ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਸੰਪੂਰਨ ਹੋਇਆ। 1599 ਈ. ਵਿੱਚ ਇਸ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਆਰੰਭ ਹੋਇਆ। ਸੰਪਾਦਨਾ ਦੇ ਕਾਰਜ ਲਈ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਰਾਮਸਰ ਦੇ ਰਮਣੀਕ ਸਥਾਨ ਦੀ ਚੋਣ ਕੀਤੀ ਗਈ। ਇਸ ਪਵਿੱਤਰ ‘ਆਦਿ ਗ੍ਰੰਥ’ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ ਅਤੇ 1604 ਈ. ਨੂੰ ਇਹ ਮਹਾਨ ਕਾਰਜ ਸੰਪੂਰਨ ਹੋਇਆ।
‘ਆਦਿ ਗ੍ਰੰਥ’ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈ. ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਇਸਦੇ ਪਹਿਲੇ ਗ੍ਰੰਥੀ ਵਜੋਂ ਥਾਪਿਆ ਗਿਆ। ਇਸ ਪਹਿਲੇ ਪ੍ਰਕਾਸ਼ ਦੇ ਸਮੇਂ ਜੋ ਹੁਕਮਨਾਮਾ ਆਇਆ, ਉਹ ਇਹ ਹੈ :
ਸੂਹੀ ਮਹਲਾ ੫॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ।।
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ।।
(ਗੁ.ਗ੍ਰੰ.ਸਾ. ਅੰਗ 783)