ਗੁਰੂ ਸਾਹਿਬਾਨ
ਗੁਰੂ ਸਾਹਿਬਾਨ ਦੀ ਸਮੁੱਚੀ ਬਾਣੀ ‘ਨਾਨਕ’ ਛਾਪ ਹੇਠ ਦਰਜ ਹੈ। ਪਰ ਇਹ ਦੱਸਣ ਲਈ ਕਿ ਇਹ ਬਾਣੀ ਕਿਸ ਗੁਰੂ ਸਾਹਿਬਾਨ ਦੀ ਹੈ, ‘ਮਹਲਾ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
‘ਮਹਲਾ’ ਅਰਬੀ ਭਾਸ਼ਾ ਦੇ ਸ਼ਬਦ ਹਲੂਲ ਤੋਂ ਲਿਆ ਮੰਨਿਆ ਜਾਂਦਾ ਹੈ। ਹਲੂਲ ਦਾ ਅਰਥ ਹੈ ਉਤਰਨ ਦੀ ਥਾਂ। ਦੂਜਾ ‘ਮਹਲਾ’ ਦੇ ਅਰਥ ਸਰੀਰ ਲਈ ਵੀ ਕੀਤੇ ਗਏ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਨੌਵੇਂ ਗੁਰੂ ਸਾਹਿਬ ਦੀ ਬਾਣੀ ਦਰਜ ਹੈ।
ਮਹਲਾ ੧ ਦਾ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਲਾ ੨ ਦਾ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਮਹਲਾ ੩ ਦਾ ਭਾਵ ਸ੍ਰੀ ਗੁਰੂ ਅਮਰਦਾਸ ਜੀ ਮਹਲਾ ੪ ਦਾ ਭਾਵ ਸ੍ਰੀ ਗੁਰੂ ਰਾਮ ਦਾਸ ਜੀ ਮਹਲਾ ੫ ਦਾ ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਲਾ ੯ ਦਾ ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ
ਗੁਰੂ ਨਾਨਕ ਦੇਵ ਜੀ
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈਂ ਨੂੰ ਰਾਇ ਭੋਏ ਕੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ। ਪਿਤਾ ਦਾ ਸਬੰਧ ਅਮੀਰ ਪਰਿਵਾਰ ਨਾਲ ਸੀ ਅਤੇ ਕਿੱਤਾ ਪਟਵਾਰੀ ਸੀ। ਆਪ ਦੀ, ਆਪ ਤੋਂ ਵੱਡੀ ਇੱਕ ਭੈਣ ਸੀ ਜਿਸਨੂੰ ਸਿੱਖ ਇਤਿਹਾਸ ਵਿੱਚ ਬੇਬੇ ਨਾਨਕੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ ਜੀ ਦਾ ਬਚਪਨ ਪਿੰਡ ਵਿੱਚ ਹੀ ਬੀਤਿਆ ਜਿੱਥੇ ਆਪ ਨੇ ਪੰਡਿਤ ਗੋਪਾਲ, ਬ੍ਰਿਜ ਲਾਲ ਅਤੇ ਮੌਲਵੀ ਜੀ ਕੋਲੋਂ ਸਿੱਖਿਆ ਗ੍ਰਹਿਣ ਕੀਤੀ।
ਜਨਮਸਾਖੀ ਅਨੁਸਾਰ ਆਪ ਜੀ ਦੀ ਮਹੱਤਵਪੂਰਨ ਰਚਨਾ ‘ਪਟੀ’ ਸਕੂਲ ਜਾਣ ਦੇ ਪਹਿਲੇ ਦਿਨ ਅਤੇ ਉਮਰ ਦੇ ਸਤਵੇਂ ਸਾਲ ਵਿੱਚ ਲਿਖੀ ਗਈ ਸੀ। ਪਹਿਲੀ ਵਾਰ ਅਧਿਆਪਕ ਨੂੰ ਵਿਦਿਆਰਥੀ ‘ਪੈਂਤੀ’ ਦੇ ਅਰਥ ਸਮਝਾ ਰਿਹਾ ਹੈ। ਅਧਿਆਪਕ ਬੱਚੇ ਦੇ ਮੂਹ ਵੱਲ ਵੇਖ ਰਿਹਾ ਹੈ ਅਤੇ ਅਵਸਥਾ ਸੁੰਨ ਹੋ ਗਈ ਹੈ। ਬੱਚੇ ਦੀ ਉਮਰ ਅਤੇ ਅਰਥਾਂ ਦੀ ਡੂੰਘਾਈ ਹੈਰਾਨੀ ਪੈਦਾ ਕਰ ਰਹੀ ਹੈ। ਅਧਿਆਪਕ ਬੱਚੇ ਨੂੰ ਲੈ ਕੇ ਮਹਿਤਾ ਕਾਲੂ ਕੋਲ ਪਹੁੰਚਿਆ ਅਤੇ ਬਾਲ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਕਿਹਾ, ‘ਪੜ੍ਹੇ ਨੂੰ ਕੌਣ ਪੜ੍ਹਾਵੇ !, ਬਾਬਾ ਜੀ ! ਇਹ ਦੁਨੀਆ ਨੂੰ ਪੜ੍ਹਾਵੈ। ਨੌਵੇਂ ਸਾਲ ਦੀ ਉਮਰ ਵਿੱਚ ਜਨੇਊ ਦੀ ਰਸਮ ਤੋਂ ਇਨਕਾਰ ਅਤੇ ਸੱਚੇ ਸੌਦੇ ਦਾ ਵਾਪਾਰ ਕਰਕੇ ਪਿਤਾ ਦਾ ਕ੍ਰੋਧ ਚਰਮ-ਸੀਮਾ ਉੱਤੇ ਪਹੁੰਚ ਗਿਆ। ਅਠਾਰਾਂ ਸਾਲ ਦੀ ਉਮਰ ਵਿੱਚ ਪਿਤਾ ਨੂੰ ਇਕੋ-ਇੱਕ ਰਾਹ ਆਪ ਦਾ ਵਿਆਹ ਦਿੱਸਿਆ ਅਤੇ ਮਾਤਾ ਸੁਲੱਖਣੀ ਦੀ ਚੋਣ ਆਪ ਦੀ ਜੀਵਨ-ਸਾਥਨ ਵਜੋਂ ਕਰ ਲਈ ਗਈ। ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਪੈਦਾ ਹੋਏ ਪਰ ਗੁਰੂ ਸਾਹਿਬ ਨਾ ਸੁਭਾਅ ਵਜੋਂ ਬਦਲੇ ਤੇ ਨਾ ਕਰਮ ਵਜੋਂ।
ਅਖੀਰ ਭਾਈ ਜੈ ਰਾਮ ਦੀ ਸੁਪਰਦਗੀ ਵਿੱਚ ਆਪ ਜੀ ਨੂੰ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ। ਭਾਈ ਜੈ ਰਾਮ, ਬੇਬੇ ਨਾਨਕੀ ਦੇ ਪਤੀ ਸਨ ਅਤੇ ਸੁਲਤਾਨਪੁਰ ਦੇ ਹੁਕਮਰਾਨ ਦੇ ਵਿਸ਼ਵਾਸ-ਪਾਤਰ ਸਨ। ਭਾਈ ਜੈ ਰਾਮ ਸਦਕਾ ਆਪ ਜੀ ਨੂੰ ਮੋਦੀ ਖ਼ਾਨੇ ਵਿਖੇ ਨੌਕਰੀ ਪ੍ਰਾਪਤ ਹੋਈ ਪਰ ‘ਤੇਰਾ ਤੇਰਾ ਦੇ ਦੈਵੀ ਨਾਦ ਨੇ ਜਿੱਥੇ ਲੋਕਾਂ ਨੂੰ ਧੰਨਤਾ ਪ੍ਰਦਾਨ ਕੀਤੀ, ਉੱਥੇ ਵਿਰੋਧੀਆਂ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ। ਸਰਕਾਰੇ-ਦਰਬਾਰੇ ਸ਼ਿਕਾਇਤ ਹੋਈ, ਪੜਤਾਲ ਹੋਈ ਲੇਕਿਨ ਹਿਸਾਬ ਠੀਕ ਨਿਕਲਿਆ। ਪਰ ਗੁਰੂ ਸਾਹਿਬ ਨੇ ਚਾਬੀਆਂ ਹਾਕਮ ਦੀ ਦਹਿਲੀਜ ਉੱਤੇ ਰੱਖੀਆਂ ਅਤੇ ਰੱਬੀ ਜੋਤਿ ਦਾ ਸਿਮਰਨ ਕਰਦੇ ਵੇਈਂ ਨਦੀ ਜਾ ਪਹੁੰਚੇ। ਆਪ ਉਥੋਂ ਇਸ਼ਨਾਨ ਉਪ੍ਰੰਤ ਬਾਹਰ ਆਏ ਤੇ ਐਲਾਨ ਕੀਤਾ : ਨਾ ਕੋ ਹਿੰਦੂ ਨਾ ਮੁਸਲਮਾਨ।
ਗੁਹਜ ਸਮਝਣ ਵਾਲਿਆਂ ਨੇ ਸਿਰ ਨਿਵਾ ਲਿਆ ਅਤੇ ਦੂਸਰਿਆਂ ਨੇ ਨਾਨਕ ਨੂੰ ‘ਕਮਲਾ’ ਗਰਦਾਨ ਦਿੱਤਾ। ਇਸਦੀ ਪੁਸ਼ਟੀ ਗੁਰੂ ਸਾਹਿਬ ਕਰਦੇ ਹੋਏ ਫੁਰਮਾਉਂਦੇ ਹਨ :
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।।
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥
(ਗੁ.ਗ੍ਰੰ.ਸਾ. ਅੰਗ 991)
ਹੁਣ ਉਦਾਸੀਆਂ ਦਾ ਆਰੰਭ ਸੀ ਅਤੇ ਭਾਈ ਮਰਦਾਨੇ ਦਾ ਸੰਗ। ਸੰਸਾਰ ਦੀਆਂ ਚਹੂ ਦਿਸ਼ਾਵਾਂ ਵੱਲ ਹਉਕਾ ਸੀ ਸੱਚ, ਧਰਮ ਤੇ ਰੱਬ ਦਾ। ਉਦਾਸੀਆਂ ਉਪ੍ਰੰਤ ਆਪ ਨੇ ਕਰਤਾਰਪੁਰ ਨਗਰ ਵਸਾਇਆ, ਖੇਤੀ ਸ਼ੁਰੂ ਕਰ ਦਿੱਤੀ ਅਤੇ ਇੱਕ ਰੱਬ, ਇੱਕ ਲੋਕਾਈ ਅਤੇ ਇੱਕ ਸਮਾਜ ਦਾ ਉਪਦੇਸ਼ ਦਿੱਤਾ। ਆਪ ਨੇ ਸੰਗਤ ਅਤੇ ਲੰਗਰ ਦੀ ਪ੍ਰਥਾ ਕਾਇਮ ਕੀਤੀ।
ਕਰਤਾਰਪੁਰ ਵਿਖੇ ਹੀ ‘ਲਹਿਣਾ’ ਨਾਮ ਦਾ ਇੱਕ ਵਿਅਕਤੀ ਗੁਰੂ ਚਰਨਾਂ ਦੀ ਧੂੜ ਪ੍ਰਾਪਤ ਕਰ ‘ਗੁਰੂ ਅੰਗਦ’ ਬਣ ਗਿਆ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਜਿਊਂਦਿਆਂ ਗੁਰ-ਗੱਦੀ ਪ੍ਰਦਾਨ ਕਰ ਇਹ ਦੱਸ ਦਿੱਤਾ ਕਿ ਵਿਰਾਸਤ ਦਾ ਫ਼ਖ਼ਰ ਯੋਗਤਾ ਹੈ, ਜਨਮ ਨਹੀਂ।
ਗੁਰੂ ਨਾਨਕ ਦੇਵ ਜੀ 1539 ਈ. ਵਿੱਚ ਕਰਤਾਰਪੁਰ ਵਿਖੇ ਹੀ ਜੋਤੀ- ਜੋਤਿ ਸਮਾ ਗਏ।
ਬਾਣੀ ਰਚਨਾ : 974 ਸ਼ਬਦ, 19 ਰਾਗਾਂ ਵਿੱਚ
ਪ੍ਰਮੁੱਖ ਬਾਣੀਆਂ : ਜਪੁ, ਪਹਰੇ, ਵਾਰ ਮਾਝ, ਪਟੀ, ਅਲਾਹਣੀਆਂ, ਕੁਚਜੀ, ਸੁਚਜੀ, ਥਿਤੀ, ਓਅੰਕਾਰ, ਸਿਧ ਗੋਸਠਿ, ਬਾਰਹ ਮਾਹਾ, ਆਸਾ ਕੀ ਵਾਰ ਅਤੇ ਵਾਰ ਮਲਾਰ
ਗੁਰੂ ਅੰਗਦ ਦੇਵ ਜੀ
1504 ਈ. ਨੂੰ ਮਤੇ ਦੀ ਸਰਾਂ ਨਾਂ ਦੇ ਪਿੰਡ ਵਿੱਚ ਪਿਤਾ ਫੇਰੂਮੱਲ ਅਤੇ ਮਾਤਾ ਦਯਾ ਕੌਰ ਜੀ ਦੇ ਘਰ ਵਿੱਚ ਇੱਕ ਬਾਲ ਦਾ ਜਨਮ ਹੋਇਆ ਜਿਸਦਾ ਨਾਮ ‘ਲਹਿਣਾ’ ਰਖਿਆ ਗਿਆ। ਪਿਤਾ ਜੀ ਕਿੱਤੇ ਵਜੋਂ ਦੁਕਾਨਦਾਰੀ ਕਰਦੇ ਅਤੇ ਇਲਾਕੇ ਦੇ ਖ਼ੁਸ਼ਹਾਲ ਪਰਿਵਾਰ ਵਜੋਂ ਜਾਣੇ ਜਾਂਦੇ ਸਨ। ਭਾਈ ਲਹਿਣਾ ਜੀ ਦਾ ਬਚਪਨ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਉਪਰ ਕੁਦਰਤ ਦੀ ਗੋਦ ਵਿੱਚ ਖੇਡਦੇ ਬਤੀਤ ਹੋਇਆ।
1519 ਈ. ਨੂੰ ਆਪ ਜੀ ਦਾ ਵਿਆਹ ਬੀਬੀ ਖੀਵੀ ਨਾਲ ਸੰਪੰਨ ਹੋਇਆ। ਕੁਝ ਸਮੇਂ ਬਾਅਦ ਆਪ ਜੀ ਦੇ ਪਿਤਾ ਚਲ ਬਸੇ ਅਤੇ ਆਪ ਨੇ ਆਪਣੀ ਦੁਕਾਨਦਾਰੀ ਦਾ ਕਿੱਤਾ ਆਪਣੇ ਸਹੁਰੇ ਪਿੰਡ ਆ ਕੇ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਦੇ ਘਰ ਦੋ ਸਾਹਿਬਜ਼ਾਦੇ (ਬਾਬਾ ਦਾਸੂ ਤੇ ਦਾਤੂ) ਅਤੇ ਦੋ ਸਾਹਿਬਜ਼ਾਦੀਆਂ (ਬੀਬੀ ਅਮਰੋ ਤੇ ਬੀਬੀ ਅਨੋਖੀ) ਪੈਦਾ ਹੋਏ।
ਪਿਤਾ ਫੇਰੂਮੱਲ ਪੂਰੀ ਤਰ੍ਹਾਂ ਹਿੰਦੂ ਧਰਮ ਨੂੰ ਸਮਰਪਿਤ ਸਨ ਅਤੇ ਜਵਾਲਾ ਜੀ ਦੇ ਅੰਨਿਨ ਭਗਤ ਸਨ। ਆਪ ਨੇ ਪਿਤਾ ਦੇ ਸੰਸਕਾਰਾਂ ਨੂੰ ਗ੍ਰਹਿਣ ਕੀਤਾ ਅਤੇ ਦੇਵੀ ਨੂੰ ਪੂਰਨ ਤੌਰ ਉੱਤੇ ਸਮਰਪਿਤ ਹੋ ਗਏ। ਆਪ ਹਰ ਸਾਲ ਜਵਾਲਾ ਜੀ ਜਾਂਦੇ ਪਰ ਮਨ ਦੀ ਬਿਹਬਲਤਾ ਘੱਟਣ ਦੀ ਬਜਾਏ ਵੱਧਦੀ ਗਈ।
ਅਧਿਆਤਮਕ ਭੁੱਖ ਦੀ ਤ੍ਰਿਪਤੀ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਵਿੱਚ ਦੂਰ ਹੋਈ। ਬਾਬਾ ਬੋਲਿਆ, ‘ਭਾਈ ਲਹਿਣਿਆ ! ਤੇਰੀ ਉਡੀਕ ਸੀ।’ ਇਸ ਗੁੱਝੀ ਰਮਜ਼ ਦੀ ਸਮਝ ਉਸ ਵਕਤ ਭਾਈ ਲਹਿਣੇ ਨੂੰ ਨਾ ਪਈ ਪਰ ਗੁਰੂ ਬਚਨ ਸੁਣ ਲਹਿਣਾ ਨਾਨਕ ਤੇ ਨਾਨਕ ਲਹਿਣਾ ਹੋ ਗਿਆ।
ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੀਆਂ ਪਰਖਾਂ ਦੇ ਸਨਮੁਖ ਸਨ ਤੇ ਪਰਖਾਂ ਪੂਰਨ ਹੋਈਆਂ। ਗੁਰੂ ਪਾਤਸ਼ਾਹ ਆਪ ਉੱਠੇ ਤੇ ਭਾਈ ਲਹਿਣੇ ਨੂੰ ਗੁਰਿਆਈ ਦੇ ਸਿੰਘਾਸਨ ਉੱਤੇ ਸੁਸ਼ੋਭਿਤ ਕੀਤਾ, ਪਰਿਕਰਮਾ ਕੀਤੀ, ਮੱਥਾ ਟੇਕਿਆ ਅਤੇ ਸੰਗਤ ਵਿੱਚ ਜਾ ਬੈਠੇ। ਫਿਰ ਬਾਬਾ ਬੁੱਢਾ ਜੀ ਰਾਹੀਂ ਗੁਰਿਆਈ ਦੀ ਰਸਮ ਸੰਪੂਰਨ ਹੋਈ ਅਤੇ ਭਾਈ ਲਹਿਣਾ ‘ਗੁਰੂ ਅੰਗਦ’ ਵਜੋਂ ਗੁਰਗੱਦੀ ਦੇ ਵਾਰਿਸ ਬਣੇ।
ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਜਾਣ ਦਾ ਹੁਕਮ ਕੀਤਾ ਅਤੇ ਕਿਹਾ, ‘ਸ਼ਬਦ ਸਿਧਾਂਤ ਨਾਲ ਸੰਗਤ ਨੂੰ ਜੋੜੋ।
ਖਡੂਰ ਪਹੁੰਚ ਕੇ ਗੁਰੂ ਅੰਗਦ ਦੇਵ ਜੀ ਸਿੱਖੀ ਦੇ ਪ੍ਰਚਾਰ-ਪਸਾਰ ਲਈ ਕਾਰਜਸ਼ੀਲ ਹੋਏ ਅਤੇ ਲੰਗਰ ਵਿੱਚ ਮਾਤਾ ਖੀਵੀ ਦੀ ਨਿਯੁਕਤੀ ਨੇ ਔਰਤ ਦੇ ‘ ਸਨਮਾਨ ਨੂੰ ਸਿਖਰ ਉੱਤੇ ਲੈ ਆਉਂਦਾ। ਜਨਮਸਾਖੀਆਂ ਅਤੇ ਸਿੱਖ ਸਿਧਾਂਤ ਨੂੰ ਲਿਖਣ ਦੀ ਪਰੰਪਰਾ ਤੋਰ ਕੇ ਆਪ ਨੇ ਅਹਿਮ ਭੂਮਿਕਾ ਨਿਭਾਈ। ਆਪ ਨੇ ਬੱਚਿਆਂ ਦੀ ਪਾਠਸ਼ਾਲਾ, ਮੱਲ ਅਖਾੜੇ ਅਤੇ ਗੁਰਮੁਖੀ ਲਿਪੀ ਦੀ ਸੋਧ-ਸੁਧਾਈ ਵਿੱਚ ਪ੍ਰਮਾਣਿਕ ਰੂਪ ਦੇ ਕੇ ਇਹ ਸਮਝਾ ਦਿੱਤਾ ਕਿ ਇਸ ਨਵੇਂ ਉਸਰ ਰਹੇ ਧਰਮ ਦੀ ਆਪਣੀ ਲਿਪੀ ਹੋਵੇਗੀ ਜੋ ‘ਗੁਰਮੁਖੀ’ ਦੇ ਨਾਂ ਨਾਲ ਜਾਣੀ ਜਾਵੇਗੀ।
ਇੰਜ ਸਿੱਖੀ ਦੇ ਇਸ ਨਿਵੇਕਲੇ ਰੂਪ ਨੂੰ ਹੋਰ ਅੱਗੇ ਵਧਾਉਂਦੇ ਹੋਏ ਆਪ 48 ਸਾਲ ਦੀ ਉਮਰ ਵਿੱਚ 1552 ਈ. ਨੂੰ ਖਡੂਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ ਅਤੇ ਗੁਰੂ ਨਾਨਕ ਜੀਤ ਗੁਰੂ ਅਮਰਦਾਸ ਜੀ ਵਿੱਚ ਸਥਾਪਿਤ ਕਰ ਤੀਜੇ ਗੁਰੂ ਦੀ ਉਪਾਧੀ ਦੇ ਉਹਨਾਂ ਨੂੰ ਗੋਇੰਦਵਾਲ ਜਾਣ ਦਾ ਹੁਕਮ ਕਰ ਗਏ।
ਬਾਣੀ ਰਚਨਾ : 63 ਸਲੋਕ
ਗੁਰੂ ਅਮਰ ਦਾਸ ਜੀ
1479 ਈ. ਨੂੰ ਬਾਸਰਕੇ ਪਿੰਡ ਵਿੱਚ ਪਿਤਾ ਤੇਜਭਾਨ ਜੀ ਅਤੇ ਮਾਤਾ ਰਾਮ ਕੌਰ ਜੀ ਦੇ ਘਰ (ਤੀਸਰੇ ਗੁਰੂ) ਅਮਰਦਾਸ ਜੀ ਦਾ ਜਨਮ ਹੋਇਆ। ਆਪ ਜੀ ਦਾ ਖ਼ਾਨਦਾਨੀ ਕਿੱਤਾ ਵਣਜ ਵਾਪਾਰ ਤੇ ਖੇਤੀ ਸੀ। ਪਿਤਾ ਵੈਦਿਕ ਧਰਮ ਦੇ ਧਾਰਨੀ ਸਨ ਅਤੇ ਹਿੰਦੂ ਰਹੁ-ਰੀਤੀ ਵਿੱਚ ਆਪ ਦਾ ਅਤੁੱਟ ਵਿਸ਼ਵਾਸ ਸੀ। ਇਹੀ ਵਿਸ਼ਵਾਸ ਅਤੇ ਪਰੰਪਰਾ ਨੂੰ ਅਮਰਦਾਸ ਜੀ ਨੇ ਗ੍ਰਹਿਣ ਕੀਤਾ ਅਤੇ ਪਿਤਾ ਵਾਂਗ ਆਪ ਹਰਿਦੁਆਰ ਜਾਣ ਅਤੇ ਦਾਨ, ਵਰਤ ਤੇ ਪੁੰਨ ਦੀ ਕਿਰਿਆ ਵੀ ਪੂਰਨ ਕਰਨ ਲੱਗੇ।
ਆਪ ਜੀ ਦੇ ਭਤੀਜੇ ਨਾਲ ਗੁਰੂ ਅੰਗਦ ਪਾਤਸ਼ਾਹ ਦੀ ਸਾਹਿਬਜ਼ਾਦੀ ਬੀਬੀ ਅਮਰੋ ਵਿਆਹੀ ਹੋਈ ਸੀ। ਉਹਨਾਂ ਕੋਲੋਂ ਹੀ ਆਪ ਜੀ ਨੇ ਗੁਰੂ ਪਾਤਸ਼ਾਹ ਦੀ ਬਾਣੀ ਸੁਣੀ, ਤਨ-ਮਨ ਵਿੱਚ ਅਜਿਹੀ ਠੰਢਕ ਮਹਿਸੂਸ ਕੀਤੀ ਕਿ ਗੁਰੂ ਅੰਗਦ ਪਾਤਸ਼ਾਹ ਦੇ ਚਰਨੀਂ ਢਹਿ ਪਏ ਅਤੇ ਫਿਰ ਉਹਨਾਂ ਦੇ ਹੀ ਹੋ ਕੇ ਰਹਿ ਗਏ।
ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲ ਆਪ ਜੀ ਦੀ ਰੂਹ ਅਜਿਹੀ ਸ਼ਰਸਾਰ ਹੋਈ ਕਿ ਨਾ ਬੁਢਾਪੇ ਦਾ ਕੋਈ ਅਸਰ ਸੀ ਅਤੇ ਨਾ ਹੀ ਸ਼ਾਕਾਦਾਰੀ ਦੀ ਕੋਈ ਝਿਝਕ। ਗੁਰੂ ਅੰਗਦ ਪਾਤਸ਼ਾਹ ਦੀ ਪਾਰਖੂ ਅੱਖ ਨੇ ਪਰਖ ਲਿਆ ਕਿ ਗੁਰਗੱਦੀ ਦਾ ਅਸਲ ਉਤਰਾਧਿਕਾਰੀ ਆਣ ਪਹੁੰਚਿਆ ਹੈ। ਪਰ ਇਸਦੇ ਬਾਵਜੂਦ ਪੁਰਖਾਂ ਹੋਈਆਂ ਜਿਸ ਵਿੱਚ ਆਪ ਪੂਰਨ ਉਤਰੇ। 1542 ਈ. ਨੂੰ 63 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਦੇ ਹੱਥੀਂ ਆਪ ਨੂੰ ਗੁਰਿਆਈ ਸੌਂਪੀ ਗਈ ਅਤੇ ਆਪ ਨੂੰ ਗੋਇੰਦਵਾਲ ਜਾ ਕੇ ਪ੍ਰਚਾਰ ਕਰਨ ਦਾ ਹੁਕਮ ਹੋਇਆ।
ਗੁਰੂ ਅਮਰਦਾਸ ਜੀ ਨੇ ਸਿਰ ਝੁਕਾ ਕੇ ਹੁਕਮ ਦੀ ਤਾਮੀਲ ਕੀਤੀ ਅਤੇ ਗੋਇੰਦਵਾਲ ਜਾ ਬਿਰਾਜਮਾਨ ਹੋਏ। ਆਪ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਅੱਗੇ ਵਧਾਇਆ। ਆਪ ਜੀ ਨੇ ਸੰਗਤ, ਲੰਗਰ ਤੇ ਸੇਵਾ ਨੂੰ ਪਰਪੱਕ ਕੀਤਾ, ਮੌਜੀ ਅਤੇ ਪੀਹੜੀਆਂ ਦੀ ਸਥਾਪਨਾ ਕੀਤੀ ਅਤੇ ਸਤੀ ਪ੍ਰਥਾ ਤੇ ਪਰਦੇ ਦੀ ਮਨਾਹੀ ਦੇ ਆਦੇਸ਼ ਦਿੱਤੇ। ਨਾਲ ਹੀ ਆਪ ਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਲੰਗਰ ਵਿੱਚ ਪ੍ਰਸ਼ਾਦਾ ਛਕੇ ਬਿਨਾ ਕੋਈ ਵੀ ਗੁਰੂ ਦਰਬਾਰ ਵਿੱਚ ਹਾਜ਼ਰੀ ਨਹੀਂ ਭਰੇਗਾ। ਆਪ ਨੇ ਗੋਇੰਦਵਾਲ ਵਿੱਚ ਬਾਉਲੀ ਦੀ ਉਸਾਰੀ ਕਰ ਅਤੇ ਚੱਕ ਗੁਰੂ ਦੀ ਤੇ ਮੋਹਰ ਗੱਡ ਕੇ ਸਿੱਖ ਧਾਰਮਿਕ ਕੇਂਦਰੀ ਅਸਥਾਨ ਵੱਲ ਇਸ਼ਾਰਾ ਕਰ ਦਿੱਤਾ। ਤਕਰੀਬਨ 95 ਸਾਲ ਦੀ ਉਮਰ ਵਿੱਚ ਆਪ 1574 ਈ. ਨੂੰ ਗੋਇੰਦਵਾਲ ਵਿੱਚ ਹੀ ਜੋਤੀ-ਜੋਤਿ ਸਮਾ ਗਏ ਅਤੇ ਸਿੱਖੀ ਦੇ ਵਾਰਸ ਵਜੋਂ ‘ਭਾਈ ਜੇਠੇ’ ਦੀ ਚੋਣ ਕਰ ਦਿੱਤੀ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਗੁਰਗੱਦੀ ਉੱਤੇ ਸੁਸ਼ੋਭਿਤ ਹੋਏ।
ਬਾਣੀ ਰਚਨਾ : 869 ਸ਼ਬਦ, 17 ਰਾਗਾਂ ਵਿੱਚ
ਪ੍ਰਮੁੱਖ ਬਾਣੀਆਂ : ਅਨੰਦੁ, ਪਟੀ ਅਤੇ 4 ਵਾਰਾਂ – ਰਾਗ ਗੂਜਰੀ, ਸੂਹੀ, ਰਾਮਕਲੀ ਅਤੇ ਮਾਰੂ ਵਿੱਚ
ਗੁਰੂ ਰਾਮ ਦਾਸ ਜੀ
ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਦਾ ਜਨਮ 1534 ਈ. ਨੂੰ ਲਾਹੌਰ ਸ਼ਹਿਰ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਹਰਦਾਸ ਜੀ ਅਤੇ ਮਾਤਾ ਦਾ ਨਾਮ ਦਯਾ ਕੌਰ ਸੀ। ਆਪ ਦਾ ਸਬੰਧ ਸੋਢੀ ਕੁਲ ਨਾਲ ਸੀ ਅਤੇ ਪਰਿਵਾਰਿਕ ਕਿੱਤਾ ਦੁਕਾਨਦਾਰੀ ਸੀ। ਸਤ ਸਾਲ ਦੀ ਉਮਰ ਵਿੱਚ ਹੀ ਮਾਤਾ-ਪਿਤਾ ਦਾ ਸਾਇਆ ਆਪ ਦੇ ਸਿਰ ਤੋਂ ਉੱਠ ਗਿਆ। ਆਪ ਦੀ ਗ਼ਰੀਬ ਨਾਨੀ ਆਪ ਨੂੰ ਆਪਣੇ ਕੋਲ ਬਾਸਰਕੇ ਲੈ ਆਈ ਅਤੇ ਇੱਥੇ ਹੀ ਆਪ ਦੀ ਪਹਿਲੀ ਮੁਲਾਕਾਤ ਤੀਸਰੇ ਪਾਤਸ਼ਾਹ ਹਜ਼ੂਰ ਨਾਲ ਹੋਈ।
ਭਾਈ ਜੇਠਾ ਲਈ ਪਹਿਲਾ ਕਰਮ ਗੁਰੂ ਘਰ ਦੀ ਸੇਵਾ ਸੀ, ਪਰ ਇਸਦੇ ਨਾਲ-ਨਾਲ ਬਿਰਧ ਨਾਨੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਸੀ। ਇਸ ਲਈ ਜੀਵਿਕਾ ਲਈ ਪਹਿਲਾਂ ਆਪ ਘੁੰਞਣੀਆਂ ਵੇਚਦੇ ਅਤੇ ਵੱਟਕ ਨਾਨੀ ਦੇ ਹਵਾਲੇ ਕਰ ਗੁਰੂ ਘਰ ਪਹੁੰਚ ਜਾਂਦੇ। ਗੁਰੂ ਅਮਰਦਾਸ ਸਾਹਿਬ ਆਪ ਨੂੰ ਬਹੁਤ ਗਹੁ ਨਾਲ ਵੇਖਦੇ ਅਤੇ ਗੁਰੂ ਘਰ ਦੀ ਸੇਵਾ ਵਿੱਚ ਜੁੱਟੇ ਇਸ ਨੌਜਵਾਨ ਵਿੱਚ ਗੁਰੂ ਸਾਹਿਬ ਨੂੰ ਸਿੱਖੀ ਦਾ ਅਗਲਾ ਵਾਰਸ ਨਜ਼ਰ ਆਉਣ ਲੱਗਾ। ਗੁਰੂ ਪਾਤਸ਼ਾਹ ਨੇ ਆਪਣੀ ਸਾਹਿਬਜ਼ਾਦੀ ਬੀਬੀ ਭਾਨੀ ਨਾਲ ਆਪ ਦਾ ਵਿਆਹ ਕਰ ਆਪ ਨੂੰ ਗਲ ਨਾਲ ਲਾਇਆ। ਉਸ ਵੇਲੇ ਭਾਈ ਜੇਠਾ ਦੀ ਉਮਰ 19 ਸਾਲ ਹੋ ਚੁੱਕੀ ਸੀ। ਵਿਆਹ ਪਿੱਛੋਂ ਆਪ ਦੇ ਘਰ ਤਿੰਨ ਪੁੱਤਰ ਪੈਦਾ ਹੋਏ ਬਾਬਾ ਪ੍ਰਿਥੀਚੰਦ, ਮਹਾਂਦੇਵ ਅਤੇ ਗੁਰੂ) ਅਰਜਨ ਦੇਵ। 1574 ਈ. ਵਿੱਚ ਤੀਜੇ ਪਾਤਸ਼ਾਹ ਨੇ ਗੁਰੂ ਰਾਮ ਦਾਸ ਜੀ ਨੂੰ ਗੁਰਿਆਈ ਦੀ ਬਖ਼ਸ਼ਿਸ਼ ਕਰ ਗੁਰੂ ਪਦ ਉੱਤੇ ਸੁਸ਼ੋਭਿਤ ਕਰ ਦਿੱਤਾ।
ਤੀਜੇ ਪਾਤਸ਼ਾਹ ਨੇ ਗੁਰੂ ਕੇ ਚੱਕ ਦੀ ਜ਼ਿੰਮੇਵਾਰੀ ਪਹਿਲਾਂ ਹੀ ਆਪ ਜੀ ਨੂੰ ਸੌਂਪ ਦਿੱਤੀ ਹੋਈ ਸੀ। ਆਪ ਗੁਰਿਆਈ ਧਾਰਨ ਕਰਨ ਉਪ੍ਰੰਤ ਇੱਥੇ ਹੀ ਆ ਵੱਸੇ ਅਤੇ ਸ਼ਹਿਰ ਵਿੱਚ 52 ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਵਸਾਇਆ। ਇਹ ਸਿੱ ਇਤਿਹਾਸ ਵਿਚ ਪਹਿਲਾ ਨਗਰ ਹੈ ਜੋ ਕਿਸੇ ਨਦੀ ਦੇ ਕੰਢੇ ਉੱਤੇ ਨਹੀਂ ਹੈ। ਗੁਰੂ ਰਾਮਦਾਸ ਜੀ ਨੇ ਦੋ ਸਰੋਵਰ – ਰਾਮਸਰ ਅਤੇ ਸੰਤੋਖਸਰ ਦੀ ਖੁਦਾਈ ਦਾ ਕਾਰਜ ਵੀ ਆਰੰਭ ਦਿੱਤਾ।
ਸਿੱਖ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਵਿੱਚ ਉਸ ਵੇਲੇ ਤਕ ਵੱਡਾ ਵਾਧਾ ਹੋ ਚੁੱਕਾ ਸੀ। ਇਸ ਲਈ ਆਪਣੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ। ਇਹਨਾਂ ਦਾ ਕਾਰਜ ਦੂਰ-ਦੁਰਾਡੇ ਖੇਤਰਾਂ ਵਿੱਚ ਜਾ ਕੇ ਗੁਰੂ ਨਾਨਕ ਦੇ ਸਿਧਾਂਤ ਦਾ ਪ੍ਰਚਾਰ ਕਰਨਾ ਸੀ।
ਗੁਰੂ ਰਾਮਦਾਸ ਜੀ ਦੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ। ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਅਤੇ ਇਹਨਾਂ ਰਾਗਾਂ ਦੀ ਪ੍ਰਵੀਨਤਾ ਅਤੇ ਪਰਪੱਕਤਾ ਵਿੱਚ ਵੱਡਮੁੱਲਾ ਯੋਗਦਾਨ ਪਾਇਆ।
ਗੁਰੂ ਪਾਤਸ਼ਾਹ ਨੇ ਜਦੋਂ ਅਨੁਭਵ ਕਰ ਲਿਆ ਕਿ ਸਮਾਂ ਨੇੜੇ ਆ ਰਿਹਾ ਹੈ ਤਾਂ ਸੰਗਤ ਨੂੰ ਸੱਦਿਆ ਅਤੇ ਕਿਹਾ ਕਿ ਗੁਰੂ ਰੂਪ ਵਿੱਚ ਅਰਜਨ ਦੇਵ ਜੀ ਉਹਨਾਂ ਦੇ ਮਾਰਗ-ਦਰਸ਼ਕ ਹੋਣਗੇ। ਫਿਰ ਬਾਬਾ ਬੁੱਢਾ ਜੀ ਨੂੰ ਹੁਕਮ ਹੋਇਆ ਕਿ ਗੁਰਿਆਈ ਦੀ ਪੱਗ ਬੰਨ੍ਹੀ ਜਾਵੇ। ਪਰੰਪਰਾਗਤ ਤਰੀਕੇ ਨਾਲ ਆਪ ਨੇ ਗੁਰੂ ਅਰਜਨ ਦੇਵ ਜੀ ਦੀ ਪਰਿਕਰਮਾ ਕੀਤੀ, ਮੱਥਾ ਟੇਕਿਆ ਅਤੇ ਆਪ ਸੰਗਤ ਰੂਪ ਹੋ ਗਏ। ਹੁਣ ਸਿੱਖੀ ਦੇ ਬੂਟੇ ਨੂੰ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਪੰਜਵੇਂ ਪਾਤਸ਼ਾਹ ਵਜੋਂ ਸੁਸ਼ੋਭਿਤ ਗੁਰੂ ਅਰਜਨ ਦੇਵ ਜੀ ਉੱਤੇ ਸੀ।
ਬਾਣੀ ਰਚਨਾ : 638 ਸ਼ਬਦ, 30 ਰਾਗਾਂ ਵਿੱਚ
ਪ੍ਰਮੁੱਖ ਬਾਣੀਆਂ : 8 ਵਾਰਾਂ – ਸਿਰੀ ਰਾਗੁ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ ਤੇ ਕਾਨੜਾ ਰਾਗ ਵਿੱਚ, ਘੋੜੀਆ, ਪਹਰੇ, ਕਰਹਲੇ, ਵਣਜਾਰਾ ਅਤੇ ਸੂਹੀ ਰਾਗ ਵਿੱਚ ‘ਅਨੰਦ ਕਾਰਜ’ ਵੇਲੇ ਪੜ੍ਹੀ ਜਾਂਦੀ ਲਾਵਾਂ ਦੀ ਬਾਣੀ
ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ 1563 ਈ. ਨੂੰ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਘਰ ਗੋਇੰਦਵਾਲ ਦੇ ਅਸਥਾਨ ‘ਤੇ ਹੋਇਆ। ਬਚਪਨ ਵਿੱਚ ਆਪ ਨੂੰ ਆਪਣੇ ਨਾਨਾ ਤੀਜੇ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਖੇਡਣ ਦਾ ਮੌਕਾ ਪ੍ਰਾਪਤ ਹੋਇਆ। ਤੀਜੇ ਪਾਤਸ਼ਾਹ ਨੇ ਆਪ ਲਈ “ਦੋਹਿਤਾ ਬਾਣੀ ਦਾ ਬੋਹਿਥਾ’ ਉਚਾਰਦੇ ਹੋਏ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰ ਦਿੱਤਾ ਸੀ। ਫਿਰ ਜੁਆਨੀ ਵਿੱਚ ਆਪ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਸੰਪੰਨ ਹੋਇਆ। ਆਪ ਦੇ ਘਰ ਇੱਕ ਬਾਲ ਨੇ ਜਨਮ ਲਿਆ ਜਿਸ ਦਾ ਨਾਮ (ਗੁਰੂ) ਹਰਿਗੋਬਿੰਦ ਰੱਖਿਆ ਗਿਆ।
1581 ਈ. ਨੂੰ ਆਪ ਪੰਜਵੇਂ ਗੁਰੂ ਦੇ ਰੂਪ ਵਿੱਚ ਗੁਰਗੱਦੀ ਉੱਤੇ ਸੁਸ਼ੋਭਿਤ ਹੋਏ। ਆਪ ਨੇ ਗੁਰੂ ਪਿਤਾ ਵੱਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਹੱਥ ਵਿੱਚ ਲਿਆ ਅਤੇ ਸੰਤੋਖਸਰ ਤੇ ਰਾਮਸਰ ਨਾਂ ਦੇ ਸਰੋਵਰ ਸੰਪੂਰਨ ਕਰ ਚੱਕ ਰਾਮਦਾਸ ਦਾ ਨਾਂ ‘ਅੰਮ੍ਰਿਤਸਰ’ ਰੱਖ ਦਿੱਤਾ ਅਤੇ ਸਰੋਵਰ ਦੇ ਐਨ ਵਿਚਕਾਰ ‘ਹਰਿਮੰਦਰ’ ਦੀ ਉਸਾਰੀ ਕਰ, ਸਿੱਖਾਂ ਨੂੰ ਉਹਨਾਂ ਦਾ ਕੇਂਦਰੀ ਅਸਥਾਨ ਅਰਪਿਤ ਕਰ ਦਿੱਤਾ। ਆਪ ਜੀ ਨੇ ਤਰਨ-ਤਾਰਨ, ਹਰਿਗੋਬਿੰਦਪੁਰ, ਛੇਹਰਟਾ, ਕਰਤਾਰਪੁਰ ਆਦਿ ਸ਼ਹਿਰ ਵਸਾ, ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੇ ਕਈ ਕੇਂਦਰ ਸਥਾਪਿਤ ਕਰ ਦਿੱਤੇ।
ਗੁਰੂ ਅਰਜਨ ਪਾਤਸ਼ਾਹ ਦਾ ਸਭ ਤੋਂ ਮਹਾਨ ਕਾਰਜ ‘ਆਦਿ ਗ੍ਰੰਥ’ ਦੀ ਸੰਪਾਦਨਾ ਸੀ, ਜਿਸ ਨਾਲ ਸਿੱਖ ਧਰਮ ਦੀ ਵੱਖਰੀ ਹੋਂਦ ‘ਤੇ ਪੱਕੀ ਮੋਹਰ ਲੱਗ ਗਈ। ਇਸ ਪਵਿੱਤਰ ਗ੍ਰੰਥ ਦੀ ਸੰਪਾਦਨਾ ਦਾ ਕਾਰਜ 1604 ਈ. ਵਿੱਚ ਸੰਪੂਰਨ ਹੋਇਆ ਅਤੇ ਗੁਰੂ ਸਾਹਿਬ ਨੇ ਆਪ ਇਸਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕਰ ਦਿੱਤਾ।
ਗੁਰੂ ਅਰਜਨ ਪਾਤਸ਼ਾਹ ਤਕ ਸਿੱਖੀ ਦਾ ਪ੍ਰਚਾਰ ਅਤੇ ਪਾਸਾਰ ਇਸ ਹੱਦ ਤਕ ਵੱਧ ਚੁੱਕਾ ਸੀ ਕਿ ਸਮੇਂ ਦੇ ਹਾਕਮ ਅਤੇ ਸਮਕਾਲੀ ਧਰਮ ਇਸ ਧਰਮ ਨੂੰ ਲੋਕ ਲਹਿਰ ਵਜੋਂ ਵੇਖਣ ਲੱਗੇ ਅਤੇ ਲੋਕ ਲਹਿਰ ਵੀ ਅਜਿਹੀ ਜੋ ਕਿ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਿਰਜ ਰਹੀ ਹੋਵੇ। ਨਤੀਜੇ ਵਜੋਂ ਇਸ ਲੋਕ ਲਹਿਰ ਦੇ ਆਗੂ ਬਾਗ਼ੀ ਗਰਦਾਨੇ ਗਏ ਅਤੇ 1606 ਈ. ਨੂੰ ਗੁਰੂ ਪਾਤਸ਼ਾਹ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਲਾਹੌਰ ਦੇ ਅਸਥਾਨ ‘ਤੇ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਆਪ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ।
ਬਾਣੀ ਰਚਨਾ : 2312 ਸ਼ਬਦ, 30 ਰਾਗਾਂ ਵਿੱਚ
ਪ੍ਰਮੁੱਖ ਬਾਣੀਆਂ : ਸੁਖਮਨੀ, ਬਾਰਹ ਮਾਹਾ, ਬਾਵਨ ਅਖਰੀ, ਗੁਣਵੰਤੀ, ਅੰਜੁਲੀਆ, ਬਿਰਹੜੇ ਅਤੇ 6 ਵਾਰਾਂ ਰਾਗ ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ ਤੇ ਬਸੰਤ ਰਾਗ ਵਿੱਚ
ਗੁਰੂ ਤੇਗ਼ ਬਹਾਦਰ ਜੀ
1621 ਈ. ਨੂੰ ਗੁਰੂ ਕੇ ਮਹਿਲ, ਅੰਮ੍ਰਿਤਸਰ ਵਿਖੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੀ ਕੁਖੋਂ (ਗੁਰੂ) ਤੇਗ਼ ਬਹਾਦਰ ਦਾ ਜਨਮ ਹੋਇਆ। ਆਪ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਵਰਗੀਆਂ ਦੈਵੀ ਰੂਹਾਂ ਦੀ ਦੇਖ-ਰੇਖ ਵਿੱਚ ਹੋਈ। ਬਾਬਾ ਬੁੱਢਾ ਜੀ ਨੇ ਜਿੱਥੇ ਬਚਪਨ ਤੋਂ ਆਪ ਜੀ ਨੂੰ ਨਾਨਕ ਨੂਰ ਨਾਲ ਸਰਸ਼ਾਰ ਕਰ ਦਿੱਤਾ ਸੀ, ਉੱਥੇ ਆਪ ਨੂੰ ਸੈਨਿਕ ਗੁਣਾਂ ਅਤੇ ਜੰਗੀ ਹੁਨਰਾਂ ਵਿੱਚ ਵੀ ਪ੍ਰਾਬੀਨ ਕਰ ਗੁਰੂ ਪਿਤਾ ਵਰਗੀ ਸੂਰਬੀਰ ਸ਼ਖ਼ਸੀਅਤ ਤਿਆਰ ਕਰ ਦਿੱਤੀ ਸੀ। ਭਾਈ ਗੁਰਦਾਸ ਜੀ ਨੇ ਆਪ ਨੂੰ ਧਰਮਾਂ ਦੇ ਦਾਰਸ਼ਨਿਕ ਪੱਖਾਂ ਦਾ ਗੁੜ ਗਿਆਨ ਕਰਾਉਂਦੇ ਹੋਏ ਬ੍ਰਜ, ਸੰਸਕ੍ਰਿਤ, ਪੰਜਾਬੀ ਆਦਿ ਭਾਸ਼ਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਕਰਾ ਦਿੱਤਾ ਸੀ।
ਆਪ 1635 ਈ. ਵਿੱਚ ਛੇਵੇਂ ਪਾਤਸ਼ਾਹ ਨਾਲ ਕੀਰਤਪੁਰ ਸਾਹਿਬ ਆ ਵੱਸੇ ਅਤੇ ਗੁਰੂ ਪਿਤਾ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਆਪ ਨੇ ਆਪਣੀ ਮਾਤਾ ਨਾਨਕੀ ਜੀ ਅਤੇ ਪਤਨੀ ਗੁਜਰੀ ਜੀ ਨਾਲ ਬਾਬੇ ਬਕਾਲੇ ਨਿਵਾਸ ਕਰ ਲਿਆ।
ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ‘ਬਾਬੇ ਬਕਾਲੇ’ ਦਾ ਹੁਕਮ ਦਿੱਤਾ ਸੀ। ਇੱਥੇ ਹੀ ਭਾਈ ਮੱਖਣ ਸ਼ਾਹ ਲੁਬਾਣੇ ਨੇ 22 ਮੰਜੀਦਾਰ ਦੰਭੀਆਂ ਦਾ ਪਾਜ ਉਘਾੜ ਕੇ ‘ਗੁਰੂ ਲਾਧੋ ਰੇ’ ਦਾ ਨਾਅਰਾ ਦਿੱਤਾ। ਗੁਰੂ ਸਾਹਿਬ ਮੰਜੀਦਾਰਾਂ ਦੇ ਕਲੇਸ਼ ਨੂੰ ਵੇਖਦਿਆਂ ਹੋਏ ਕੀਰਤਪੁਰ ਚਲੇ ਗਏ ਅਤੇ ਉਥੋਂ ਪੰਜ ਮੀਲ ਦੀ ਦੂਰੀ ‘ਤੇ ਮਾਖੋਵਾਲ ਦੇ ਅਸਥਾਨ ‘ਤੇ ਥਾਂ ਖ਼ਰੀਦ ਕੇ ਅਨੰਦਪੁਰ ਸ਼ਹਿਰ ਵਸਾ ਦਿੱਤਾ।
ਆਪ ਜੀ ਨੇ ਸਿੱਖੀ ਦੇ ਪ੍ਰਚਾਰ ਹਿਤ ਦੂਰ-ਦੂਰ ਤਕ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਨਾਲ ਸਿੱਖ ਧਰਮ ਨੂੰ ਅਥਾਹ ਬਲ ਮਿਲਿਆ ਅਤੇ ਸਿੱਖ ਧਰਮ ਦੀ ਸਿਫ਼ਤ-ਸਾਲਾਹ ਦੇਸ਼ ਦੇ ਕੋਨੇ-ਕੋਨੇ ਤਕ ਫੈਲ ਗਈ।
ਔਰੰਗਜ਼ੇਬ ਦੀਆਂ ਕੱਟੜਵਾਦੀ ਨੀਤੀਆਂ ਤੋਂ ਦੁਖੀ ਹੋ ਕਸ਼ਮੀਰੀ ਪੰਡਿਤਾਂ ਦਾ ਇੱਕ ਵਫ਼ਦ ਅਨੰਦਪੁਰ ਸਾਹਿਬ ਪਹੁੰਚਿਆ ਅਤੇ ਉਹਨਾਂ ਨੇ ਗੁਰੂ ਸਾਹਿਬ ਅੱਗੇ ਬਚਾਅ ਲਈ ਬੇਨਤੀ ਕੀਤੀ। ਸਿੱਖ ਧਰਮ ਦੇ ‘ਜੋ ਸਰਨ ਆਏ ਤਿਸ ਕੰਠ ਲਾਏ’ ਦੇ ਵਾਕ ਨੂੰ ਸੱਚ ਕਰਦਿਆਂ ਗੁਰੂ ਸਾਹਿਬ 1675 ਈ. ਨੂੰ ਦਿੱਲੀ ਵਿਖੇ ਆਪਣੇ ਤਿੰ ਸਿੱਖ – ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ ਸ਼ਹਾਦਤ ਦਾ ਜਾਮ ਪੀ ਗਏ ਅਤੇ ‘ਹਿੰਦ ਦੀ ਚਾਦਰ’ ਅਖਵਾਏ।
ਬਾਣੀ ਰਚਨਾ : 116 ਸ਼ਬਦ, 15 ਰਾਗਾਂ ਵਿੱਚ