ਕੁਝ ਹੋਰ ਉਪਦੇਸ਼
ਉਕਤ ਪ੍ਰਮੁੱਖ ਸਿਧਾਂਤਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਬਹੁਤ ਮਹੱਤਵਪੂਰਨ ਉਪਦੇਸ਼ ਹਨ ਜਿਨ੍ਹਾਂ ਦਾ ਮੂਲ ਭਾਵ ਮਨੁੱਖ ਨੂੰ ਰੱਬ ਦੇ ਘਰ ਦਾ ਪਾਂਧੀ ਬਣਾਉਣਾ ਹੈ। ਉਨ੍ਹਾਂ ਸਿਧਾਂਤਾਂ ਨੂੰ ਸੰਖੇਪ ਵਿੱਚ ਵੇਖਣ ਦਾ ਜਤਨ ਕਰ ਲੈਣਾ ਪ੍ਰਸੰਗ ਯੁਕਤ ਹੋਵੇਗਾ।
ਕਿਰਤ ਕਰਨਾ
ਸਿੱਖ ਧਰਮ ਦੇ ਮੁੱਢਲੇ ਤਿੰਨ ਉਪਦੇਸ਼ ਹਨ : ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਕਿਰਤ ਕਰਨੀ ਤੋਂ ਭਾਵ ਹੈ ਉਪਜੀਵਿਕਾ ਲਈ ਨੇਕ ਕਮਾਈ ਕਰਨੀ ਜਿਸਨੂੰ ਆਮ ਤੌਰ ਉੱਤੇ ਧਰਮ ਜਾਂ ਦਸਾਂ ਨਹੁੰਆਂ ਦੀ ਕਮਾਈ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਆਪਣੀਆਂ ਯਾਤਰਾਵਾਂ ਤੋਂ ਬਾਅਦ ਕਰਤਾਰਪੁਰ ਵਿਖੇ ਆਪਣੀ ਹੱਥੀਂ ਵਾਹੀ ਕੀਤੀ, ਹਲ ਵਾਹਿਆ, ਲੰਗਰ ਚਲਾਏ ਅਤੇ ਲੋੜਵੰਦਾਂ ਦੀ ਮਦਦ ਕੀਤੀ। ਆਪ ਜੀ ਦੇ ਬਚਨ ਹਨ :
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ।।
(ਗੁ.ਗ੍ਰੰ.ਸਾ. ਅੰਗ 1245)
ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਹਨ :
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।।
(ਗੁ.ਗ੍ਰੰ.ਸਾ. ਅੰਗ 1376)
ਵੰਡ ਛਕਣਾ
ਕੀਤੀ ਹੋਈ ਕਿਰਤ-ਕਮਾਈ ਨੂੰ ਵੰਡ ਛੱਕਣਾ ਹੀ ਗੁਰਮਤਿ ਵਿੱਚ ਪ੍ਰਵਾਨ ਹੈ। ਗੁਰੂ ਸਾਹਿਬਾਨ ਨੇ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕਰਕੇ ਵੰਡ ਛੱਕਣ ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ। ਲੰਗਰ ਵਿੱਚ ਸੰਗਤ ਇਕੋ ਪੰਗਤ ਵਿੱਚ ਬਿਨਾ ਕਿਸੇ ਭੇਦ-ਭਾਵ ਦੇ ਬੈਠ ਕੇ ਪ੍ਰਸ਼ਾਦ ਛਕਦੀਆਂ ਹਨ। ਗੁਰਮਤਿ ਇਸ ਗੱਲ ਦੀ ਲਖਾਇਕ ਹੈ ਕਿ ਜੋ ਕੁਝ ਅਸੀਂ ਦਾਤਾਂ ਭੋਗ ਰਹੇ ਹਾਂ, ਇਹ ਸਭ ਉਸ ਦਾਤੇ ਦੀਆਂ ਦਿੱਤੀਆਂ ਹੋਈਆਂ ਹਨ :
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ।।
(ਗੁ.ਗ੍ਰੰ.ਸਾ. ਅੰਗ 652)
ਇਸ ਲਈ ਗੁਰੂ ਸਾਹਿਬ ਸੇਧ ਦਿੰਦੇ ਹਨ :
ਖਾਵਹਿ ਖਰਚਹਿ ਰਲਿ ਮਿਲਿ ਭਾਈ।।
ਤੋਟਿ ਨ ਆਵੈ ਵਧਦੋ ਜਾਈ।।
(ਗੁ.ਗ੍ਰੰ.ਸਾ. ਅੰਗ 186)
ਸਤਿਗੁਰੂ
ਸਤਿਗੁਰੂ ਸ਼ਬਦ ਦੇ ਅੱਖਰੀ ਅਰਥ ਹਨ ਸਤਿ ਗੁਰੂ ਭਾਵ ਸੱਚਾ ਗੁਰੂ
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ।।
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ।
(ਗੁ.ਗ੍ਰੰ.ਸਾ. ਅੰਗ 286)
ਸਤਿਗੁਰੂ ਨਾਮ ਦਾ ਭੰਡਾਰ ਹੈ। ਜੋ ਜੀਵ ਸਤਿਗੁਰੂ ਦੀ ਸ਼ਰਣ ਵਿੱਚ ਆ ਕੇ ਉਸਦੇ ਦੱਸੇ ਹੋਏ ਰਾਹ ‘ਤੇ ਤੁਰਦਾ ਹੈ, ਸਤਿਗੁਰੂ ਅਜਿਹੇ ਜੀਵ ਨੂੰ ਨਾਮ ਦੀ ਦਾਤ ਬਖ਼ਸ਼ ਦਿੰਦੇ ਹਨ ਅਤੇ ਉਸਦਾ ਬੇੜਾ ਪਾਰ ਕਰ ਦਿੰਦੇ ਹਨ ਭਾਵ ਉਸਦਾ ਜਗਤ ਵਿੱਚ ਆਉਣਾ ਸਫ਼ਲ ਹੋ ਜਾਂਦਾ ਹੈ :
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ।।
ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ
ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ।।
(ਗੁ.ਗ੍ਰੰ.ਸਾ. ਅੰਗ 40)
ਗੁਰਬਾਣੀ
ਗੁਰੂ ਦੀ ਉਚਾਰੀ ਹੋਈ ਬਾਣੀ ਨੂੰ ਸੱਚੇ ਦੀ ਬਾਣੀ ਸਮਝਣਾ ਚਾਹੀਦਾ ਹੈ ਕਿਉਂਕਿ ਉਹ ਮਾਲਿਕ ਪ੍ਰਭੂ ਆਪ ਹੀ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਉਂਦਾ ਹੈ :
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ॥
(ਗੁ.ਗ੍ਰੰ.ਸਾ. ਅੰਗ 308)
ਇਸ ਲਈ ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਹੀ ਸਰੂਪ ਹੈ
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥
(ਗੁ.ਗ੍ਰੰ.ਸਾ. ਅੰਗ 304)
ਗੁਰਬਾਣੀ ਇਸ ਜਗਤ ਵਿੱਚ ਜੀਵ ਨੂੰ ਚਾਨਣ ਪ੍ਰਦਾਨ ਕਰਦੀ ਹੈ ਅਤੇ ਉਸਨੂੰ ਜੀਵਨ ਮਾਰਗ ਦਰਸਾਉਂਦੀ ਹੈ। ਉਹ ਜੀਵ ਵੱਡੇ ਭਾਗਾਂ ਵਾਲਾ ਹੁੰਦਾ ਹੈ ਜਿਸ ਦੇ ਅੰਦਰ ਗੁਰਬਾਣੀ ਵੱਸਦੀ ਹੈ :
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ॥
(ਗੁ.ਗ੍ਰੰ.ਸਾ. ਅੰਗ 67)
ਪਰਉਪਕਾਰ
ਪਰਉਪਕਾਰ ਦੋ ਸ਼ਬਦਾਂ ਦਾ ਸੁਮੇਲ ਹੈ ‘ਪਰ’ ਤੇ ‘ਉਪਕਾਰ’। ਪਰ ਦਾ ਅਰਥ ਹੈ ਦੂਜਾ ਅਤੇ ਉਪਕਾਰ ਦਾ ਅਰਥ ਹੈ ਭਲਾਈ, ਮਦਦ, ਨੇਕੀ। ਬਿਨਾ ਕਿਸੇ ਸੁਆਰਥ ਜਾਂ ਭੇਦ-ਭਾਵ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਪਰਉਪਕਾਰ ਹੈ।
ਸਭ ਤੋਂ ਵੱਡਾ ਪਰਉਪਕਾਰੀ ਉਹ ਪ੍ਰਭੂ ਆਪ ਹੈ, ਜਿਸਦੀ ਕ੍ਰਿਪਾ ਨਾਲ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ ਅਤੇ ਉਹ ਗੁਣਹੀਨਾਂ ਨੂੰ ਵੀ ਦਾਤਾਂ ਬਖ਼ਸ਼ ਰਿਹਾ ਹੈ :
ਪਰਉਪਕਾਰੀ ਸਰਬ ਸੁਧਾਰੀ ਸਫਲ ਦਰਸਨੁ ਸਹਜਇਆ।।
ਕਹੁ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਧਰਿਆ।।
(ਗੁ.ਗ੍ਰੰ.ਸਾ. ਅੰਗ 533)
ਉਹ ਪਰਉਪਕਾਰੀ ਹਨ ਜੋ ਮਾਇਆ ਦਾ ਮੋਹ ਤਿਆਗ ਕੇ ਪ੍ਰਭੂ ਦਾ ਸਿਮਰਨ ਕਰਦੇ ਹਨ :
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ।।
(ਗੁ.ਗ੍ਰੰ.ਸਾ. ਅੰਗ 263)
ਨਾਲ ਹੀ ਵਿੱਦਿਆ ਇੱਕ ਅਮੋਲਕ ਧਨ ਹੈ ਜਿਸ ਨਾਲ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਵਿੱਦਿਆ ਗ੍ਰਹਿਣ ਕਰਨ ਵਾਲੇ ਪਰਉਪਕਾਰੀ ਹਨ ਕਿਉਂਕਿ ਪਰਉਪਕਾਰੀ ਦਾ ਕੰਮ ਹੀ ਗਿਆਨ ਪ੍ਰਾਪਤ ਕਰਕੇ ਉਸਨੂੰ ਦੂਜਿਆਂ ਵਿੱਚ ਵੰਡਣਾ ਹੈ :
ਵਿਦਿਆ ਵੀਚਾਰੀ ਤਾਂ ਪਰਉਪਕਾਰੀ।
(ਗੁ.ਗ੍ਰੰ.ਸਾ. ਅੰਗ 356)
ਦੂਜਿਆਂ ਦੀ ਭਲਾਈ ਬਾਰੇ ਸੋਚਣ ਵਾਲੇ ਜੀਵ ਜਨਮ-ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਅਤੇ ਉਹ ਜੀਵਾਂ ਨੂੰ ਆਤਮਿਕ ਜੀਵਨ ਦੇ ਕੇ ਪ੍ਰਭੂ ਭਗਤੀ ਵਿੱਚ ਜੋੜ ਕੇ ਉਨ੍ਹਾਂ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ :
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ।
(ਗੁ.ਗ੍ਰੰ.ਸਾ. ਅੰਗ 749)
ਸਿਮਰਨ
ਸਿਮਰਨ ਦੇ ਅੱਖਰੀ ਅਰਥ ਹਨ ਯਾਦ, ਚੇਤਾ ਜਾਂ ਚਿੰਤਨ। ਪਰਮਾਤਮਾ ਦੇ ਗੁਣਾਂ ਨੂੰ ਮਨ ਵਿੱਚ ਵਸਾ ਕੇ ਉਨ੍ਹਾਂ ਗੁਣਾਂ ਨੂੰ ਨਿਰੰਤਰ ਯਾਦ ਕਰਨਾ ਹੀ ਪਰਮਾਤਮਾ ਦਾ ਸਿਮਰਨ ਹੈ।
ਸਿਮਰਨ ਸਰਬ ਗੁਣ ਸੰਪੂਰਨ ਪ੍ਰਭੂ ਦੇ ਗੁਣਾਂ ਦੀ ਬਾਰੰਬਾਰ ਯਾਦ ਅਤੇ ਪ੍ਰਭੂ ਗੁਣਾਂ ਦਾ ਸੰਗ੍ਰਹਿ ਹੈ, ਜਿਹੜਾ ਮੁੱਖ ਨੂੰ ਨਾਲ ਸ਼ਾਮਿਲ ਕਰਕੇ ਜਾਂ ਇਕੱਲੇ ਚਿਤ ਨਾਲ ਵੀ ਕੀਤਾ ਜਾ ਸਕਦਾ ਹੈ।
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ।
(ਗੁ.ਗ੍ਰੰ.ਸਾ. ਅੰਗ 694)
ਸੇਵਾ ਤੇ ਸਿਮਰਨ ਸਿੱਖ ਧਰਮ ਦੇ ਮੂਲ ਸਿਧਾਂਤ ਹਨ। ਸਿਮਰਨ ਰਾਹੀਂ ਹਿਰਦੇ ਦੇ ਬਰਤਨ ਵਿੱਚ ਸੰਗ੍ਰਹਿ ਕੀਤੇ ਪ੍ਰਭੂ ਗੁਣਾਂ ਦੀ, ਗੁਰੂ ਦੇ ਹੁਕਮ ਵਿੱਚ ਰਹਿ ਕੇ, ਸ਼ੁਭ ਕਰਮਾਂ ਰਾਹੀਂ ਲੋੜਵੰਦ ਅਤੇ ਦੁਖੀ ਲੋਕਾਈ ਦੇ ਭਲੇ ਲਈ ਵਰਤੋਂ ਕਰਨਾ ਹੀ ਅਸਲ ਸੇਵਾ ਹੈ। ਨਿਰੰਕਾਰ ਦੇ ਸਰਗੁਨ ਸਰੂਪ ਦੀ ਭਗਤੀ ਦਾ ਨਾਮ ‘ਸੇਵਾ’ ਹੈ ਅਤੇ ‘ਸਿਮਰਨ’ ਉਸਦੇ ਨਿਰਗੁਨ ਸਰੂਪ ਦੀ ਉਪਾਸਨਾ ਹੈ।
ਹਰਿ ਹਰਿ ਸਿਮਰਹੁ ਅਗਮ ਅਪਾਰਾ।। ਜਿਸੁ ਸਿਮਰਤ ਦੂਖੁ ਮਿਟੈ ਹਮਾਰਾ।।
(ਗੁ.ਗ੍ਰੰ.ਸਾ. ਅੰਗ 698)
ਸਹਿਜ ਅਵਸਥਾ
ਮਾਇਆ ਦੇ ਤਿੰਨ ਗੁਣ – ਤਮੋ, ਰਜੋ ਤੇ ਸਤੋ, ਤੋਂ ਉਪਰ ਮਨ ਦੀ ਇੱਕ ਚੌਥੀ ਅਵਸਥਾ ਹੈ ਜਿਸਨੂੰ ਸਹਿਜ ਅਵਸਥਾ ਦਾ ਨਾਮ ਦਿੱਤਾ ਗਿਆ ਹੈ :
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ।।
(ਗੁ.ਗ੍ਰੰ.ਸਾ. ਅੰਗ 68)
ਸਹਿਜ ਅਵਸਥਾ ਮਨ ਦੀ ਪੂਰੀ ਟਿਕਾਉ ਵਾਲੀ ਅਵਸਥਾ ਹੈ ਜਦੋਂ ਸਾਰੀਆਂ ਚਿੰਤਾਵਾਂ ਤੇ ਲਾਲਸਾਵਾਂ ਖ਼ਤਮ ਹੋ ਜਾਂਦੀਆਂ ਹਨ :
ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ।।
(ਗੁ.ਗ੍ਰੰ.ਸਾ. ਅੰਗ 822)
ਇਸ ਅਵਸਥਾ ‘ਤੇ ਪਹੁੰਚ ਕੇ ਜੀਵ ਦੀ ਬਿਰਤੀ ਮਾਲਿਕ ਪ੍ਰਭੂ ਨਾਲ ਜੁੜ ਜਾਂਦੀ ਹੈ ਅਤੇ ਉਸਦੀ ਭਟਕਣਾ ਖ਼ਤਮ ਹੋ ਜਾਂਦੀ ਹੈ। ਇਹ ਕੋਈ ਬਾਹਰੋਂ ਦਿੱਸਣ ਵਾਲੀ ਵਸਤੂ ਨਹੀਂ, ਇਸ ਲਈ ਇਸ ਦਾ ਅਨੰਦ ਤਾਂ ਮਾਣਿਆ ਜਾ ਸਕਦਾ ਹੈ ਪਰ ਇਸਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਗੁਰਮੁਖ
ਗੁਰਮੁਖ ਉਹ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਦਾ ਹੈ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਲਿਵ ਹੈ ਨੂੰ ਜੋੜੀ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਨੇ ‘ਸਿਧ ਗੋਸਟਿ’ ਦੀਆਂ 73 ਪਉੜੀਆਂ ਵਿੱਚੋਂ 15 ਪਉੜੀਆਂ ਕੇਵਲ ਗੁਰਮੁਖ ‘ਤੇ ਹੀ ਉਚਾਰੀਆਂ ਹਨ। ਗੁਰਮੁਖ ਕਿਸੇ ਨਾਲ ਵੈਰ-ਵਿਰੋਧ ਨਹੀਂ ਕਰਦਾ ਅਤੇ ਉਹ ਪ੍ਰਭੂ ਵਿੱਚ ਲਿਵ ਜੋੜ ਕੇ ਕੇਵਲ ਆਪ ਹੀ ਤੇ ਇਸ ਭਵਸਾਗਰ ਤੋਂ ਪਾਰ ਨਹੀਂ ਹੁੰਦਾ ਸਗੋਂ ਦੂਜਿਆਂ ਦਾ ਵੀ ਪਾਰ ਉਤਾਰਾ ਕਰਦਾ
ਹੈ।
ਗੁਰਮੁਖਿ ਵੈਰ ਵਿਰੋਧ ਗਵਾਵੈ।।
ਗੁਰਮੁਖਿ ਸਗਲੀ ਗਣਤ ਮਿਟਾਵੈ।।
(ਗੁ.ਗ੍ਰੰ.ਸਾ. ਅੰਗ 942)
ਗੁਰਮੁਖਿ ਤਾਰੇ ਪਾਰਿ ਉਤਾਰੇ।।
ਨਾਨਕ ਗੁਰਮੁਖਿ ਸਬਦਿ ਨਿਸਤਾਰੇ॥
(ਗੁ.ਗ੍ਰੰ.ਸਾ. ਅੰਗ 941)
ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਦੇ ਸਾਥ ਨੂੰ ਵਡਿਆਇਆ ਗਿਆ ਹੈ ਕਿ ਉਸ ਨਾਲ ਦੋਸਤੀ ਕੀਤਿਆਂ ਜੀਵ ਦੇ ਜਨਮ-ਮਰਨ ਦਾ ਦੁਖ ਕੱਟਿਆ ਜਾਂਦਾ ਹੈ ਅਤੇ ਉਹ ਆਤਮਿਕ ਅਨੰਦ ਦੀ ਪ੍ਰਾਪਤੀ ਕਰਦਾ ਹੈ
ਮਨਮੁਖ :
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ।।
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ।।
(ਗੁ.ਗ੍ਰੰ.ਸਾ. ਅੰਗ 1421)
:
ਮਨਮੁਖ ਉਹ ਹੈ ਜੋ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਅਤੇ ਗੁਰਮਤਿ ਤੋਂ ਉਲਟ ਚਲਦਾ ਹੈ। ਇਸ ਲਈ ਅਜਿਹੇ ਲੋਕਾਂ ਨਾਲ ਮੇਲ-ਮਿਲਾਪ ਦਾ ਕੋਈ ਲਾਭ ਨਹੀਂ ਅਤੇ ਉਨ੍ਹਾਂ ਨਾਲੋਂ ਤਾਂ ਵਿਛੋੜਾ ਹੀ ਚੰਗਾ ਹੈ
ਨਾਨਕ ਮਨਮੁਖਾ ਨਾਲੋ ਤੂਟੀ ਭਲੀ ਜਿਨ ਮਾਇਆ ਮੋਹ ਪਿਆਰੁ॥
(ਗੁ.ਗ੍ਰੰ.ਸਾ. ਅੰਗ 316)
ਸਹਿਨਸ਼ੀਲਤਾ
ਸਹਿਨਸ਼ੀਲਤਾ ਤੋਂ ਭਾਵ ਹੈ ਸਹਿਨ ਜਾਂ ਬਰਦਾਸ਼ਤ ਕਰਨ ਦੀ ਸ਼ਕਤੀ, ਹਰ ਸਮੇਂ ਧੀਰਜ ਤੇ ਸਬਰ ਬਣਾਈ ਰੱਖਣਾ। ਇਸ ਗੁਣ ਕਰਕੇ ਮਨ ਸਦਾ ਸ਼ਾਂਤ ਤੇ ਅਡੋਲ ਰਹਿੰਦਾ ਹੈ। ਇਹ ਇੱਕ ਅਜਿਹਾ ਗੁਣ ਹੈ ਜਿਸ ਨਾਲ ਕੰਤ ਪ੍ਰਭੂ ਨੂੰ ਰੀਝਾਇਆ ਜਾ ਸਕਦਾ ਹੈ :
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ।।
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥
(ਗੁ.ਗ੍ਰੰ.ਸਾ. ਅੰਗ 1384)
ਇਸ ਨਾਲ ਜੀਵ ਦਾ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਹਿਰਦੇ ਘਰ ਵਿੱਚ ਸ਼ਾਂਤੀ ਆ ਵੱਸਦੀ ਹੈ। ਇਸ ਅਵਸਥਾ ਵਿੱਚ ਜੀਵ ਪਰਮਾਤਮਾ ਵੱਲੋਂ ਦਿੱਤੇ ਸੁਖ ਜਾਂ ਦੁਖ ਨੂੰ ਸਦਾ ਹੀ ਸੁਖ ਸਮਝ ਕੇ ਸਹਾਰਦਾ ਹੈ :
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ॥ ਜੋ ਤੂੰ ਦੇਹਿ ਸੋਈ ਸੁਖੁ ਸਹਣਾ
(ਗੁ.ਗ੍ਰੰ.ਸਾ, ਅੰਗ 106)
ਅਨੰਦ
ਅਨੰਦ ਤੋਂ ਭਾਵ ਹੈ ਆਤਮਿਕ ਖਿੜਾਓ ਜਾਂ ਖੇੜਾ। ਇਹ ਖੇੜਾ ਸਦੀਵੀ ਹੁੰਦਾ ਹੈ ਅਤੇ ਇਸ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਜੀਵ ਸਤਿਸੰਗਤ ਵਿੱਚ ਗੁਰਬਾਣੀ ਸ੍ਰਵਣ ਕਰਨ ਲਈ ਜੁੜਦਾ ਹੈ :
ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ।।
ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ।।
(ਗੁ.ਗ੍ਰੰ.ਸਾ. ਅੰਗ 614)
ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦੁ’ ਇਸੇ ਗੱਲ ਦੀ ਪ੍ਰਤੀਕ ਹੈ। ਗੁਰਸਿੱਖ ਸਦਾ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ ਕਿਉਂਕਿ ਉਸਦੀ ਮੰਜ਼ਿਲ ਦਾ ਟੀਚਾ ਸੱਚੇ ਗੁਰੂ ਵੱਲੋਂ ਦਰਸਾਏ ਹੋਏ ਰਾਹ ‘ਤੇ ਤੁਰਦਿਆਂ ਸਤਿਗੁਰੂ ਨੂੰ ਮਿਲ ਕੇ ਅਨੰਦ ਦੀ ਪ੍ਰਾਪਤੀ ਕਰਨਾ ਹੀ ਹੈ :
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ।।
ਸਤਿਗੁਰੁ ਤਾ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ।
(ਗੁ.ਗ੍ਰੰ.ਸਾ. ਅੰਗ 917)
ਇਸ ਲਈ ਸਿੱਖ ਦੇ ਹਰ ਸਮਾਗਮ ਦੀ ਸਮਾਪਤੀ ਉੱਤੇ ਇਸ ‘ਅਨੰਦੁ’ ਬਾਣੀ ਵਿੱਚੋਂ ਛੇ ਪਉੜੀਆਂ ਦਾ ਪਾਠ ਕੀਤਾ ਜਾਂਦਾ ਹੈ। ਗੁਰੂ ਦੇ ਦੱਸੇ ਹੋਏ ਰਾਹ ‘ਤੇ ਤੁਰ ਕੇ ਹੀ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਹਿਰਦੇ ਘਰ ਵਿੱਚ ਆਤਮਿਕ ਅਨੰਦ ਵੱਸਣ ਨਾਲ ਜੀਵ ਦੀ ਸਾਰੀ ਭਟਕਣਾ ਖ਼ਤਮ ਹੋ ਜਾਂਦੀ ਹੈ :
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥
(ਗੁ.ਗ੍ਰੰ.ਸਾ. ਅੰਗ 922)
ਅੰਮ੍ਰਿਤ
ਅਮ੍ਰਿਤ ਤੋਂ ਭਾਵ ਹੈ ਉਹ ਪਦਾਰਥ ਜਿਸਦੇ ਸੇਵਨ ਕਰਨ ਨਾਲ ਪ੍ਰਾਣੀ ਅਮਰ ਹੋ ਜਾਂਦਾ ਹੈ ਅਤੇ ਫੇਰ ਉਸਨੂੰ ਕਦੇ ਆਤਮਿਕ ਮੌਤ ਨਹੀਂ ਆਉਂਦੀ। ਪ੍ਰਭੂ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਇਸ ਅੰਮ੍ਰਿਤ-ਜਲ ਨੂੰ ਪੀਤਿਆਂ ਮਾਇਆ ਦੀ ਸਾਰੀ ਭੁੱਖ ਲਹਿ ਜਾਂਦੀ ਹੈ :
ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ
ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ।।
(ਗੁ.ਗ੍ਰੰ.ਸਾ. ਅੰਗ 119)
ਪ੍ਰਭੂ ਦਾ ਅੰਮ੍ਰਿਤ ਨਾਮ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਹੈ :
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ।।
ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ।
(ਗੁ.ਗ੍ਰੰ.ਸਾ. ਅੰਗ 496)
ਗੁਰਬਾਣੀ ਅੰਮ੍ਰਿਤ-ਮਈ ਬਚਨਾਂ ਨਾਲ ਭਰਪੂਰ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਦੇ ਚਰਨੀਂ ਲੱਗਦਾ ਹੈ ਭਾਵ ਗੁਰਬਾਣੀ ਪੜ੍ਹਦਾ ਹੈ ਉਹ ਜੀਵ ਆਤਮਿਕ ਜੀਵਨ ਦੇਣ ਵਾਲੇ ਨਾਮ ਰੂਪੀ ਅੰਮ੍ਰਿਤ ਨੂੰ ਹੀ ਪੀਂਦਾ ਹੈ :
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ।।
(ਗੁ.ਗ੍ਰੰ.ਸਾ. ਅੰਗ 494)
ਧਰਮ
ਸਭ ਤੋਂ ਉੱਤਮ ਅਤੇ ਸ੍ਰੇਸ਼ਟ ਧਰਮ ਹੈ ਪ੍ਰਭੂ ਦਾ ਨਾਮ ਜਪਣਾ ਅਤੇ ਚੰਗੇ ਕਰਮ ਕਰਨੇ।
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
(ਗੁ.ਗ੍ਰੰ.ਸਾ. ਅੰਗ 266)
ਦਇਆ
ਕਿਸੇ ਦੁਖੀ ਜੀਵ ਦੇ ਦੁਖ ਦਾ ਅਨੁਭਵ ਕਰਕੇ ਉਸ ਨਾਲ ਸਹਿਮਤੀ ਪ੍ਰਗਟਾਉਣਾ, ਉਸਦੇ ਦੁਖ ਨੂੰ ਦੂਰ ਕਰਨ ਦਾ ਯਤਨ ਕਰਨਾ ਅਤੇ ਦੁਖ ਵੇਲੇ ਉਸਦੀ ਮਦਦ ਜਾਂ ਸੇਵਾ ਕਰਨਾ ਹੀ ਦਇਆ ਜਾਂ ਕਰੁਣਾ ਹੈ।
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ।।
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥
(ਗੁ.ਗ੍ਰੰ.ਸਾ. ਅੰਗ 468)
ਮਿੱਠਾ ਬੋਲਣਾ
ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਕਿ ਜੀਵ ਨੂੰ ਹਮੇਸ਼ਾ ਮਿੱਠਾ ਹੀ ਬੋਲਣਾ ਚਾਹੀਦਾ ਹੈ ਕਿਉਂਕਿ ਉਸਦਾ ਪਰਮਾਤਮਾ ਸਦਾ ਮਿੱਠਾ ਹੀ ਬੋਲਦਾ ਹੈ :
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥
(ਗੁ.ਗ੍ਰੰ.ਸਾ. ਅੰਗ 784)
ਮਿੱਠਾ ਬੋਲਣ ਵਾਲੇ ਨੂੰ ਹਰ ਥਾਂ ਸਤਿਕਾਰ ਮਿਲਦਾ ਹੈ। ਗੁਰਬਾਣੀ ਵਿੱਚ ਮਿੱਠਤ ਅਤੇ ਨਿਮਰਤਾ ਨੂੰ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਦਰਸਾਇਆ ਗਿਆ ਹੈ :
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
(ਗੁ.ਗ੍ਰੰ.ਸਾ. ਅੰਗ 470)
ਫਿੱਕਾ ਬੋਲਣਾ
ਗੁਰਮਤਿ ਜੀਵ ਨੂੰ ਫਿੱਕੇ ਭਾਵ ਰੁੱਖੇ ਬਚਨ ਬੋਲਣ ਤੋਂ ਹੋੜਦੀ ਹੈ ਅਤੇ ਫਿੱਕੇ ਬੋਲ ਬੋਲਣ ਵਾਲੇ ਜੀਵ ਦੀ ਹਰ ਥਾਂ ਬੇਇੱਜ਼ਤੀ ਹੁੰਦੀ ਹੈ।
ਨਾਨਕ ਫਿਕਾ ਬੋਲਿਐ ਤਨੁ ਮਨੁ ਫਿਕਾ ਹੋਇ।।
ਫਿਕੋ ਫਿਕਾ ਸਦੀਐ ਫਿਕੈ ਫਿਕੀ ਸੋਇ।।
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਹਿ।।
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।।
(ਗੁ.ਗ੍ਰੰ.ਸਾ. ਅੰਗ 473)
ਪਾਪ ਨਹੀਂ ਕਰਨਾ
ਗੁਰਮਤਿ ਪਾਪ ਕਰਮਾਂ ਤੋਂ ਬਚ ਕੇ ਉਸ ਦਿਆਲੂ ਪ੍ਰਭੂ ਦੀ ਸ਼ਰਨ ਵਿੱਚ ਆਉਣ ਦਾ ਉਪਦੇਸ਼ ਦਿੰਦੀ ਹੈ।
ਨਰ ਅਚੇਤ ਪਾਪ ਤੇ ਡਰੁ ਰੇ।।
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ॥
(ਗੁ.ਗ੍ਰੰ.ਸਾ. ਅੰਗ 220)
ਭੇਖ ਨਹੀਂ ਕਰਨਾ
ਗੁਰਮਤਿ ਜੀਵ ਨੂੰ ਭੇਖ ਨਾ ਕਰਕੇ ਸੱਚ ਦੀ ਕਮਾਈ ਕਰਨ ਦਾ ਉਪਦੇਸ਼ ਦਿੰਦੀ ਹੈ।
ਭੇਖ ਦਿਖਾਵੈ ਸਚੁ ਨ ਕਮਾਵੈ॥
ਕਹਤੋ ਮਹਲੀ ਨਿਕਟਿ ਨ ਆਵੈ।।
ਅਤੀਤੁ ਸਦਾਏ ਮਾਇਆ ਕਾ ਮਾਤਾ ||
ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ॥
(ਗੁ.ਗ੍ਰੰ.ਸਾ. ਅੰਗ 738)
ਭੇਖ ਧਾਰਣ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਵਾਲਿਆਂ ਲਈ ਗੁਰੂ ਸਾਹਿਬ ਕਰੜੇ ਸ਼ਬਦ ਵਰਤਦੇ ਹੋਏ ਉਹਨਾਂ ਨੂੰ
ਠਗ ਆਖਦੇ ਹਨ :
ਗਲੀ ਜਿਲ੍ਹਾ ਜਪਮਾਲੀਆ ਲੋਟੇ ਹਥਿ ਨਿਬਗ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।।
(ਗੁ.ਗ੍ਰੰ.ਸਾ. ਅੰਗ 476)
ਨਸ਼ਾ ਨਹੀਂ ਕਰਨਾ
ਗੁਰਮਤਿ ਕਿਸੇ ਤਰ੍ਹਾਂ ਦੇ ਵੀ ਨਸ਼ੇ ਸੇਵਨ ਕਰਨ ਤੋਂ ਵਰਜਦੀ ਹੈ ਅਤੇ ਇਸਦੇ ਸੇਵਨ ਨਾਲ ਜੀਵ ਨੂੰ ਬੁਰੇ-ਭਲੇ ਦੀ ਸੋਝੀ ਨਹੀਂ ਰਹਿੰਦੀ ਤੇ ਉਸਨੂੰ ਹਰ ਥਾਂ ਧੱਕੇ ਹੀ ਮਿਲਦੇ ਹਨ।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਇ॥
(ਗੁ.ਗ੍ਰੰ.ਸਾ. ਅੰਗ 554)
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥
(ਗੁ.ਗ੍ਰੰ.ਸਾ. ਅੰਗ 726)
ਬੁੱਤ ਤੇ ਦੇਵੀ ਪੂਜਾ ਦੀ ਨਿਖੇਧੀ
ਗੁਰਬਾਣੀ ਇੱਕ ਅਕਾਲ ਪੁਰਖ ਤੋਂ ਇਲਾਵਾ ਕਿਸੇ ਵੀ ਦੇਵੀ-ਦੇਵਤੇ ਦੀ ਦੀ ਨਿਖੇਧੀ ਕਰਦੀ ਹੈ ਅਤੇ ਨਾਲ ਹੀ ਨਿਰਗੁਣ ਦੀ ਪੂਜਾ ਦਾ ਸਿਧਾਂਤ ਦੇ ਕੇ ਸਿੱਖ ਨੂੰ ਬੁੱਤ ਪੂਜਾ ਕਰਨ ਤੋਂ ਵੀ ਵਰਜਦੀ ਹੈ। ਜੇ ਇਹ ਬੁੱਤ ਦੀ ਮੂਰਤ ਸੱਚੀ ਹੁੰਦੀ ਤਾਂ ਇਹ ਇਸਨੂੰ ਬਣਾਉਣ ਵਾਲੇ ਨੂੰ ਹੀ ਖਾ ਜਾਂਦੀ ਜੋ ਇਸਦੀ ਛਾਤੀ ‘ਤੇ ਪੈਰ ਰੱਖ ਕੇ ਇਸਨੂੰ ਘੜਦਾ ਹੈ।
ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ।।
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ।।
(ਗੁ.ਗ੍ਰੰ.ਸਾ. ਅੰਗ 479)
ਜੋ ਜਿਸ ਨੂੰ ਸੇਵਦਾ ਹੈ, ਉਹ ਵੈਸਾ ਹੀ ਰੂਪ ਧਾਰ ਲੈਂਦਾ ਹੈ |
ਸਿਵ ਸਿਵ ਕਰਤੇ ਜੋ ਨਰੁ ਧਿਆਵੈ॥
ਬਰਦ ਚਢੇ ਡਉਰੂ ਢਮਕਾਵੈ॥
ਮਹਾ ਮਾਈ ਕੀ ਪੂਜਾ ਕਰੈ॥
ਨਰ ਸੈ ਨਾਰਿ ਹੋਇ ਅਉਤਰੈ।।
(ਗੁ.ਗ੍ਰੰ.ਸਾ. ਅੰਗ 874)
ਨਿਮਰਤਾ
ਜਿਸ ਤਰ੍ਹਾਂ ਰੁੱਖ ਦੀਆਂ ਟਾਹਣੀਆਂ ਫਲਾਂ ਕਰਕੇ ਹੇਠਾਂ ਨੂੰ ਝੁੱਕ ਜਾਂਦੀਆਂ ਹਨ, ਇਸੀ ਤਰ੍ਹਾਂ ਸ਼ਕਤੀ ਦੇ ਸਭ ਗੁਣਾਂ ਨਾਲ ਭਰਪੂਰ ਹੋਣ ਦੇ ਫਲਸਰੂਪ, ਹਉਮੈ ਨੂੰ ਤਿਆਗ ਕੇ ਮਨ ਨੂੰ ਝੁਕਾਉਣਾ ਹੀ ਨਿਮਰਤਾ ਹੈ। ਜੀਵ ਹਉਮੈ ਨੂੰ ਤਿਆਗ ਕੇ ਜਿੰਨਾ ਨਿਮਾਣਾ ਹੁੰਦਾ ਹੈ, ਉਤਨਾ ਹੀ ਉਹ ਆਤਮਿਕ ਦ੍ਰਿਸ਼ਟੀ ਤੋਂ ਉੱਚਾ ਗਿਣਿਆ ਜਾਂਦਾ ਹੈ :
ਆਪਸ ਕਉ ਜੋ ਜਾਣੈ ਨੀਚਾ।
ਸੋਊ ਗਨੀਐ ਸਭ ਤੇ ਊਚਾ॥
(ਗੁ.ਗ੍ਰੰ.ਸਾ. ਅੰਗ 314)
ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਅਤਿ ਨਿਮਰਤਾ ਵਾਲੇ ਭਾਵ ਨਾਲ ਸੰਬੋਧਿਤ ਕੀਤਾ ਹੈ। ‘ਜਪੁ’ ਜੀ ਦੀ 18ਵੀਂ ਪਉੜੀ ਵਿੱਚ ਗੁਰੂ ਸਾਹਿਬ ਨੇ ਮੂਰਖਾਂ, ਚੋਰਾਂ, ਪਾਪੀਆਂ, ਨਿੰਦਕਾਂ ਦੇ ਕੁਕਰਮਾਂ ਦਾ ਵਰਣਨ ਕਰਦਿਆਂ ਅੰਤ ਵਿੱਚ ਆਪਣੇ ਨੂੰ ਵੀ ਨੀਚ ਕਹਿਆ ਹੈ :
ਨਾਨਕ ਨੀਚੁ ਕਹੈ ਵੀਚਾਰੁ।
ਗੁਰਸਿੱਖ
ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗੁਰਸਿੱਖ ਦੀ ਪਰਿਭਾਸ਼ਾ :
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ।।
ਫਿਰਿ ਚੜੈ ਦਿਵਸ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ।।
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
(ਗੁ.ਗ੍ਰੰ.ਸਾ. ਅੰਗ 305)
ਸਾਂਝੀਵਾਲਤਾ
ਸਾਰੇ ਜੀਵ ਇੱਕ ਪ੍ਰਭੂ ਦੀ ਆਸ ਵਿੱਚ ਜਿਊਂਦੇ ਹਨ :
ਸਭੁ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰ ਹੈ ਵੁਠਾ।
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ।।
(ਗੁ.ਗ੍ਰੰ.ਸਾ. ਅੰਗ 97)
ਉਹ ਸਾਡੇ ਸਾਰਿਆਂ ਦਾ ਸਾਂਝਾ ਪਿਉ ਹੈ, ਉਸਨੂੰ ਸਭ ਦੀ ਚਿੰਤਾ ਹੈ :
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ।
ਜਿਸ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ।।
(ਗੁ.ਗ੍ਰੰ.ਸਾ. ਅੰਗ 97)
ਜਦੋਂ ਜੀਵ ਦੀ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪੈ ਜਾਂਦੀ ਹੈ ਤਾਂ ਉਸਨੂੰ ਪਰਮਾਤਮਾ ਦੇ ਸਰਬ-ਵਿਆਪਕ ਹੋਣ ਬਾਰੇ ਗਿਆਨ ਹੋ ਜਾਂਦਾ ਹੈ :
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ।। ਰਾਮ ਬਿਨਾ ਕੋ ਬੋਲੈ ਰੇ।।
(ਗੁ.ਗ੍ਰੰ.ਸਾ. ਅੰਗ 988)
ਫਿਰ ਉਸਨੂੰ ਸਭ ਆਪਣੇ ਹੀ ਦਿੱਸਦੇ ਹਨ ਭਾਵ ਸਭਨਾ ਨਾਲ ਉਸਦੀ ਸਾਂਝ ਪੈ ਜਾਂਦੀ ਹੈ :
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।
(ਗੁ.ਗ੍ਰੰ.ਸਾ. ਅੰਗ 1299)
ਨਦਰਿ
ਗੁਰੂ ਗ੍ਰੰਥ ਸਾਹਿਬ ਵਿੱਚ ‘ਨਦਰਿ’ ਸ਼ਬਦ ਦੀ ਵਰਤੋਂ ਕਿਰਪਾ ਦ੍ਰਿਸ਼ਟੀ, ਰਹਿਮਤ ਜਾਂ ਮਿਹਰ ਵਜੋਂ ਕੀਤੀ ਗਈ ਹੈ:
ਕਰਿ ਕਰਿ ਵੇਖੈ ਨਦਰਿ ਨਿਹਾਲ।।
(ਜਪੁ ਜੀ, ਪਉੜੀ 37)
ਗੁਰੂ ਦੇ ਦੱਸੇ ਹੋਏ ਰਾਹ ‘ਤੇ ਤੁਰਦੇ ਹੋਏ ਸਰੀਰ ਨੂੰ ਪ੍ਰੇਮ ਰੂਪੀ ਭਾਂਡਾ ਬਣਾ ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ ਜੀਵ ਉੱਤੇ ਅਕਾਲ ਪੁਰਖ ਦੀ ਅਜਿਹੀ ਨਦਰ ਹੁੰਦੀ ਹੈ ਕਿ ਉਹ ਨਿਹਾਲ ਹੋ ਜਾਂਦਾ ਹੈ ਅਤੇ ਮਨ ਟਿਕਾਉ ਵਿੱਚ ਆ ਜਾਂਦਾ ਹੈ :
ਜਤੁ ਪਾਹਾਰਾ ਧੀਰਜੁ ਸੁਨਿਆਰੁ।। ਅਹਰਣਿ ਮਤਿ ਵੇਦੁ ਹਥਿਆਰੁ॥
ਭਉ ਖਲਾ ਅਗਨਿ ਤਪ ਤਾਉ।। ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ।।
ਘੜੀਐ ਸਬਦੁ ਸਚੀ ਟਕਸਾਲ।। ਜਿਨ ਕਉ ਨਦਰਿ ਕਰਮੁ ਤਿਨ ਕਾਰ।।
ਨਾਨਕ ਨਦਰੀ ਨਦਰਿ ਨਿਹਾਲ।।
(ਜਪੁ ਜੀ, ਪਉੜੀ 38)
ਉਦਮ
ਬਿਨਾ ਉਦਮ ਦੇ ਜੀਵ ਆਪਣੇ ਕਠਿਨ ਉਦੇਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ। ਪੰਚਮ ਪਾਤਸ਼ਾਹ ਪ੍ਰਭੂ ਨੂੰ ਮਿਲਣ ਲਈ ਉਦਮ ਕਰਨ ‘ਤੇ ਜ਼ੋਰ ਦਿੰਦੇ ਹਨ
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।।
(ਗੁ.ਗ੍ਰੰ.ਸਾ. ਅੰਗ 522)
ਆਤਮਿਕ ਸ਼ਾਂਤੀ
ਸਤਿਗੁਰੂ ਦੇ ਮੇਲ ਨਾਲ ਹਿਰਦੇ ਰੂਪੀ ਘਰ ਵਿੱਚ ਸੁਖ-ਸ਼ਾਂਤੀ ਆ ਜਾਂਦੀ ਹੈ।
ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ॥
ਨਾਨਕ ਨਾਮਿ ਸਾਂਤਿ ਸੁਖੁ ਪਾਏ।।
(ਗੁ.ਗ੍ਰੰ.ਸਾ. ਅੰਗ 664)
ਧੀਰਜ
ਪ੍ਰਭੂ ਦਾ ਨਾਮ ਜਪਣ ਨਾਲ ਮਨ ਨੂੰ ਧੀਰਜ ਆ ਜਾਂਦਾ ਹੈ :
ਜਬ ਦੇਖਾ ਤਬ ਗਾਵਾ।। ਤਉ ਜਨ ਧੀਰਜੁ ਪਾਵਾ॥
(ਗੁ.ਗ੍ਰੰ.ਸਾ. ਅੰਗ 656)
ਲੰਗਰ
ਗੁਰੂ ਨਾਨਕ ਸਾਹਿਬ ਨੇ ਇਸ ਸੰਸਥਾ ਦੀ ਨੀਂਹ ਵੰਡ ਛੱਕਣ ਦੇ ਨੇਮ ‘ਤੇ ਰੱਖੀ। ਗੁਰੂ ਅੰਗਦ ਦੇਵ ਜੀ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਮਾਤਾ ਖੀਵੀ ਜੀ ਦੀ ਸੇਵਾ ਦਾ ਹਵਾਲਾ ਸਤੇ ਬਲਵੰਡ ਦੀ ਵਾਰ’ ਵਿੱਚੋਂ ਮਿਲਦਾ ਹੈ :
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।।
(ਗੁ.ਗ੍ਰੰ.ਸਾ. ਅੰਗ 967)
ਇਸ ਦੇ ਨਾਲ-ਨਾਲ ਗੁਰੂ ਘਰ ਵਿੱਚ ਸ਼ਬਦ ਦਾ ਲੰਗਰ ਵੀ ਵਰਤਦਾ ਹੈ ਜੋ ਜੀਵ ਦੀ ਆਤਮਾ ਦੀ ਖੁਰਾਕ ਹੈ :
ਲੰਗਰ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ।।
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ।।
(ਗੁ.ਗ੍ਰੰ.ਸਾ. ਅੰਗ 967)
ਕੀਰਤਨ
ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕੀਰਤਨ ਕਹਿੰਦੇ ਹਨ। ਇਹ ਸਿੱਖ ਧਰਮ ਦੀ ਭਗਤੀ ਦਾ ਇੱਕ ਖ਼ਾਸ ਅੰਗ ਹੈ।
ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ॥
ਤਿਸੁ ਜਨੁ ਦੂਖੁ ਨਿਕਟਿ ਨਹੀ ਆਵੈ।।
(ਗੁ.ਗ੍ਰੰ.ਸਾ. ਅੰਗ 190)
ਕੀਰਤਨ ਨਿਰਮੋਲਕ ਹੀਰਾ ਹੈ ਜਿਸਦਾ ਮੁੱਲ ਨਹੀਂ ਪਾਇਆ ਜਾ ਸਕਦਾ
ਕੀਰਤਨੁ ਨਿਰਮੋਲਕ ਹੀਰਾ।। ਆਨੰਦ ਗੁਣੀ ਗਹੀਰਾ।।
(ਗੁ.ਗ੍ਰੰ.ਸਾ. ਅੰਗ 893 )
ਅੰਮ੍ਰਿਤ ਵੇਲਾ
ਜਪੁ ਜੀ ਦੀ ਚੌਥੀ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਪ੍ਰਸ਼ਨ ਰੱਖਦੇ ਹਨ ਕਿ ਪ੍ਰਭੂ ਨੂੰ ਕਿਹੜੀ ਚੀਜ਼ ਅਰਪਣ ਕਰੀਏ ਜਿਸ ਨਾਲ ਉਸ ਦੇ ਦਰਬਾਰ ਦੇ ਦਰਸ਼ਨ ਹੋ ਸਕਣ ਅਤੇ ਮੂੰਹ ਤੋਂ ਕੀ ਬੋਲੀਏ ਜਿਸ ਨਾਲ ਪ੍ਰਭੂ ਸਾਨੂੰ ਪਿਆਰ ਕਰੇ। ਇਸ ਦੇ ਉੱਤਰ ਵਿੱਚ ਅੱਗੇ ਬਚਨ ਕਰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਉਸਦੀ ਵਡਿਆਈ ਕਰਨ ਨਾਲ ਪ੍ਰਭੂ ਦੀ ਨਦਰ ਹੁੰਦੀ ਹੈ ਅਤੇ ਉਸ ਦੇ ਦਰ ‘ਤੇ ਪ੍ਰਵਾਨ ਹੋਈਦਾ ਹੈ :
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥
(ਗੁ.ਗ੍ਰੰ.ਸਾ. ਅੰਗ 2)
ਜਦੋਂ ਜੀਵ-ਪਪੀਹਾ ਉੱਠ ਕੇ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤਾਂ ਉਹ ਪ੍ਰਭੂ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ ਅਤੇ ਜੀਵ ਤ੍ਰਿਪਤ ਹੋ ਜਾਂਦਾ ਹੈ :
ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਿ ਸੁਣੀ ਪੁਕਾਰ।।
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ।।
ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ।।
ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ।।
(ਗੁ.ਗ੍ਰੰ.ਸਾ. ਅੰਗ 1285)
ਸੱਚਾ ਵਾਪਾਰ
ਅਸਲ ਵਾਪਾਰੀ ਉਹ ਹਨ ਜੋ ਦੁਨਿਆਵੀ ਵਸਤਾਂ ਨੂੰ ਭੋਗਦੇ ਹੋਏ ਵੀ ਪ੍ਰਭੂ ਨਾਮ ਦੀ ਵਣਜ ਕਰਦੇ ਹਨ ਅਤੇ ਉਨ੍ਹਾਂ ਦਾ ਪ੍ਰਭੂ ਦੇ ਦਰਬਾਰ ਵਿੱਚ ਮੁੱਲ ਪੈਂਦਾ ਹੈ।
ਸਚੁ ਵਾਪਾਰੁ ਕਰਹੁ ਵਾਪਾਰੀ।। ਦਰਗਹ ਨਿਬਹੈ ਖੇਪ ਤੁਮਾਰੀ।।
(ਗੁ.ਗ੍ਰੰ.ਸਾ. ਅੰਗ 293)
ਪ੍ਰਭੂ ਦੇ ਸੇਵਕ ਕੇਵਲ ਸੱਚੇ ਨਾਮ ਦਾ ਹੀ ਵਾਪਾਰ ਕਰਦੇ ਹਨ :
ਕਿਨਹੀ ਬਲਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ।।
ਸੰਤਹੁ ਬਨਜਿਆ ਨਾਮੁ ਗੋਬਿੰਦ ਕਾ ਐਸੀ ਖੇਪ ਹਮਾਰੀ।।
(ਗੁ.ਗ੍ਰੰ.ਸਾ. ਅੰਗ 1123 )
ਸੱਚ ਬੋਲਣਾ
ਗੁਰਮਤਿ ਗੁਰੂ ਦੇ ਦੱਸੇ ਰਾਹ ‘ਤੇ ਤੁਰਦਿਆਂ ਹਮੇਸ਼ਾ ਸੱਚ ਬੋਲਣ ਦਾ ਉਪਦੇਸ਼ ਦਿੰਦੀ ਹੈ।
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ।।
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ।।
(ਗੁ.ਗ੍ਰੰ.ਸਾ. ਅੰਗ 488)
ਨਿਰਮਲਤਾ
ਮਨ ਦੀ ਮੈਲ ਦੇ ਧੋਤੇ ਜਾਣ ਨਾਲ ਹੀ ਅੰਦਰਲਾ ਸ਼ੁੱਧ ਤੇ ਨਿਰਮਲ ਹੁੰਦਾ ਹੈ ਅਤੇ ਇਸਦੀ ਪ੍ਰਾਪਤੀ ਗੁਰੂ ਦੇ ਦੱਸੇ ਮਾਰਗ ‘ਤੇ ਚਲ ਕੇ ਹੀ ਹੋ ਸਕਦੀ ਹੈ :
ਜੀਅਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ।।
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ।। ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ।।
ਕਹੈ ਨਾਨਕ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ।।
(ਗੁ.ਗ੍ਰੰ.ਸਾ. ਅੰਗ 919)
ਭਾਣਾ
ਇਸ ਸੰਸਾਰ ਵਿੱਚ ਸਭ ਕੁਝ ਪ੍ਰਭੂ ਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ।
ਜੋ ਕਿਛੁ ਵਰਤੈ ਸਭ ਤੇਰਾ ਭਾਣਾ।।
(ਗੁ.ਗ੍ਰੰ.ਸਾ. ਅੰਗ 193)
ਜੀਵ ਦਾ ਸੰਸਾਰ ਵਿੱਚ ਆਉਣਾ-ਜਾਣਾ ਪ੍ਰਭੂ ਦੇ ਭਾਣੇ ਵਿੱਚ ਹੀ ਹੁੰਦਾ ਹੈ|
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।।
(ਗੁ.ਗ੍ਰੰ.ਸਾ. ਅੰਗ 472)
ਪਰਿਵਾਰਿਕ ਰਿਸ਼ਤੇ
ਗੁਰਮਤਿ ਜੀਵ ਨੂੰ ਸੰਸਾਰ ਵਿੱਚ ਰਹਿੰਦਿਆਂ ਆਪਣੇ ਪਰਿਵਾਰਿਕ ਰਿਸ਼ਤਿਆਂ ਦਾ ਸਤਿਕਾਰ ਕਰਨ ਲਈ ਕਹਿੰਦੀ ਹੈ
ਕਾਹੇ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।
(ਗੁ.ਗ੍ਰੰ.ਸਾ. ਅੰਗ 1200)
ਮਿਤਰਤਾ
ਉਹੀ ਜੀਵ ਪਰਮਾਤਮਾ ਨਾਲ ਨੇੜਤਾ ਹਾਸਿਲ ਕਰ ਸਕਦਾ ਹੈ ਜੋ ਸਾਰਿਆਂ ਨਾਲ ਇਕੋ ਜਿਹਾ ਵਿਵਹਾਰ ਕਰੇ ਤੇ ਹਰੇਕ ਨੂੰ ਆਪਣਾ ਮਿੱਤਰ ਜਾਣੇ।
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ।।
(ਗੁ.ਗ੍ਰੰ.ਸਾ. ਅੰਗ 671)
ਮੈਤ੍ਰੀ ਪੂਰਨ ਵਿਵਹਾਰ ਨਾਲ ਹੀ ਜੀਵ ਅਨੰਦ ਦੀ ਪ੍ਰਾਪਤੀ ਕਰ ਸਕਦਾ ਹੈ।
ਦੁਬਿਧਾ
ਦੁਬਿਧਾ ਤੋਂ ਭਾਵ ਦੁਚਿਤਾਪਨ ਹੈ। ਇਹ ਉਹ ਅਵਸਥਾ ਹੈ ਜਦੋਂ ਦੁਨਿਆਵੀ ਮੋਹ-ਮਾਇਆ ਵਿੱਚ ਭਟਕਦਾ ਮਨ ਟਿਕਾਉ ਵਿੱਚ ਨਹੀਂ ਰਹਿੰਦਾ।
ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ
(ਗੁ.ਗ੍ਰੰ.ਸਾ. ਅੰਗ 634)
ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਾਰੀ ਦੁਬਿਧਾ ਦੂਰ ਹੋ ਜਾਂਦੀ ਹੈ :
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੈ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।।
(ਗੁ.ਗ੍ਰੰ.ਸਾ. ਅੰਗ 1185)
ਨਾਸ਼ਮਾਨਤਾ
ਇਸ ਸੰਸਾਰ ਵਿੱਚ ਸਭ ਕੁਝ ਬਿਨਸਨਹਾਰ ਹੈ।
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ।।
(ਗੁ.ਗ੍ਰੰ.ਸਾ. ਅੰਗ 474)
ਇਸ ਲਈ ਉਸ ਕਰਤਾਰ ਦਾ ਹੀ ਸਿਮਰਨ ਕਰੋ ਜੋ ਹਮੇਸ਼ਾ ਥਿਰ ਰਹਿਣ ਵਾਲਾ ਹੈ।
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।।
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ।।
(ਗੁ.ਗ੍ਰੰ.ਸਾ. ਅੰਗ 1429)
ਕਰਮ
ਗੁਰੂ ਗ੍ਰੰਥ ਸਾਹਿਬ ਵਿੱਚ ‘ਕਰਮ’ ਸ਼ਬਦ ਤਿੰਨ ਰੂਪਾਂ ਵਿੱਚ ਆਇਆ ਹੈ। ਪਹਿਲਾ ‘ਕਰਮ’ ਤੋਂ ਭਾਵ ਹੈ ਜੋ ਕੁਝ ਅਸੀਂ ਕਰਦੇ ਹਾਂ :
ਜੇਹੇ ਕਰਮ ਕਮਾਇ ਤੇਹਾ ਹੋਇਸੀ।
(ਗੁ.ਗ੍ਰੰ.ਸਾ. ਅੰਗ 730)
ਦੂਜਾ, ਕਰਮ ਤੋਂ ਭਾਵ ਹੈ ਅਕਾਲ ਪੁਰਖ ਦੀ ਬਖ਼ਸ਼ਿਸ਼, ਮਿਹਰ, ਕਿਰਪਾ :
ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ॥
(ਗੁ.ਗ੍ਰੰ.ਸਾ. ਅੰਗ 616)
ਕਰਮ ਦਾ ਤੀਜਾ ਰੂਪ ਹੈ ਕਰਮ-ਕਾਂਡ ਜੋ ਕਿ ਗੁਰਮਤਿ ਵਿਰੋਧੀ ਹੈ :
ਕਰਮ ਕਾਂਡ ਬਹੁ ਕਰਹਿ ਅਚਾਰ॥
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ
(ਗੁ.ਗ੍ਰੰ.ਸਾ. ਅੰਗ 162)
ਹਰਖ ਸੋਗ
ਪ੍ਰਭੂ ਦੀ ਆਗਿਆ ਵਿੱਚ ਰਹਿ ਕੇ ਜੀਵ ਖ਼ੁਸ਼ੀ ਅਤੇ ਗ਼ਮੀ ਦੋਵਾਂ ਤੋਂ ਨਿਰਲੇਪ ਹੋ ਜਾਂਦਾ ਹੈ :
ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ।
ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ॥
(ਗੁ.ਗ੍ਰੰ.ਸਾ. ਅੰਗ 1000)
ਮਾਣਸ ਜਨਮ
ਮਨੁੱਖ ਧਰਤੀ ‘ਤੇ ਸਾਰੀਆਂ ਜੂਨਾਂ ਦਾ ਸਰਦਾਰ ਕਰਕੇ ਮੰਨਿਆ ਜਾਂਦਾ ਹੈ।
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ।।
(ਗੁ.ਗ੍ਰੰ.ਸਾ. ਅੰਗ 374)
ਲੇਕਿਨ ਮਨੁੱਖਾ ਦੇਹੀ ਪਾ ਕੇ ਜੋ ਜੀਵ ਪ੍ਰਭੂ ਦੀ ਪ੍ਰਾਪਤੀ ਦੇ ਯਤਨ ਨਹੀਂ ਕਰਦਾ, ਉਹ ਜਨਮ-ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਭੋਗਦਾ ਹੈ
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ।
(ਗੁ.ਗ੍ਰੰ.ਸਾ. ਅੰਗ 1075)
ਇਹ ਮਨੁੱਖਾ ਦੇਹੀ ਪਰਮਾਤਮਾ ਨੂੰ ਮਿਲਣ ਦਾ ਸਮਾਂ ਹੈ
ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।
(ਗੁ.ਗ੍ਰੰ.ਸਾ. ਅੰਗ 378)
ਬੁਰਾ ਭਲਾ
ਗੁਰਬਾਣੀ ਤੋਂ ਸੇਧ ਮਿਲਦੀ ਹੈ ਕਿ ਕ੍ਰੋਧ ਨੂੰ ਤਿਆਗ ਕੇ ਜੀਵ ਨੂੰ ਬੁਰੇ ਦਾ ਵੀ ਭਲਾ ਕਰਨਾ ਚਾਹੀਦਾ ਹੈ।
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।।
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।।
(ਗੁ.ਗ੍ਰੰ.ਸਾ. ਅੰਗ 1381)
ਨਾਲ ਹੀ ਇਹ ਭਾਵਨਾ ਹੋਣੀ ਚਾਹੀਦੀ ਹੈ :
ਹਮ ਨਹੀ ਚੰਗੇ ਬੁਰਾ ਨਹੀ ਕੋਇ।। ਪ੍ਰਣਵਤਿ ਨਾਨਕੁ ਤਾਰੇ ਸੋਇ।।
(ਗੁ.ਗ੍ਰੰ.ਸਾ. ਅੰਗ 728)
ਸੁਖ ਦੁਖ
ਮਨੁੱਖੀ ਜੀਵਨ ਸੁਖ ਤੇ ਦੁਖ ਦਾ ਸੁਮੇਲ ਹੈ ਪਰ ਫੇਰ ਵੀ ਕਦੇ ਕਿਸੇ ਨੇ ਦੁਖ ਨਹੀਂ ਮੰਗਿਆ, ਬਲਕਿ ਸਾਰੇ ਸੁਖ ਦੀ ਹੀ ਕਾਮਨਾ ਕਰਦੇ ਹਨ।
ਸੁਖੁ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ।।
(ਗੁ.ਗ੍ਰੰ.ਸਾ. ਅੰਗ 57)
ਸੁਖ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ :
ਸੁਖੁ ਨਾਹੀ ਬਹੁਤੈ ਧਨਿ ਖਾਟੇ।।
ਸੁਖੁ ਨਾਹੀ ਪੇਖੇ ਨਿਰਤਿ ਨਾਟੇ॥
ਸੁਖੁ ਨਾਹੀ ਬਹੁ ਦੇਸ ਕਮਾਏ।
ਸਰਬ ਸੁਖਾ ਹਰਿ ਹਰਿ ਗੁਣ ਗਾਏ।।
(ਗੁ.ਗ੍ਰੰ.ਸਾ. ਅੰਗ 1147)
ਜੀਵਨ ਦੇ ਅਸਲ ਭੇਦ ਨੂੰ ਉਸਨੇ ਜਾਣਿਆ ਹੈ ਜੋ ਸੁਖ ਦੁਖ ਨੂੰ ਇਕ ਕਰਕੇ ਜਾਣਦਾ ਹੈ :
ਜੋਬਨ
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ।।
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥
(ਗੁ.ਗ੍ਰੰ.ਸਾ. ਅੰਗ 219)
ਜੀਵ ਨੂੰ ਧਨ ਜਾਂ ਜੁਆਨੀ ਦਾ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਮੌਤ ਆਉਣ ‘ਤੇ ਇਹ ਸਰੀਰ ਕਾਗਜ਼ ਦੀ ਤਰ੍ਹਾਂ ਗਲ ਜਾਂਦਾ ਹੈ।
ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ।।
(ਗੁ.ਗ੍ਰੰ.ਸਾ. ਅੰਗ 1106)
ਨਾਲ ਹੀ ਜੁਆਨੀ ਦੇ ਜੋਸ਼ ਵਿੱਚ ਜੀਵ ਆਪਣਾ ਬੁਰਾ ਭਲਾ ਨਹੀਂ ਪਛਾਣਦਾ
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ॥
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ।।
(ਗੁ.ਗ੍ਰੰ.ਸਾ. ਅੰਗ 77)
ਸਿਆਣਪ
ਸੰਸਾਰ ਵਿੱਚ ਵਿਚਰਦਿਆਂ ਭਾਵੇਂ ਸਿਆਣਪ ਦੀ ਲੋੜ ਪੈਂਦੀ ਹੈ ਪਰ ਪਰਮਾਤਮਾ ਦੀ ਦੁਨੀਆ ਵਿੱਚ ਇਹ ਕਿਸੇ ਕੰਮ ਦੀ ਨਹੀਂ।
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ।।
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ।
(ਗੁ.ਗ੍ਰੰ.ਸਾ. ਅੰਗ 396)
ਭਾਵੇਂ ਜੀਵ ਹਜ਼ਾਰਾਂ ਸਿਆਣਪਾਂ ਜਾਂ ਚਤੁਰਾਈਆਂ ਦਾ ਮਾਲਿਕ ਹੋਵੇ, ਅੰਤ ਵੇਲੇ ਕੋਈ ਵੀ ਚਤੁਰਾਈ ਉਸ ਦਾ ਸਾਥ ਨਹੀਂ ਦਿੰਦੀ।
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ।।
(ਜਪੁ ਜੀ, ਪਉੜੀ 1)
ਸਿਆਣਾ ਕਿਵੇਂ ਬਣੀਏ
ਅਸਲ ਸਿਆਣਾ ਉਹੀ ਹੈ ਜੋ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਅਤੇ ਪ੍ਰਭੂ ਨੂੰ ਭਾ ਜਾਂਦਾ ਹੈ।
ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ।।
ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ।।
ਚਤੁਰ ਸਰੂਪੁ ਸਿਆਣਾ ਸੋਈ ਜੋ ਮਨ ਤੇਰੈ ਭਾਵੀਜਾ ਹੇ।।
(ਗੁ.ਗ੍ਰੰ.ਸਾ. ਅੰਗ 1074)
ਪ੍ਰਧਾਨ
ਪ੍ਰਧਾਨ ਤੋਂ ਭਾਵ ਹੈ ਸ੍ਰੇਸ਼ਟ, ਸ਼ੋਭਾ ਵਾਲਾ ਵਿਅਕਤੀ। ਪ੍ਰਧਾਨ ਉਹ ਹੈ
ਜੋ ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ।
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ।।
(ਗੁ.ਗ੍ਰੰ.ਸਾ. ਅੰਗ 45)
ਜੇਹਾ ਬੀਜੈ ਸੋ ਲੁਣੈ
ਜੀਵ ਨੂੰ ਉਸਦੇ ਕਰਮਾਂ ਅਨੁਸਾਰ ਹੀ ਫਲ ਭੋਗਣੇ ਪੈਂਦੇ ਹਨ।
ਆਪੇ ਬੀਜਿ ਆਪੇ ਹੀ ਖਾਹੁ
ਨਾਨਕ ਹੁਕਮੀ ਆਵਹੁ ਜਾਹੁ।।
(ਜਪੁ ਜੀ, ਪਉੜੀ 20)
ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਅਤੇ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ, ਉਹੋ ਕੁਝ ਹੀ ਵੱਢਦਾ ਹੈ।
ਜੇਹਾ ਬੀਜੈ ਸੋ ਲੁਣੈ ਕਰਮਾ ਸਦੜਾ ਖੇਤੁ॥
(ਗੁ.ਗ੍ਰੰ.ਸਾ. ਅੰਗ 134)
ਨੇਤ੍ਰ
ਇਨ੍ਹਾਂ ਨੇਤਰਾਂ ਭਾਵ ਅੱਖਾਂ ਨਾਲ ਕਿਸੇ ਮਾੜੀ ਚੀਜ਼ ਨੂੰ ਨਾ ਵੇਖੋ ਅਤੇ ਸਦਾ ਉਸ ਪ੍ਰਭੂ ਨੂੰ ਹੀ ਵੇਖੋ।
ਏ ਨੇਤਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
ਹਰਿ ਬਿਨੁ ਅਵਰੁ ਨ ਦੇਖਹੁ ਕੋਈ॥
(ਗੁ.ਗ੍ਰੰ.ਸਾ. ਅੰਗ 922)
ਰਸਨਾ
ਜੀਭ ਜਾਂ ਰਸਨਾ ਜਦੋਂ ਤਕ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦੀ, ਤਾਂ ਤਕ ਉਸਦਾ ਦੂਜੇ ਸੁਆਦਾਂ ਲਈ ਚਸਕਾ ਖ਼ਤਮ ਨਹੀਂ ਹੁੰਦਾ :
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ।।
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
(ਗੁ.ਗ੍ਰੰ.ਸਾ. ਅੰਗ 921)
ਕੰਨ
ਉਹ ਕੰਨ ਭਲੇ ਹਨ ਜੋ ਪ੍ਰਭੂ ਦਾ ਜਸ ਹੀ ਸੁਣਦੇ ਹਨ।
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ।।
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ।।
(ਗੁ.ਗ੍ਰੰ.ਸਾ. ਅੰਗ 922)
ਤੀਰਥ ਇਸ਼ਨਾਨ
ਗੁਰਬਾਣੀ ਅਨੁਸਾਰ ਪਰਮਾਤਮਾ ਦਾ ਨਾਮ ਹੀ ਅਸਲ ਤੀਰਥ ਹੈ :
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।।
(ਗੁ.ਗ੍ਰੰ.ਸਾ. ਅੰਗ 687)
ਮੌਤ
ਸਭ ਨੇ ਇਸ ਸੰਸਾਰ ਤੋਂ ਤੁਰ ਜਾਣਾ ਹੈ, ਇਥੇ ਸਦਾ ਲਈ ਨਹੀਂ ਰਹਿਣਾ।
ਸਭਨਾ ਮਰਣਾ ਆਇਆ ਵੇਛੋੜਾ ਸਭਨਾਹ।।
(ਗੁ.ਗ੍ਰੰ.ਸਾ. ਅੰਗ 595)
ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ, ਸਭ ਨੇ ਵਾਰੀ-ਵਾਰੀ ਇਥੋਂ ਤੁਰ ਜਾਣਾ ਹੈ।
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੰਗੁ ਫਕੀਰੁ।।
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ।।
(ਗੁ.ਗ੍ਰੰ.ਸਾ. ਅੰਗ 936)
ਪੰਚ ਚੋਰ
ਗੁਰੂ ਗ੍ਰੰਥ ਸਾਹਿਬ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਰਗੇ ਅਉਗੁਣਾਂ ਜਾਂ ਵਿਕਾਰਾਂ ਨੂੰ ਪੰਚ ਚੋਰ ਕਿਹਾ ਗਿਆ ਹੈ ਜੋ ਇਸ ਸਰੀਰ ਵਿੱਚ ਵੱਸਦੇ ਹਨ। ਜਦ ਤਕ ਜੀਵ ਇਨ੍ਹਾਂ ਵਿਕਾਰਾਂ ਵਿੱਚ ਫੱਸਿਆ ਰਹਿੰਦਾ ਹੈ, ਤਦ ਤੀਕ ਉਹ ਹਨੇਰੇ ਵਿੱਚ ਭਟਕਦਾ ਰਹਿੰਦਾ ਹੈ।
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥
(ਗੁ.ਗ੍ਰੰ.ਸਾ. ਅੰਗ 600)
ਕਾਮ
ਇਹ ਬਹੁਤ ਹੀ ਸ਼ਕਤੀਸ਼ਾਲੀ ਵਿਕਾਰ ਹੈ ਜੋ ਸਰੀਰ ਨੂੰ ਨਿਰਬਲ ਕਰ ਦਿੰਦਾ ਹੈ।
ਕਾਮ ਕ੍ਰੋਧੁ ਕਾਇਆ ਕਉ ਗਾਲੈ।
ਜਿਉ ਕੰਚਨ ਸੁਹਾਗਾ ਢਾਲੈ।।
(ਗੁ.ਗ੍ਰੰ.ਸਾ. ਅੰਗ 932)
ਕ੍ਰੋਧ
ਕ੍ਰੋਧ ਵਿੱਚ ਗ੍ਰਸੇ ਹੋਏ ਵਿਕਾਰੀ ਵਿਅਕਤੀ ਦਾ ਆਤਮਕ ਜੀਵਨ ਤਬਾਹ ਹੋ ਜਾਂਦਾ ਹੈ ਅਤੇ ਉਹ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ।
ਕ੍ਰੋਧੁ ਬਿਨਾਸੈ ਸਗਲ ਵਿਕਾਰੀ।।
ਪਤਿ ਮਤਿ ਖੋਵਹਿ ਨਾਮੁ ਵਿਸਾਰੀ॥
(ਗੁ.ਗ੍ਰੰ.ਸਾ. ਅੰਗ 225)
ਲੋਭ
ਉਹ ਲੋਕ ਅਗਿਆਨੀ ਤੇ ਮੂਰਖ ਹਨ ਜੋ ਲੋਭ ਲਾਲਚ ਵਰਗੇ ਵਿਕਾਰਾਂ ਵਿੱਚ ਫੱਸ ਕੇ ਪਰਮਾਤਮਾ ਨੂੰ ਵਿਸਾਰ ਦਿੰਦੇ ਹਨ।
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ।।
ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ।
(ਗੁ.ਗ੍ਰੰ.ਸਾ. ਅੰਗ 711)
ਮੋਹ
ਮੋਹ ਵਿੱਚ ਸਾਰਾ ਸੰਸਾਰ ਡੁੱਬਾ ਪਿਆ ਹੈ। ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਰਾਹ ‘ਤੇ ਚਲਦਾ ਹੋਇਆ ਇਸ ਮੋਹ ਦੇ ਭਵ-ਸਾਗਰ ਤੋਂ ਪਾਰ ਲੰਘਦਾ ਹੈ।
ਏਤੁ ਮੋਹਿ ਡੂਬਾ ਸੰਸਾਰੁ॥ ਗੁਰਮੁਖਿ ਕੋਈ ਉਤਰੈ ਪਾਰਿ।।
ਏਤੁ ਮੋਹਿ ਫਿਰਿ ਜੂਨੀ ਪਾਹਿ।। ਮੋਹੇ ਲਾਗਾ ਜਮ ਪੁਰਿ ਜਾਹਿ।।
(ਗੁ.ਗ੍ਰੰ.ਸਾ. ਅੰਗ 356)
ਅਹੰਕਾਰ
ਜੋ ਜੀਵ ਬਹੁਤ ਅਹੰਕਾਰ ਕਰਦਾ ਹੈ, ਉਸਨੂੰ ਮਿੱਟੀ ਵਿੱਚ ਮਿਲਣ ਲੱਗਿਆਂ ਇੱਕ ਪਲ ਵੀ ਨਹੀਂ ਲੱਗਦਾ।
ਜੇ ਕੋ ਬਹੁਤੁ ਕਰੇ ਅਹੰਕਾਰੁ॥ ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ॥
(ਗੁ.ਗ੍ਰੰ.ਸਾ. ਅੰਗ 868)
ਨਿੰਦਾ
ਨਿੰਦਾ ਤੋਂ ਭਾਵ ਹੈ ਕਿਸੇ ਦੀ ਚੁਗਲੀ ਕਰਨੀ। ਗੁਰਮਤਿ ਜੀਵ ਨੂੰ ਨਿੰਦਿਆ ਕਰਨ ਤੋਂ ਰੋਕਦੀ ਹੈ।
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥
(ਗੁ.ਗ੍ਰੰ.ਸਾ. ਅੰਗ 755)
ਨਿੰਦਾ ਚੁਗਲੀ ਕਰਨੀ ਛੱਡਣ ਨਾਲ ਜੀਵ ਦੇ ਮਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
ਪ੍ਰਥਮੇ ਛੋਡੀ ਪਰਾਈ ਨਿੰਦਾ।। ਉਤਰਿ ਗਈ ਸਭ ਮਨ ਕੀ ਚਿੰਦਾ।।
(ਗੁ.ਗ੍ਰੰ.ਸਾ. ਅੰਗ 1147)
ਤ੍ਰਿਸ਼ਨਾ
ਤ੍ਰਿਸ਼ਨਾ ਤੋਂ ਭਾਵ ਹੈ ਅਸੰਤੋਖ, ਲਾਲਚ, ਪਿਆਸ ਆਦਿ।
ਤ੍ਰਿਸਨਾ ਅਗਨਿ ਜਲੈ ਸੰਸਾਰਾ॥ ਜਲਿ ਜਲਿ ਖਪੈ ਬਹੁਤੁ ਵਿਕਾਰਾ।।
(ਗੁ.ਗ੍ਰੰ.ਸਾ. ਅੰਗ 1044)
ਪ੍ਰਭੂ ਦੇ ਨਾਮ ਵਿੱਚ ਜੁੜਣ ਨਾਲ ਜੀਵ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ।
ਤ੍ਰਿਸਨਾ ਬੁਝੈ ਹਰਿ ਕੈ ਨਾਮਿ
ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ।।
(ਗੁ.ਗ੍ਰੰ.ਸਾ. ਅੰਗ 682)
ਪਰਾਇਆ ਹੱਕ
ਪਰਾਇਆ ਹੱਕ ਮਾਰਨਾ ਇੱਕ ਵੱਡਾ ਅਪਰਾਧ ਹੈ। ਇਸਲਾਮ ਧਰਮ ਵਿੱਚ ਸੂਰ ਨੂੰ ਮਾਰਨਾ ਅਤੇ ਹਿੰਦੂ ਧਰਮ ਵਿੱਚ ਗਊ ਹੱਤਿਆ ਪਾਪ ਮੰਨਿਆ ਜਾਂਦਾ ਹੈ। ਇਹ ਉਦਾਹਰਣ ਦਿੰਦਿਆਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਹਨ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।।
(ਗੁ.ਗ੍ਰੰ.ਸਾ. ਅੰਗ 141)
ਜੋ ਜੀਵ ਪਰਾਈ ਵਸਤਾਂ ਨੂੰ ਨਹੀਂ ਤੱਕਦੇ, ਪ੍ਰਭੂ ਉਨ੍ਹਾਂ ਦੇ ਸੰਗ ਵੱਸਦਾ ਹੈ
ਪਰ ਧਨ ਪਰ ਦਾਰਾ ਪਰਹਰੀ।।
ਤਾ ਕੈ ਨਿਕਟਿ ਬਸੈ ਨਰਹਰੀ।।
(ਗੁ.ਗ੍ਰੰ.ਸਾ. ਅੰਗ 1163)
ਚਿੰਤਾ
ਚਿੰਤਾ ਇੱਕ ਵੱਡਾ ਮਾਨਸਿਕ ਰੋਗ ਹੈ। ਮਨੁੱਖ ਲਈ ਦੁਨਿਆਵੀ ਸੁੱਖਾਂ ਦੀ ਲਾਲਸਾ ਚਿੰਤਾ ਦਾ ਕਾਰਣ ਬਣਦੀ ਹੈ। ਗੁਰਮਤਿ ਅਨੁਸਾਰ ਉਸ ਪਾਲਣਹਾਰ ਪ੍ਰਭੂ ਨੂੰ ਸਾਰਿਆਂ ਦੀ ਚਿੰਤਾ ਹੈ, ਇਸ ਲਈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ।
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ।।
(ਗੁ.ਗ੍ਰੰ.ਸਾ. ਅੰਗ 955)
ਚਿੰਤਾ ਉਸ ਗੱਲ ਦੀ ਕਰੋ ਜੋ ਅਨਹੋਣੀ ਹੋਵੇ, ਹੋਣਾ ਉਹੀ ਕੁਝ ਹੈ ਜੋ ਉਸ ਕਰਤੇ ਨੂੰ ਭਾਉਂਦਾ ਹੈ।
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।।
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ।।
(ਗੁ.ਗ੍ਰੰ.ਸਾ. ਅੰਗ 1429)
ਖਿਮਾ
ਆਪਣੇ ਨਾਲ ਦੁਰਵਿਹਾਰ ਕਰਨ ਵਾਲੇ ਨੂੰ ਸਜ਼ਾ ਨਾ ਦੇ ਕੇ ਉਸਦੀ ਗ਼ਲਤੀਆਂ ਨੂੰ ਵਿਸਾਰ ਦੇਣਾ ਹੀ ਖਿਮਾ ਹੈ।
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।।
(ਗੁ.ਗ੍ਰੰ.ਸਾ. ਅੰਗ 1372 )
ਜਾਤ-ਪਾਤ
ਗੁਰਮਤਿ ਵਿੱਚ ਜਾਤ-ਪਾਤ ਦੇ ਭੇਦ-ਭਾਵ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ। ਜੋ ਜੀਵ ਆਪਣੀ ਜਾਤ ਦਾ ਗਰਬ ਕਰਦਾ ਹੈ, ਉਹ ਮੂਰਖ ਹੈ ਅਤੇ ਉਸ ਵਿੱਚ ਬਹੁਤ ਵਿਕਾਰ ਪੈਦਾ ਹੋ ਜਾਂਦੇ ਹਨ।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।।
(ਗੁ.ਗ੍ਰੰ.ਸਾ. ਅੰਗ 1127)
ਜੋ ਗੁਰੂ-ਸ਼ਬਦ ਦਾ ਆਸਰਾ ਲੈਂਦੇ ਹਨ, ਉਨ੍ਹਾਂ ਅੰਦਰੋਂ ਇਹ ਭਰਮ ਮਿੱਟ ਜਾਂਦੇ ਹਨ।
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ।।
(ਗੁ.ਗ੍ਰੰ.ਸਾ. ਅੰਗ 1198)
ਮਾਇਆ
ਮਾਇਆ ਕਰਕੇ ਦੁਨੀਆ ਦਾ ਮੋਹ ਪੈ ਜਾਂਦਾ ਹੈ ਪਰ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਪ੍ਰੀਤ ਦੀ ਡੋਰ ਪ੍ਰਭੂ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਨ੍ਹਾਂ ਨੂੰ ਮਾਇਆ ਵਿੱਚ ਵਰਤਦਿਆਂ ਵੀ ਆਤਮਕ ਅਨੰਦ ਮਿਲ ਪੈਂਦਾ ਹੈ।
ਏਹ ਮਾਇਆ ਜਿਤੁ ਹਰਿ ਵਿਸਰੈ
ਮੋਹੁ ਉਪਜੈ ਭਾਉ ਦੂਜਾ ਲਾਇਆ।।
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ
ਤਿਨੀ ਵਿਚੇ ਮਾਇਆ ਪਾਇਆ।।
(ਗੁ.ਗ੍ਰੰ.ਸਾ. ਅੰਗ 921)
ਗੁਰੂ, ਸ਼ਬਦ ਗੁਰੂ ਅਤੇ ਗੁਰੂ ਪੰਥ
‘ਗੁਰੂ’ ਸ਼ਬਦ ਸ੍ਰੀ ਧਾਤੂ ਤੋਂ ਬਣਿਆ ਹੈ ਜਿਸਦਾ ਅਰਥ ਹੈ ਨਿਗਲਣਾ ਅਤੇ ਸਮਝਾਉਣਾ। ਇਸ ਤੋਂ ਇਹ ਭਾਵ ਲਿਆ ਜਾਂਦਾ ਹੈ ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵ ਗਿਆਨ ਸਮਝਾਉਂਦਾ ਹੈ। ਗੁਰੂ ਤੋਂ ਭਾਵ ਵੱਡਾ ਜਾਂ ਭਾਰੀ ਅਤੇ ਉਸਤਾਦ ਵੀ ਲਿਆ ਜਾਂਦਾ ਹੈ। ਸਿੱਖ ਧਰਮ ਵਿੱਚ ਗੁਰੂ ਪਾਰਬ੍ਰਹਮ ਪ੍ਰਥਾਇ ਵੀ ਵਰਤਿਆ ਜਾਂਦਾ ਹੈ।
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ॥
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ॥
(ਗੁ.ਗ੍ਰੰ.ਸਾ. ਅੰਗ 52)
ਗੁਰੂ ਗਿਆਨ ਦਾ ਸੋਮਾ ਹੈ ਅਤੇ ਗੁਰੂ ਤੋਂ ਬਗ਼ੈਰ ਗਿਆਨ ਨਹੀਂ ਹੋ ਸਕਦਾ। ਗੁਰੂ ਤੋਂ ਬਗ਼ੈਰ ਤਾਂ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਹੈ।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।।
(ਗੁ.ਗ੍ਰੰ.ਸਾ. ਅੰਗ 463)
ਗੁਰੂ ਦਾ ਉਪਦੇਸ਼ ਹੀ ਕਲਿਆਣਕਾਰੀ ਹੈ ਅਤੇ ਉਸ ‘ਤੇ ਤੁਰਨਾ ਹੀ ਜੀਵ ਦਾ ਮਨੋਰਥ ਹੈ। ਇਸ ਉਪਦੇਸ਼ ਤੋਂ ਵਾਂਝੇ ਰਿਹਾਂ ਮਨੁੱਖ ਜੀਵਨ ਦੀ ਬਾਜੀ ਹਾਰ ਜਾਂਦਾ ਹੈ।
ਸ਼ਬਦ ਗੁਰੂ
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
(ਗੁ.ਗ੍ਰੰ.ਸਾ. ਅੰਗ 635)
ਜਿਸ ਸ਼ਬਦ ਨੂੰ ਗੁਰੂ ਆਖਿਆ ਗਿਆ ਹੈ, ਉਹ ਸ਼ਬਦ ਰੱਬੀ ਪੈਗ਼ਾਮ ਹੈ, ਬ੍ਰਹਮ ਜਾਂ ਕਰਤਾਰ ਦਾ ਅਨੁਭਵ ਹੈ ਜੋ ਗੁਰੂ ਰਾਹੀਂ ਇਸ ਸੰਸਾਰ ‘ਤੇ ਪ੍ਰਗਟ ਹੋਇਆ ਹੈ। ਬਾਣੀ ਅੰਦਰ ਸ਼ਬਦ ਨੂੰ ਉਸ ਪਰਮਾਤਮਾ ਦਾ ਨਿੱਜ ਅਨੁਭਵ ਆਖਿਆ ਗਿਆ ਹੈ ਅਤੇ ਇਸੇ ਨੂੰ ਅਰੂਪ ਪਰਮਾਤਮਾ ਦੇ ਸੋਹਣੇ ਚਰਨ-ਕੰਵਲ ਦੇ ਰੂਪ ਵਿੱਚ ਵਡਿਆਇਆ ਹੈ :
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ।।
(ਗੁ.ਗ੍ਰੰ.ਸਾ. ਅੰਗ 680)
ਸਤਿਗੁਰੂ ਤੋਂ ਨਾਜ਼ਲ ਹੋਇਆ ਇਹ ਪਰਮਾਤਮਾ ਦਾ ਅਨੁਭਵ ਰੂਪੀ ਸ਼ਬਦ ਬਾਣੀ ਰਾਹੀਂ ਪ੍ਰਗਟ ਹੋਇਆ ਹੈ। ਇਸੇ ਲਈ ‘ਧੁਰ ਕੀ ਬਾਣੀ’ ਨੂੰ ਹੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ :
ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।।
(ਗੁ.ਗ੍ਰੰ.ਸਾ. ਅੰਗ 628)
ਇਹ ਧੁਰ ਕੀ ਬਾਣੀ ਹੀ ਗੁਰੂ ਹੈ ਅਤੇ ਇਸੇ ਬਾਣੀ ਭਾਵ ਸ਼ਬਦ ਗੁਰੂ ਰਾਹੀਂ ਹੀ ਧਰਮੀ ਜੀਵਨ ਘੜਿਆ ਜਾਂਦਾ ਹੈ :
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ।। ਘੜੀਐ ਸਬਦੁ ਸਚੀ ਟਕਸਾਲ।
(ਗੁ.ਗ੍ਰੰ.ਸਾ. ਅੰਗ 8)
ਇਸਦੇ ਘੜਨ ਦਾ ਰਾਹ ਹੈ ਸੁਰਤਿ ਨੂੰ ਸ਼ਬਦ ਵਿੱਚ ਜੋੜਣਾ ਅਤੇ ਉਸ ਪਰਮਾਤਮਾ ਦੇ ਸਰੂਪ ਵਿੱਚ ਲੀਨ ਹੋਣਾ।
ਗੁਰੂ ਪੰਥ
‘ਸਿੱਖ ਰਹਿਤ ਮਰਯਾਦਾ’ ਅਨੁਸਾਰ ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ਗੁਰੂ ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਪਾਤਸ਼ਾਹ ਨੇ ਇਸ ਦਾ ਅੰਤਮ ਸਰੂਪ ਮੰਨ ਕੇ ਗੁਰਿਆਈ ਸੌਂਪੀ। ਪੰਥ ਦੀ ਸੰਕਲਪਨਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਆਰੰਭ ਹੁੰਦੀ ਹੈ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।।
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥
(ਗੁ.ਗ੍ਰੰ.ਸਾ. ਅੰਗ 966)
ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤਿ ਗੁਰੂ ਅੰਗਦ ਸਾਹਿਬ ਵਿੱਚ ਟਿਕਾ ਗੁਰਿਆਈ ਦੀ ਸੌਂਪਣਾ ਕੀਤੀ :
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
(ਗੁ.ਗ੍ਰੰ.ਸਾ. ਅੰਗ 966)
ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪ ਕੇ ਉਨ੍ਹਾਂ ਅੱਗੇ ਸੀਸ ਨਿਵਾਇਆ। ਆਪੇ ਗੁਰ ਚੇਲਾ’ ਦੀ ਪਾਈ ਹੋਈ ਇਹ ਪਿਰਤ ਦਸਮ ਪਾਤਸ਼ਾਹ ਤਕ ਨਿਰਵਿਘਨ ਚਲਦੀ ਰਹੀ। 1699 ਈ. ਦੀ ਵਿਸਾਖੀ ਨੂੰ ਖ਼ਾਲਸਾ ਸਾਜਣਾ ਹੋਈ ਤਾਂ ਸਖਸ਼ੀ ਗੁਰੂ ਦਾ ਸਿਲਸਿਲਾ ਸਮਾਪਤੀ ਵੱਲ ਵੱਧ ਰਿਹਾ ਸੀ। ਇਹ ਇੱਕ ਹੋਰ ਕਦਮ ਉਸ ਦਿਸ਼ਾ ਵੱਲ ਸੀ ਜਦੋਂ ਗੁਰੂ ਦੀਖਿਆ ਦਾ ਅਧਿਕਾਰ ਪੰਜ ਗੁਰਸਿੱਖਾਂ ਨੂੰ ਦਿੱਤਾ। ਗੁਰੂ ਦੀ ਜ਼ਿੰਮੇਵਾਰੀ ਨੂੰ ਵਰਤਣ ਦਾ ਅਧਿਕਾਰ ( delegation of power) ਪੰਜਾਂ ਪਾਸ ਆਉਣਾ ਇੱਕ ਮੀਲ ਪੱਥਰ ਸੀ।
1708 ਈ. ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਜੋਤਿ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਕੀਤੀ ਅਤੇ ਗੁਰੂ ਜੁਗਤ ਦੇ ਵਰਤਾਰੇ ਦਾ ਅਧਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੇਠਾਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ‘ਗੁਰੂ ਪੰਥ’ ਨੂੰ ਦੇ ਦਿੱਤਾ।