Samaajik Saarokaar – ਸਮਾਜਿਕ ਸਾਰੋਕਾਰ

  1. ਸਮਾਜਿਕ ਸਾਰੋਕਾਰ

ਧਰਮ ਅਤੇ ਸਮਾਜ ਦਾ ਅਟੁੱਟ ਸਬੰਧ ਹੈ। ਧਰਮ ਸਮਾਜਿਕ ਵਿਧੀ ਵਿਧਾਨ ਲਈ ਅਤੇ ਸਮਾਜ ਨੂੰ ਨੈਤਿਕ ਨਿਯਮਾਂ ‘ਤੇ ਚਲਾਉਣ ਲਈ ਸਿਧਾਂਤ ਪ੍ਰਦਾਨ ਕਰਦਾ ਹੈ। ਸਮਾਜ ਦੀ ਕੇਂਦਰੀ ਇਕਾਈ ਮਨੁੱਖ ਹੈ। ਸਮਾਜ ਦੀ ਉਸਾਰੀ ਵਿੱਚ ਚੰਗੇ ਕਰਤਵਾਂ ਵਾਲੇ ਮਨੁੱਖ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਚੰਗੇ ਮਨੁੱਖ ਬਣਨ ਲਈ ਧਰਮੀ ਹੋਣਾ ਲਾਜ਼ਮੀ ਹੋ ਜਾਂਦਾ ਹੈ। ਜਦੋਂ ਮਨੁੱਖ ਧਰਮ ਨੂੰ ਛੱਡ ਅਧਰਮ ਦਾ ਰਸਤਾ ਚੁਣ ਲੈਂਦਾ ਹੈ ਤਾਂ ਸਮਾਜ ਆਪਣੀਆਂ ਨੀਹਾਂ ਵਿਚ ਗਰਕਣਾ ਸ਼ੁਰੂ ਹੋ ਜਾਂਦਾ ਹੈ। ਸਮਾਜ ਦੀ ਪੁਨਰ ਉਸਾਰੀ ਲਈ ਹੀ ਧਰਮਾਂ ਦਾ ਪ੍ਰਕਾਸ਼ ਦੁਨੀਆ ਵਿੱਚ ਹੋਇਆ।

ਭਾਰਤ ਦੀ ਧਰਤੀ ‘ਤੇ ਜਦੋਂ ਧਰਮਾਂ ਨੇ ਖ਼ੁਦ ਮਨੁੱਖ ਨੂੰ ਰਸਾਤਲ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਤਾਂ ਦੰਭ, ਪਾਖੰਡ ਅਤੇ ਸ਼ੋਸ਼ਣ ਦਾ ਬੋਲਬਾਲਾ ਹੋ ਗਿਆ। ਉਸ ਵੇਲੇ ਸਿੱਖ ਧਰਮ ਦਾ ਪ੍ਰਕਾਸ਼ ਪੰਜਾਬ ਵਿੱਚ ਹੋਇਆ। ਸਿੱਖ ਧਰਮ ਦੇ ਆਗਮਨ ਨਾਲ ਦੰਭੀ ਅਤੇ ਕਾਲੀਆਂ ਬਦਰੂਹਾਂ ਦੇ ਹਿਰਦੇ ਕੰਬ ਉੱਠੇ ਪਰ ਮਰ ਚੁੱਕੀ ਲੋਕਾਈ ਦੇ ਅੰਦਰ ਜਿਊਣ ਦੀ ਆਸ ਬੱਝੀ। ਸਿੱਖ ਧਰਮ ਨੇ ਪਪਰਕ ਸ਼ੋਸ਼ਣਕਾਰੀ ਸਿਧਾਂਤਾਂ ਨੂੰ ਅਪ੍ਰਵਾਨ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਨੂੰ ਢਾਹ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ ਜਿਸ ਦੀ ਬੁਨਿਆਦ ਬਰਾਬਰੀ, ਭਾਈਚਾਰੇ ਅਤੇ ਮੁਕਤੀ ਦੇ ਸਿਧਾਂਤਾਂ ਉਪਰ ਟਿਕੀ ਹੋਈ ਸੀ। ਇਸ ਪ੍ਰਥਾਇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਨ੍ਹਾਂ ਉਪਦੇਸ਼ਾਂ ਅਤੇ ਸਿਧਾਂਤਾਂ ਨੂੰ ਵੇਖਣ ਦਾ ਯਤਨ ਕਰਾਂਗੇ ਜਿਨ੍ਹਾਂ ਇੱਕ ਨਵੇਂ ਇਤਿਹਾਸ ਨੂੰ ਨਵੀਂ ਸੁਰਖ ਸਿਆਹੀ ਨਾਲ ਲਿਖ ਕੇ ਲੋਕ ਮਾਨਸਿਕਤਾ ਵਿੱਚ ਬੰਦੇ ਨੂੰ ਬੰਦਾ ਅਖਵਾਉਣ ਦਾ ਹੱਕ ਪ੍ਰਦਾਨ ਕੀਤਾ।

 

i.. ਮਨੁੱਖੀ ਸਮਾਨਤਾ

ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ

ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥

(ਗੁ.ਗ੍ਰੰ.ਸਾ. ਅੰਗ 1238)

ਪਰ ਸਿੱਖ ਧਰਮ ਦੇ ਆਗਮਨ ਵੇਲੇ ਪੰਜਾਬੀ ਸਮਾਜ ਦੋ ਹਿੱਸਿਆਂ – ਹਿੰਦੂ ਅਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ । ਦੋਵੇਂ ਇਕ ਦੂਸਰੇ ਨਾਲ ਨਫ਼ਰਤ ਕਰਦੇ ਸਨ, ਧਾਰਮਿਕ ਗਲਾਨੀ ਆਪਣੇ ਸਿਖਰ ‘ਤੇ ਸੀ ਅਤੇ ਪਾਪ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਲੋਕ ਧਰਮ ਗਿਆਨ ਨਾਲ ਟੁੱਟ ਚੁੱਕੇ ਸਨ ਅਤੇ ਅਗਿਆਨਤਾ ਦਾ ਹਨੇਰਾ ਚਾਰ-ਚੁਫੇਰੇ ਫੈਲਿਆ ਹੋਇਆ ਸੀ। ਸਿੱਖ ਸਿਧਾਂਤਾਂ ਨੇ ਇਸ ਪਾਖੰਡੀ ਪ੍ਰਬੰਧ ਦੀ ਖੁੱਲ੍ਹੇ ਤੌਰ ‘ਤੇ ਨਿੰਦਿਆ ਹੀ ਨਹੀਂ ਕੀਤੀ ਸਗੋਂ “ਨਾ ਕੋ ਹਿੰਦੂ ਨਾ ਮੁਸਲਮਾਨ” ਦੇ ਸਿਧਾਂਤ ਦੇ ਉਪਰ ਬਰਾਬਰੀ ਦੇ ਆਧਾਰ ‘ਤੇ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ। ਇਸ ਸੁਪਨੇ ਦੀ ਤਾਬੀਰ ਵਾਸਤੇ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਅਤੇ ਉਸਦੇ ਆਧਾਰ ‘ਤੇ ਉਸਰੇ ਸਮਾਜ ਦੀ ਗਾਥਾ ਦਾ ਬਿਆਨ, ਇਸ ਸਿਧਾਂਤ ‘ਤੇ ਉਸਰੀਆਂ ਸੰਸਥਾਵਾਂ ਮੀਰੀ-ਪੀਰੀ, ਅਕਾਲ ਤਖ਼ਤ ਅਤੇ ਖ਼ਾਲਸਾ ਸਿਰਜਣਾ ਕਰਦੀਆਂ ਹਨ। ਇਹ ਧਰਮਾਂ, ਜਾਤਾਂ ਤੋਂ ਉਪਰ ਉੱਠ ਕੇ ਇਕ ਇਹੋ ਜਿਹੇ ਪ੍ਰਬੰਧ ਵੱਲ ਇਸ਼ਾਰਾ ਸੀ ਜਿੱਥੇ ਧਰਮ, ਜਾਤ ਦੇ ਆਧਾਰ ‘ਤੇ ਕੋਈ ਵਿਤਕਰਾ ਹੋ ਹੀ ਨਹੀਂ ਸਕਦਾ ਸੀ ਸਗੋਂ ਮਨੁੱਖੀ ਬਰਾਬਰੀ ਦਾ ਝੰਡਾ ਬੁਲੰਦ ਕਰਦਿਆਂ ਉਪਦੇਸ਼ ਦਿੱਤਾ

ਜਾਤਿ ਬਰਨ ਕੁਝ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ।।

(ਗੁ.ਗ੍ਰੰ.ਸਾ. ਅੰਗ 1198)

ਇਨ੍ਹਾਂ ਸੰਸਥਾਵਾਂ ਵਿੱਚ ਕੋਈ ਵੀ ਆਪਣੀ ਇੱਜ਼ਤ ਆਬਰੂ ਦੀ ਰੱਖਿਆ ਲਈ ਹਾਜ਼ਰ ਹੋ ਸਕਦਾ ਸੀ ਅਤੇ ਉਸਦੇ ਦੁੱਖਾਂ ਦੀ ਨਵਿਰਤੀ ਲਈ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨਾਲ ਓਤ-ਪੋਤ ਸੂਰੇ ਦੂਜੇ ਦੇ ਦੁੱਖ ਨਵਿਰਤੀ ਕਰਨਾ ਆਪਣੇ ਗੁਰੂ ਦਾ ਹੁਕਮ ਪ੍ਰਵਾਨ ਕਰਦੇ ਸਨ। ਇਤਿਹਾਸਕ ਪਰਿਪੇਖ ਵਿੱਚ ਅਨੇਕਾਂ ਉਦਾਹਰਣਾਂ ਇਸ ਦੀ ਪੁਸ਼ਟੀ ਕਰਦੀਆਂ ਹਨ। ਗੁਰਮਤਿ ਸਾਰੇ ਜੀਵਾਂ ਨੂੰ ਇੱਕ ਪਰਮਾਤਮਾ ਦਾ ਪੈਦਾ ਕੀਤਾ ਮੰਨਦੀ ਹੈ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
टेव ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। 

(ਗੁ.ਗ੍ਰੰ.ਸਾ. ਅੰਗ 1349)

  1. ਔਰਤ ਦਾ ਸਨਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਦੀ ਜਮਾਂਦਰੂ ਬਰਾਬਰੀ ਦਾ ਜੋ ਸਿਧਾਂਤ ਦਿੱਤਾ ਗਿਆ ਹੈ, ਉਹ ਹੈ “ਹਰਿ ਤੁਮ ਮਹਿ ਜੋਤ ਰਖੀ ਤਾ ਤੂ ਜਗ ਮਹਿ ਆਇਆ”। ਇਸ ਵਿੱਚ ਇਹ ਨਹੀਂ ਕਿਹਾ ਕਿ ਪੁਰਸ਼ ਜਗ ਵਿੱਚ ਆਇਆ ਜਾਂ ਇਸਤਰੀ ਜਗ ਵਿੱਚ ਆਈ। ਗੁਰੂ ਉਪਦੇਸ਼ ਹੈ ਕਿ ਰੱਬ ਨਾਲ ਜੁੜਨ ਲਈ ਇਸਤਰੀ ਜਾਂ ਪੁਰਸ਼ ਹੋਣ ਦੀ ਕੋਈ ਸ਼ਰਤ ਨਹੀਂ ਹੈ। ਮਨੁੱਖ ਜਾਤਿ, ਜਨਮ ਜਾਂ ਜਾਂ ਇਸਤਰੀ ਪੁਰਖ ਹੋਣ ਕਰਕੇ ਵੱਡਾ ਜਾਂ ਛੋਟਾ ਨਹੀਂ ਹੈ। ਮਨੁੱਖ ਆਪਣੇ ਅਮਲਾਂ ਕਾਰਣ ਛੋਟਾ ਜਾਂ ਵੱਡਾ ਹੁੰਦਾ ਹੈ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ‘ਆਸਾ ਦੀ ਵਾਰ’ ਵਿੱਚ (ਜਿਸ ਦਾ ਪ੍ਰਸੰਗ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵੀ ਹੈ) ਇਸਤਰੀ ਬਾਰੇ ਬਖਾਨ ਕਰਦੇ ਹਨ ਕਿ ਇਸਤਰੀ ਰਾਹੀਂ ਹੀ ਸੰਸਾਰ ਚਲਦਾ ਹੈ ਕਿਉਂਕਿ ਉਹ ਸੰਤਾਨ ਨੂੰ ਜਨਮ ਦਿੰਦੀ ਹੈ। ਸੰਸਾਰ ਵਿੱਚ ਗ੍ਰਹਿਸਤ ਇਸਤਰੀ ਰਾਹੀਂ ਹੀ ਅੱਗੇ ਚਲਦਾ ਹੈ। ਫਿਰ ਇਸਤਰੀ ਨੂੰ ਮੰਦਾ ਕਿਉਂ ਕਿਹਾ ਜਾਵੇ ਜੋ ਰਾਜਿਆਂ, ਮਹਾਰਾਜਿਆਂ ਦੀ ਜਨਨੀ ਹੈ। ਸਾਰਾ ਸੰਸਾਰ ਇਸਤਰੀ ਰਾਹੀਂ ਸੰਸਾਰ ਵਿੱਚ ਆਉਂਦਾ ਹੈ। ਸਿਰਫ਼ ਵਾਹਿਗੁਰੂ ਹੀ ਹੈ ਜੋ ਇਸਤਰੀ ਤੋਂ ਬਾਹਰ ਹੈ। ਗੁਰੂ ਵਾਕ ਹੈ :

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

(ਗੁ.ਗ੍ਰੰ.ਸਾ. ਅੰਗ 473)

ਸਿੱਖ ਧਰਮ ਦੇ ਇਤਿਹਾਸਕ ਪ੍ਰਸੰਗ ਵਿੱਚ ਵੀ ਔਰਤਾਂ ਨੇ ਸੰਗਰਾਮੀ ਭੂਮਿਕਾ ਅਦਾ ਕੀਤੀ ਹੈ। ਮਾਤਾ ਖੀਵੀ, ਮਾਤਾ ਗੁਜਰੀ, ਮਾਈ ਭਾਗੋ ਦਾ ਆਪਣਾ ਇਕ ਵੱਖਰਾ ਪ੍ਰਸੰਗ ਹੈ। ਮਾਤਾ ਖੀਵੀ ਨੂੰ ਲੰਗਰ ਵਰਗੀ ਸੰਸਥਾ ਦਾ ਮੁਖੀ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਅਮਲ ਵਿੱਚ ਤਬਦੀਲ ਕਰ ਦਿੱਤਾ। ਉਸ ਵੇਲੇ ਦੇ ਸਮਾਜ ਵਿੱਚ ਇਹ ਇਸ ਤਰ੍ਹਾਂ ਦਾ ਇਨਕਲਾਬੀ ਕਦਮ ਸੀ ਜਿਸ ਨੇ ਭਾਰਤੀ ਧਰਮ ਪ੍ਰਬੰਧ ਦੀਆਂ ਕੰਧਾਂ ਹਿਲਾ ਦਿੱਤੀਆਂ। ਮਾਤਾ ਗੁਜਰੀ ਦੁਆਰਾ ਆਪਣੇ ਬੱਚਿਆਂ ਨੂੰ ਸੰਗਰਾਮ ਵੱਲ ਹੱਥੀਂ ਤਿਆਰ ਕਰਕੇ ਭੇਜਣਾ ਅਤੇ ਮਾਈ ਭਾਗੋ ਦਾ ਲੱਖਾਂ ਦੁਸ਼ਮਣਾਂ ਨਾਲ ਜੂਝ ਕੇ ਸ਼ਹਾਦਤ ਦਾ ਜਾਮ ਪੀਣਾ ਸਿੱਖ ਧਰਮ ਵਿੱਚ ਔਰਤ ਦੇ ਸਥਾਨ ਦਾ ਪ੍ਰਸੰਗ ਆਪ ਮੁਹਾਰੇ ਸਥਾਪਿਤ ਕਰ ਦਿੰਦਾ ਹੈ।

ਖ਼ਾਲਸਾ ਦੀ ਸਿਰਜਨਾ ਵੇਲੇ ਔਰਤ ਦੇ ਨਾਮ ਨਾਲ ‘ਕੌਰ’ ਸ਼ਬਦ ਲਾਉਣ ਦਾ ਆਪਣਾ ਵਿਲੱਖਣ ਅਧਿਆਤਮ ਪ੍ਰਸੰਗ ਹੈ। ‘ਕੌਰ’ ਦਾ ਭਾਵ ਹੈ ਕੁੰਵਰ। ਕੁੰਵਰ ਉਸ ਲਈ ਵਰਤਿਆ ਜਾਂਦਾ ਸੀ ਜੋ ਰਾਜੇ ਤੋਂ ਬਾਅਦ ਗੱਦੀ ਦਾ ਅਧਿਕਾਰੀ ਹੁੰਦਾ ਸੀ। ਸਿੱਖ ਧਰਮ ਅਨੁਸਾਰ ਦੋ ਸ਼ਕਤੀਆਂ ਹਨ ਜੋ ਸਿਰਜਨਾ ਕਰ ਸਕਦੀਆਂ ਹਨ, ਉਨ੍ਹਾਂ ਵਿੱਚੋਂ ਇੱਕ ਰੱਬ ਅਤੇ ਦੂਸਰਾ ਔਰਤ ਹੈ। ਇਸ ਲਈ ਔਰਤ ਰੱਬ ਦਾ ਕੁੰਵਰ ਹੈ ਜੋ ਰੱਬੀ ਬਾਦਸ਼ਾਹਤ ਵਿੱਚ ਦੂਜੇ ਨੰਬਰ ਦਾ ਅਧਿਕਾਰੀ ਹੈ।

 

iii. ਕਰਮ-ਕਾਂਡ ਸਮਾਜਿਕ ਬੁਰਾਈ ਵਜੋਂ

ਸਿੱਖ ਧਰਮ ਦੇ ਆਗਮਨ ਵੇਲੇ ਅਨਿਆਂ ਤੇ ਕਰਮ-ਕਾਂਡਾਂ ਦਾ ਨੰਗਾ ਨਾਚ ਸਿਖਰਾਂ ‘ਤੇ ਸੀ। ਜਨ ਸਧਾਰਨ ਸਾਹ-ਸਤ ਹੀਣ ਹੋ ਚੁੱਕਾ ਸੀ। ਸਰਾਧਾਂ ਦੀ ਮਹੱਤਤਾ, ਸੂਤਕ, ਭਿੱਟ ਅਤੇ ਬ੍ਰਾਹਮਣਾਂ ਦਾ ਅਡੰਬਰ ਜੀਵਨ ਬਣ ਚੁੱਕਾ ਸੀ। ਸਿੱਖ ਧਰਮ ਦੇ ਬਾਨੀਆਂ ਨੇ ਸਰਬ ਪ੍ਰਥਮ ਇਨ੍ਹਾਂ ਬੁਰਾਈਆਂ ਵਿਰੁੱਧ ਆਵਾਜ਼ ਹੀ ਨਹੀਂ ਉਠਾਈ ਸਗੋਂ ਇਨ੍ਹਾਂ ਨੂੰ ਭਰਮ ਜਾਲ ਦੀ ਸੰਗਿਆ ਦੇ ਕੇ ਲੋਕਾਂ ਨੂੰ ਚੇਤੰਨ ਕੀਤਾ ਕਿ ਇਹ ਕਰਮਕਾਂਡੀ ਅਡੰਬਰ ਦੀ ਸਮਾਜਿਕ ਜਾਂ ਧਾਰਮਿਕ ਜੀਵਨ ਵਿੱਚ ਕੋਈ ਅਹਿਮੀਅਤ ਨਹੀਂ ਹੈ। ਅਸਲ ਵਿੱਚ ਇਹ ਪੁਜਾਰੀ ਦੀ ਕਪਟੀ ਚਾਲ ਹੈ ਜੋ ਮਨੁੱਖ ਨੂੰ ਅਜਿਹੇ ਚੱਕਰਾਂ ਵਿੱਚ ਉਲਝਾ ਕੇ ਆਪਣੀ ਰੋਟੀ ਦਾ ਪੱਕਾ ਪ੍ਰਬੰਧ ਕਰੀ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਰਾਧ ਨੂੰ ਨਿਰਾਰਥਕ ਕਰਮ ਦੱਸਿਆ ਹੈ ਅਤੇ ਸਮਝਾਇਆ ਹੈ ਕਿ ਤੇਰੇ ਨਾਲ ਤੇਰੇ ਕਰਮ ਜਾਣੇ ਹਨ। ਸਰਾਧ ਉਪਰ ਵਿਅੰਗ ਕਸਦਿਆਂ ਕਿਹਾ ਹੈ ਕਿ ਜੇ ਧਨ ਚੋਰੀ ਕਰਕੇ ਸਰਾਧ ਕਰਾਏ ਜਾਣ ਤਾਂ ਪਿੱਤਰਾਂ ਲਈ ਵੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਗੁਰੂ ਵਾਕ ਹੈ :

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ।।
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ।।
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।।
ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੇ ਦੇਇ।।

(ਗੁ.ਗ੍ਰੰ.ਸਾ. ਅੰਗ 472)

 

ਇਸੇ ਤਰ੍ਹਾਂ ਮਰਨ ਅਵਸਰ ਉਤੇ ਪਰੋਹਿਤਾਂ ਦੁਆਰਾ ਚਲਾਈ ਸੂਤਕ ਪ੍ਰਥਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਪੂਰਨ ਤੌਰ ‘ਤੇ ਨਕਾਰਦਾ ਹੈ ਅਤੇ ਹੁਕਮ ਕਰਦਾ ਹੈ ਕਿ ਜੰਮਣਾ, ਮਰਨਾ, ਖਾਣਾ, ਪੀਣਾ ਆਦਿ ਸਭ ਅਕਾਲ ਪੁਰਖ ਦੇ ਹੁਕਮ ਅਧੀਨ ਹੈ। ਇਸ ਲਈ ਸਭ ਕੁਝ ਹੀ ਪਵਿੱਤਰ ਹੈ :

ਸਭੋ ਸੂਤਕੁ ਭਰਮੁ ਹੈ ਦੂਜੇ ਲਗੈ ਜਾਇ।। 
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
ਨਾਨਕ ਜਿਨ੍ਹੀ ਗੁਰਮੁਖਿ ਬੁਝਿਆ ਤਿਨ੍ਹਾ ਸੂਤਕੁ ਨਾਹਿ।।

(ਗੁ.ਗ੍ਰੰ.ਸਾ. ਅੰਗ 472)

 

ਗੁਰੂ ਸਾਹਿਬਾਨ ਨੇ ਕਰਮਕਾਂਡਾਂ ਤੋਂ ਬਿਨਾਂ ਕਰਮਕਾਂਡ ਕਰਨ ਵਾਲਿਆਂ ਦੇ ਚਿਹਰੇ ਤੋਂ ਨਕਾਬ ਹਟਾਉਣ ਦੀ ਹਰ ਕੋਸ਼ਿਸ਼ ਕੀਤੀ।

ਮਥੈ ਟਿਕਾ ਤੇੜਿ ਧੋਤੀ ਕਖਾਈ।। ਹਥਿ ਛੁਰੀ ਜਗਤ ਕਾਸਾਈ ।।
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।। ਮਲੇਛ ਧਾਨੁ ਲੇ ਪੂਜਹਿ ਪੁਰਾਣੁ॥
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ।
ਦੇ ਕੈ ਚਉਕਾ ਕਢੀ ਕਾਰ।। ਉਪਰਿ ਆਇ ਬੈਠੇ ਕੂੜਿਆਰ। 

(ਗੁ.ਗ੍ਰੰ.ਸਾ. ਅੰਗ 471-72)

 

ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਇਹਨਾਂ ਅੰਦਰ ਛੁਪੇ ਦੰਭੀ ਚਿਹਰੇ ਨੂੰ ਹੋਰ ਵੀ ਖ਼ੂਬਸੂਰਤੀ ਨਾਲ ਨੰਗਿਆਂ ਕਰਦਾ ਹੈ :

ਪੜਿ ਪੁਸਤਕ ਸੰਧਿਆ ਬਾਦੰ।। ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠ ਬਿਭੂਖਣ ਸਾਰੰ।। ਤ੍ਰੈਪਾਲ ਤਿਹਾਲ ਬਿਚਾਰੰ।। 
ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ।।

(ਗੁ.ਗ੍ਰੰ.ਸਾ. ਅੰਗ 470)

ਗੁਰੂ ਪਾਤਸ਼ਾਹ ਜਨ ਸਧਾਰਨ ਨੂੰ ਸੁਚੇਤ ਕਰਦੇ ਹਨ ਕਿ ਇਹ ਅਡੰਬਰੀ ਜੀਵਨ ਮੁਕਤੀ ਦਵਾਉਣ ਦੇ ਸਮਰੱਥ ਨਹੀਂ ਹਨ ਅਤੇ ਇਹ ਮੁਕਤੀ ਦਾਤਾ ਬਣੇ ਪੁਜਾਰੀ ਅਸਲ ਵਿਚ ਢੋਂਗੀ ਜਾਂ ਪਾਖੰਡੀ ਹਨ। ਅਕਾਲ ਪੁਰਖ ਦੇ ਦਰ ‘ਤੇ ਵਿਚੋਲਿਆਂ ਦੀ ਲੋੜ ਨਹੀਂ ਹੈ। ਮਨੁੱਖ ਸਦਗੁਣਾਂ ਦਾ ਧਾਰਨੀ ਹੋ ਕੇ ਉਸ ਦੀ ਨਿਗਾਹ ਵਿੱਚ ਪ੍ਰਵਾਨ ਹੋ ਸਕਦਾ ਹੈ।

ਗੁਰਮਤਿ ਵਰਤ ਰੱਖਣ ਬਾਰੇ ਵੀ ਜ਼ੋਰਦਾਰ ਖੰਡਨ ਕਰਦੀ ਹੈ

ਛੋਡਹਿ ਅੰਨੁ ਕਰਹਿ ਪਾਖੰਡ॥
ਨਾ ਸੋਹਾਗਨਿ ਨਾ ਓਹਿ ਰੰਡ॥

(ਗੁ.ਗ੍ਰੰ.ਸਾ. ਅੰਗ 873)

 

  1. ਸੁੱਚ-ਭਿੱਟ ਸਮਾਜਿਕ ਬੁਰਾਈ ਵਜੋਂ

ਸੂਚੇ ਏਹਿ ਨ ਆਖੀਅਹਿ ਬਹਿਨ ਜਿ ਪਿੰਡਾ ਧੋਇ।।
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ।।

(ਗੁ.ਗ੍ਰੰ.ਸਾ. ਅੰਗ 472)

ਭਾਰਤੀ ਧਰਮ ਵਿੱਚ ਬ੍ਰਾਹਮਣ ਵੱਲੋਂ ਸੁੱਚ, ਭਿੱਟ ਦਾ ਅਜਿਹਾ ਤਾਣਾ- ਬਾਣਾ ਬੁਣ ਲਿਆ ਗਿਆ ਕਿ ਮਨੁੱਖਤਾ ਦੇ ਸਰੋਕਾਰ ਨੂੰ ਹਮੇਸ਼ਾ-ਹਮੇਸ਼ਾ ਲਈ ਡੂੰਘੀ ਕਬਰ ਵਿੱਚ ਸੁੱਟ ਦਿੱਤਾ। ਅਖੌਤੀ ਨੀਵੇਂ ਆਖੇ ਜਾਂਦੇ ਸ਼ੂਦਰ ਵਿਅਕਤੀ ਦੀ ਛੂਹ ਨੂੰ ਨੂੰ ਅਪਵਿੱਤਰ ਕਰਾਰ ਹੀ ਨਾ ਦਿੱਤਾ ਸਗੋਂ ਨਾ-ਮੁਆਫ਼ ਕਰਨ ਯੋਗ ਗੁਨਾਹ ਬਣਾ ਦਿੱਤਾ। ਸਿੱਖ ਧਰਮ ਨੇ ਸਭ ਤੋਂ ਪਹਿਲਾਂ ਬ੍ਰਾਹਮਣੀ ਪੁਜਾਰੀ ਵਰਗ ਦੇ ਇਸ ਦੰਭ ਨੂੰ ਨੰਗਿਆਂ ਹੀ ਨਾ ਕੀਤਾ ਸਗੋਂ ਉਸ ਦੀ ਪ੍ਰਮੁੱਖਤਾ ‘ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਹਜ਼ਾਰਾਂ ਸਾਲ ਤੋਂ ਖੜ੍ਹੇ ਇਸ ਸ਼ੋਸ਼ਣ ਦੇ ਮਾਹੌਲ ਨੂੰ ਢਾਹ-ਢੇਰੀ ਕਰ ਦਿੱਤਾ। ਇਸ ਧਰਮ ਦੇ ਬਾਨੀ ਨੇ ਨੀਵਿਆਂ ਵਿੱਚ ਹੀ ਉਸ ਕਾਦਰ ਦਾ ਜਲਵਾ ਤੱਕਿਆ ਅਤੇ ਉਨ੍ਹਾਂ ਦੇ ਸੰਗ-ਸਾਥ ਦੀ ਗੱਲ ਕਰਦਿਆਂ ਉਪਦੇਸ਼ ਦਿੱਤਾ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥

(ਗੁ.ਗ੍ਰੰ.ਸਾ. ਅੰਗ 15)

 

ਹਿੰਦੁਸਤਾਨ ਦੀ ਧਰਤੀ ‘ਤੇ ਹੇਠਲਾ ਵਰਗ ਹਮੇਸ਼ਾ ਪੈਰਾਂ ਵਿੱਚ ਕੁਚਲਿਆ ਗਿਆ। ਸਿੱਖ ਧਰਮ ਦੇ ਇਸ ਐਲਾਨਨਾਮੇ ਨੇ ਨਵੇਂ ਪੂਰਨੇ ਪਾ ਦਿੱਤੇ। ਹਿੰਦੁਸਤਾਨ ਦੀ ਧਰਤੀ ‘ਤੇ ਨਵੀਂ ਸਵੇਰ ਨੇ ਅੰਗੜਾਈ ਲਈ। ਇਹ ਅੰਗੜਾਈ ਬਰਾਬਰੀ ਦੀ ਸੀ, ਸਰਬੱਤ ਦੇ ਭਲੇ ਦੀ ਸੀ ਅਤੇ ਸੁੱਚ-ਭਿੱਟ ‘ਤੇ ਉਸਰੇ ਸ਼ੋਸ਼ਣਕਾਰੀ ਸਮਾਜ ਢਾਹ-ਢੇਰੀ ਕਰਨ ਦੀ ਸੀ। ਸਿੱਖ ਧਰਮ ਨੇ ਊਚ-ਨੀਚ ਦੀਆਂ ਹਾਮੀ ਧਿਰਾਂ ਵੰਗਾਰਿਆ ਹੀ ਨਹੀਂ ਸਗੋਂ ਉਨ੍ਹਾਂ ਸਾਹਮਣੇ ਇੱਕ ਨਵਾਂ ਪ੍ਰਸ਼ਨ ਖੜ੍ਹਾ ਕਰ ਦਿੱਤਾ ਅਤੇ ਕਿਹਾ

 

ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ || 
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ।।
ਕਹੁ ਪੰਡਿਤ ਸੂਚਾ ਕਵਨੁ ਠਾਉ॥

(ਗੁ.ਗ੍ਰੰ.ਸਾ. ਅੰਗ 1195)

 

ਇਸ ਉਪਦੇਸ਼ ਨੇ ਪੰਡਤ ਦੀ ਅਜਾਰੇਦਾਰੀ ਨੂੰ ਜਰਜਰੀ ਹੀ ਨਾ ਕੀਤਾ ਸਗੋਂ ਮਨੁੱਖਤਾ ਦੀ ਬੰਦ ਖਲਾਸੀ ਦਾ ਇੱਕ ਨਵਾਂ ਇਤਿਹਾਸ ਸ਼ੁਰੂ ਕਰ ਦਿੱਤਾ।

 

  1. ਅੰਤਰ-ਧਰਮ ਸੰਵਾਦ

ਭਾਰਤੀ ਧਰਮ ਦਰਸ਼ਨ ਤਾਂ ਕੀ ਸਮੁੱਚੇ ਸੰਸਾਰ ਦੇ ਧਰਮ ਦਰਸ਼ਨ ਵਿੱਚ ਸੰਵਾਦ ਦਾ ਪਵਿੱਤਰ ਤੇ ਉੱਤਮ ਸਿਧਾਂਤ ਅਤੇ ਮਿਲ ਬੈਠਣ ਦਾ ਸਮਾਜੀ ਸਰੋਕਾਰ ਪੂਰਨ ਤੌਰ ‘ਤੇ ਗੁੰਮ ਹੈ। ਇਸ ਦਾ ਨਤੀਜਾ ਪੂਰੇ ਸੰਸਾਰ ਲਈ ਬਹੁਤ ਮਾੜਾ ਨਿਕਲਿਆ। ਧਰਮ ਸ਼ਾਂਤੀ ਦੀ ਥਾਂ ਦੰਗਾਈ ਰੂਪ ਧਾਰਨ ਕਰ ਗਿਆ। ‘ਮੇਰੇ ਰੱਬ, ਮੇਰਾ ਧਰਮ ਅਤੇ ਮੇਰਾ ਸਮਾਜ ਹੀ ਸਰਵ-ਸ੍ਰੇਸ਼ਟ ਅਤੇ ਉੱਤਮ ਹੈ’ ਦੇ ਸੰਕਲਪ ਨੇ ਧਰਮ, ਮਨੁੱਖ ਅਤੇ ਸਮਾਜਾਂ ਵਿੱਚ ਸਦੀਵੀ ਵੰਡੀਆਂ ਪਾ ਦਿੱਤੀਆਂ। ਵਿਰੋਧਾਂ ਦੇ ਅਜਿਹੇ ਪਹਾੜ ਖੜ੍ਹੇ ਹੋ ਗਏ ਕਿ ਮਿਲ ਬੈਠਣ ਦੀਆਂ ਸੰਭਾਵਨਾਂ ਦਾ ਨਾਮੋ-ਨਿਸ਼ਾਨ ਮਿੱਟ ਗਿਆ। ਸਿੱਖ ਧਰਮ ਨੇ ਇਸ ਦੇ ਵਿਰੋਧ ਵਿੱਚ ਸਭ ਤੋਂ ਪਹਿਲਾਂ ਉਪਦੇਸ਼ ਦਿੱਤਾ “ਹਮ ਨਹੀ ਚੰਗੇ ਬੁਰਾ ਨਹੀ ਕੋਇ” ਅਤੇ ਇਸ ਸਿਧਾਂਤਕ ਪ੍ਰਸੰਗ ਦੀ ਸਥਾਪਤੀ ਕਰ ਸੰਵਾਦ ਦਾ ਇੱਕ ਅਜਿਹਾ ਨਾਅਰਾ ਬੁਲੰਦ ਕੀਤਾ ਜੋ ਵਿਰੋਧਾਂ ਨੂੰ ਮਿਟਾਉਂਦਾ ਹੀ ਨਹੀਂ ਸਗੋਂ ਇੱਕ ਨਵੀਂ ਸਥਿਤੀ ਨੂੰ ਜਨਮ ਵੀ ਦਿੰਦਾ ਸੀ। ਗੁਰੂ ਹੁਕਮ ਹੈ

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਏ ਕਿਛੁ ਕਹੀਐ।। 
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ

(ਗੁ.ਗ੍ਰੰ.ਸਾ. ਅੰਗ 661)

 

ਗੁਰੂ ਗ੍ਰੰਥ ਦੇ ਇਸ ਪਵਿੱਤਰ ਐਲਾਨਨਾਮੇ ਨੇ ਸਿੱਖ ਧਰਮ ਦੀ ਭਾਵਨਾ ਨੂੰ ਸਪਸ਼ਟ ਕਰ ਦਿੱਤਾ ਕਿ ਸਿੱਖੀ ਦਾ ਅਰਥ ਧਰਮ ਤਬਦੀਲੀ ਹੀ ਨਹੀਂ ਸਗੋਂ ਹਰ ਮਨੁੱਖ ਨੂੰ ਉਸ ਦੇ ਧਰਮ ਦੇ ਸੱਚੇ ਪਹਿਲੂਆਂ ਦਾ ਅਹਿਸਾਸ ਵੀ ਕਰਾਉਣਾ ਹੈ। ਇਹ ਤਦ ਹੀ ਸੰਭਵ ਹੈ ਜੇਕਰ ਮਿਲ ਬੈਠਣ ਦੀ ਸੰਭਾਵਨਾ ਪੈਦਾ ਹੋਵੇ। ਆਪਣਾ ਚੰਗਾ ਦੂਸਰੇ ਨੂੰ ਦੱਸਣਾ ਅਤੇ ਦੂਸਰੇ ਦੇ ਚੰਗੇ ਨੂੰ ਪ੍ਰਵਾਨ ਕਰਨ ਦਾ ਜਿਗਰਾ ਹੋਵੇ।

 

ਇਸ ਸਿਧਾਂਤ ਨੂੰ ਅਮਲ ਵਿੱਚ ਤਬਦੀਲ ਕਰਨ ਹਿਤ ਗੁਰੂ ਨਾਨਕ ਪਾਤਸ਼ਾਹ ਨੇ ਦੇਸ-ਪ੍ਰਦੇਸ ਦੀਆਂ ਯਾਤਰਾਵਾਂ ਕੀਤੀਆਂ। ਯਾਤਰਾਵਾਂ ਦਰਮਿਆਨ ਦੁਨੀਆ ਭਰ ਦੇ ਧਰਮਾਂ ਦੇ ਵਿਦਵਾਨਾਂ ਨਾਲ ਸੰਵਾਦ ਰਚਾਇਆ। ਨਵੇਂ ਪੂਰਨੇ ਪਾਏ ਤੇ ਇਹਨਾਂ ਪੂਰਨਿਆਂ ਨੇ ਸੰਸਾਰੀ ਵਲਗਣਾ ਨੂੰ ਖ਼ਤਮ ਕਰਦਿਆਂ “ਏਕ ਪਿਤਾ ਏਕਸੁ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ’ ਦਾ ਨਵਾਂ ਪ੍ਰਸੰਗ ਸਥਾਪਿਤ ਕਰ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰ ਦਿੱਤਾ।