ਰਾਗਾਂ ਦੀ ਤਰਤੀਬ
ਰਾਗ ਸੰਗੀਤ ਦੀ ਬੁਨਿਆਦ ਹੈ ਅਤੇ ਸੰਗੀਤ ਦੇ ਮਹੱਤਵ ਤੋਂ ਗੁਰੂ ਸਾਹਿਬਾਨ ਭਲੀ-ਭਾਂਤ ਜਾਣੂ ਸਨ। ਸਾਰੀਆਂ ਸੂਖਮ ਕਲਾਵਾਂ ਵਿੱਚ ਸੰਗੀਤ ਸਿਖਰ ‘ਤੇ ਆਉਂਦਾ ਹੈ ਕਿਉਂਕਿ ਇਹ ਮਨੁੱਖ ਨੂੰ ਵਿਸਮਾਦ ਵਿੱਚ ਲੈ ਜਾਂਦਾ ਹੈ। ਸੰਗੀਤ ਦਾ ਪ੍ਰਭਾਵ ਅਜਿਹਾ ਹੁੰਦਾ ਹੈ ਕਿ ਰਾਹ ਚਲਦੇ ਰਾਹੀਆਂ ਦੇ ਪੈਰ ਆਪ-ਮੁਹਾਰੇ ਰੁੱਕ ਜਾਂਦੇ ਹਨ, ਪੰਛੀ ਖੰਭ ਮਾਰਨਾ ਛੱਡ ਦਿੰਦੇ ਹਨ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਅਤੇ ਭਾਈ ਮਰਦਾਨੇ ਦੀ ਰਬਾਬ ਹਮੇਸ਼ਾ ਅੰਗ-ਸੰਗ ਰਹੇ।
ਗੁਰਮਤਿ ਸੰਗੀਤ
ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਸੰਗੀਤ ਦੇ ਵੀ ਭੰਡਾਰ ਹਨ। ਗੁਰਮਤਿ ਸੰਗੀਤ ਭਾਰਤ ਦੀਆਂ ਬਾਕੀ ਸੰਗੀਤ ਪੱਧਤੀਆਂ ਤੋਂ ਕੁਝ ਨਿਵੇਕਲੀ ਹੈ ਅਤੇ ਇਸਨੇ ਬਾਕੀ ਸੰਗੀਤ ਪੱਧਤੀਆਂ ਨੂੰ ਬਹੁਤ ਕੁਝ ਦਿੱਤਾ ਹੈ।
ਭਾਰਤ ਵਿੱਚ ਸੰਗੀਤ ਦੀਆਂ ਇਹ ਵੰਨਗੀਆਂ ਮੁੱਖ ਹਨ – ਹਿੰਦੁਸਤਾਨੀ ਸੰਗੀਤ, ਕਰਨਾਟਕ ਜਾਂ ਦੱਖਣੀ ਸੰਗੀਤ, ਇਸਲਾਮੀ ਸੂਫੀਆਨਾ (ਕਾਫ਼ੀ) ਸੰਗੀਤ ਅਤੇ ਗੁਰਮਤਿ ਸੰਗੀਤ। ਗੁਰਮਤਿ ਸੰਗੀਤ ਦੀ ਵਿਲੱਖਣਤਾ ਬਾਕੀ ਪੱਧਤੀਆਂ ਤੋਂ ਇਸ ਕਰਕੇ ਹੈ ਕਿ ਇਸ ਪੱਧਤੀ ਵਿੱਚ ਸ਼ਬਦ ਦੀ ਪ੍ਰਧਾਨਤਾ ਹੈ ‘ਰਾਗ ਨਾਦ ਸਬਦੇ ਸੋਹਣੇ’। ਇਥੇ ਚੌਕੀਆਂ ਦੀ ਪਰੰਪਰਾ ਹੈ, ਅਧਿਆਤਮਕਤਾ ਨੂੰ ਕਲਾਤਮਕਤਾ ਤੋਂ ਪਹਿਲ ਹੈ ਅਤੇ ਬਾਕੀ ਦੀਆਂ ਤਿੰਨ ਪੱਧਤੀਆਂ ਨਾਲ ਸੁਖਾਵਾਂ ਮੇਲ ਹੋਣ ਦੇ ਬਾਵਜੂਦ ਇਸਦੀ ਵੱਖਰੀ ਪਛਾਣ ਵੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਮਤਿ ਸੰਗੀਤ ਦੇ ਸ਼ੁੱਧ ਰੂਪ ਵਿੱਚ ਰਾਗ ਦੇ ਥਾਟ ਤੇ ਸੁਰਾਂ ਕਾਇਮ ਹਨ। ਇਸ ਵਿੱਚ 31 ਮੁੱਖ ਰਾਗ ਹਨ ਅਤੇ 30 ਛਾਇਆ ਲਗ ਰਾਗ ਹਨ ਜਿਵੇਂ ਗਉੜੀ ਗੁਆਰੇਰੀ, ਗਉੜੀ ਚੇਤੀ ਆਦਿ। ਦੱਖਣੀ ਪੱਧਤੀ ਨਾਲ ਰਲਦੇ ‘ਮਾਰੂ ਦਖਣੀ’, ‘ਰਾਮਕਲੀ ਦਖਣੀ’ ਵੀ ਹਨ ਅਤੇ ਪੰਜਾਬ ਦੇ ਖਾਸ ‘ਮਾਝ’ ਤੇ ਦੇਸੀ ਰਾਗ – ਆਸਾ, ਸੂਹੀ ਤੇ ਤੁਖਾਰੀ ਹਨ। ਇਸ ਵਿੱਚ ਲੋਕ ਵਾਰਾਂ ਦੇ ਦੇ ਧੁਨੀਆਂ ‘ਤੇ ਗਾਉਣ ਦੀ ਹਦਾਇਤ ਹੈ ਜੋ ਇਸ ਨੂੰ ਕਠੋਰ ਸ਼ਾਸਤਰੀ ਅਨੁਸ਼ਾਸ਼ਤ ਪਕੜ ਤੋਂ ਮੁਕਤ ਕਰ ਗੁਰਮਤਿ ਸੰਗੀਤ ਅਨੁਸਾਰੀ ਬਣਾ ਕੇ ਸਹਿਜ ਰੂਪ ਪ੍ਰਦਾਨ ਕਰਦੀ ਹੈ। ਲੋਕ ਸੰਗੀਤ ਦੇ ਗਾਇਕ ਰੂਪਾਂ ਦੀ ਆਪ ਮੁਹਾਰੀ ਖੁਲ੍ਹ ਦੇ ਕੇ ਸਹਿਜ ਅਨੁਸ਼ਾਸ਼ਨ ਵਿੱਚ ਬੰਨ੍ਹਦੀ ਹੈ। ਗੁਰਮਤਿ ਸੰਗੀਤ ਵਿੱਚ ਵਾਰਾਂ ਦਾ ਗਾਇਨ, ਪੜਤਾਲ ਅਤੇ ਤਬਲੇ ਵਾਲੇ ਦਾ ਗਾਇਨ ਵਿੱਚ ਸੰਪੂਰਨ ਤੌਰ ‘ਤੇ ਸ਼ਾਮਲ ਹੋਣਾ, ਇਸ ਪੱਧਤੀ ਨੂੰ ਹਿੰਦੁਸਤਾਨੀ ਸੰਗੀਤ ਪਰੰਪਰਾ, ਦੱਖਣੀ ਸੰਗੀਤ ਪਰੰਪਰਾ ਅਤੇ ਸੂਫੀਆਨਾ ਪਰੰਪਰਾ ਤੋਂ ਲਾਸਾਨੀ ਬਣਾਉਂਦੀ ਹੈ।
ਇਸ ਤੋਂ ਇਲਾਵਾ ਸੰਗੀਤ ਦਾ ਸਬੰਧ ਮਨੁੱਖ ਦੀ ਮਨੋ-ਦਸ਼ਾ ਦੇ ਨਾਲ ਵੀ ਹੈ। ਜਿਵੇਂ-ਜਿਵੇਂ ਮਨੋਦਸ਼ਾ ਬਦਲਦੀ ਹੈ, ਉਸੇ ਤਰ੍ਹਾਂ ਰਾਗਾਂ ਦੇ ਗਾਉਣ ਦਾ ਸਮਾਂ ਵੀ
ਬਦਲਦਾ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗ ਤਰਤੀਬ ਇਸ ਤਰ੍ਹਾਂ ਹੈ
- ਰਾਗੁ ਸਿਰੀ ਰਾਗੁ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਸਿਰੀ ਰਾਗੁ ਹੈ। ਇਹ ਰਾਗ ਭਾਰਤੀ ਪਰੰਪਰਾ ਵਿੱਚ ਸਭ ਤੋਂ ਪੁਰਾਤਨ ਮੰਨਿਆ ਜਾਂਦਾ ਹੈ। ਗਾਇਨ ਵਿੱਚ ਇਸਨੂੰ ਸਭ ਤੋਂ ਕਠਿਨ ਵੀ ਮੰਨਿਆ ਜਾਂਦਾ ਹੈ। ਇਸਦੀ ਮਹੱਤਤਾ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਚਿਤ੍ਰਿਆ ਹੈ : “ਰਾਗਨ ਮੇਂ ਸਿਰੀ ਰਾਗੁ ਪਾਰਸ ਬਖਾਨ ਹੈ”। ਇਸ ਰਾਗ ਦੇ ਗਾਇਨ ਦਾ ਸਮਾਂ ਪਿਛਲੇ ਪਹਿਰ ਦਾ ਹੈ। ਇਸਨੂੰ ਪਹਿਲੇ ਰਾਗ ਵਜੋਂ ਥਾਂ ਦੇਣ ਪਿੱਛੇ ਗੁਰੂ ਪਾਤਸ਼ਾਹ ਦੇ ਗੁਹਜ ਦਾ ਪ੍ਰਗਟਾਅ ਹੈ। ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 14 ਤੋਂ 93 ਤਕ ਅੰਕਿਤ ਹੈ।
- ਰਾਗੁ ਮਾਝ
ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 94 ਤੋਂ 150 ਤਕ ਦਰਜ ਹੈ। ਇਹ ਰਾਗ ਪੰਜਾਬ ਦੇ ਇਲਾਕੇ ਮਾਝ ਵਿੱਚ ਵਿਕਸਿਤ ਹੋਇਆ ਪ੍ਰਵਾਨ ਕੀਤਾ ਜਾਂਦਾ ਹੈ ਕਿਉਂਕਿ ਭਾਰਤੀ ਸੰਗੀਤ ਵਿੱਚ ਕਿਧਰੇ ਵੀ ਇਹ ਰਾਗ ਨਹੀਂ ਮਿਲਦਾ। ਮਾਝ ਦਾ ਭਾਵ ਮੱਧ ਹੁੰਦਾ ਹੈ। ਸੋ, ਇਸਦੇ ਅਧਿਆਤਮਿਕ ਅਰਥ ਹਨ ਮਨੁੱਖੀ ਹਿਰਦੇ ਵਿੱਚੋਂ ਨਿਕਲੀ ਹੂਕ | ਗੁਰੂ ਅਰਜਨ ਸਾਹਿਬ ਦੀ ਮਹੱਤਵਪੂਰਨ ਰਚਨਾ ‘ਬਾਰਹ ਮਾਹਾ’ ਵੀ ਇਸੇ ਰਾਗ ਵਿੱਚ ਹੈ। ਇਸ ਰਾਗ ਦਾ ਸਬੰਧ ਪੰਜਾਬ ਨਾਲ ਹੋਣ ਕਰਕੇ ਕਿਸੇ ਭਗਤ ਦੀ ਬਾਣੀ ਇਸ ਰਾਗ ਵਿੱਚ ਨਹੀਂ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਰਾਤ ਦਾ ਪਹਿਲਾ ਪਹਿਰ ਹੈ।
- ਰਾਗੁ ਗਉੜੀ
ਗਉੜੀ ਰਾਗ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 151 ਤੋਂ 346 ਤਕ ਦਰਜ ਹੈ। ਸਭ ਤੋਂ ਵੱਧ ਬਾਣੀ ਇਸ ਰਾਗ ਵਿੱਚ ਦਰਜ ਕੀਤੀ ਗਈ ਹੈ। ਇਹ ਇੱਕ ਗੰਭੀਰ ਪ੍ਰਕਾਰ ਦਾ ਰਾਗ ਹੈ ਅਤੇ ਇਸ ਵਿੱਚ ਬਿਰਹਾ ਦੀ ਪ੍ਰਧਾਨਤਾ ਹੈ। ‘ਸੁਖਮਨੀ ਸਾਹਿਬ’ ਅਤੇ ‘ਬਾਵਨ ਅਖਰੀ’ ਬਾਣੀਆਂ ਇਸੇ ਰਾਗ ਵਿੱਚ ਦਰਜ ਹਨ। ਗਉੜੀ ਰਾਗ ਦੀਆਂ ਹੋਰ ਵੰਨਗੀਆਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ – ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਚੇਤੀ, ਗਉੜੀ ਬੈਰਾਗਣਿ, ਗਉੜੀ ਪੂਰਬੀ ਦੀਪਕੀ, ਗਉੜੀ ਪੂਰਬੀ, ਗਉੜੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ ਤੇ ਗਉੜੀ ਸੋਰਠਿ।
- ਰਾਗੁ ਆਸਾ
ਸਿੱਖ ਧਰਮ ਵਿੱਚ ਇਸ ਮਹੱਤਵਪੂਰਨ ਰਾਗ ਦਾ ਗਾਇਨ ਅੰਮ੍ਰਿਤ ਵੇਲੇ ਕੀਤਾ ਜਾਂਦਾ ਹੈ। ਇਸ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 347 ਤੋਂ 488 ਤਕ ਅੰਕਿਤ ਹੈ। ਇਸ ਵਿਚਲੀ ਮਹੱਤਵਪੂਰਨ ਰਚਨਾ ‘ਆਸਾ ਕੀ ਵਾਰ’ ਦਾ ਗਾਇਨ ਨੇਮ ਨਾਲ ਕੀਤਾ ਜਾਂਦਾ ਹੈ। ਆਸਾ ਰਾਗ ਦੀਆਂ ਹੋਰ ਵੰਨਗੀਆਂ – ਕਾਫੀ ਤੇ ਆਸਾਵਰੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
- ਰਾਗੁ ਗੂਜਰੀ
ਭਾਰਤ ਦਾ ਪ੍ਰਸਿੱਧ ਰਾਗ ਗੂਜਰੀ ਹੈ ਅਤੇ ਉੱਤਰ ਤੇ ਮੱਧ ਭਾਰਤ ਵਿੱਚ ਇਸਨੂੰ ਬਹੁਤ ਹਰਮਨਪਿਆਰਤਾ ਪ੍ਰਾਪਤ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਦੁਪਹਿਰ ਵੇਲਾ ਹੈ। ਇਹ ਰਾਗ ਗੁਰੂ ਗ੍ਰੰਥ ਸਾਹਿਬ ਦੇ ਅੰਗ 489 ਤੋਂ 526 ਤਕ ਹੈ।
6. ਰਾਗੁ ਦੇਵਗੰਧਾਰੀ
ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 527 ਤੋਂ 536 ਤਕ ਦਰਜ ਹੈ। ਇਸ ਦੇ ਗਾਇਨ ਦਾ ਸਮਾਂ ਚਾਰ ਘੜੀ ਦਿਨ ਚੜ੍ਹੇ ਭਾਵ ਦਿਨ ਦੇ ਵੀ ਦੂਜੇ ਪਹਿਰ ਹੈ। ਇਸ ਵਿੱਚ ਇੱਕ ਸ਼ਬਦ ਦਾ ਗਾਇਨ ਰਾਗ ਦੇਵਗੰਧਾਰ ਵਿੱਚ ਵੀ
- ਰਾਗੁ ਬਿਹਾਗੜਾ
ਇਹ ਰਾਗ ਗੁਰੂ ਗ੍ਰੰਥ ਸਾਹਿਬ ਦੇ ਅੰਗ 537 ਤੋਂ 556 ਤਕ ਦਰਜ ਹੈ। ਇਸਦੇ ਗਾਇਨ ਦਾ ਸਮਾਂ ਅੱਧੀ ਰਾਤ ਦਾ ਹੈ। ਇਹ ਰਾਗ ਜੁਦਾਈ ਤੇ ਵਿਯੋਗ ਦਾ ਪ੍ਰਤੀਕ ਹੈ। ਜੁਦਾਈ ਤੇ ਵਿਯੋਗ ਹੀ ਪਰਮਾਤਮਾ ਨਾਲ ਮਿਲਾਪ ਦਾ ਰਸਤਾ ਖੋਲ੍ਹਦੀ ਹੈ।
- ਰਾਗੁ ਵਡਹੰਸੁ
ਵਡਹੰਸ ਰਾਗ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 557 ਤੋਂ 594 ਤਕ ਅੰਕਿਤ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਦੁਪਹਿਰ ਵੇਲਾ ਜਾਂ ਅੱਧੀ ਰਾਤ ਮੰਨਿਆ ਗਿਆ ਹੈ। ਖੁਸ਼ੀ ਦੀਆਂ ਘੋੜੀਆਂ ਤੇ ਦੁੱਖਾਂ ਭਰੀ ਅਲਾਹੁਣੀਆਂ ਇਸੇ ਰਾਗ ਵਿੱਚ ਗਾਇਨ ਕੀਤੀਆਂ ਗਈਆਂ ਹਨ। ਇਸ ਦੀ ਇਕ ਕਿਸਮ ਵਡਹੰਸ ਦੱਖਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
- ਰਾਗੁ ਸੋਰਠਿ
ਰਾਗੁ ਸੋਰਠਿ ਸਭ ਤੋਂ ਮਨਮੋਹਣਾ ਅਤੇ ਸੁਖੈਨ ਰਾਗ ਪ੍ਰਵਾਨ ਕੀਤਾ ਗਿਆ ਹੈ ਕਿਉਂਕਿ ਇਸ ਦੇ ਸਰਲ ਸ਼ਬਦ ਆਪ ਮੁਹਾਰੇ ਹੀ ਜਗਿਆਸੂ ਦੇ ਮੂੰਹ ਉੱਤੇ ਚੜ੍ਹ ਜਾਂਦੇ ਹਨ। ਇਸਦੇ ਗਾਇਨ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਨਿਸ਼ਚਿਤ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ 595 ਤੋਂ 659 ਤਕ ਅੰਕਿਤ ਹੈ।
- ਰਾਗੁ ਧਨਾਸਰੀ
ਰਾਗ ਧਨਾਸਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 660 ਤੋਂ 695 ਤਕ ਅੰਕਿਤ ਹੈ। ਇਹ ਬਹੁਤ ਪੁਰਾਤਨ ਰਾਗ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਰਤੀ ਦਾ ਗਾਇਨ ਇਸ ਰਾਗ ਵਿੱਚ ਕੀਤਾ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਤੀਸਰਾ ਪਹਿਰ ਨਿਸਚਿਤ ਕੀਤਾ ਗਿਆ ਹੈ।
- ਰਾਗੁ ਜੈਤਸਰੀ
ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਰਾਗ ਨੂੰ ਜੈਸੀ ਜਾਂ ਜਯੰਤ ਸ੍ਰੀ ਨਾਵਾਂ ਨਾਲ ਲਿੱਖਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸਨੂੰ ਜੈਤਸਰੀ ਰਾਗ ਦੇ ਨਾਂ ਨਾਲ ਲਿੱਖਿਆ ਗਿਆ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ 696 ਤੋਂ 710 ਤਕ ਅੰਕਿਤ ਹੈ ਅਤੇ ਇਸਦੇ ਗਾਇਨ ਦਾ ਸਮਾਂ ਚੌਥਾ ਪਹਰ ਨਿਸਚਿਤ ਕੀਤਾ ਗਿਆ ਹੈ।
- ਰਾਗੁ ਟੋਡੀ
ਟੋਡੀ ਰਾਗ ਆਮ ਕਰਕੇ ਰਾਜੇ-ਮਹਾਰਾਜਿਆਂ ਦੀ ਉਸਤਤਿ ਲਈ ਗਾਇਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਨੂੰ ਅਕਾਲ ਉਸਤਤਿ ਲਈ ਗਾਇਨ ਕੀਤਾ ਜਾਂਦਾ ਹੈ ਕਿਉਂਕਿ ਸਿੱਖ ਧਰਮ ਕੇਵਲ ਪ੍ਰਭੂ ਨੂੰ ਹੀ ਸਭ ਦਾ ਮਾਲਿਕ ਪ੍ਰਵਾਨ ਕਰਦਾ ਹੈ। ਇਸ ਰਾਗ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ 711 ਤੋਂ 718 ਤਕ ਦਰਜ ਕੀਤਾ ਗਿਆ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਨਿਸਚਿਤ ਹੈ।
- ਰਾਗੁ ਬੈਰਾੜੀ
ਬੈਰਾੜੀ ਰਾਗ ਦੀਆਂ ਜਿੰਨੀਆਂ ਵੰਨਗੀਆਂ ਮੱਧ-ਕਾਲ ਵਿੱਚ ਪ੍ਰਚਲਿਤ ਸਨ, ਉਤਨੀਆਂ ਸ਼ਾਇਦ ਕਿਸੇ ਰਾਗ ਦੀਆਂ ਨਹੀਂ ਸਨ। ਇਹ ਰਾਗ ਬਹੁਤ ਕਠਿਨ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 719 ਤੋਂ 720 ਤਕ ਇਸਨੂੰ ਥਾਂ ਦਿੱਤੀ ਗਈ ਹੈ ਅਤੇ ਇਸਦੇ ਗਾਇਨ ਦਾ ਢੁਕਵਾਂ ਸਮਾਂ ਦਿਨ ਦਾ ਚੌਥਾ ਪਹਿਰ ਮੰਨਿਆ ਗਿਆ ਹੈ
- ਰਾਗੁ ਤਿਲੰਗ
ਗੁਰੂ ਗ੍ਰੰਥ ਸਾਹਿਬ ਦੇ ਅੰਗ 721 ਤੋਂ 727 ਤਕ ਤਿਲੰਗ ਰਾਗ ਵਿੱਚ ਬਾਣੀ ਦਰਜ ਹੈ। ਇਹ ਬਹੁਤ ਸੁਖੈਨ ਰਾਗ ਹੈ। ‘ਬਾਬਰਵਾਣੀ’ ਵਿਚਲੇ ਸ਼ਬਦ ਇਸੇ ਰਾਗ ਵਿੱਚ ਦਰਜ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਤੀਸਰਾ ਪਹਿਰ ਹੈ। ਇਸ ਦਾ ਇੱਕ ਪ੍ਰਕਾਰ ‘ਤਿਲੰਗ ਕਾਫੀ’ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
- ਰਾਗੁ ਸੂਹੀ
ਸੂਹੀ ਉਤਸ਼ਾਹ ਅਤੇ ਜੋਸ਼ ਦਾ ਰਾਗ ਮੰਨਿਆ ਜਾਂਦਾ ਹੈ ਪਰ ਪ੍ਰਾਚੀਨ ਭਾਰਤੀ ਰਾਗ ਇਤਿਹਾਸ ਵਿੱਚ ਇਸ ਦਾ ਜ਼ਿਕਰ ਨਹੀਂ ਮਿਲਦਾ। ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 728 ਤੋਂ 794 ਤਕ ਦਰਜ ਹੈ। ਇਸ ਸੂਹੀ ਕਾਫੀ ਅਤੇ ਸੂਹੀ ਲਲਿਤ ਦੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਪ੍ਰਕਾਰ ਅੰਕਿਤ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਦੂਸਰਾ ਪਹਿਰ ਹੈ। ਸਿੱਖ ਦੇ ਅਨੰਦ ਕਾਰਜ ਸਮੇਂ ਪੜ੍ਹੀ ਜਾਂਦੀ ‘ਲਾਵਾਂ’ ਦੀ ਬਾਣੀ ਵੀ ਇਸੇ ਰਾਗ ਵਿੱਚ ਦਰਜ ਹੈ।
- ਰਾਗੁ ਬਿਲਾਵਲ
ਬਿਲਾਵਲ ਰਾਗ ਪ੍ਰਾਚੀਨ ਭਾਰਤੀ ਸ਼ਾਸਤਰੀ ਰਾਗ ਹੈ। ਵੈਦਿਕ ਧਰਮ ਦੇ ਹਰ ਗ੍ਰੰਥ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਸਦਾ ਜ਼ਿਕਰ ਮਿਲਦਾ ਹੈ। ਇਹ ਰਾਗ ਮਿਲਾਪ ਤੋਂ ਬਾਅਦ ਪ੍ਰਾਪਤ ਖ਼ੁਸ਼ੀ ਦਾ ਪ੍ਰਗਟਾਅ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਵਿਚਲੀ ਬਾਣੀ ਅੰਗ 795 ਤੋਂ 858 ਤਕ ਦਰਜ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੀ ਨਿਸ਼ਚਿਤ ਹੈ।
- ਰਾਗੁ ਗੋਂਡ
ਇਹ ਬਹੁਤ ਹੀ ਪ੍ਰਭਾਵਸ਼ਾਲੀ ਰਾਗ ਮੰਨਿਆ ਜਾਂਦਾ ਹੈ। ਪੁਰਾਤਨ ਕੀਰਤਨਕਾਰ ਇਸ ਰਾਗ ਨੂੰ ਬਿਲਾਵਲ ਦੇ ਨਾਲ ਮਿਲਾ ਕੇ ਗਾਉਂਦੇ ਸਨ। ਗੁਰੂ ਗ੍ਰੰਥ ਦੇ ਸਾਹਿਬ ਵਿੱਚ ਇਸ ਰਾਗ ਨੂੰ ਅੰਗ 859 ਤੋਂ 875 ਤਕ ਅੰਕਿਤ ਕੀਤਾ ਗਿਆ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਦੂਸਰਾ ਪਹਿਰ ਹੈ।
- ਰਾਗੁ ਰਾਮਕਲੀ
ਭਾਰਤੀ ਪਰੰਪਰਾ ਵਿੱਚ ਇਸ ਰਾਗ ਦੀ ਪ੍ਰਸਿੱਧੀ ਇਸ ਕਰਕੇ ਹੈ ਕਿ ਇਸਦੇ ਗਾਇਨ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਦਾ ਜ਼ਿਕਰ ਭਾਰਤੀ ਧਰਮ ਗ੍ਰੰਥਾਂ ਵਿੱਚ ਬਹੁਤ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਜੋਗੀਆਂ ਦਾ ਇਹ ਸਭ ਤੋਂ ਮਹੱਤਵਪੂਰਨ ਰਾਗ ਸੀ। ਇਸ ਰਾਗ ਦਾ ਸਬੰਧ ਕਰੁਣਾ ਨਾਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਹੇਠ ਬਾਣੀ ਅੰਗ 876 ਤੋਂ 974 ਤਕ ਦਰਜ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਸੂਰਜ ਚੜ੍ਹਣ ਤੋਂ ਲੈ ਕੇ ਪਹਿਲੇ ਪਹਿਰ ਤਕ ਦਾ ਹੈ। ਮਹੱਤਵਪੂਰਨ ਬਾਣੀਆਂ ‘ਸਿਧ ਗੋਸਠਿ’, ‘ਅਨੰਦੁ’ ਤੇ ‘ਸਦੁ’ ਇਸੇ ਰਾਗ ਵਿੱਚ ਦਰਜ ਹਨ।
- ਰਾਗੁ ਨਟ ਨਾਰਾਇਨ
ਨਟ ਨਾਰਾਇਨ ਰਾਗ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਰਾਗ ਸਰੂਪ ਮਿਲਦਾ ਹੈ, ਉਹ ਹੈ ਨਟ। ਇਹ ਸੰਪੂਰਨ ਜਾਤੀ ਦਾ ਰਾਗ ਹੈ। ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 975 ਤੋਂ 983 ਤਕ ਦਰਜ ਹੈ। ਇਸ ਰਾਗ ਦੇ ਗਾਇਨ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਹੈ।
- ਰਾਗੁ ਮਾਲੀ ਗਉੜਾ
ਇਸ ਰਾਗ ਨੂੰ ਗਾਇਨ ਸ਼ੈਲੀ ਵਿੱਚ ਸਭ ਤੋਂ ਕਠਿਨ ਰਾਗ ਪ੍ਰਵਾਨ ਕੀਤਾ ਜਾਂਦਾ ਹੈ। ਇਹ ਵੀ ਧਾਰਨਾ ਹੈ ਕਿ ਇਹ ਰਾਗ ਇਸਲਾਮਿਕ ਪਰੰਪਰਾ ਦੀ ਸੂਫ਼ੀ ਧਾਰਨਾ ਵਿੱਚੋਂ ਆਇਆ ਹੈ। ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 984 ਤੋਂ 988 ਤਕ ਦਰਜ ਹੈ। ਇਸ ਰਾਗ ਨੂੰ ਖ਼ੁਸ਼ੀਆਂ ਅਤੇ ਖੇੜੇ ਦੀਆਂ ਤਰੰਗਾਂ ਪੈਦਾ ਕਰਨ ਵਾਲਾ ਰਾਗ ਮੰਨਿਆ ਜਾਂਦਾ ਹੈ। ਖ਼ੁਸ਼ੀ ਅਤੇ ਖੇੜੇ ਵੀ ਉਹ ਜਿਨ੍ਹਾਂ ਦਾ ਸਬੰਧ ਦੁਨਿਆਵੀ ਨਹੀਂ, ਬਲਕਿ ਦੈਵੀ ਹੈ। ਇਹ ਰਾਗ ਦਿਨ ਢੱਲਣ ਸਮੇਂ ਗਾਇਨ ਕੀਤਾ ਜਾਂਦਾ ਹੈ।
- ਰਾਗੁ ਮਾਰੂ
ਮਾਰੂ ਰਾਗ ਦਾ ਸਬੰਧ ਜੋਸ਼ ਅਤੇ ਵੈਰਾਗ ਦੋਹਾਂ ਨਾਲ ਮੰਨਿਆ ਜਾਂਦਾ ਹੈ। ਇਹ ਰਾਗ ਪ੍ਰਾਚੀਨ ਭਾਰਤ ਰਾਗ ਪਰੰਪਰਾ ਦਾ ਪ੍ਰਮੁੱਖ ਰਾਗ ਹੈ ਅਤੇ ਇਸਨੂੰ ਹੋਰ ਵੀ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਤੀਸਰਾ ਪਹਿਰ ਜਾਂ ਢੱਲਦੀ ਦੁਪਹਿਰ ਹੈ। ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 989 ਤੋਂ 1106 ਤਕ ਦਰਜ ਹੈ। ਇਸ ਦੇ ਦੋ ਹੋਰ ਕਿਸਮ ਕਾਫੀ ਤੇ ਮਾਰੂ ਦੱਖਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ।
- ਰਾਗੁ ਤੁਖਾਰੀ
ਤੁਖਾਰੀ ਰਾਗ ਦਾ ਜ਼ਿਕਰ ਭਾਰਤੀ ਗਾਇਨ ਸ਼ੈਲੀ ਵਿੱਚ ਨਹੀਂ ਮਿਲਦਾ। ਇਹ ਪ੍ਰਵਾਨ ਕੀਤਾ ਜਾਂਦਾ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ। ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1107 ਤੋਂ 1117 ਤਕ ਅੰਕਿਤ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ।
- ਰਾਗੁ ਕੇਦਾਰਾ
ਕੇਦਾਰਾ ਰਾਗ ਭਾਰਤ ਦਾ ਸੁਪ੍ਰਸਿੱਧ ਰਾਗ ਹੈ ਅਤੇ ਭਾਰਤੀ ਸੰਗੀਤ ਦਾ ਅਤੁੱਟ ਅੰਗ ਵੀ। ਇਸ ਰਾਗ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1118 ਤੋਂ 1124 ਤਕ ਦਰਜ ਹੈ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਤੇ ਦੂਜਾ ਪਹਿਰ ਹੈ।
- ਰਾਗੁ ਭੈਰਉ
ਭੈਰਉ ਰਾਗ ਵੀ ਭਾਰਤੀ ਰਾਗ ਮਾਲਾ ਦਾ ਇੱਕ ਅਨਮੋਲ ਮੋਤੀ ਹੈ। ਇਸ ਰਾਗ ਹੇਠ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1125 ਤੋਂ 1167 ਤਕ ਦਰਜ ਹੈ ਅਤੇ ਇਸ ਰਾਗ ਦੇ ਗਾਇਨ ਦਾ ਸਮਾਂ ਪ੍ਰਾਤ ਕਾਲ ਹੈ।
- ਰਾਗੁ ਬਸੰਤ
ਮਨੁੱਖ ਦਾ ਜਨਮ ਪ੍ਰਕ੍ਰਿਤੀ ਵਿੱਚ ਹੋਇਆ ਅਤੇ ਉਹ ਬਨਸਪਤੀ ਦੀ ਛਾਂ ਵਿੱਚ ਮਉਲਿਆ, ਵੱਧਿਆ-ਫੁਲਿਆ ਅਤੇ ਪ੍ਰਵਾਨ ਚੜ੍ਹਿਆ। ਇਹ ਸਾਰਾ ਕੁਝ ਉਸਦੇ ਅੰਦਰ ਉਮਾਹ ਪੈਦਾ ਕਰਦਾ ਹੈ। ਬਨਸਪਤੀ ਦਾ ਮਉਲਣਾ, ਮਨੁੱਖ ਦੇ ਅੰਦਰ ਨਵੇਂ ਰੰਗ ਭਰਦਾ ਹੈ ਕਿਉਂਕਿ ਬਸੰਤ ਰੁੱਤ ਖੇੜੇ ਦੀ ਰੁੱਤ ਹੈ ਅਤੇ ਰੁੱਤਾਂ ਵਿੱਚ ਇਸਨੂੰ ਸਭ ਤੋਂ ਮਹੱਤਵਪੂਰਨ ਸਥਾਨ ਵੀ ਪ੍ਰਾਪਤ ਹੈ। ਇਸ ਪ੍ਰਥਾਇ ਗੁਰਵਾਕ ਹੈ ਬਨਸਪਤਿ ਮਉਲੀ ਚੜਿਆ ਬਸੰਤੁ॥ ਇਹੁ ਮਨੁ ਮਉਲਿਆ ਸਤਿਗੁਰੂ ਸੰਗਿ॥
ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1168 ਤੋਂ 1196 ਤਕ ਦਰਜ ਹੈ। ਇਸ ਰਾਗ ਨੂੰ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਅਤੇ ਬਸੰਤ ਰੁੱਤ ਸਮੇਂ ਇਸਨੂੰ ਕਿਸੇ ਸਮੇਂ ਵੀ ਗਾਇਆ ਜਾ ਸਕਦਾ ਹੈ। ਇਸਦੀ ਇੱਕ ਕਿਸਮ ਬਸੰਤ ਹਿੰਡੋਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
- ਰਾਗੁ ਸਾਰੰਗ
ਸਦੀਆਂ ਤੋਂ ਭਾਰਤੀ ਗਾਇਨ ਦਾ ਇਹ ਇੱਕ ਪ੍ਰਮੁੱਖ ਰਾਗ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਰਾਗ ਵਿੱਚ ਸੱਪ ਵੀ ਮਸਤ ਹੋ ਕੇ ਨੱਚ ਉਠਦੇ ਹਨ, ਭਾਵ ਭਟਕਿਆਂ ਹੋਇਆਂ ਨੂੰ ਇਹ ਰਾਗ ਸ਼ਾਂਤੀ ਅਤੇ ਸ਼ੀਤਲਤਾ ਪ੍ਰਦਾਨ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1197 ਤੋਂ 1253 ਤਕ ਇਸ ਰਾਗ ਨਾਲ ਸਬੰਧਿਤ ਬਾਣੀ ਦਰਜ ਹੈ। ਇਸ ਰਾਗ ਨੂੰ ਗਾਇਨ ਦਾ ਸਮਾਂ ਦਿਨ ਦਾ ਤੀਸਰਾ ਪਹਿਰ ਹੈ।
- ਰਾਗੁ ਮਲਾਰ
ਪੁਰਾਣੀ ਭਾਰਤੀ ਕਹਾਵਤ ਹੈ ਕਿ ਜੇਕਰ 12 ਮਹੀਨਿਆਂ ਵਿੱਚੋਂ ਸਾਵਣ ਦਾ ਮਹੀਨਾ ਕੱਢ ਦਿੱਤਾ ਜਾਵੇ ਤਾਂ ਪਿੱਛੇ ਕੁਝ ਵੀ ਨਹੀਂ ਬਚਦਾ। ਇਸ ਦਾ ਭਾਵ ਇਹ ਹੈ ਕਿ ਮਨੁੱਖੀ ਜ਼ਿੰਦਗੀ ਵਿੱਚ ਸਾਵਣ ਮਹੀਨੇ ਦਾ ਮਹੱਤਵਪੂਰਨ ਸਥਾਨ ਹੈ। ਇਸੇ ਕਰਕੇ ਮਲਾਰ ਰਾਗ ਦਾ ਗਾਇਨ ਵੀ ਸਾਵਣ ਤੇ ਭਾਦਰੋਂ ਦੇ ਮਹੀਨੇ ਵਿੱਚ ਵਧੇਰੇ ਕਰਕੇ ਕੀਤਾ ਜਾਂਦਾ ਹੈ। ਉਂਝ ਇਹ ਰਾਗ ਰਾਤ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ ਪਰ ਬਰਖਾ ਰੁੱਤ ਵਿੱਚ ਇਹ ਕਿਸੇ ਸਮੇਂ ਵੀ ਗਾਇਨ ਕੀਤਾ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 1254 ਤੋਂ 1293 ਤਕ ਇਹ ਰਾਗ ਸੁਸ਼ੋਭਿਤ ਹੈ। ਇਹ ਰਾਗ ਮਨੁੱਖ ਦੇ ਅੰਦਰ ਛਿਪੇ ਹਾਵਾਂ-ਭਾਵਾਂ ਦੀ ਤਰਜਮਾਨੀ ਕਰਦਾ ਹੈ।
- ਰਾਗੁ ਕਾਨੜਾ
ਗੁਰੂ ਗ੍ਰੰਥ ਸਾਹਿਬ ਦੇ ਅੰਗ 1294 ਤੋਂ 1318 ਤਕ ਇਸ ਰਾਗ ਨੂੰ ਥਾਂ ਦਿੱਤੀ ਗਈ ਹੈ। ਗਾਇਨਕਾਰਾਂ ਨੇ ਇਸਦੇ ਅਨੇਕਾਂ ਭੇਦ ਵੀ ਕਲਪੇ ਹਨ। ਬੇਸ਼ਕ ਇਸ ਰਾਗ ਨੂੰ ਕਠਿਨ ਰਾਗ ਪ੍ਰਵਾਨ ਕੀਤਾ ਗਿਆ ਹੈ, ਪਰ ਇਸਦੇ ਬਾਵਜੂਦ ਵੀ ਇਸਦੀ ਲੋਕਪ੍ਰਿਯਤਾ ਅਜੇ ਤਕ ਵੀ ਜਿਉਂ ਦੀ ਤਿਉਂ ਹੈ। ਇਹ ਰਾਗ ਰਾਤ ਦੇ ਦੂਸਰੇ ਪਹਿਰ ਵਿੱਚ ਗਾਇਨ ਕੀਤਾ ਜਾਂਦਾ ਹੈ।
- ਰਾਗੁ ਕਲਿਆਣ
ਗੁਰੂ ਗ੍ਰੰਥ ਸਾਹਿਬ ਵਿੱਚ ਕਾਨੜਾ ਰਾਗ ਤੋਂ ਬਾਅਦ ਰਾਗ ਕਲਿਆਣ ਨੂੰ ਥਾਂ ਦਿੱਤੀ ਗਈ ਹੈ ਅਤੇ ਇਹ ਅੰਗ 1319 ਤੋਂ 1326 ਤਕ ਅੰਕਿਤ ਹੈ। ਕਲਿਆਣ ਖ਼ੁਸ਼ੀ ਪੈਦਾ ਕਰਨ ਵਾਲਾ ਰਾਗ ਹੈ। ਇਸ ਰਾਗ ਵਿੱਚ ਗੁਰੂ ਰਾਮ ਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੇ ਰਾਗ ਭੇਦ ਅਨੁਸਾਰ ਰਾਗ ਕਲਿਆਣ ਭੋਪਾਲੀ ਵੀ ਅੰਕਿਤ ਹੈ। ਕਲਿਆਣ ਅਤੇ ਕਲਿਆਣ ਭੋਪਾਲੀ ਦੋਵੇਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪਹਿਰ ਹੈ।
- ਰਾਗੁ ਪ੍ਰਭਾਤੀ
‘ਆਦਿ ਗ੍ਰੰਥ’ ਦਾ ਅਖੀਰਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 30ਵਾਂ ਰਾਗ ‘ਪ੍ਰਭਾਤੀ ਰਾਗ’ ਹੈ। ਗੁਰੂ ਸਾਹਿਬ ਨੇ ਸਿਰੀ ਰਾਗ ਨੂੰ ਸਭ ਤੋਂ ਪਹਿਲਾਂ ਥਾਂ ਦਿੱਤੀ ਹੈ ਜਿਹੜਾ ਇਸ ਗੱਲ ਦਾ ਪ੍ਰਗਟਾਅ ਹੈ ਕਿ ਜੀਵ ਦਾ ਸਫ਼ਰ ਹਨੇਰੇ ਵਿੱਚੋਂ ਸ਼ੁਰੂ ਹੁੰਦਾ ਹੈ ਪਰ ਜਿਉਂ-ਜਿਉਂ ਉਹ ਗੁਰਬਾਣੀ ਨਾਲ ਇਕਸੁਰ ਹੁੰਦਾ ਹੈ ਤਾਂ ਉਸਦੇ ਜੀਵਨ ਦੀ ਪ੍ਰਭਾਤ ਚੜ੍ਹ ਜਾਂਦੀ ਹੈ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਨੇ ਇਸ ਰਾਗ ਨੂੰ ਅਖੀਰਲੇ ਰਾਗ ਵਜੋਂ ਸੁਸ਼ੋਭਿਤ ਕੀਤਾ। ਇਸ ਦਾ ਗਾਇਨ ਸਮਾਂ ਸਵੇਰ ਦਾ ਪਹਿਲਾਂ ਪਹਿਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 1327 ਤੋਂ 1351 ਤਕ ਇਸ ਰਾਗ ਵਿੱਚ ਬਾਣੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੇ ਰਾਗ ਭੇਦ ਅਨੁਸਾਰ ਪ੍ਰਭਾਤੀ ਬਿਭਾਸ, ਪ੍ਰਭਾਤੀ ਦਖਣੀ ਅਤੇ ਬਿਭਾਸ ਪ੍ਰਭਾਤੀ ਵੀ ਅੰਕਿਤ ਹਨ।
- ਰਾਗੁ ਜੈਜਾਵੰਤੀ
ਜੀਵਾਤਮਾ ਸਿਰੀ ਰਾਗ ਤੋਂ ਸ਼ੁਰੂ ਹੋਈ ਅਤੇ ਪ੍ਰਭਾਤ ਤਕ ਪਹੁੰਚੀ। ਪ੍ਰਭਾਤ ਆਤਮਾ ਅਤੇ ਪਰਮਾਤਮਾ ਦੀ ਇਕਸੁਰਤਾ ਦਾ ਪ੍ਰਤੀਕ ਹੈ। ਜਿਸ ਦੀ ਪ੍ਰਭਾਤ ਹੋ ਗਈ, ਉਸਦੀ ਜੈ-ਜੈ ਕਾਰ ਵੀ ਦੋਹਾਂ ਜਹਾਨਾਂ ਵਿੱਚ ਹੁੰਦੀ ਹੈ। ਜੈਜਾਵੰਤੀ ਰਾਗ ਗੁਰੂ ਗ੍ਰੰਥ ਸਾਹਿਬ ਦਾ ਅਖੀਰਲਾ ਰਾਗ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 1352 ਤੋਂ 1353 ਤਕ ਦਰਜ ਇਸ ਰਾਗ ਵਿੱਚ ਕੇਵਲ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰਚਨਾ ਦਰਜ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਦਮਦਮਾ ਸਾਹਿਬ ਵਿਖੇ ਦਰਜ ਕੀਤੀ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਨਿਸ਼ਚਿਤ ਕੀਤਾ ਗਿਆ ਹੈ।