ਗੁਰੂ ਗ੍ਰੰਥ ਸਾਹਿਬ ਵਿੱਚ ਆਏ ਕਾਵਿ ਰੂਪਾਂ ਦੀ ਜਾਣਕਾਰੀ ਅਤੇ ਕੁਝ ਵਿਸ਼ੇਸ਼ ਸਿਰਲੇਖ ਬਾਣੀਆਂ
ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਾਵਿ ਰੂਪਾਂ ਦਾ ਵਿਲੱਖਣ ਸਰੂਪ ਪੇਸ਼ ਕੀਤਾ ਹੈ। ਇਨ੍ਹਾਂ ਦਾ ਅਸਲ ਭਾਵ ਤਾਂ ਕਾਵਿ ਰੂਪਾਂ ਵਾਲਾ ਹੈ ਪਰ ਗੁਰੂ ਸਾਹਿਬਾਨ ਨੇ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਇਹਨਾਂ ਨੂੰ ਕਾਵਿ ਰੂਪਾਂ ਤੋਂ ਵੱਖ ਕਰਦਿਆਂ ਹੋਇਆਂ ਇਹਨਾਂ ਦਾ ਅਧਿਆਤਮਕ ਪ੍ਰਸੰਗ ਸਥਾਪਿਤ ਕੀਤਾ ਹੈ ਅਤੇ ਕਿਸੇ ਖ਼ਾਸ ਨੁਕਤੇ ਵੱਲ ਇਸ਼ਾਰਾ ਵੀ ਕੀਤਾ ਹੈ। ਇਹਨਾਂ ਵਿੱਚ ਛੋਟੀਆਂ ਤੇ ਵੱਡੀਆਂ ਦੋਵੇਂ ਤਰ੍ਹਾਂ ਦੀਆਂ ਰਚਨਾਵਾਂ ਹਨ ਜਿਨ੍ਹਾਂ ਦਾ ਮੁੱਖ ਵਿਸ਼ਾ ਅਧਿਆਤਮਕ ਉਪਦੇਸ਼ ਹੈ। ਇਹਨਾਂ ਬਾਣੀਆਂ ਨੂੰ ਅਸੀਂ ਵਿਸਤਾਰ ਪੂਰਵਕ ਵੇਖਣ ਦਾ ਯਤਨ ਕਰਾਂਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਦਾ ਪਾਠਕ ਸੁਖੈਨ ਤਰੀਕੇ ਦੇ ਨਾਲ ਇਹਨਾਂ ਦੇ ਕਾਵਿ ਰੂਪ ਪ੍ਰਸੰਗ ਨੂੰ ਵੀ ਸਮਝ ਸਕੇ ਅਤੇ ਬਾਣੀ ਦੇ ਧੁਰ ਅੰਦਰਲੇ ਅਰਥਾਂ ਨਾਲ ਇਕਸੁਰਤਾ ਵੀ ਸਥਾਪਿਤ ਕਰ ਸਕੇ। ਧਰਮ ਗ੍ਰੰਥ ਬੇਸ਼ਕ ਸੁਖੈਨ ਕਾਰਜ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਂਦਾ ਹੈ ਪਰ ਇਹ ਸ਼ਬਦ ਸਾਧਾਰਨ ਸ਼ਬਦ ਨਾ ਹੋ ਕੇ ਰਹੱਸਾਤਮਕ ਸ਼ਬਦ ਹੁੰਦੇ ਹਨ ਜਿਨ੍ਹਾਂ ਵਿੱਚ ਗੁਹਜ ਅਰਥ ਛਿਪੇ ਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਾਵਿ ਰੂਪ ਸਿਰਲੇਖਾਂ ਨੂੰ ਵਿਸਤਾਰ ਪੂਰਵਕ ਵੇਖ ਲੈਣਾ ਪ੍ਰਸੰਗ ਯੁਕਤ ਹੋਵੇਗਾ :
- ਪਦਾ
ਆਮ ਕਰਕੇ ਛੰਦ ਦੇ ਇੱਕ ਭਾਗ ਨੂੰ ਹੀ ਪਦਾ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਪਦੇ ਦੀ ਵਰਤੋਂ ਬੰਦ ਲਈ ਵੀ ਕੀਤੀ ਗਈ ਹੈ। ਇਸ ਵਿੱਚ ਦੋ ਬੰਦਾਂ ਵਾਲੇ ਸ਼ਬਦ ‘ਦੁਪਦੇ’, ਤਿੰਨ ਬੰਦ ਵਾਲੇ ‘ਤਿਪਦੇ’, ਚਾਰ ਬੰਦਾਂ ਵਾਲੇ ‘ਚਉਪਦੇ’ ਅਤੇ ਪੰਚ ਬੰਦਾਂ ਵਾਲੇ ਸ਼ਬਦ ਨੂੰ ‘ਪੰਚਪਦੇ’ ਨਾਂ ਦਿੱਤਾ ਗਿਆ ਹੈ। ਅਸਲ ਵਿੱਚ ਜੋ ਵੀ ਕਾਵਿ ਰੂਪ ਮਾਤਰਾ ਦੇ ਨਿਯਮ ਵਿੱਚ ਆ ਜਾਂਦਾ ਹੈ, ਉਸਨੂੰ ‘ਪਦ’ ਦੀ ਸੰਗਿਆ ਦਿੱਤੀ ਜਾਂਦੀ ਹੈ।
ਗੁਰਬਾਣੀ ਵਿੱਚ ‘ਇਕਤੁਕੇ’ ਸਿਰਲੇਖ ਹੇਠ ਅਨੇਕ ਸ਼ਬਦ ਮਿਲਦੇ ਹਨ। ਜਿਸ ਸ਼ਬਦ ਦੇ ਹਰੇਕ ਪਦ ਵਿੱਚ ਮਿਲਵੇਂ ਤੁਕਾਂਤ ਵਾਲੀਆਂ ਦੋ ਛੋਟੀਆਂ-ਛੋਟੀਆਂ ਪੰਗਤੀਆਂ ਹੋਣ, ਪਰ ਉਹਨਾਂ ਨੂੰ ਇਕਠਿਆਂ ਇੱਕ ਤੁਕ ਵਾਂਗ ਬੋਲਣ ਨਾਲ ਇੱਕ ਸੰਪੂਰਨ ਵਿਚਾਰ ਬਣਦੀ ਹੋਵੇ, ਉਸਨੂੰ ‘ਇਕਤੁਕਾ’ ਕਿਹਾ ਜਾਂਦਾ ਹੈ। ਜਿਸ ਸ਼ਬਦ ਦੇ ਹਰੇਕ ਪਦੇ ਵਿੱਚ ਮਿਲਵੇਂ ਤੁਕਾਂਤ ਵਾਲੀਆਂ ਦੋ-ਦੋ ਤੁਕਾਂ ਹੋਣ, ਉਸਨੂੰ ‘ਦੁਤੁਕਾ’ ਕਹਿੰਦੇ ਹਨ। ਜਿਸ ਸ਼ਬਦ ਦੋ ਹਰੇਕ ਪਦੇ ਵਿੱਚ ਮਿਲਵੇਂ ਤੁਕਾਂਤ ਵਾਲੀਆਂ ਤਿੰਨ- ਤਿੰਨ ਤੁਕਾਂ ਹੋਣ, ਉਸਨੂੰ ‘ਤਿਤੁਕਾ’ ਕਿਹਾ ਜਾਂਦਾ ਹੈ।
- ਅਸਟਪਦੀ
ਭਾਰਤੀ ਕਾਵਿ ਰੂਪ ਵਿੱਚ ਅਸ਼ਟਪਦੀ ਦਾ ਆਪਣਾ ਵਿਲੱਖਣ ਮਹੱਤਵ ਹੈ। ਗੁਰੂ ਪਤਾਸ਼ਾਹ ਨੇ ਪਰੰਪਰਾਗਤ ਰੂਪ ਨੂੰ ਪੂਰਨ ਤੌਰ ਉੱਤੇ ਨਹੀਂ ਅਪਨਾਇਆ ਕਿਉਂਕਿ ਪਰੰਪਰਾ ਵਿੱਚ ਅਠਾਂ ਪਦਿਆਂ ਵਾਲੀ ਕੋਈ ਵੀ ਰਚਨਾ ਅਸ਼ਟਪਦੀ ਅਖਵਾਉਂਦੀ ਸੀ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੇ ਕਈ ਵਿਲੱਖਣ ਰੂਪ ਹਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਨੇ ਪਰੰਪਰਾ ਦੇ ਵਿੱਚੋਂ ਸਮਝਾਉਣ ਹਿਤ ਕਿਸੇ ਰੂਪ ਦੀ ਵਰਤੋਂ ਕੀਤੀ ਹੈ ਤਾਂ ਉਸਨੂੰ ਉਸੇ ਤਰ੍ਹਾਂ ਅਪਨਾਉਣ ਦਾ ਯਤਨ ਨਹੀਂ ਕੀਤਾ ਸਗੋਂ ਉਸਨੂੰ ਆਪਣੇ ਅਨੁਸਾਰ ਪੇਸ਼ ਕੀਤਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਅਸਟਪਦੀ ਦੋ ਤੁਕਾਂ ਤੋਂ ਲੈ ਕੇ ਅਠਾਂ, ਦਸਾਂ ਅਤੇ ਇਥੋਂ ਤਕ ਕਿ ਵੀਹ-ਵੀਹ ਪਦਿਆਂ ਦੀ ਵੀ ਹੈ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀਆਂ ਕਈ ਅਸਟਪਦੀਆਂ ਤਿੰਨ ਤੁਕਾਂ ਵਿੱਚ ਹੀ ਮਿਲਦੀਆਂ ਹਨ ਅਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀਆਂ ਸੁਖਮਨੀ ਸਾਹਿਬ ਵਿੱਚ ਦਸ-ਦਸ ਤੁਕਾਂ ਵਾਲੇ ਪਦਿਆਂ ਦੀ ਵੀ।
- ਸੋਲਹੇ
ਆਮ ਤੌਰ ਉੱਤੇ ਜਿਹੜੀ ਵੀ ਰਚਨਾ 16 ਪਦਿਆਂ ਵਾਲੀ ਹੁੰਦੀ ਹੈ, ਉਸਨੂੰ ‘ਸੋਲਹਾ’ ਕਿਹਾ ਜਾਂਦਾ ਹੈ। ਪ੍ਰੰਤੂ ਗੁਰੂ ਸਾਹਿਬ ਦੀ ਸੰਪਾਦਨਾ ਦੀ ਵਿਲੱਖਣਤਾ ਇਹ ਹੈ ਕਿ ਉਹਨਾਂ ਨੇ ਇਸ ਬੰਧਨ ਨੂੰ ਬਹੁਤ ਥਾਈਂ ਪ੍ਰਵਾਨ ਨਹੀਂ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 9, 15 ਅਤੇ ਇਥੋਂ ਤਕ ਕਿ 21 ਪਦਿਆਂ ਵਿੱਚ ਵੀ ‘ਸੋਲਹੇ’ ਨੂੰ ਦਰਜ ਕੀਤਾ ਗਿਆ ਹੈ। ਇਹਨਾਂ ਬਾਣੀਆਂ ਦਾ ਵਿਸ਼ਾ ਸੰਸਾਰ ਦੀ ਉਤਪਤੀ ਅਤੇ ਉਸਦੇ ਵਿਕਾਸ ਨਾਲ ਜੁੜਿਆ ਹੋਇਆ ਹੈ ਅਤੇ ਨਾਲ ਹੀ ਰੱਬ ਦੀ ਸਾਜੀ ਹੋਈ ਇਸ ਦੁਨੀਆ ਦੀ ਸੁੰਦਰਤਾ ਦਾ ਬਹੁਤ ਹੀ ਸੁੰਦਰ ਵਰਣਨ ਵੀ ਹੈ।
- ਛੰਤ
ਭਾਰਤੀ ਪਰੰਪਰਾ ਵਿੱਚ ਇਸ ਕਾਵਿ ਰੂਪ ਨੂੰ ਆਮ ਕਰਕੇ ਔਰਤਾਂ ਦੇ ਗੀਤਾਂ ਨਾਲ ਜੋੜਿਆ ਗਿਆ ਸੀ ਅਤੇ ਇਹਨਾਂ ਗੀਤਾਂ ਦਾ ਸਬੰਧ ਪ੍ਰੇਮ ਜਾਂ ਬਿਰਹਾ ਨਾਲ ਸੀ। ਗੁਰੂ ਪਾਤਸ਼ਾਹ ਨੇ ਇਹੀ ਪਿਆਰ ਦਾ ਪ੍ਰਗਟਾਅ ਪਰਮਾਤਮਾ ਨਾਲ ਕਰਕੇ ਜੀਵ ਨੂੰ ਇਸਤਰੀ ਰੂਪ ਵਿੱਚ ਪੇਸ਼ ਕੀਤਾ ਜੋ ਆਪਣੇ ਪ੍ਰੇਮੀ ਤੋਂ ਵਿੱਛੜੀ ਹੋਈ ਹੈ ਅਤੇ ਉਸ ਵਿੱਚ ਲੀਨ ਹੋਣ ਲਈ ਤੱਤਪਰ ਹੈ। ਉਸਦੀ ਯਾਦ ਉਸਨੂੰ ਵਿਆਕੁਲ ਕਰਦੀ ਹੈ ਅਤੇ ਵਿਆਕੁਲਤਾ ਵਿੱਚ ਉਹ ਆਪਣੇ ਪ੍ਰੀਤਮ ਦੀ ਸੇਜ ਮਾਨਣ ਲਈ ਉਸਦੀ ਉਡੀਕ ਕਰਦੀ ਹੈ।
- ਸਲੋਕ
ਭਾਰਤੀ ਪਰੰਪਰਾ ਵਿੱਚ ਕਿਸੇ ਦੀ ਉਸਤਤਿ ਵਿੱਚ ਕੀਤੀ ਗੱਲ ਜਾਂ ਬੋਲੇ ਸ਼ਬਦਾਂ ਨੂੰ ਸ਼ਲੋਕ ਕਿਹਾ ਜਾਂਦਾ ਹੈ, ਜਿਵੇਂ ਯਸ਼ ਦੇ ਛੰਤ ਨੂੰ ਸ਼ਲੋਕ ਆਖੀਦਾ ਹੈ। ਇਹ ਬਹੁਤ ਹੀ ਪੁਰਾਣਾ ਕਾਵਿ ਰੂਪ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸਦਾ ਬਹੁਤ ਖ਼ੂਬਸੂਰਤੀ ਨਾਲ ਬਖਾਨ ਕੀਤਾ ਹੋਇਆ ਹੈ। ਗੁਰਬਾਣੀ ਵਿੱਚ ਪਦਿਆਂ ਤੋਂ ਬਾਅਦ ਸਭ ਤੋਂ ਵਧੇਰੇ ਰੂਪ ਸਲੋਕਾਂ ਦੇ ਹੀ ਹਨ।
- ਵਾਰ
ਪੰਜਾਬੀ ਭਾਸ਼ਾ ਦਾ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਾਵਿ ਰੂਪ ਹੈ। ਇਸ ਦਾ ਸ਼ਾਬਦਿਕ ਅਰਥ ਹੈ ਜੋਸ਼ੀਲੇ ਗੀਤ ਜਿਸ ਵਿੱਚ ਕਿਸੇ ਸੂਰਮੇ-ਜੋਧਿਆਂ ਦੀਆਂ ਬਹਾਦੁਰੀਆਂ ਦਾ ਵਰਣਨ ਕੀਤਾ ਹੋਵੇ। ਇਹ ਬੀਰ-ਰਸ ਪ੍ਰਧਾਨ ਰਚਨਾਵਾਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੀ ਗਿਣਤੀ 22 ਹੈ। ਇਹਨਾਂ ਵਿੱਚੋਂ 21 ਵਾਰਾਂ ਦਾ ਸਬੰਧ ਗੁਰੂ ਸਾਹਿਬਾਨ ਨਾਲ ਹੈ ਅਤੇ 1 ਵਾਰ ਗੁਰੂ ਘਰ ਦੇ ਕੀਰਤਨੀਏ ਭਾਈ ਸਤਾ ਤੇ ਬਲਵੰਡ ਦੀ ਰਾਮਕਲੀ ਰਾਗ ਵਿੱਚ ਹੈ।
ਗੁਰੂ ਨਾਨਕ ਸਾਹਿਬ ਵੱਲੋਂ 3 ਵਾਰਾਂ ਰਾਗ ਮਾਝ, ਆਸਾ ਤੇ ਮਲਾਰ ਵਿੱਚ ਦਰਜ ਹਨ। ਗੁਰੂ ਅਮਰਦਾਸ ਜੀ ਦੀਆਂ 4 ਵਾਰਾਂ ਰਾਗ ਗੂਜਰੀ, ਸੂਹੀ, ਰਾਮਕਲੀ ਤੇ ਮਾਰੂ ਵਿੱਚ ਦਰਜ ਹਨ। ਗੁਰੂ ਰਾਮ ਦਾਸ ਜੀ ਦੀਆਂ 8 ਵਾਰਾਂ ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ ਅਤੇ ਕਾਨੜਾ ਰਾਗ ਵਿੱਚ ਦਰਜ ਹਨ। ਗੁਰੂ ਅਰਜਨ ਦੇਵ ਜੀ ਦੀਆਂ ਰਚਿਤ 6 ਵਾਰਾਂ ਰਾਗ ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ ਤੇ ਬਸੰਤ ਵਿੱਚ ਹਨ। ਸਤੇ ਬਲਵੰਡ ਦੀ ਵਾਰ ਅਤੇ ਬਸੰਤ ਦੀ ਵਾਰ ਤੋਂ ਛੁੱਟ ਬਾਕੀ ਹਰੇਕ ਵਾਰ ਦੀਆਂ ਪਉੜੀਆਂ ਦੇ ਨਾਲ ਗੁਰੂ ਸਾਹਿਬਾਨ ਦੇ ਸਲੋਕ ਵੀ ਦਰਜ ਹਨ।
- ਮੰਗਲ
ਮੰਗਲ ਦੇ ਸ਼ਾਬਦਿਕ ਅਰਥ ਅਨੰਦ, ਖ਼ੁਸ਼ੀ ਅਤੇ ਉਤਸ਼ਾਹ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਦੀ ਵਰਤੋਂ ਸਿਰਲੇਖ ਵਜੋਂ ਦੋ ਵਾਰ ਕੀਤੀ ਗਈ ਹੈ – ਛੰਤ ਬਿਲਾਵਲੁ ਮਹਲਾ ੪ ਮੰਗਲ ਅਤੇ ਬਿਲਾਵਲੁ ਮਹਲਾ ੫ ਛੰਤ ਮੰਗਲ। ਇਹਨਾਂ ਸਿਰਲੇਖਾਂ ਹੇਠ ਦਰਜ ਬਾਣੀ ਖ਼ੁਸ਼ੀ ਦੇ ਭਾਵਾਂ ਨੂੰ ਹੀ ਰੂਪਮਾਨ ਕਰਦੀ ਹੈ। ਬੇਸ਼ਕ ਇਹਨਾਂ ਸਿਰਲੇਖਾਂ ਤੋਂ ਬਿਨਾ ਮੰਗਲ ਸ਼ਬਦ ਦੀ ਵਰਤੋਂ ਬਹੁ-ਅਰਥਾਂ ਵਿੱਚ ਵੀ ਹੋਈ ਹੈ।
- ਥਿਤੀ ਤੇ ਥਿਤੀ
ਥਿਤੀ ਦਾ ਭਾਵ ਤਿਥੀ, ਤਾਰੀਖ ਜਾਂ ਸਮਾਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਇਸ ਸਿਰਲੇਖ ਹੇਠ ਦਰਜ ਹਨ। ਅਸਲ ਵਿੱਚ ਇਹਨਾਂ ਦੋਹਾਂ ਰਚਨਾਵਾਂ ਦਾ ਮੂਲ ਭਾਵ ਭਾਰਤੀ ਪਰੰਪਰਾ ਦੇ ਲੋਕਾਂ ਨੂੰ ਥਿਤਾਂ ਦੀ ਉਲਝਣ ਤੋਂ ਬਾਹਰ ਕੱਢਣਾ ਅਤੇ ਸ਼ੁਭ ਦਾ ਗਿਆਨ ਕਰਾਉਣਾ ਸੀ। ਗੁਰੂ ਸਾਹਿਬ ਨੇ ਭਰਮ ਦੇ ਮੁਕਾਬਲੇ ਭਗਤੀ, ਗਿਆਨ, ਸੇਵਾ ਅਤੇ ਸਿਮਰਨ ਦਾ ਉਪਦੇਸ਼ ਦਿੱਤਾ ਅਤੇ ਹਰ ਸਮੇਂ ਨੂੰ ਪਵਿੱਤਰ ਪ੍ਰਵਾਨ ਕੀਤਾ।
ਭਗਤ ਕਬੀਰ ਜੀ ਦੀ ਇੱਕ ਰਚਨਾ ‘ਥਿਤੀ’ ਹੈ ਜੋ ਗਉੜੀ ਰਾਗ ਵਿੱਚ ਦਰਜ ਕੀਤੀ ਗਈ। ਇਸ ਵਿੱਚ ਭਗਤ ਕਬੀਰ ਜੀ ਨੇ ਪੁਰਾਣੀ ਰੂੜ੍ਹੀਆਂ ਅਤੇ ਭਰਮਾਂ ਦਾ ਨਾਸ਼ ਕਰ ਪ੍ਰਭੂ ਦੇ ਨਾਮ ਸਿਮਰਨ ਨੂੰ ਹੀ ਅਸਲ ਰਸਤਾ ਦੱਸਿਆ ਹੈ।
9. ਦਿਨ ਰੈਣਿ
ਗੁਰੂ ਅਰਜਨ ਪਾਤਸ਼ਾਹ ਦਾ ਇੱਕ ਸ਼ਬਦ ਇਸ ਮਹੱਤਵਪੂਰਨ ਕਾਵਿ ਸਿਰਲੇਖ ਹੇਠ ਦਰਜ ਹੈ। ਇਸ ਸ਼ਬਦ ਵਿੱਚ ਪਰੰਪਰਾਗਤ ਕਰਮ-ਕਾਂਡਾਂ ਨੂੰ ਛੱਡ ਰੂਪ ਪਰਮਾਤਮਾ ਦੇ ਨਾਲ ਜੁੜਣ ਅਤੇ ਸ਼ੁਭ ਕਰਮ ਕਰਨ ਲਈ ਹਰ ਵਕਤ ਸਰਗਰਮ ਰਹਿਣ ਦਾ ਉਪਦੇਸ਼ ਦਿੱਤਾ ਗਿਆ ਹੈ। ਅਸਲ ਵਿੱਚ ਇਸ ਬਾਣੀ ਦਾ ਭਾਵ ਇਹ ਜਾਪਦਾ ਹੈ ਕਿ ਮਨੁੱਖ ਦਿਨ-ਰਾਤ ਅਕਾਲ ਪੁਰਖ ਦਾ ਨਾਮ ਜਪਦਿਆਂ ਖ਼ੁਦ ਅਕਾਲ ਪੁਰਖ ਦਾ ਰੂਪ ਹੋ ਜਾਵੇ।
- ਵਾਰ ਸਤ
ਪੰਜਾਬੀ ਸਭਿਆਚਾਰ ਵਿੱਚ ਇਸ ਕਾਵਿ ਰੂਪ ਨੂੰ ‘ਸਤ ਵਾਰ’ ਕਰਕੇ ਜਾਣਿਆ ਜਾਂਦਾ ਹੈ ਜਿਸ ਤੋਂ ਭਾਵ ਹੈ ਹਫ਼ਤੇ ਦੇ ਸਤ ਦਿਨ। ਇਹਨਾਂ ਦਿਨਾਂ ਨੂੰ ਆਧਾਰ ਬਣਾ ਕੇ ਕਿਸੇ ਖ਼ਾਸ ਭਾਵਨਾ ਦਾ ਪ੍ਰਗਟਾਅ ਕੀਤਾ ਜਾਂਦਾ ਹੈ। ਸੰਸਕ੍ਰਿਤ ਵਿੱਚ ਇਸੇ ਸ਼ਬਦ ਨੂੰ ਅਵਸਰ ਜਾਂ ਮੌਕੇ ਵਜੋਂ ਲਿਆ ਗਿਆ ਹੈ। ਅਧਿਆਤਮਕ ਮਹਾਪੁਰਖਾਂ ਵੱਲੋਂ ਇਸ ਸਤਵਾਰੇ ਨੂੰ ਆਪਣੇ ਅੰਦਰ ਦੀ ਤਾਂਘ ਦੇ ਪ੍ਰਗਟਾਅ ਦਾ ਮਾਧਿਅਮ ਬਣਾਇਆ ਗਿਆ ਹੈ। ਇਸ ਰਾਹੀਂ ਉਹ ਇਸ਼ਕ-ਹਕੀਕੀ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਨਾਲ ਹੀ ਇਹ ਪ੍ਰਵਾਨ ਕਰਦੇ ਹਨ ਕਿ ਇਸ ਰੱਬੀ ਪਿਆਰ ਨੂੰ ਉਹ ਸ਼ਬਦਾਂ ਵਿੱਚ ਬਿਆਨ ਕਰਨ ਤੋਂ ਅਸਮਰਥ ਵੀ ਹਨ ਕਿਉਂਕਿ ਇਸ਼ਕ-ਖ਼ੁਦਾਇ ਮਹਿਸੂਸ ਕਰਨਾ ਹੈ, ਬਿਆਨ ਕਰਨਾ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ‘ਵਾਰ ਸਤ’ ਨਾਂ ਦੀਆਂ ਦੋ ਬਾਣੀਆਂ ਹਨ, ਗੁਰੂ ਅਮਰਦਾਸ ਜੀ ਅਤੇ ਭਗਤ ਕਬੀਰ ਜੀ ਦੀ। ਇਹਨਾਂ ਦੋਹਾਂ ਰਚਨਾਵਾਂ ਦਾ ਸਿਰਲੇਖ ਮਨੁੱਖ ਨੂੰ ਥਿਤਾਂ ਤੇ ਵਾਰਾਂ ਦੇ ਅੰਧ- ਵਿਸ਼ਵਾਸ ਤੋਂ ਬਾਹਰ ਕੱਢਣ ਨਾਲ ਸਬੰਧਿਤ ਹੈ।
- ਰੁਤੀ
‘ਰੁਤੀ’ ਤੋਂ ਭਾਵ ਰੁੱਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਕਾਵਿ ਰੂਪ ਦੀ ਵਰਤੋਂ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ ਹੈ ਜਿਸ ਵਿੱਚ ਛੇ ਰੁੱਤਾਂ ਦਾ ਵਰਣਨ ਹੈ। ਇਸ ਵਿੱਚ ਪਰਮਾਤਮਾ ਨੂੰ ਮਿਲਣ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਹੈ ਅਤੇ ਉਸ ਤੋਂ ਵਿਛੋੜੇ ਨਾਲ ਪੈਦਾ ਹੁੰਦੀ ਤਾਂਘ ਨੂੰ ਵੀ ਪ੍ਰਗਟਾਇਆ ਹੈ। ਇਸ ਤਾਂਘ ਦਾ ਇੱਕੋ ਇੱਕ ਹਲ ਪਰਮਾਤਮਾ ਦਾ ਸਿਮਰਨ ਦੱਸਿਆ ਹੈ।
- ਬਾਰਹ ਮਾਹਾ
ਇਹ ਇੱਕ ਬਹੁਤ ਹੀ ਮਹੱਤਵਪੂਰਨ ਕਾਵਿ ਰੂਪ ਹੈ। ਇਸ ਦਾ ਸਬੰਧ ਬਿਰਹਾ ਨਾਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਿਰਲੇਖ ਹੇਠ ਦੋ ਰਚਨਾਵਾਂ ਦਰਜ ਹਨ – ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਤੇ ਮਾਝ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ। ਇੱਥੇ ਬੇਸ਼ਕ ਵਿਛੋੜਾ ਤੇ ਬਿਰਹਾ ਹੈ ਪਰ ਇਸ ਦਾ ਸਰੂਪ ਦੁਨਿਆਵੀ ਨਹੀਂ ਬਲਕਿ ਅਧਿਆਤਮਿਕ ਹੈ। ਇਹਨਾਂ ਰਚਨਾਵਾਂ ਵਿੱਚ ਕੁਦਰਤ ਵਿੱਚ ਬਦਲਦੇ ਵਰਤਾਰੇ ਨੂੰ ਪ੍ਰਤੀਕ ਵਜੋਂ ਲੈਂਦਿਆਂ ਮਨੁੱਖ ਦੇ ਧੁਰ ਅੰਦਰ ਉਠਦੀ ਬਿਹਬਲਤਾ ਅਤੇ ਅੰਦਰਲੀ ਤਬਦੀਲੀ ਦਾ ਖ਼ੂਬਸੂਰਤ ਢੰਗ ਨਾਲ ਵਰਣਨ ਕੀਤਾ ਗਿਆ ਹੈ।
- ਪਟੀ
ਪਟੀ ਦਾ ਸ਼ਾਬਦਿਕ ਅਰਥ ਫੱਟੀ ਜਾਂ ਤਖ਼ਤੀ ਹੈ ਜਿਸ ਉੱਤੇ ਬੱਚੇ ਵਰਣਮਾਲਾ ਲਿਖ ਕੇ ਸਿੱਖਦੇ ਹਨ। ਇਸੇ ਨੂੰ ਹੀ ਕਾਵਿ ਰੂਪ ਪ੍ਰਵਾਨ ਕਰਦਿਆਂ ਪੰਜਾਬ ਵਿੱਚ ਪਟੀ ਕਿਹਾ ਜਾਣ ਲੱਗਾ। ਫ਼ਾਰਸੀ ਅਤੇ ਸੰਸਕ੍ਰਿਤ ਦੋਹਾਂ ਵਿੱਚ ਹੀ ਇਸਦੇ ਰੂਪ ਮਿਲਦੇ ਹਨ ਜਿਨ੍ਹਾਂ ਨੂੰ ‘ਸੀਹਰਫ਼ੀ’ ਅਤੇ ‘ਬਾਵਨ ਅਖਰੀ’ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨਾਂ ਦੀਆਂ ਦੋ ਰਚਨਾਵਾਂ ਆਸਾ ਰਾਗ ਵਿੱਚ ਦਰਜ ਹਨ ਜਿਨ੍ਹਾਂ ਦਾ ਸਬੰਧ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅਮਰਦਾਸ ਜੀ ਨਾਲ ਹੈ। ਅਸਲ ਵਿੱਚ ਪਟੀ ਵਿੱਚ ਹਰ ਪੰਗਤੀ ਲਿਪੀ ਦੇ ਅੱਖਰ ਨਾਲ ਸ਼ੁਰੂ ਹੁੰਦੀ ਹੈ। ਇਸ ਰਚਨਾ ਦਾ ਵਿਸ਼ਾ ਦਾਰਸ਼ਨਿਕ ਸਿਧਾਂਤਾਂ ਨਾਲ ਜੁੜਿਆ ਹੋਇਆ ਹੈ। ਜੀਵ ਦੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਅਤੇ ਉਸ ਰਸਤੇ ਉਤੇ ਚਲਣ ਦੀਆਂ ਪ੍ਰਾਪਤੀਆਂ ਅਤੇ ਮਾਰਗ-ਦਰਸ਼ਕ ਵਜੋਂ ਗੁਰੂ ਦੀ ਲੋੜ ਦੀ ਮਹਿਮਾ ਦਾ ਇਸ ਵਿੱਚ ਵਰਣਨ ਹੈ। ਸਿੱਖ ਰਵਾਇਤ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਸਕੂਲ ਵਿੱਚ ਦਾਖ਼ਲ ਹੋਣ ਉਪ੍ਰੰਤ ਪਾਂਧੇ ਨੂੰ ਪੜ੍ਹਾਉਣ ਲਈ ‘ਪਟੀ’ ਦੀ ਰਚਨਾ ਕੀਤੀ।
- ਬਾਵਨ ਅਖਰੀ
52 ਅੱਖਰਾਂ ਦੀ ਵਿਆਖਿਆ ਅਤੇ ਇਹਨਾਂ ਅੱਖਰਾਂ ਨੂੰ ਆਧਾਰ ਬਣਾ ਕੇ ਦਿੱਤੇ ਗਏ ਉਪਦੇਸ਼ ਵਾਲੀ ਰਚਨਾ ਨੂੰ ‘ਬਾਵਨ ਅਖਰੀ’ ਦਾ ਨਾਂ ਦਿੱਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਿਰਲੇਖ ਹੇਠ ਦੋ ਰਚਨਾਵਾਂ ਗੁਰੂ ਅਰਜਨ ਪਾਤਸ਼ਾਹ ਅਤੇ ਭਗਤ ਕਬੀਰ ਜੀ ਦੀਆਂ ਮਿਲਦੀਆਂ ਹਨ ਜੋ ਕਿ ਗਉੜੀ ਰਾਗ ਵਿੱਚ ਦਰਜ ਹਨ। ਗੁਰੂ ਅਰਜਨ ਦੇਵ ਜੀ ਦੀ ਇਸ ਰਚਨਾ ਦੀਆਂ 55 ਪਉੜੀਆਂ ਹਨ ਅਤੇ ਪਉੜੀਆਂ ਦੇ ਮੁੱਢਲੇ ਅੱਖਰਾਂ ਦਾ ਉਚਾਰਣ ਗੁਰਮੁਖੀ ਵਰਣਮਾਲਾ ਦਾ ਹੈ। ਭਗਤ ਕਬੀਰ ਜੀ ਦੀ ਰਚਨਾ ਦੇ 45 ਛੰਤ ਹਨ ਅਤੇ ਇਸ ਰਚਨਾ ਵਿੱਚ ਬੇਸ਼ਕ 52 ਅੱਖਰਾਂ ਦੀ ਵਰਤੋਂ ਨਹੀਂ ਕੀਤੀ ਗਈ ਪਰ ਕਾਵਿ ਰੂਪ ਕਰਕੇ ਇਸਨੂੰ ‘ਬਾਵਨਅਖਰੀ’ ਕਿਹਾ ਗਿਆ ਹੈ।
- ਸਦੁ
‘ਸਦੁ’ ਦੇ ਕਾਵਿ ਰੂਪ ਪ੍ਰਬੰਧ ਵਿੱਚ ਅਨੇਕਾਂ ਅਰਥ ਕੀਤੇ ਗਏ ਹਨ। ਆਮ ਕਰਕੇ ਸਦੁ ਉਸਨੂੰ ਕਿਹਾ ਜਾਂਦਾ ਸੀ ਜਦੋਂ ਕਿਸੇ ਵੀ ਫਿਰਕੇ ਦਾ ਵਿਰਕਤ ਸਾਧੂ ਕਿਸੇ ਗ੍ਰਹਿਸਤੀ ਦੇ ਬੂਹੇ ਅੱਗੇ ਗਜਾ ਕਰਨ ਹਿਤ ਲੰਮੀ ਆਵਾਜ਼ ਲਗਾਉਂਦਾ ਸੀ। ਗੁਰਬਾਣੀ ਵਿੱਚ ਆਮ ਕਰਕੇ ਇਸਦੀ ਵਰਤੋਂ ਰੱਬੀ ਬੁਲਾਵੇ ਵਜੋਂ ਲਈ ਗਈ ਹੈ। ‘ਸਦੁ’ ਇੱਕ ਵਿਸ਼ੇਸ਼ ਬਾਣੀ ਦਾ ਸਿਰਲੇਖ ਵੀ ਹੈ ਜੋ ਬਾਬਾ ਸੁੰਦਰ ਜੀ ਦੀ ਰਚਨਾ ਹੈ ਅਤੇ ਇਸ ਬਾਣੀ ਦਾ ਸਬੰਧ ਗੁਰੂ ਅਮਰ ਦਾਸ ਜੀ ਦੇ ਅੰਤਿਮ ਸਮੇਂ ਕੀਤੇ ਉਪਦੇਸ਼ ਨਾਲ ਹੈ।
- ਕਾਫੀ
‘ਕਾਫੀ’ ਸ਼ਬਦ ਦਾ ਸਬੰਧ ਅਰਬ ਦੇਸ਼ ਦੀ ਭਾਸ਼ਾ ਦੇ ਨਾਲ ਹੈ ਅਤੇ ਇਸਦੇ ਸ਼ਾਬਦਿਕ ਅਰਥ ਹਨ ਪਿੱਛੇ ਚਲਣਾ। ਇਸਲਾਮ ਧਰਮ ਦੇ ਫ਼ਕੀਰ ਆਮ ਕਰਕੇ ਇਸਨੂੰ ਰੱਬੀ ਉਸਤਤਿ ਕਰਦਿਆਂ ਗਾਇਆ ਕਰਦੇ ਸਨ ਅਤੇ ਉਹਨਾਂ ਦੇ ਪਿੱਛੇ-ਪਿੱਛੇ ਉਹਨਾਂ ਦੇ ਪੈਰੋਕਾਰ ਗਾਇਨ ਕਰਦੇ ਸਨ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਸਨੂੰ ਇੱਕ ਰਾਗਣੀ ਪ੍ਰਵਾਨ ਕੀਤਾ ਹੈ।
- ਡਖਣਾ
ਇਸ ਸਿਰਲੇਖ ਹੇਠ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਦਰਜ ਹੈ। ਇਹ ਕੋਈ ਛੰਤ ਨਹੀਂ ਹੈ ਪਰ ਇਹ ਗੁਰੂ ਨਾਨਕ ਦੇਵ ਜੀ ਦੀ ਜਨਮ-ਭੂਮਿ ਤੋਂ ਦੱਖਣ ਵੱਲ ਦੀ ਭਾਸ਼ਾ ਹੈ। ਉਥੋਂ ਦੇ ਲੋਕ ਆਮ ਕਰਕੇ ‘ਦ’ ਦੀ ਥਾਂ ‘ਡ’ ਦੀ ਵਰਤੋਂ ਕਰਦੇ ਸਨ। ਪੱਛਮੀ ਪੰਜਾਬ ਵਿੱਚ ਇਸਦਾ ਅਰਥ ਸੂਤਰਵਾਨ ਕੀਤਾ ਜਾਂਦਾ ਹੈ। ਇਹਨਾਂ ਅਰਥਾਂ ਅਨੁਸਾਰ ਉਂਠਾਂ ਵਾਲੇ ਆਪਣੀ ਯਾਤਰਾ ਦਰਮਿਆਨ ਜਿਹੜੇ ਗੀਤ ਹੇਕ ਲਾ ਕੇ ਗਾਉਂਦੇ, ਉਹਨਾਂ ਨੂੰ ‘ਡਖਣੇ’ ਕਿਹਾ ਜਾਣ ਲੱਗਾ।
- ਗਾਥਾ
ਗੁਰੂ ਗ੍ਰੰਥ ਸਾਹਿਬ ਵਿੱਚ ਸਹਸਕ੍ਰਿਤੀ ਸਲੋਕਾਂ ਤੋਂ ਪਿੱਛੋਂ ‘ਗਾਥਾ’ ਦੀ ਵਰਤੋਂ ਕੀਤੀ ਗਈ ਹੈ। ਅਸਲ ਵਿੱਚ ਇਹ ਇੱਕ ਛੰਤ ਰੂਪ ਹੈ। ਛੰਤ ਦਾ ਭਾਵ ਆਮ ਕਰਕੇ ਗਾਇਨ ਤੋਂ ਵੀ ਲਿਆ ਜਾਂਦਾ ਹੈ ਜੋ ਕਿਸੇ ਖ਼ਾਸ ਪ੍ਰਸੰਗ (ਗਾਥਾ) ਨੂੰ ਗੀਤ ਰੂਪ ਵਿੱਚ ਪੇਸ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ‘ਗਾਥਾ’ ਰਚਨਾ ਰਾਹੀਂ ਮਨੁੱਖ ਅਉਗੁਣ ਛੱਡਣ ਅਤੇ ਪਰਮਾਤਮ ਨਾਮ ਨਾਲ ਜੋੜਣ ਦੇ ਨਾਲ-ਨਾਲ ਪਰਮਾਤਮਾ ਨਾਮ ਸਿਮਰਨ ਦੀਆਂ ਪ੍ਰਾਪਤੀਆਂ ਦਾ ਬਿਉਰਾ ਵੀ ਦਿੱਤਾ ਗਿਆ ਹੈ।
- ਫੁਨਹੇ
ਭਾਰਤੀ ਪਰੰਪਰਾ ਵਿੱਚ ਖ਼ੁਸ਼ੀ ਸਮੇਂ ਦੇ ਗੀਤ ਭਾਵ ਬੱਚੇ ਦਾ ਜਨਮ, ਦੁਲਹੇ ਤੇ ਦੁਲਹਨ ਦੀ ਤਿਆਰੀ ਆਦਿ ਦੇ ਸਮੇਂ ਗਾਇਨ ਕੀਤੇ ਜਾਣ ਵਾਲੇ ਗੀਤਾਂ ਨੂੰ ‘ਫੁਨਹੇ’ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸਮੇਂ ਨੂੰ ਮੰਗਲਮਈ ਸਮਝਿਆ ਜਾਂਦਾ ਹੈ ਅਤੇ ਉਪਦੇਸ਼ ਕੀਤਾ ਗਿਆ ਹੈ ਕਿ ਹਰ ਵਕਤ ਉਸ ਪ੍ਰੀਤਮ ਪਿਆਰੇ ਦੀ ਉਸਤਤਿ, ਵਿੱਚ ਗਾਇਨ ਕਰਨਾ ਤਾਂ ਕਿ “ਇਹ ਲੋਕ ਸੁਖੀਏ ਪਰਲੋਕ ਸਹੇਲੋ” ਦਾ ਪਸੰਗ ਸਥਾਪਿਤ ਹੋ ਸਕੇ।
- ਸਲੋਕ ਸਹਸਕ੍ਰਿਤੀ
ਇਹ ਉਹਨਾਂ ਸਲੋਕਾਂ ਦਾ ਸਿਰਲੇਖ ਹੈ ਜਿਹੜੇ ਸੰਸਕ੍ਰਿਤ ਭਾਸ਼ਾ ਦੀ ਰੰਗਤ ਨੂੰ ਰੂਪਮਾਨ ਕਰਦੇ ਹਨ। ਗੁਰੂ ਸਾਹਿਬ ਦੇ ਵੇਲੇ ਕਈ ਬੋਲੀਆਂ ਦੀ ਵਰਤੋਂ ਹੁੰਦੀ ਸੀ ਜਿਨ੍ਹਾਂ ਵਿੱਚ ਧਾਰਮਿਕ ਲੋਕ ਆਮ ਕਰਕੇ ਗਾਥਾ ਜਾਂ ਸਹਸਕ੍ਰਿਤੀ ਦੀ ਵਰਤੋਂ ਕਰਦੇ ਸਨ। ਇਹ ਆਮ ਕਰਕੇ ਸਾਰੇ ਹਿੰਦੁਸਤਾਨ ਵਿੱਚ ਹੀ ਸਮਝੀ ਜਾਂਦੀ ਸੀ। ਜੇ ਬਹੁਤ ਹੀ ਸੁਖੈਨ ਤਰੀਕੇ ਨਾਲ ਇਸਨੂੰ ਬਿਆਨ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਦੇਸੀ ਅਤੇ ਸੰਸਕ੍ਰਿਤ ਦਾ ਰਲਿਆ-ਮਿਲਿਆ ਰੂਪ ਸਹਸਕ੍ਰਿਤੀ ਹੈ। ਗੁਰੂ ਪਾਤਸ਼ਾਹ ਨੇ ਇਹਨਾਂ ਸਲੋਕਾਂ ਵਿੱਚ ਜਿੱਥੇ ਕਰਮ-ਕਾਂਡਾਂ ਦੀ ਨਿਖੇਧੀ ਕੀਤੀ ਹੈ, ਉੱਥੋ ਰੱਬ ਨਾਲ ਇਕਸੁਰਤਾ ਕਾਇਮ ਕਰਨ ਅਤੇ ਸਮਾਜਿਕ ਰਿਸ਼ਤਿਆਂ ਦੀ ਨਾਸ਼ਮਾਨਤਾ ਨੂੰ ਰੂਪਮਾਨ ਕੀਤਾ ਹੈ। ਇਸਦੇ ਨਾਲ ਹੀ ਮਨੁੱਖੀ ਜੀਵਨ ਦਾ ਇੱਕੋ-ਇੱਕ ਨਿਸ਼ਾਨਾ “ਗੋਬਿੰਦ ਮਿਲਣ ਕੀ ਏਹ ਤੇਰੀ ਬਰੀਆ” ਨਿਸ਼ਚਿਤ ਕੀਤਾ ਹੈ।
- ਸਲੋਕ ਵਾਰਾਂ ਤੇ ਵਧੀਕ
ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਸਰੂਪ ਤੋਂ ਸਪਸ਼ਟ ਹੈ ਕਿ ਇਸ ਵਿੱਚ 22 ਵਾਰਾਂ ਦਰਜ ਹਨ। ਵਾਰਾਂ ਵਿੱਚ ਸਲੋਕ ਦਰਜ ਕਰਨ ਤੋਂ ਬਾਅਦ ਜਿਹੜੇ ਸਲੋਕ ਬਚ ਗਏ, ਉਹਨਾਂ ਨੂੰ ਇੱਕ ਵੱਖਰਾ ਸਿਰਲੇਖ ਦਿੱਤਾ ਗਿਆ ਜਿਸਨੂੰ ‘ਸਲੋਕ ਵਾਰਾਂ ਤੇ ਵਧੀਕ’ ਕਿਹਾ ਜਾਂਦਾ ਹੈ। ਇਹਨਾਂ ਸਲੋਕਾਂ ਦਾ ਵਿਸ਼ਾ ਵੱਖਰਾ-ਵੱਖਰਾ ਹੈ ਅਤੇ ਹਰ ਸਲੋਕ ਵਿਸ਼ੇ ਦੇ ਪੱਖੋਂ ਪੂਰਨ ਤੌਰ ਉੱਤੇ ਸੁਤੰਤਰ ਹੈ।
ਗੁਰੂ ਸਾਹਿਬ ਨੇ ਬੇਸ਼ਕ ਇਹਨਾਂ ਕਾਵਿ ਰੂਪਾਂ ਨੂੰ ਮਾਧਿਅਮ ਵਜੋਂ ਅਪਨਾਇਆ ਪਰ ਉਹਨਾਂ ਨੂੰ ਆਪਣਾ ਰੂਪ ਅਤੇ ਆਪਣੇ ਅਰਥ ਦਿੱਤੇ, ਜਿਸ ਨਾਲ ਇਹਨਾਂ ਦਾ ਸਬੰਧ ਨਿਰਾ ਕਾਵਿ-ਰੂਪ ਨਾ ਹੋ ਕੇ “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ” ਦਾ ਪ੍ਰਸੰਗ ਸਥਾਪਿਤ ਕਰ ਦਿੱਤਾ।
ਉਪਰੋਕਤ ਸਿਰਲੇਖਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਹੋਰ ਮਹੱਤਵਪੂਰਨ ਸਿਰਲੇਖ ਵੀ ਹਨ ਜਿਨ੍ਹਾਂ ਦਾ ਸਬੰਧ ਬਾਣੀ ਗਾਇਨ ਨਾਲ ਹੈ। ਇਹਨਾਂ ਸਿਰਲੇਖਾਂ ਉੱਤੇ ਨਿਗਾਹ ਮਾਰ ਲੈਣੀ ਵੀ ਵਾਜਿਬ ਹੋਵੇਗੀ :
- ਧੁਨੀ
ਧੁਨੀ ਦਾ ਸ਼ਾਬਦਿਕ ਅਰਥ ਹੈ ਸਵਰਾਂ ਦਾ ਅਲਾਪ, ਗੂੰਜ, ਗਾਉਣ ਦਾ ਢੰਗ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ‘ਆਦਿ ਗ੍ਰੰਥ’ ਦੀ ਸੰਪਾਦਨਾ ਦੇ ਸਮੇਂ 9 ਅਜਿਹੀਆਂ ਵਾਰਾਂ ਚੁਣੀਆਂ ਜਿਨ੍ਹਾਂ ਉੱਤੇ ਗਾਉਣ ਦਾ ਵਿਧਾਨ ਦਰਜ ਕੀਤਾ ਹੈ। ਇਹਨਾਂ 9 ਧੁਨੀਆਂ ਉੱਤੇ ਹੀ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਰਬਾਬੀਆਂ ਕੋਲੋਂ ਵਾਰਾਂ ਦਾ ਗਾਇਨ ਕਰਾ ਸਿੱਖਾਂ ਵਿੱਚ ਬੀਰ ਰਸ ਪੈਦਾ ਕੀਤਾ। ਇਹ 9 ਧੁਨੀਆਂ ਇਸ ਤਰ੍ਹਾਂ ਹਨ :
1. ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਅੰਗ 137
ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ।
- ਗਉੜੀ ਕੀ ਵਾਰ ਮਹਲਾ ੫ – ਅੰਗ 318
ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ।
- ਆਸਾ ਮਹਲਾ ੧ ਵਾਰ ਸਲੋਕਾ ਨਾਲਿ – ਅੰਗ 462
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ।
4. ਗੂਜਰੀ ਕੀ ਵਾਰ ਮਹਲਾ ੩ – ਅੰਗ 508
ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ।
5.ਵਡਹੰਸ ਕੀ ਵਾਰ ਮਹਲਾ ੪ – ਅੰਗ 585
ਲਲਾਂ ਬਹਲੀਮਾ ਕੀ ਧੁਨਿ ਗਾਵਣੀ।
6.ਰਾਮਕਲੀ ਕੀ ਵਾਰ ਮਹਲਾ ੩ – ਅੰਗ 947
ਜੋਧੈ ਵੀਰੈ ਪੂਰਬਾਣੀ ਕੀ ਧੁਨੀ
- ਸਾਰੰਗ ਕੀ ਵਾਰ ਮਹਲਾ ੪ – ਅੰਗ 1237
ਰਾਇ ਮਹਮੇ ਹਸਨੇ ਕੀ ਧੁਨਿ
8.ਵਾਰ ਮਲਾਰ ਕੀ ਮਹਲਾ ੧ – ਅੰਗ 1278
ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ।
9.ਕਾਨੜੇ ਕੀ ਵਾਰ ਮਹਲਾ ੪ – ਅੰਗ 1312
ਮੂਸੇ ਕੀ ਵਾਰ ਕੀ ਧੁਨੀ।
- ਪਉੜੀ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਾਰਾਂ ਦੇ ਕਈ ਛੰਦ ‘ਪਉੜੀ’ ਸਿਰਲੇਖ ਹੇਠ ਵੀ ਦਰਜ ਵੇਖੇ ਜਾ ਸਕਦੇ ਹਨ। ਪਉੜੀ ਇੱਕ ਤਰ੍ਹਾਂ ਦਾ ਛੰਦ ਪ੍ਰਬੰਧ ਹੈ। ਇਸ ਵਿੱਚ ਵਿਸ਼ੇਸ਼ ਕਰਕੇ ਯੁੱਧ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਛੰਦ ਵੀ ਪਉੜੀ ਦੇ ਨਾਮ ਤੋਂ ਹੀ ਪ੍ਰਸਿੱਧ ਹਨ।
- ਪੜਤਾਲ
ਪੜਤਾਲ ਦਾ ਸਬੰਧ ਗਾਇਨ ਨਾਲ ਹੈ। ਪੜਤਾਲ ਤੋਂ ਭਾਵ ਹੈ ਪੱਟਤਾਲ, ਚਾਰ ਤਾਲ ਦਾ ਭੇਦ। ਕੀਰਤਨ ਵਿੱਚ ਤਾਲ ਨੂੰ ਵਾਰ-ਵਾਰ ਪਰਤਾਏ ਜਾਣ ਨੂੰ ਪੜਤਾਲ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ ਸਿਰਲੇਖ ‘ਪੜਤਾਲ’ ਇਸ ਗਲ ਦਾ ਸੂਚਕ ਹੈ ਕਿ ਇਸ ਸ਼ਬਦ ਦੇ ਗਾਇਨ ਸਮੇਂ ਸ਼ਬਦ ਦੇ ਹਰ ਅੰਤਰੇ ‘ਤੇ ਤਬਲੇ ਦੀ ਤਾਲ ਬਦਲਨੀ ਹੈ।
- ਘਰ
ਘਰ ਦਾ ਸਬੰਧ ਵੀ ਕੀਰਤਨ ਨਾਲ ਹੈ। ਗੁਰਮਤਿ ਸੰਗੀਤ ਵਿੱਚ ਇਸਨੂੰ ਦੋ ਅਰਥਾਂ ਵਿੱਚ ਵੇਖਿਆ ਗਿਆ ਹੈ – ਤਾਲ ਤੇ ਸਵਰ। ਗੁਰੂ ਗ੍ਰੰਥ ਸਾਹਿਬ ਵਿੱਚ 1 ਤੋਂ 17 ਤੀਕ ਘਰ ਲਿਖੇ ਹਨ। ਇਸ ਤੋਂ ਗਾਇਨ ਕਰਨ ਵਾਲੇ ਨੂੰ ਸੂਚਨਾ ਮਿਲਦੀ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਦੇ ਸ੍ਰਰ-ਪ੍ਰਸਾਰ ਅਨੁਸਾਰ ਗਾਉਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂ ਦੇ ਸਿਰਲੇਖ ‘ਤੇ ਆਏ ‘ਘਰ’ ਤੋਂ ਭਾਵ ਹੈ ਇਸ ਸ਼ਬਦ ਦਾ ਗਾਇਨ ਕਿਸ ਘਰ ਵਿੱਚ ਹੋਣਾ ਹੈ।
5 . ਰਹਾਉ
ਇਹ ਮੰਨਿਆ ਜਾਂਦਾ ਹੈ ਕਿ ਸ਼ਬਦ ਦਾ ਕੇਂਦਰੀ ਸਬੰਧ ਰਹਾਉ ਦੀ ਤੁਕ ਵਿੱਚ ਹੁੰਦਾ ਹੈ। ਰਹਾਉ ਦਾ ਅਰਥ ਟੇਕ ਜਾਂ ਸਥਾਈ ਹੈ ਅਤੇ ਉਹ ਪਦ ਜੋ ਗਾਉਣ ਵੇਲੇ ਵਾਰ-ਵਾਰ ਅੰਤਰੇ ਪਿੱਛੋਂ ਵਰਤਿਆ ਜਾਂਦਾ ਹੈ।
- ਰਹਾਉ ਦੂਜਾ
ਇੱਕ ਸ਼ਬਦ ਵਿੱਚ ਜਿੱਥੇ ਸਥਾਈ ਲਈ ਦੋ ਤੁਕਾਂ ਰਚੀਆਂ ਹਨ, ਉੱਥੇ ਇਹ ਪਦ ਵਰਤਿਆ ਹੈ, ਅਤੇ ਦੋਹਾਂ ਵਿੱਚੋਂ ਗਾਇਨ ਕਰਨ ਵਾਲੇ ਦੀ ਮਰਜ਼ੀ ਹੈ, ਜਿਸ ਟੇਕ ਨੂੰ ਚਾਹੇ ਵਰਤ ਲਵੇ।
- ਜਤਿ
ਜਿਵੇਂ ਆਇਆ ਹੈ “ਬਿਲਾਵਲ ਮ: ੧ ਥਿਤੀ ਘਰੁ ੧੦ ਜਤਿ’ – ਇਹ ਜਤਿ ਸੰਕੇਤ ਹੈ ਤਬਲੇ ਵਾਲੇ ਲਈ ਕਿ ਉਸਨੇ ਇਸ ਸ਼ਬਦ ਦੇ ਗਾਇਨ ਸਮੇਂ ਖੱਬਾ ਹੱਥ ਤਬਲੇ ਤੋਂ ਚੁੱਕ ਕੇ ਖੁਲ੍ਹਾ ਵਜਾਉਣਾ ਹੈ। ਇਸ ਤਰ੍ਹਾਂ ‘ਗਤਿ’ ਹੁੰਦਾ ਹੈ ਜਦ ਸੱਜਾ ਹੱਥ ਕਿਨਾਰੇ ‘ਤੇ ਰੱਖ ਕੇ ਹਰਫ ਕੱਢੇ ਅਤੇ ਸਾਥ ਜਾਂ ਕੜਕਟ ਉਦੋਂ ਹੁੰਦਾ ਹੈ ਜਦ ਦੋਵੇਂ ਹੱਥ ਖੁਲ੍ਹੇ ਵੱਜਣ।
ਇਹਨਾਂ ਉਕਤ ਸਿਰਲੇਖਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਹੋਰ ਸਿਰਲੇਖ ਵੀ ਵਰਤੇ ਗਏ ਹਨ ਜਿਵੇਂ ਪਹਿਰਿਆ ਕੈ ਘਰਿ ਗਾਵਣਾ, ਜੁਮਲਾ, ਜੋੜ, ਸੁਧ, ਸੁਧ ਕੀਚੈ ਆਦਿ।