ ਆਜ਼ਾਦ ਅਤੇ ਉਸਾਰੂ ਅਧਿਆਤਮਕ ਵਾਯੂ-ਮੰਡਲ ਵਿੱਚ ਹੀ ਪ੍ਰਫੁੱਲਤ ਹੋ ਸਕਦੀ ਹੈ। ਪਰ ਹਿੰਦੋਸਤਾਨ ਦੇ ਲੋਕਾਂ ਦੀ ਆਤਮਾ ਸਿੱਖ ਧਰਮ ਦੇ ਆਗਮਨ ਵੇਲੇ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜੱਕੜੀ ਹੋਣ ਕਾਰਣ ਇਸ ਤਰ੍ਹਾਂ ਬਲਹੀਣ ਹੋ ਗਈ ਸੀ ਕਿ ਉਹ ਗ਼ੁਲਾਮੀ ਦੀਆਂ ਇਨ੍ਹਾਂ ਜ਼ੰਜੀਰਾਂ ਨੂੰ ਤੋੜਨ ਤੋਂ ਪੂਰੀ ਤਰ੍ਹਾਂ ਅਸਮਰਥ ਹੋ ਗਈ ਸੀ। ਹਿੰਦੁਸਤਾਨੀਆਂ ਦੇ ਮਨਾਂ ਵਿੱਚ ਕਮਜ਼ੋਰੀ, ਨਿਰਾਸ਼ਤਾ ਤੇ ਫੁੱਟ ਦੇ ਕਾਲੇ ਬਦਲਾਂ ਨੇ ਮਾਨਵ ਨੂੰ ਹੀਣਤਾ ਵੱਲ ਐਨਾ ਧੱਕ ਦਿੱਤਾ ਸੀ ਕਿ ਪਰਾਈ ਚਾਕਰੀ ਦੇ ਧੁੱਖਦੇ ਕੋਲੇ ਨੇ ਉਨ੍ਹਾਂ ਦਾ ਜੀਵਨ ਕਾਲਾ ਤੇ ਰਸਹੀਨ ਕਰਕੇ, ਗ਼ੁਲਾਮੀ ਦੇ ਸੜਾਂਦ ਤੇ ਬਦਬੂ ਨੂੰ ਹੀ ਜੀਵਨ ਕਰਾਰ ਦੇ ਦਿੱਤਾ ਸੀ। ਕੌਮੀਅਤ ਅਤੇ ਆਜ਼ਾਦੀ ਦੀ ਭਾਵਨਾ ਆਮ ਲੋਕਾਂ ਦੀ ਮਾਨਸਿਕਤਾ ਵਿੱਚੋਂ ਪੂਰੀ ਤਰ੍ਹਾਂ ਮਰ ਚੁੱਕੀ ਸੀ। ਸੂਰਬੀਰਾਂ ਦੇ ਇਸ ਦੇਸ਼ ਵਿੱਚ ਆਜ਼ਾਦੀ ਤੋਂ ਆਪਾ ਵਾਰਨ ਦੇ ਜਜ਼ਬੇ, ਬ੍ਰਾਹਮਣ ਦਿਮਾਗ ਦੀ ਵਾਲ ਤੋਂ ਖੱਲ ਉਤਾਰਨ ਵਾਲੀ ਬਾਰੀਕ ਅਕਲ ਦੀ ਭੇਟਾ ਹੋ ਚੁੱਕੇ ਸਨ। ਲੋਕ ਆਪਣੇ ਜੀਵਨ ਵਿੱਚ ਰੀਤਾਂ-ਰਸਮਾਂ ਦੀ ਪੂਰਤੀ ਬਿਨਾ ਸੋਚੇ-ਸਮਝੇ ਇੱਕ ਬੋਝ ਵਾਂਗ ਜਾਂ ਮਜਬੂਰੀ ਵਿੱਚ ਕਰ ਰਹੇ ਸਨ। ਲੋਕਾਂ ਦੇ ਕਰਮ ਤੇ ਧਰਮ ਦੋਹਾਂ ਵਿੱਚ ਵਿੱਥ ਪੈ ਚੁੱਕੀ ਸੀ।
ਅਸਲ ਵਿੱਚ ਧਰਮ ਤੇ ਲੋਕ ਜੀਵਨ ਵਿੱਚ ਪਈ ਇਹ ਵਿੱਥ ਹੀ ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਮਨੁੱਖ ਨੂੰ ਪਤਨ ਵੱਲ ਲੈ ਕੇ ਜਾ ਰਹੀ ਸੀ। ਭਾਰਤੀ ਧਰਮ ਆਪਣੇ ਸੁਆਰਥ ਸਿੱਧੀ ਵੱਲ ਸੋਧਤ ਸੀ ਅਤੇ ਭਾਈਚਾਰਕ ਸਾਂਝ ਦਾ ਉਸ ਨੇ ਖ਼ਾਤਮਾ ਕਰ ਦਿੱਤਾ ਸੀ। ਅਜਿਹੀ ਸਮਾਜਿਕ ਉਥਲ-ਪਥਲ ਦੀ ਸਥਿਤੀ ਵਿੱਚ ਆਮ ਲੋਕ ਲੀਹ ਕੁੱਟਣ ਵਾਂਗ ਜੀਵਨ ਜਿਊਂਦੇ ਵੀ ਜਾਂਦੇ ਅਤੇ ਅੰਦਰੋਂ-ਅੰਦਰੀਂ ਔਖੇ ਹੁੰਦੇ ਹੋਏ ਵੀ ਚੁੱਪ ਬਹਿਣ ਲਈ ਮਜਬੂਰ ਹੁੰਦੇ। ਧਰਮ ਤੇ ਧਰਮ ਦੇ ਆਗੂ ਉਨ੍ਹਾਂ ਨੂੰ ਸਬਰ ਕਰਨ ਅਤੇ ਭਾਣਾ ਮੰਨਣ ਵਾਲੇ ਬਣਨ ਦੀ ਸਿੱਖਿਆ ਦੇ ਕੇ ਸੁਲਾਈ ਰੱਖਦੇ, ਉਨ੍ਹਾਂ ਨੂੰ ਸਵਰਗ ਦੇ ਲਾਰੇ ‘ਤੇ ਜਿਊਣ ਅਤੇ ਇਸ ਵਿੱਚੋਂ ਤਸੱਲੀ ਲੱਭਣ ਦੀ ਸਿੱਖਿਆ ਵੀ ਦਿੱਤੀ ਜਾਂਦੀ ਰਹੀ। ਤਕਰੀਬਨ ਅਜਿਹਾ ਕੁਝ ਹੀ ਹਿੰਦੋਸਤਾਨ ਦੀ ਧਰਤੀ ਉੱਤੇ ਵਾਪਰ ਰਿਹਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਇਸ ਧਰਤੀ ‘ਤੇ ਆਏ ਸਨ।
ਸਿੱਖ ਧਰਮ ਦੀ ਆਰੰਭਤਾ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਅਤੇ ਸਿੱਖੀ ਦੇ ਇਸ ਪਵਿੱਤਰ ਬੂਟੇ ਨੂੰ ਨੌ ਹੋਰ ਗੁਰੂ ਸਾਹਿਬਾਨ ਨੇ ਸਿੰਜਿਆ, ਪਾਲਿਆ-ਪੋਸਿਆ, ਸੰਭਾਲਿਆ ਅਤੇ ਵੱਡਿਆਂ ਕੀਤਾ। ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤਾਂ ਤੇ ਸਿੱਖੀ ਦੇ ਇਸ ਬੂਟੇ ਨੂੰ ਫਲ ਲੱਗਣ ਤਕ 230 ਸਾਲ ਦਾ ਸਮਾਂ ਲੱਗਾ ਅਤੇ ਇਸ ਬੂਟੇ ਦੇ ਪਵਿੱਤਰ ਫਲ ਦਾ ਨਾਮ ‘ਖ਼ਾਲਸਾ’ ਰੱਖਿਆ ਗਿਆ।
ਖ਼ਾਲਸਾ ਉਹ ਸਰ ਜ਼ਮੀਨ ਸੀ ਜਿਹੜੀ ਕੇਵਲ ਇੱਕ ਅਕਾਲ ਪੁਰਖ ਦੇ ਅਧੀਨ ਸੀ। ਉਸ ਦਾ ਕਿਸੇ ਸਮਾਜਿਕ ਵਰਤਾਰੇ ਦੇ ਅਹਿਲਕਾਰ ਦੀ ਅਧੀਨਗੀ ਵਿੱਚ ਆਉਣ ਦਾ ਸੁਆਲ ਹੀ ਨਹੀਂ ਸੀ। ਇਸ ਦਾ ਸਪਸ਼ਟ ਪ੍ਰਗਟਾਅ ਖ਼ਾਲਸਾਈ ਬੋਲੇ ਤੋਂ ਵੀ ਹੋ ਜਾਂਦਾ ਹੈ :
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
ਇਸ ਵਾਹਿਗੁਰੂ ਦੇ ਖ਼ਾਲਸੇ ਨੂੰ ਅਕਾਲ ਪੁਰਖ ਨੇ ਆਪਣੇ ਅਲੌਕਿਕ ਨਾਦ ਵਜੋਂ ਭੇਜਿਆ, ਜਿਸ ਦੇ ਹੁਕਮ ਵਿੱਚ ਚਲਦਿਆਂ ਇਸ ਨੇ ਆਪਣੀ ਜ਼ਿੰਦਗੀ ਬਤੀਤ ਕਰਨੀ ਸੀ। ਉਸੇ ‘ਅਲੌਕਿਕ ਨਾਦ’ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਦੇ “ਗੁਰੂ ਮਾਨਿਓ ਗ੍ਰੰਥ” ਦਾ ਨਿਰਾਲਾ ਹੁਕਮ ਜਾਰੀ ਕਰ ਦਿੱਤਾ। ਇਸ ਪਵਿੱਤਰ ਸ਼ਬਦ ਨੂੰ ਖ਼ਾਲਸਾ ਹਿਰਦਿਆਂ ਨੇ ਇਸ ਤਰ੍ਹਾਂ ਸੰਭਾਲਿਆ ਹੋਇਆ ਹੈ
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ।।
ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।