Guru Granth Sahib De Updesh – ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼

ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼

ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲਾ ਉਪਦੇਸ਼ ਪਰਸਪਰ ਪ੍ਰੇਮ, ਪਿਆਰ, ਨਿਰਭੈਤਾ, ਨਿਰਵੈਰਤਾ, ਦਇਆ, ਪਰਉਪਕਾਰ, ਧਾਰਮਿਕ ਸਹਿਨਸ਼ੀਲਤਾ, ਮਨੁੱਖੀ ਸਮਾਨਤਾ ਆਦਿ ਅਲੌਕਿਕ ਗੁਣਾਂ ਨਾਲ ਭਰਪੂਰ ਹੈ ਅਤੇ ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ ਤੇ ਸੇਵਾ, ਸੰਤੋਖ, ਭਾਣਾ ਮੰਨਣ ਆਦਿ ਲਈ ਪ੍ਰੇਰਣਾ ਦਾ ਸ੍ਰੋਤ ਹੈ।

ਸਾਰੇ ਮਤਾਂ ਦੇ ਧਰਮ ਗ੍ਰੰਥ ਸੱਚ ਦੇ ਮਾਰਗ ‘ਤੇ ਚਲਣ ਲਈ ਪ੍ਰੇਰਦੇ ਹਨ ਅਤੇ ਸਤਿਕਾਰ-ਯੋਗ ਹਨ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਇੱਕ ਫ਼ਿਰਕੇ, ਜਮਾਤ ਜਾਂ ਦੇਸ਼ ਦੀ ਗੱਲ ਨਹੀਂ ਕੀਤੀ ਗਈ, ਬਲਕਿ ਇਸਦਾ ਉਪਦੇਸ਼ ਤਾਂ ਸਾਰੇ ਵਰਗਾਂ, ਦੇਸ਼ਾਂ ਅਤੇ ਮਨੁੱਖ ਮਾਤਰ ਲਈ ਸਾਂਝਾ ਹੈ। ਗੁਰਮਤਿ ਦਾ ਆਸ਼ਾ ਬਹੁਤ ਸਪਸ਼ਟ ਹੈ ਕਿ ਹਰ ਕੋਈ ਸੱਚ ਦੇ ਮਾਰਗ ‘ਤੇ ਚਲਦਾ ਹੋਇਆ ਆਪੋ-ਆਪਣੇ ਧਰਮ ਦੀ ਪਾਲਨਾ ਕਰੇ ਅਤੇ ਇਸ ਵਿੱਚ ਸਾਰੀ ਲੋਕਾਈ ਦਾ ਭਲਾ ਮੰਗਿਆ ਗਿਆ ਹੈ। ਗੁਰੂ ਪਾਤਸ਼ਾਹ ਦਾ ਫ਼ੁਰਮਾਨ ਹੈ :

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।। 
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

(ਗੁ.ਗ੍ਰੰ.ਸਾ. ਅੰਗ 853)

ਸਿੱਖ ਧਰਮ ਦੇ ਬਾਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਕੇਵਲ ਸਿਧਾਂਤਾਂ ਤਕ ਹੀ ਸੀਮਿਤ ਨਹੀਂ ਰਖਿਆ ਸਗੋਂ ਇਹਨਾਂ ਨੂੰ ਅਮਲੀ ਜੀਵਨ ਵਿੱਚ ਢਾਲਣ ਨੂੰ ਵਧੇਰੇ ਮਹੱਤਤਾ ਦਿੱਤੀ ਹੈ। ਸਿਧਾਂਤ ਅਤੇ ਅਮਲ ਦੀ ਇਕਸੁਰਤਾ ਦਾ ਇਹ ਹਾਲ ਹੈ ਕਿ ਸਿੱਖ ਧਰਮ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੇ ਆਧਾਰ ਉੱਤੇ ਘੜਿਆ ਹੀ ਵੇਖਦਾ ਹੈ।

ਸਿੱਖ ਧਰਮ ਨਾਲ ਸਬੰਧਿਤ ਇੱਕ ਵਿਦੇਸ਼ੀ ਵਿਦਵਾਨ ਦਾ ਕਥਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਉਪਦੇਸ਼ਾਂ ਤੋਂ ਇਹ ਪੂਰੀ ਤਰ੍ਹਾਂ ਸਿਧ ਹੋ ਜਾਂਦਾ ਹੈ ਕਿ ਸਿੱਖ ਧਰਮ ਸੰਸਾਰ ਵਿੱਚ ਇੱਕ ਨਵਾਂ ਅਤੇ ਬਿਲਕੁਲ ਵਿਲੱਖਣ ਧਰਮ ਹੈ। ਅਸਲ ਵਿੱਚ ਇਹ ਧਰਮ ਇਹੋ ਜਿਹਾ ਹੈ ਕਿ ਜਿਸਨੂੰ ਜੀਵਨ ਵਿੱਚ ਸੌਖਿਆਂ ਅਮਲ ਵਿੱਚ ਲਿਆਉਂਦਾ ਜਾ ਸਕਦਾ ਹੈ। ਇਸ ਧਰਮ ਨੂੰ ਮਨੁੱਖੀ ਜੀਵਨ ਦੇ ਅਧਿਆਤਮਕ ਲਾਭ ਤੋਂ ਵੇਖਿਆ ਜਾਵੇ ਤਾਂ ਇਹ ਸਾਰੇ ਸੰਸਾਰ ਵਿੱਚ ਲਗਭਗ ਆਪਣੀ ਕਿਸਮ ਦਾ ਆਪ ਹੀ ਹੈ।

ਗੁਰੂ ਗ੍ਰੰਥ ਸਾਹਿਬ ਵਿਚਲੇ ਪ੍ਰਮੁੱਖ ਉਪਦੇਸ਼ਾਂ ਨੂੰ ਸੁਖੈਨ ਤਰੀਕੇ ਨਾਲ ਸਮਝਣ ਲਈ ਇਹਨਾਂ ਦਾ ਵੱਖੋ-ਵੱਖਰ ਪ੍ਰਸੰਗ ਸਥਾਪਿਤ ਕਰਨਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਖ਼ਾਸ ਤੌਰ ਉੱਤੇ ਸਿੱਖ ਧਰਮ ਦੇ ਪੈਰੋਕਾਰ ਅਤੇ ਆਮ ਕਰਕੇ ਸਿੱਖ ਧਰਮ ਨੂੰ ਸਮਝਣ ਵਾਲੇ ਇਸਦੇ ਅਰਥਾਂ ਨਾਲ ਪੂਰੀ ਤਰ੍ਹਾਂ ਇਕਸੁਰ ਹੋ ਸਕਣ ਅਤੇ ਕਿਸੇ ਤਰ੍ਹਾਂ ਦਾ ਸ਼ੰਕਾ ਤੇ ਕਿੰਤੂ-ਪ੍ਰੰਤੂ ਪੈਦਾ ਹੀ ਨਾ ਹੋ ਸਕੇ। ਇਸ ਗੱਲ ਨੂੰ ਧਿਆਨ ਵਿੱਚ ਰਖਦਿਆਂ ਹੋਏ ਅਸੀਂ ਗੁਰੂ ਗ੍ਰੰਥ ਸਾਹਿਬ ਵਿਚਲੇ ਉਪਦੇਸ਼ਾਂ ਨੂੰ ਅਧਿਆਤਮਕ, ਸਮਾਜਿਕ ਦਾਰਸ਼ਨਿਕ, ਰਾਜਨੀਤਕ ਅਤੇ ਨੈਤਿਕ ਪਹਿਲੂਆਂ ਤੋਂ ਵੇਖਣ ਦਾ ਜਤਨ ਕਰਾਂਗੇ