- ਰਾਜਨੀਤਿਕ ਸਿਧਾਂਤ
ਸਿੱਖ ਧਰਮ ਦੇ ਆਰੰਭ ਵੇਲੇ ਰਾਜਸੀ ਤਾਕਤ ਦਾ ਕੇਂਦਰੀ ਧੁਰਾ ਸਮੇਂ ਦਾ ਬਾਦਸ਼ਾਹ ਸੀ। ਬਾਦਸ਼ਾਹੀ ਢਾਂਚੇ ਨੂੰ ਪਰਮਾਤਮਾ ਦੀ ਪੂਰਵ ਪਰਵਾਨਗੀ ਦਾ ਸਬੂਤ ਮੰਨਿਆ ਜਾਂਦਾ ਸੀ। ਨਤੀਜੇ ਵਜੋਂ ਸਮੇਂ ਦੇ ਬਾਦਸ਼ਾਹ ਆਪਣੀਆਂ ਧਰਮ ਵਿਹੂਣ ਅਸੀਮ ਸ਼ਕਤੀਆਂ ਦਾ ਦੁਰ-ਉਪਯੋਗ ਕਰਨ ਕਰਕੇ ਵਿਲਾਸੀ ਹੋ ਗਏ ਸਨ। ਉਨ੍ਹਾਂ ਦਾ ਜੀਵਨ ‘ਸੇਜ ਸੁਖਾਲੀ’ ਅਤੇ ‘ਭੋਗ ਵਿਲਾਸ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਸੀ :
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ।।
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ।।
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ।
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਰਿਆ।
ਜਰੁ ਆਈ ਜੋਬਨਿ ਹਾਰਿਆ।
(ਗੁ.ਗ੍ਰੰ.ਸਾ. ਅੰਗ 472)
ਲੋਕ ਰਾਜੇ ਨੂੰ ਰੱਬ ਦਾ ਹੀ ਦੂਜਾ ਰੂਪ ਮੰਨਣ ਲਈ ਮਜਬੂਰ ਕਰ ਦਿੱਤੇ ਗਏ ਸਨ। ਲੋਕ ਕਿਸੇ ਡਰ ਅਧੀਨ ਰਾਜੇ ਦੇ ਹਰ ਸ਼ਬਦ ਨੂੰ ਕਾਨੂੰਨ ਦਾ ਦਰਜਾ ਦਿੰਦੇ ਹੋਏ ਚੁੱਪ ਸਨ। ਪਰ ਸਿੱਖ ਧਰਮ ਦੇ ਬਾਨੀਆਂ ਨੇ ਉਨ੍ਹਾਂ ਸਾਰੀਆਂ ਸਥਾਪਤੀਆਂ ਦਾ ਵਿਰੋਧ ਕੀਤਾ ਜਿਹੜੀਆਂ ਲੋਕ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੀਆਂ ਸਨ। ਉਨ੍ਹਾਂ ਨੇ ਹਰ ਸੰਸਥਾ ਨੂੰ ਆਪਣੀ ਬਾਣੀ ਰਾਹੀਂ ਵੰਗਾਰਿਆ। ਜਿਨ੍ਹਾਂ ਰਾਜਿਆਂ ਤੋਂ ਲੋਕ ਡਰਦੇ ਸਨ ਉਨ੍ਹਾਂ ਦੇ ਕੁਕਰਮਾਂ ਨੂੰ ਲੋਕਾਂ ਸਾਹਮਣੇ ਨੰਗਿਆਂ ਕਰਕੇ ਲੋਕ ਵਿਸ਼ਵਾਸ ਨੂੰ ਤਬਦੀਲ ਕਰਨ ਦੀ ਜੋ ਭੂਮਿਕਾ ਗੁਰੂ ਸਾਹਿਬਾਨ ਨੇ ਨਿਭਾਈ ਸੀ, ਉਸ ਨਾਲ ਰਾਜੇ ਝੂਠੇ, ਨਿਰਦਈ ਅਤੇ ਕੁਲੀਨ ਲੋਕ ਅਭਿਮਾਨੀ ਸਿੱਧ ਹੋ ਗਏ ਸਨ :
ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ॥
ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ।।
(ਗੁ.ਗ੍ਰੰ.ਸਾ. ਅੰਗ 63 )
ਰਾਜਿਆਂ ਵਿਰੁੱਧ ਧਰਮ ਦੇ ਇਤਿਹਾਸ ਵਿੱਚ ਇਹ ਬਿਲਕੁਲ ਨਵੀਂ ਗੱਲ ਸੀ। ਇਸ ਤਰ੍ਹਾਂ ਸਿੱਖ ਸਿਧਾਂਤ ਨੇ ਜਨ-ਸਧਾਰਨ ਦੇ ਮਨਾਂ ਵਿੱਚ “ਪਰਵਾਹ ਨਾਹੀ ਕਿਸੇ ਕੇਰੀ” ਵਾਲੀ ਮਾਨਸਿਕਤਾ ਉਜਾਗਰ ਕਰ ਦਿੱਤੀ ਸੀ।
ਗੁਰੂ ਗ੍ਰੰਥ ਸਾਹਿਬ ਵਿੱਚ ਰਾਜਿਆਂ ਅਤੇ ਬਾਕੀ ਕੁਲੀਨ ਵਰਗ ਨੂੰ ਲਬੂ, ਰਤ ਪੀਣੇ, ਕੂੜ ਅਤੇ ਕੁੱਤੇ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਰਾਜਾ ਜੋ ਪਰਜਾ ਦਾ ਸ਼ੋਸ਼ਣ ਕਰਦਾ ਹੈ, ਉਹ ਅਧਰਮੀ ਹੈ। ਧਰਮੀ ਰਾਜੇ ਵਾਸਤੇ ਨਿਆਂ ਦਾ ਧੁਰਾ ਹੋਣਾ ਜ਼ਰੂਰੀ ਹੈ। ਜੋ ਰਾਜੇ ਨੇ ਲੋਕਾਂ ਨਾਲੋਂ ਮਾਇਆ ਨਾਲ ਵਧੇਰੇ ਮੋਹ ਪਾ ਲਿਆ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਵੀ ਉਸ ਲਈ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਸਿੱਖ ਸਿਧਾਂਤ ਵਿੱਚ ਕਿਸੇ ਪ੍ਰਾਪਤੀ ਦੀ ਲਾਲਸਾ ਜਾਂ ਅਪ੍ਰਾਪਤੀ ਦਾ ਸਹਿਮ ਨਹੀਂ ਸੀ। ਰਾਜੇ ਅਤੇ ਅਹਿਲਕਾਰਾਂ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਗੁਰੂ ਸਾਹਿਬਾਨ ਸੰਪੂਰਨ ਰੂਪ ਵਿੱਚ ਡਰ ਮੁਕਤ ਸਨ।
ਸਿੱਖ ਧਰਮ ਦੇ ਬਾਨੀਆਂ ਨੇ ਸਿਧਾਂਤ ਰੂਪ ਵਿੱਚ ਜੋ ਪ੍ਰਸੰਗ ਦਿੱਤਾ ਉਸ ਦਾ ਅਮਲੀ ਪ੍ਰਕਾਸ਼ਨ ਆਪਣੀਆਂ ਸ਼ਹਾਦਤਾਂ ਦੇ ਕੇ ਅਮਲ ਵਿੱਚ ਢਾਲਿਆ। ਗੁਰੂ ਪਾਤਸ਼ਾਹ ਦੀਆਂ ਸ਼ਹਾਦਤਾਂ ਨੇ ਭੈਅ-ਰਹਿਤ ਜੁਝਾਰੂਆਂ ਦੀਆਂ ਕਤਾਰਾਂ ਲਗਾ ਦਿੱਤੀਆਂ ਅਤੇ ਜਿਸ ਰਸਤੇ ‘ਤੇ ਗੁਰੂ ਚੱਲੇ ਉਸੇ ਰਸਤੇ ‘ਤੇ ਚਲਣ ਤੋਂ ਸਿੱਖ ਕਿਉਂ ਡਰੇ। ਸਿੱਖ ਸਿਧਾਂਤ ਨੇ ਜਨ-ਸਾਧਾਰਨ ਵਿੱਚ ਇੱਕ ਐਸੀ ਰੂਹ ਫੂਕੀ ਜਿਸ ਵਿੱਚ ਨਾ ਤਾਂ ਖੋਪਰੀਆਂ ਲੁਹਾਉਣ ਵਾਲਿਆਂ ਦੀ ਘਾਟ ਸੀ ਅਤੇ ਨਾ ਹੀ ਬੰਦ-ਬੰਦ ਕਟਵਾਉਣ ਵਾਲਿਆਂ ਦੀ ਕਮੀ।
ਸਿੱਖ ਧਰਮ ਨੇ ਇਕ ਇਹੋ ਜਿਹੇ ਰਾਜ ਦੀ ਨੀਂਹ ਰੱਖੀ ਜਿਸ ਦੇ ਉਪਰ ਧਰਮ ਦਾ ਕੁੰਡਾ ਸੀ। ਉਹ ਕੁੰਡਾ, ਜਿਸ ਨੂੰ ਅਕਾਲ ਤਖ਼ਤ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਦੇ ਸ਼ਾਹੀ ਫੁਰਮਾਨ ਅੱਗੇ ਹਰ ਸਿੱਖ ਨਿਮਾਣਾ ਹੋ ਕੇ ਹਾਜ਼ਰ ਹੋ ਜਾਂਦਾ ਹੈ ਭਾਵੇਂ ਉਹ ਰਾਜਾ ਹੋਵੇ ਜਾਂ ਰੰਕ