ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਦੀ
‘ਆਦਿ ਗ੍ਰੰਥ’ ਦੀ ਸੰਪਾਦਨਾ ਪਿੱਛੇ ਗੁਰੂ ਸਾਹਿਬਾਨ ਦੇ ਮਨ ਵਿੱਚ ਇੱਕ ਵੱਡਾ ਪ੍ਰਸ਼ਨ ਸੀ, ਕਿਉਂਕਿ ਦੁਨੀਆ ਦੇ ਬਾਕੀ ਧਰਮ ਗ੍ਰੰਥਾਂ ਨੂੰ ਸੰਗ੍ਰਹਿਤ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਧਰਮਾਂ ਦੀ ਬੌਧਿਕ ਉੱਤਮਤਾ ਨੇ ਨਿਭਾਈ ਸੀ। ਉਦਾਹਰਣ ਵਜੋਂ, ਪਵਿੱਤਰ ਬਾਈਬਲ ਪੈਗ਼ੰਬਰ ਯੀਸੂ ਦੇ ਅਕਾਲ ਚਲਾਣੇ ਤੋਂ 100 ਸਾਲ ਬਾਅਦ ਸਾਹਮਣੇ ਆਇਆ, ਪਵਿੱਤਰ ਕੁਰਆਨ ਦੀ ਸੰਪਾਦਨਾ ਖ਼ਲੀਫ਼ੇ ਉਸਮਾਨ ਦੇ ਵਕਤ ਸੰਪੂਰਨ ਹੋਈ, ਪਵਿੱਤਰ ਵੇਦ ਲੰਮਾ ਸਮਾਂ ਸ਼ਰੁਤੀ ਅਤੇ ਸਿਮ੍ਰਿਤੀ ਦਾ ਹਿੱਸਾ ਰਹੇ, ਜੈਨ ਧਰਮ ਦੇ ਧਰਮ ਗ੍ਰੰਥ ਇਸ ਧਰਮ ਦੇ ਆਖਰੀ ਬਾਨੀ ਮਹਾਵੀਰ ਜੈਨ ਤੋਂ 925 ਸਾਲ ਬਾਅਦ ਸੰਕਲਿਤ ਕੀਤੇ ਗਏ ਅਤੇ ਬੁੱਧ ਧਰਮ ਦੇ ਪਵਿੱਤਰ ਗ੍ਰੰਥਾਂ ਨੂੰ ਲਿਖਤੀ ਰੂਪ (ਸਿਲਾਂ ਉਪਰ) 85 ਬੀ.ਸੀ. ਵਿੱਚ ਮਿਲਿਆ।
ਉਕਤ ਧਰਮ-ਗ੍ਰੰਥਾਂ ਦੇ ਸਿਰਜਣ ਇਤਿਹਾਸ ਵੱਲ ਨਿਗਾਹ ਮਾਰਣ ਉੱਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਦੇ ਝਲਕਾਰੇ ਸਪਸ਼ਟ ਨਜ਼ਰ ਆਉਂਦੇ ਹਨ ਕਿਉਂਕਿ :
- ਧਰਮਾਂ ਦੇ ਇਤਿਹਾਸ ਵਿੱਚ ਇਹ ਇਕੋ-ਇੱਕ ਅਜਿਹਾ ਧਰਮ ਗ੍ਰੰਥ ਹੈ ਜਿਸਨੂੰ ਗੁਰੂ ਰੂਪ ਵਿੱਚ ਪ੍ਰਵਾਨ ਕੀਤਾ ਹੋਇਆ ਹੈ। ਇਹ ਦੁਨੀਆ ਦਾ ਇਕੋ-ਇਕ ਵਾਹਿਦ ਧਾਰਮਿਕ ਇਲਾਹੀ ਗ੍ਰੰਥ ਹੈ ਜਿਸਨੂੰ ਪ੍ਰਕਾਸ਼ ਕਰਨਾ, ਸੰਤੋਖਣ, ਹੁਕਮ ਲੈਣ ਦਾ ਨਿਵੇਕਲਾ ਵਿਧੀ ਵਿਧਾਨ ਹੈ ਜਿਹੜਾ ਹੋਰ ਕਿਸੇ ਧਰਮ ਗ੍ਰੰਥ ਨੂੰ ਹਾਸਿਲ ਨਹੀਂ ਹੈ।
- ਇਹ ਇਕੋ-ਇੱਕ ਅਜਿਹਾ ਧਰਮ ਗ੍ਰੰਥ ਹੈ ਜਿਸਦੀ ਸੰਪਾਦਨਾ ਖ਼ੁਦ ਧਰਮ ਦੇ ਬਾਨੀਆਂ ਵੱਲੋਂ ਆਪ ਕੀਤੀ ਹੋਈ ਹੈ। ਇਸੇ ਕਰਕੇ ‘ਗੁਰੂ ਗ੍ਰੰਥ ਸਾਹਿਬ’ ਸ਼ੰਕਿਆਂ ਅਤੇ ਕਿੰਤੂਆਂ-ਪ੍ਰੰਤੂਆਂ ਤੋਂ ਮੁਕਤ ਪ੍ਰਵਾਨ ਹੋਇਆ ਹੈ।
- ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਸਿੱਖ ਧਰਮ ਦੇ ਬਾਨੀਆਂ ਦੀਆਂ ਕਥਾ- ਕਹਾਣੀਆਂ ਨੂੰ ਚਮਤਕਾਰੀ ਰੂਪ ਵਿੱਚ ਪੇਸ਼ ਨਹੀਂ ਕੀਤਾ ਹੋਇਆ ਹੈ।
- ਗੁਰੂ ਗ੍ਰੰਥ ਸਾਹਿਬ ਵਿਚਲਾ ਚਿੰਤਨ, ਮਾਨਵ-ਮੁਕਤੀ ਦੇ ਦਰਵਾਜ਼ੇ ਖੋਲ੍ਹਦਾ ਹੋਇਆ ਇੱਕ ਅਜਿਹੇ ਮਨੁੱਖ ਦੀ ਤਸਵੀਰ ਸਿਰਜਦਾ ਹੈ ਜੋ ਮਨੁੱਖਤਾ ਦੀ ‘ਬੰਦ ਖ਼ਲਾਸੀ’ ਅਤੇ ‘ਪਤਿ ਸੇਤੀ’ ਜੀਵਨ ਲਈ ਜ਼ਿੰਦਗੀ ਅਤੇ ਮੌਤ ਨੂੰ ਇਕੋ ਜਿਹਾ ਸਮਝਦਾ ਹੈ।
- ਗੁਰੂ ਗ੍ਰੰਥ ਸਾਹਿਬ ਜੀ ਹਿੰਦੁਸਤਾਨ ਦੇ 500 ਸਾਲਾ (12ਵੀਂ ਤੋਂ 17ਵੀਂ ਸਦੀ) ਦੇ ਇਤਿਹਾਸ ਦਾ ਵੀ ਸ੍ਰੋਤ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਉਕਤ ਵਿਲੱਖਣ ਤੱਤਾਂ ਤੋਂ ਇਲਾਵਾ ਕੁਝ ਮਹੱਤਵਪੂਰਨ ਤੱਤਾਂ ਨੂੰ ਵਿਸਤਾਰ ਵਿੱਚ ਵੇਖ ਲੈਣਾ ਜ਼ਰੂਰੀ ਹੋ ਜਾਂਦਾ ਹੈ :
- ਅਕਾਲ ਪੁਰਖ ਦੀ ਏਕਤਾ
ਹਰ ਧਰਮ ਦਾ ਕੇਂਦਰੀ ਸਿਧਾਂਤ ਕਿਸੇ ਅਦੁੱਤੀ ਸ਼ਕਤੀ ਵਿੱਚ ਵਿਸ਼ਵਾਸ ਹੈ ਅਤੇ ਇਹ ਸਿਧਾਂਤ ਹੀ ਧਰਮ ਦੀ ਬੁਨਿਆਦ ਵੀ ਹੈ। ਪਰ ਸਮੱਸਿਆ ਉਸ ਵੇਲੇ ਪੈਦਾ ਹੋ ਜਾਂਦੀ ਹੈ, ਜਦੋਂ ਸਾਰੇ ਧਰਮ ਉਕਤ ਸਿਧਾਂਤ ਨੂੰ ਆਪਣਾ ਆਧਾਰ ਭੂਤ ਪ੍ਰਵਾਨ ਕਰਦੇ ਹੋਏ ਅਕਾਲ ਪੁਰਖ ਦੀ ਏਕਤਾ ‘ਤੇ ਪ੍ਰਸ਼ਨ ਚਿੰਨ੍ਹ ਖੜਾ ਕਰ ਦਿੰਦੇ ਹਨ। ਇਸ ਗੱਲ ਨੂੰ ਸਾਮੀ ਧਰਮਾਂ ਜਿਵੇਂ ਯਹੂਦੀ, ਈਸਾਈ, ਇਸਲਾਮ ਵਿੱਚ ਵੀ ਵੇਖਿਆ ਜਾ ਸਕਦਾ ਹੈ ਅਤੇ ਭਾਰਤੀ ਧਰਮ ਦਰਸ਼ਨ ਦੇ ਖੇਤਰ ਵਿੱਚ ਵੀ।
ਯਹੂਦੀ ਧਰਮ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਦਾ ਧਾਰਨੀ ਹੈ ਪਰ ਉਹ ਅਕਾਲ ਪੁਰਖ ਨੂੰ ਆਪਣੇ ਧਰਮ ਤਕ ਸੀਮਿਤ ਕਰਕੇ, ਯਹੂਦੀ ਕੌਮ ਨੂੰ ਰੱਬ ਦੀ ਚੁਣੀ ਹੋਈ ਕੌਮ ਦਾ ਵੱਖਰਾ ਪ੍ਰਸੰਗ ਖੜਾ ਕਰ ਦਿੰਦਾ ਹੈ। ਈਸਾਈ ਧਰਮ ਵੀ ਇੱਕ ਅਕਾਲ ਪੁਰਖ ਵਿੱਚ ਦ੍ਰਿੜ ਨਿਸ਼ਚਾ ਰੱਖਦਾ ਹੈ ਅਤੇ ਉਸੇ ਨੂੰ ਇਸ ਸਾਰੀ ਕਾਇਨਾਤ ਦਾ ਕੇਂਦਰ ਵੀ ਸਵੀਕਾਰ ਕਰਦਾ ਹੈ। ਪਰ ਨਾਲ ਹੀ ਅਜਿਹਾ ਸਿਧਾਂਤਕ ਪ੍ਰਸੰਗ ਖੜਾ ਕਰ ਦਿੰਦਾ ਹੈ ਜਿਸ ਨਾਲ ਅਕਾਲ ਪੁਰਖ ਦਾ ਸੰਕਲਪ ਅਤੇ ਕਰਤੱਵ ਸ਼ੰਕੇ ਵਿੱਚ ਪੈ ਜਾਂਦਾ ਹੈ ਕਿਉਂਕਿ ਉਹ ਉਸ ਪ੍ਰਭੂ ਦੀ ਪ੍ਰਾਪਤੀ ਦਾ ਮਾਧਿਅਮ ਕੇਵਲ ਉਸਦੇ ਪੁੱਤਰ ‘ਯਿਸੂ ਮਸੀਹ’ ਨੂੰ ਹੀ ਮੰਨਦਾ ਹੈ। ਬਾਈਬਲ ਵਿੱਚ ਅੰਕਿਤ ਹੈ ਕਿ ਯਿਸੂ ਹੀ ਪ੍ਰਭੂ ਦੇ ਘਰ ਦਾ ਦਰਵਾਜ਼ਾ ਹੈ ਅਤੇ ਜਿਸਨੇ ਉਸਨੂੰ ਪਾਉਣਾਹੈ, ਉਸਨੂੰ ਯਿਸੂ ਵਿੱਚੋਂ ਲੰਘਣਾ ਪਵੇਗਾ। ਹਿੰਦੂ ਧਰਮ ਵਿੱਚ ਅਕਾਲ ਪੁਰਖ ਦਾ ਨਿਰਗੁਣ ਤੇ ਸਰਗੁਣ ਵਾਲਾ ਭੇਦ, ਬਹੁਦੇਵਵਾਦ, ਵਿਸ਼ਨੂੰ ਦਾ ਅਵਤਾਰਵਾਦ ਜਾਂ ਉਸਨੂੰ ਕਿਤੇ ਇੱਕ ਰੂਪ ਵਿੱਚ ਪ੍ਰਵਾਨ ਕਰਕੇ ਵੀ ਉਸਦਾ ਤਿੰਨ ਰੂਪਾਂ ਵਿੱਚ ਪ੍ਰਗਟਾਅ ਦੀਆਂ ਕਈ ਉਦਾਹਰਣਾਂ ਹਨ। ਇਸ ਸਭ ਦੇ ਨਤੀਜੇ ਵਜੋਂ ਰੱਬ ਨੂੰ ਸਾਰਿਆਂ ਨੇ ਆਪਣੇ ਧਰਮ ਜਾਂ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਰ ਧਰਮ ਦੇ ਲੋਕ ਕੇਵਲ ਆਪਣੇ ਧਰਮ ਅਤੇ ਧਰਮ ਗ੍ਰੰਥ ਨੂੰ ਹੀ ਉਚਤਮ ਮੰਨਣ ਲੱਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਅਕਾਲ ਪੁਰਖ ਦੀ ਏਕਤਾ ਦਾ ਇੱਕ ਵਿਲੱਖਣ ਪ੍ਰਸੰਗ ਸਥਾਪਿਤ ਕਰਦਿਆਂ ਅਕਾਲ ਪੁਰਖ ਦੇ ਦਵੈਤ ਰੂਪ ‘ਤੇ ਹੀ ਕਲਮ ਨਹੀਂ ਫੇ ਹੀ ਸਗੋਂ ਇੱਕ ਰੱਬ ਅਤੇ ਇੱਕ ਲੋਕਾਈ ਦਾ ਅਨੋਖਾ ਪ੍ਰਸੰਗ ਸਥਾਪਿਤ ਕਰ ਹਰ ਤਰ੍ਹਾਂ ਦਾ ਵਾਦ-ਵਿਵਾਦ ਹੀ ਖ਼ਤਮ ਕਰ ਦਿੱਤਾ।
–
ਅਕਾਲ ਪੁਰਖ ਦਾ ‘੧’ ਹੋਣਾ ਜਿੱਥੇ ਸਾਮੀ ਧਰਮਾਂ ਦੀਆਂ ਵਲਗਣਾਂ ਨੂੰ ਤੋੜਦਾ ਸੀ, ਉੱਥੇ ਉਸਦੇ ਮੀਰੀ ਗੁਣ ਅਕਾਲ ਮੂਰਤਿ, ਅਜੂਨੀ, ਸੈਭੰ ਨੇ ਇਹ ਅਪ੍ਰਵਾਨ ਕਰ ਦਿੱਤਾ ਕਿ ਉਹ ਅਵਤਾਰ ਧਾਰਨ ਕਰਨ ਵਾਲਾ ਹੋ ਹੀ ਨਹੀਂ ਸਕਦਾ, ਭਾਵ ਉਹ ਜਨਮ ਮਰਨ ਦੇ ਘੇਰੇ ਤੋਂ ਬਾਹਰ ਹੈ।
ਇਸਦੇ ਨਾਲ-ਨਾਲ ਅਕਾਲ ਪੁਰਖ ਦਾ ਨਾਮ ਯਾਹੋਵਾ, ਪਰਮੇਸ਼ਰ ਜਾਂ ਅੱਲਾਹ ਹੀ ਹੋ ਸਕਦਾ ਹੈ, ਨੂੰ ਬਿਲਕੁਲ ਅਪ੍ਰਵਾਨ ਕਰ ਫ਼ੁਰਮਾਨ ਦਿੱਤਾ :
ਕਹੁ ਨਾਨਕ ਗੁਰਿ ਖੋਏ ਭਰਮ।। ਏਕੋ ਅਲਹੁ ਪਾਰਬ੍ਰਹਮ॥
(ਗੁ.ਗ੍ਰੰ.ਸਾ. ਅੰਗ 897)
ਨਾਲ ਹੀ ਗੁਰੂ ਸਾਹਿਬ ਨੇ ਸਾਰੀ ਕਾਇਨਾਤ ਨੂੰ ਇੱਕ ਵਿਚੋਂ ਉਪਜੀ ਦੱਸ ਕੇ ਅਕਾਲ ਪੁਰਖ ਦੀ ਪ੍ਰਾਪਤੀ ਲਈ ਜਬਰੀ ਧਰਮ ਤਬਦੀਲੀਆਂ ਨੂੰ ਪੂਰਨ ਤੌਰ ‘ਤੇ ਮੰਨਣ ਤੋਂ ਇਨਕਾਰ ਕਰ ਦਿੱਤਾ।
- ਮਾਨਵ ਏਕਤਾ
ਸਿੱਖ ਧਰਮ ਦਾ ਮੁੱਖ ਨਿਸ਼ਾਨਾ ਰੱਬੀ ਏਕਤਾ, ਮਾਨਵ ਏਕਤਾ ਅਤੇ ਸਮਾਜੀ ਏਕਤਾ ਹੈ। ਗੁਰੂ ਗ੍ਰੰਥ ਸਾਹਿਬ ਨੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਅਤੇ “ਕੁਦਰਤਿ ਕੇ ਸਭਿ ਬੰਦੇ” ਦਾ ਐਲਾਨ ਕਰ ਮਨੁੱਖ ਮਨੁੱਖ ਵਿੱਚ ਖੜੇ ਕੀਤੇ ਹਰ ਭੇਦ-ਭਾਵ ਨੂੰ ਮੰਨਣ ਤੋਂ ਪੂਰਨ ਤੌਰ ‘ਤੇ ਇਨਕਾਰ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਨੇ ਜਾਤੀ ਪ੍ਰਥਾ ਅਤੇ ਊਚ-ਨੀਚ ਵਰਗੀਆਂ ਸਮਾਜਿਕ ਬੁਰਾਈਆਂ ਦੀ ਪੁਰਜੋਰ ਨਿਖੇਧੀ ਕੀਤੀ ਹੈ ਅਤੇ ਸਾਰਿਆਂ ਨੂੰ ਇੱਕ ਵੱਡੀ ਜੋਤਿ ਤੋਂ ਉਪਜਿਆ ਦੱਸਿਆ ਹੈ ਸਗਲ ਬਨਸਪਤਿ ਮਹਿ ਬੈਸੰਤਰੁ
ਸਗਲ ਦੂਧ ਮਹਿ ਘੀਆ।।
ਊਚ ਨੀਚ ਮਹਿ ਜੋਤਿ ਸਮਾਣੀ
ਘਟਿ ਘਟਿ ਮਾਧਉ ਜੀਆ॥
(ਗੁ.ਗ੍ਰੰ.ਸਾ. ਅੰਗ 617)
ਗੁਰੂ ਗ੍ਰੰਥ ਸਾਹਿਬ ਨੇ ਇਸ ਐਲਾਨਨਾਮੇ ਨਾਲ ਇੱਕ ਨਵੀਂ ਚੇਤਨਾ ਲਹਿਰ ਖੜੀ ਕਰ ਦਿੱਤੀ। ਇਸ ਨਾਲ ਅਖੌਤੀ ਨੀਵਿਆਂ, ਦਲਿਤਾਂ ਅਤੇ ਆਰਥਿਕ ਤੌਰ ‘ਤੇ ਸ਼ੋਸ਼ਿਤ ਵਰਗ ਅੰਦਰ ਇੱਕ ਨਵੀਂ ਚੇਤਨਾ ਦਾ ਵਿਕਾਸ ਹੋਇਆ, ਜਿਸਨੇ ਆਉਣ ਵਾਲੇ ਸਮੇਂ ਵਿੱਚ ਨਵੀਂ ਇਤਿਹਾਸਕ ਸਿਰਜਣਾ ਕਰ “ਨੀਚਹ ਊਚ ਕਰੈ ਮੇਰਾ ਗੋਬਿੰਦੁ” ਦਾ ਪ੍ਰਸੰਗ ਸਥਾਪਿਤ ਕਰ ਦਿੱਤਾ।
ਗੁਰੂ ਸਾਹਿਬ ਨੇ ਜਿੱਥੇ ਪ੍ਰਚਲਿਤ ਭਾਰਤੀ ਜਾਤ-ਪਾਤ ਪ੍ਰਥਾ ਦੀ ਨਿਖੇਧੀ ਕੀਤੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਰੂਪ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਸਾਹਿਬ ਦਾ ਸਿਧਾਂਤ “ਸਾਝ ਕਰੀਜੈ ਗੁਣਹ ਕੇਰੀ” ਸੀ ਨਾ ਕਿ ਊਚ ਨੀਚ। ਗੁਰੂ ਸਾਹਿਬ ਨੇ ਸ਼ੂਦਰ ਤੇ ਬ੍ਰਾਹਮਣ, ਹਿੰਦੂ ਤੇ ਮੁਸਲਮਾਨ ਦਾ ਭੇਦ ਮਿਟਾ ਕੇ ਤੇ ਸਾਰੇ ਭਗਤ ਸਾਹਿਬਾਨ ਦੀ ਬਾਣੀ ਨੂੰ ਇਕੋ ਜਿਹਾ ਆਦਰ ਭਾਵ ਦੇ ਕੇ ਆਪਣੀ ਬਾਣੀ ਦੇ ਨਾਲ ਸਥਾਨ ਦਿੱਤਾ।
- ਧਰਮ ਦੀ ਏਕਤਾ
ਸਿੱਖ ਧਰਮ ਦੀ ਵੱਖਰੀ ਹੋਂਦ ਦਾ ਇੱਕ ਆਪਣਾ ਨਿਵੇਕਲਾ ਸੰਦਰਭ ਹੈ ਅਤੇ ਇਸ ਸੰਦਰਭ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਸ ਕਰਕੇ ਇੱਥੇ ਇਸਨੂੰ ਵਿਲੱਖਣਤਾ ਦੇ ਮੀਰੀ ਗੁਣ ਵਜੋਂ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਇੱਕ ਧਰਮ ਲਈ ਦੂਜੇ ਲਈ ਮਨਾਹੀ ਸੀ। ਹਰ ਕੋਈ ਆਪਣੇ ਧਰਮ ਨੂੰ ਸਰਬ-ਉੱਚ ਅਤੇ ਦੂਜੇ ਧਰਮ ਪ੍ਰਤੀ ਨਿਰਾਦਰਤਾ ਵਿਖਾ ਰਿਹਾ ਸੀ। ਧਰਮ ਨਫ਼ਰਤ ਤੇ ਕਰਮ-ਕਾਂਡ ਦਾ ਰੂਪ ਧਾਰਨ ਕਰ ਚੁੱਕਾ ਸੀ। ਧਰਮ ਦਾ ਕਾਰਜ ਮਨੁੱਖੀ ਮੁਕਤੀ ਨਾ ਰਹਿ ਕੇ ਪਾਖੰਡ ਦਾ ਰੂਪ ਧਾਰਨ ਕਰ ਚੁੱਕਾ ਸੀ।
ਗੁਰੂ ਗ੍ਰੰਥ ਸਾਹਿਬ ਨੇ ਸਿਧਾਂਤ ਪ੍ਰਸੰਗ ਦੀ ਸਥਾਪਨਾ ਕਰਦਿਆਂ ਕਿਹਾ ਕਿ ਧਰਮ ਤਾਂ ਇਕ ਹੀ ਹੈ, ਉਹ ਹੈ ਸੱਚਾਈ ਪ੍ਰਤੀ ਵਿਸ਼ਵਾਸ ਜਾਂ ਨਿਸ਼ਚਾ। ਜੇ ਸੱਚ ਪਲੈ ਨਹੀਂ ਤਾਂ ਧਰਮ ਗ੍ਰਹਿਣ ਕੀਤਾ ਹੀ ਨਹੀਂ ਜਾ ਸਕਦਾ।
ਗੁਰੂ ਗ੍ਰੰਥ ਸਾਹਿਬ ਨੇ ਭੇਖ ਦਾ ਰੂਪ ਧਾਰ ਚੁੱਕੇ ਧਰਮ ਅਤੇ ਧਰਮੀ ਬੰਦਿਆਂ ਦਾ ਨਕਾਬ ਪਾ ਕੇ ਫਿਰ ਰਹੇ ਲੋਕਾਂ ਦੇ ਕਿਰਦਾਰ ਨੂੰ ਲੋਕਾਂ ਸਾਹਮਣੇ ਰੱਖ ਦਿੱਤਾ। ਗੁਰੂ ਸਾਹਿਬ ਨੇ ਮੁਸਲਮਾਨ ਅਤੇ ਹਿੰਦੂ ਨੂੰ ਚਰਿੱਤਰ ਸਿਰਜਨਾ ਬਾਰੇ ਬਿਆਨ ਕਰਦਿਆਂ ਕਿਹਾ :
ਰਬ ਕੀ ਰਜਾਇ ਮੰਨੇ ਸਿਰ ਉਪਰਿ
ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ
ਮੁਸਲਮਾਣੁ ਕਹਾਵੈ।।
(ਗੁ.ਗ੍ਰੰ.ਸਾ. ਅੰਗ 141)
ਅਤੇ
ਸੋ ਜੋਗੀ ਜੋ ਜੁਗਤਿ ਪਛਾਣੈ।।
ਗੁਰਪਰਸਾਦੀ ਏਕੋ ਜਾਣੈ।।
ਕਾਜੀ ਸੋ ਜੋ ਉਲਟੀ ਕਰੈ।।
ਗੁਰ ਪਰਸਾਦੀ ਜੀਵਤੁ ਮਰੈ॥
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ।।
ਆਪਿ ਤਰੈ ਸਗਲੇ ਕੁਲ ਤਾਰੈ।।
(ਗੁ.ਗ੍ਰੰ.ਸਾ. ਅੰਗ 662)
ਗੁਰੂ ਪਾਤਸ਼ਾਹ ਨੇ ਉਕਤ ਸਿਧਾਂਤ ਨੂੰ ਅਮਲ ਵਿੱਚ ਤਬਦੀਲ ਕਰਦਿਆਂ ਉਸਦਾ ਨਿਵੇਕਲਾ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ਅਤੇ ਦੁਨੀਆ ਦੇ ਇਕੋ-ਇੱਕ ਧਰਮ ਗ੍ਰੰਥ ਵਜੋਂ ਇਸ ਦੀ ਸਥਾਪਤੀ ਦਾ ਰਾਜ ਇਹ ਸੀ ਕਿ ਬਿਨਾ ਕਿਸੇ ਧਰਮ-ਨਸਲ ਦੇ ਭੇਦ-ਭਾਵ ਤੋਂ ਇਸ ਵਿੱਚ ਇਸਲਾਮ ਅਤੇ ਹਿੰਦੂ ਧਰਮ ਦੇ ਮਹਾਪੁਰਖਾਂ ਦੀ ਬਾਣੀ ਦਰਜ ਕਰਕੇ “ਕੋਈ ਬੋਲੈ ਰਾਮ ਰਾਮ ਕੋਈ ਖੁਦਾਇ’ ਦਾ ਅਲੌਕਿਕ ਨਾਦ ਧਰਤ ਲੋਕਾਈ ਦੀ ਭਲਾਈ ਲਈ ਸੰਸਥਾਤਮਕ ਰੂਪ ਵਿੱਚ ਸਥਾਪਿਤ ਕਰ ਦਿੱਤਾ।
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ “ਸ਼ਬਦ ਗੁਰੂ’ ਦੀ ਸਥਾਪਨਾ ਦੇ ਬਾਅਦ ਸਭ ਤੋਂ ਅਖੀਰ ਵਿੱਚ ਇਸ ‘ਤੇ ਮੋਹਰ ਲਾ ਦਿੱਤੀ ਅਤੇ ਇਸਨੂੰ ਆਪਣੀ ਕ੍ਰਿਤ ਨਾ ਕਹਿ ਕੇ ਅਕਾਲ ਪੁਰਖ ਦੀ ਬਖ਼ਸ਼ਿਸ਼ ਹੀ ਪ੍ਰਵਾਨ ਕੀਤਾ।
ਮੁੰਦਾਵਣੀ ਮਹਲਾ ੫॥
ਥਾਲ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।। ੧॥
ਸਲੋਕ ਮਹਲਾ ੫॥
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ।।
भै ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ।।
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ।।
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥
(ਗੁ.ਗ੍ਰੰ.ਸਾ. ਅੰਗ 1429)