ਗੁਰਸਿੱਖ ਬਾਣੀਕਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੀ ਜੋ ਪ੍ਰਵਾਨਿਤ ਤਰਤੀਬ ਹੈ, ਉਸ ਵਿੱਚ 4 ਮਹਾਪੁਰਖਾਂ – ਭਾਈ ਮਰਦਾਨਾ, ਭਾਈ ਸੁੰਦਰ, ਭਾਈ ਸਤਾ ਅਤੇ ਭਾਈ ਬਲਵੰਡ ਦੀ ਬਾਣੀ ਹੈ। ਇਨ੍ਹਾਂ ਨੂੰ ਗੁਰੂ ਘਰ ਦੇ ਨਿਕਟਵਰਤੀ ਸ਼ਰਧਾਲੂ ਜਾਂ ਗੁਰਸਿੱਖ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਹਨਾਂ ਦਾ ਜੀਵਨ ਅਤੇ ਰਚਨਾ ਦਾ ਸੰਖੇਪ ਅਧਿਐਨ ਇਸ ਤਰ੍ਹਾਂ ਹੈ :
ਭਾਈ ਮਰਦਾਨਾ
ਭਾਈ ਮਰਦਾਨਾ ਸਿੱਖ ਧਰਮ ਦਾ ਪਹਿਲਾ ਪਾਂਧੀ, ਨਾਨਕ ਪਾਤਸ਼ਾਹ ਦੇ ਸੱਚ ਨੂੰ ਪਛਾਨਣ ਵਾਲਾ ਅਤੇ ਪੂਰੀ ਜ਼ਿੰਦਗੀ ਨਾਲ ਨਿੱਭਣ ਵਾਲਾ ਗੁਰੂ ਦਾ ਪੂਰਾ-ਸੂਰਾ ਗੁਰਸਿੱਖ 1459 ਈ. ਨੂੰ ਗੁਰੂ ਦੀ ਹੀ ਨਗਰੀ ਤਲਵੰਡੀ ਵਿਖੇ ਭਾਈ ਬਾਦਰੇ ਦੇ ਘਰ ਮਾਈ ਲੱਖੋ ਦੀ ਕੁਖੋਂ ਪੈਦਾ ਹੋਇਆ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜੋ ਅਕਾਲ ਪੁਰਖੀ ਰੂਹਾਂ ਦਾ ਜ਼ਿਕਰ ਕੀਤਾ ਹੈ, ਉਸ ਵਿੱਚ ਦੂਸਰਾ ਅਕਾਲ ਪੁਰਖੀ ਰੂਪ ਭਾਈ ਮਰਦਾਨਾ ਹੈ।
ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ॥
ਭਾਈ ਮਰਦਾਨਾ ਜੀ ਨੇ ਜਦ ਇੱਕ ਵਾਰ ਗੁਰੂ ਬਾਬੇ ਦੀ ਨਿਗਾਹ ਵਿੱਚ ਨਿਗਾਹ ਪਾ ਤੱਕਿਆ ਤਾਂ “ਏਕ ਜੋਤਿ ਦੁਇ ਮੂਰਤੀ’ ਦਾ ਇਲਾਹੀ ਪ੍ਰਸੰਗ ਸਥਾਪਨ ਹੋ ਗਿਆ। ਭਾਈ ਮਰਦਾਨੇ ਨੂੰ ਤਾਜ਼ਿੰਦਗੀ ਦੀ ਰੱਬੀ ਦਾਤ ਪ੍ਰਾਪਤ ਸੀ। ਗੁਰੂ ਨਾਨਕ ਦਾ ਦੈਵੀ ਨਾਦ ਅਤੇ ਭਾਈ ਮਰਦਾਨੇ ਦੀ ਰਬਾਬ ਪੰਜ ਸਦੀਆਂ ਤੋਂ ਸਿੱਖ ਇਤਿਹਾਸ ਦੇ ਪੈਰੋਕਾਰਾਂ ਦਾ ਹਿਰਦਾ ਬਣੀ ਹੋਈ ਹੈ। ਗੁਰੂ ਸਾਹਿਬ ਦੀਆਂ ਉਦਾਸੀਆਂ ਦਰਮਿਆਨ ਕਦਮ ਨਾਲ ਕਦਮ ਮਿਲਾਉਂਦਾ ਹੋਇਆ ਭਾਈ ਮਰਦਾਨਾ ਖ਼ੁਦ ਨਾਨਕ ਹੋ ਚੁੱਕਾ ਸੀ। ਗੁਰੂ ਪਾਤਸ਼ਾਹ ਇਸ ਮਹਾਪੁਰਖ ਨੂੰ ਕਿਸ ਕਦਰ ਸਤਿਕਾਰ ਦਿੰਦੇ ਸਨ, ਇਸ ਦਾ ਪ੍ਰਗਟਾਵਾ ਜਨਮ ਸਾਖੀਆਂ ਵਿੱਚੋਂ ਹੋ ਜਾਂਦਾ ਹੈ, ਜਿੱਥੇ ਪਾਪੀਆਂ, ਪਾਖੰਡੀਆਂ, ਘਮੰਡੀਆਂ ਅਤੇ ਦੁਰਾਚਾਰੀਆਂ ਦੇ ਉਧਾਰ ਲਈ ਭਾਈ ਦੇ ਮਰਦਾਨਾ ਮਾਧਿਅਮ ਬਣਦਾ ਹੈ। ਆਪਣੀ ਜ਼ਿੰਦਗੀ ਗੁਰੂ ਘਰ ਨੂੰ ਅਰਪਿਤ ਕਰ ਚੁੱਕਾ ਇਹ ਸਿੱਖ ਅੱਜ ਵੀ ਸਿੱਖ ਧਰਮ ਦੀ ਵੱਡੀ ਉਦਾਹਰਣ ਵਜੋਂ ਇੱਕ ਚਿੰਨ੍ਹ ਬਣ ਚੁੱਕਿਆ ਹੈ।
ਪੱਛਮ ਦੀ ਅਖੀਰਲੀ ਯਾਤਰਾ ਦੀ ਵਾਪਸੀ ਦੇ ਵਕਤ ਅਫ਼ਗ਼ਾਨਿਸਤਾਨ ਦੇ ਖੁਰਮ ਦਰਿਆ ਦੇ ਕੰਢੇ ਇਸ ਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਝੋਲੀ ਵਿੱਚ ਅਖੀਰਲੇ ਸਾਹ ਲਏ। ਗੁਰੂ ਸਾਹਿਬ ਨੇ ਭਾਈ ਮਰਦਾਨਾ ਦੀ ਇੱਛਾ ਅਨੁਸਾਰ ਆਪਣੇ ਹੱਥੀਂ ਉਹਨਾਂ ਦਾ ਅੰਤਿਮ ਸਸਕਾਰ ਕੀਤਾ। ਇਸ ਥਾਂ ਉੱਤੇ ਭਾਈ ਮਰਦਾਨਾ ਜੀ ਦੀ ਯਾਦਗਾਰ ਅੱਜ ਵੀ ਸੁਸ਼ੋਭਿਤ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਬਿਹਾਗੜੇ ਦੀ ਵਾਰ ਵਿੱਚ ਤਿੰਨ ਸਲੋਕ ਦਰਜ ਹਨ ਜਿਨ੍ਹਾਂ ਦਾ ਸਿਰਲੇਖ ਹੈ – ਸਲੋਕੁ ਮਰਦਾਨਾ ੧, ਮਰਦਾਨਾ ੧ ਤੇ ਮਰਦਾਨਾ ੧
ਇਸ ਬਾਣੀ ਵਿੱਚ ਵਿਸ਼ਾ-ਵਿਕਾਰ ਪੈਦਾ ਕਰਨ ਵਾਲਿਆਂ ਨਸ਼ਿਆਂ ਨੂੰ ਛੱਡ ਸੱਚੇ ਨਾਮ ਦੇ ਨਸ਼ੇ ਨਾਲ ਸ਼ਰਸਾਰ ਹੋਣ ਦੀ ਸਿੱਖਿਆ ਹੈ। ਉਦਾਹਰਣ ਵਜੋਂ ਇੱਕ ਸਲੋਕ ਇਸ ਤਰ੍ਹਾਂ ਹੈ :
ਸਲੋਕ ਮਰਦਾਨਾ ੧
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥ ੧॥
(ਗੁ.ਗ੍ਰੰ.ਸਾ. ਅੰਗ 553)
ਬਾਬਾ ਸੁੰਦਰ
ਬਾਬਾ ਸੁੰਦਰ ਜੀ ਦਾ ਸਬੰਧ ਗੁਰੂ ਅਮਰਦਾਸ ਜੀ ਦੇ ਪਰਿਵਾਰ ਨਾਲ ਹੈ। ਆਪ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੇ ਪੋਤਰੇ ਤੇ ਭਾਈ ਅਨੰਦ ਜੀ ਦੇ ਪੁੱਤਰ ਸੀ। ਇਸ ਤਰ੍ਹਾਂ ਆਪ ਗੁਰੂ ਅਮਰਦਾਸ ਜੀ ਦੇ ਪੜ-ਪੋਤਰੇ ਹੋਏ। ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ ਰਾਗ ਰਾਮਕਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ 923 ਉੱਤੇ ਸੁਸ਼ੋਭਿਤ ਹੈ।
ਸੱਦ ਦਾ ਸ਼ਾਬਦਿਕ ਅਰਥ ਬੁਲਾਵਾ ਹੈ। ਆਪ ਜੀ ਦੀ ਰਚਨਾ ‘ਸਦੁ’ ਦੀਆਂ 6 ਪਉੜੀਆਂ ਹਨ। ਇਸ ਰਚਨਾ ਦਾ ਮੁੱਖ ਆਧਾਰ ਭਾਣਾ ਮੰਨਣਾ ਹੈ, ਜਗਤ ਚਲਾਇਮਾਨ ਹੈ ਅਤੇ ਇਸ ਸੱਚ ਨੂੰ ਪ੍ਰਵਾਨ ਕਰਦੇ ਹੋਏ ਮਰਨ ‘ਤੇ ਰੋਣਾ-ਧੋਣਾ ਨਾ ਕਰਨ ਦਾ ਉਪਦੇਸ਼ ਹੈ। ਇਸ ਬਾਣੀ ਦਾ ਸਾਰ ਇਸ ਤਰ੍ਹਾਂ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਅੰਤਿਮ ਸਮੇਂ ਪਰਿਵਾਰ ਨੂੰ ਹੁਕਮ ਕੀਤਾ ਕਿ :
ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ। ਰੋਣ ਦਾ ਮਤਲਬ ਪ੍ਰਭੂ ਭਾਣੇ ਨੂੰ ਅਸਵੀਕਾਰ ਕਰਨਾ ਹੋਵੇਗਾ।
1.ਮੇਰੇ ਜਾਣ ਪਿੱਛੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਨਾ ਅਤੇ ਅਕਾਲ ਪੁਰਖ ਦੀਆਂ ਕਥਾ ਕਹਿਣੀਆਂ ਤੇ ਸੁਣਨੀਆਂ।
2.ਕੋਈ ਵੀ ਮਨਮਤੀ ਕਰਮ-ਕਾਂਡ ਨਹੀਂ ਕਰਨਾ।
3.ਅਗਲੇ ਗੁਰੂ ਦੇ ਤੌਰ ‘ਤੇ ‘ਰਾਮਦਾਸ ਜੀ’ ਵਿੱਚ ਆਪਣਾ ਆਪਾ ਰੱਖ ਕੇ ਗੁਰੂ ਪਦਵੀ ਦੇ ਦਿੱਤੀ।
ਆਪ ਜੀ ਦੀ ਬਾਣੀ ਦਾ ਰੂਪ ਇਸ ਤਰ੍ਹਾਂ ਹੈ :
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ।।
ਮਤੁ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ।
ਮਿਤੁ ਪੈਝੈ ਮਿਤੁ ਬਿਗਸੈ, ਜਿਸੁ ਮਿਤ ਕੀ ਪੈਜੁ ਭਾਵਏ॥
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਣ॥
ਸਤਿਗੁਰੂ ਪਰਤਖਿ ਹੋਵੈ ਬਹਿ ਰਾਜੁ ਆਪਿ ਟਿਕਾਇਆ।।
ਸਭਿ ਸਿਖ ਬੰਧਪ ਪੁਤ ਭਾਈ, ਰਾਮਦਾਸ ਪੈਰੀ ਪਾਇਆ।।
ਅੰਤੇ ਸਤਿਗੁਰੂ ਬੋਲਿਆ ਮੈ ਪਿਛੈ ਕੀਰਤਨ ਕਰਿਅਹੁ ਨਿਰਬਾਣੁ ਜੀਉ।।
ਕੇਸੋ ਗੋਪਾਲ ਪੰਡਿਤ ਸਦਿਅਹੁ, ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ।।
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ, ਬੇਬਾਣੁ ਹਰਿ ਰੰਗ ਗੁਰ ਭਾਵਏ॥
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥
ਹਰਿ ਭਾਇਆ ਸਤਿਗੁਰ ਰੋਲਿਆ, ਹਰਿ ਮਿਲਿਆ ਪੁਰਖੁ ਸੁਜਾਣੁ ਜੀਉ।।
ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ ਨੀਸਾਣੁ ਜੀਉ।
(ਗੁ.ਗ੍ਰੰ.ਸਾ. ਅੰਗ 923)
ਰਾਇ ਬਲਵੰਡ ਅਤੇ ਭਾਈ ਸਤਾ
ਭਾਈ ਬਲਵੰਡ ਅਤੇ ਭਾਈ ਸੱਤਾ ਗੁਰੂ ਘਰ ਦੇ ਸੁਪ੍ਰਸਿੱਧ ਕੀਰਤਨੀਏ ਸਨ। ਭਾਈ ਮਰਦਾਨਾ ਜੀ ਤੋਂ ਬਾਅਦ ਸਿੱਖ ਧਰਮ ਵਿੱਚ ਇਨ੍ਹਾਂ ਦੋਵਾਂ ਨੂੰ ਬੇਹੱਦ ਪਿਆਰ ਅਤੇ ਸਤਿਕਾਰ ਪ੍ਰਾਪਤ ਹੋਇਆ। ਸਿੱਖ ਧਰਮ ਦੀਆਂ ਇਨ੍ਹਾਂ ਸਤਿਕਾਰਤ ਹਸਤੀਆਂ ਦਾ ਦੁਖਾਂਤਕ ਪੱਖ ਇਹ ਹੈ ਕਿ ਇਹਨਾਂ ਦੀ ਜਨਮ ਤਿਥੀ, ਸਥਾਨ ਅਤੇ ਘਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ। ਇਨ੍ਹਾਂ ਦੀਆਂ ਰਚਨਾਵਾਂ ਤੋਂ ਇਨ੍ਹਾਂ ਦੇ ਜੀਵਨ ‘ਤੇ ਝਾਤ ਮਾਰੀ ਜਾ ਸਕਦੀ ਹੈ।
ਇਨ੍ਹਾਂ ਦੀ ਰਚਨਾ ਜਿੱਥੇ ਇਨ੍ਹਾਂ ਨੂੰ ਵੱਡੇ ਵਿਦਵਾਨ ਅਤੇ ਯੁੱਗ-ਪੁਰਸ਼ ਵਜੋਂ ਸਥਾਪਿਤ ਕਰਦੀ ਹੈ, ਉਥੇ ਇਨ੍ਹਾਂ ਦੀ ਰਚਨਾ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਇਹ ਅਨਿੰਨ ਸਿੱਖ ਹੀ ਨਹੀਂ ਸਨ ਸਗੋਂ ਗੁਰੂ ਸਿਧਾਂਤ ਦੀ ਪੂਰਨ ਤਰਾਂ ਚੇਤੰਨਤਾ ਵਾਲੇ ਵੀ ਸਨ। ਗੁਰੂ ਸਿਧਾਂਤ ਅਤੇ ਗੁਰੂ ਦਰਬਾਰ ਦੀ ਸ਼ੋਭਾ ਨੇ ਇਨ੍ਹਾਂ ਦੀ ਬਾਣੀ ਨੂੰ ਅਧਿਆਤਮਿਕਤਾ ਦੇ ਨਾਲ-ਨਾਲ ਇੱਕ ਇਤਿਹਾਸਕ ਸ੍ਰੋਤ ਵਜੋਂ ਵੀ ਮਾਨਤਾ ਦਿਵਾਈ ਹੈ
ਇਨ੍ਹਾਂ ਕੀਰਤਨੀਆਂ ਬਾਰੇ ਇੱਕ ਪ੍ਰਚਲਿਤ ਰਵਾਇਤ ਵੀ ਹੈ ਕਿ ਇਹ ਇੱਕ ਵਾਰ ਗੁਰੂ ਘਰ ਤੋਂ ਬੇਮੁਖ ਹੋ ਕੇ ਗੁਰੂ ਦਰਬਾਰ ਨੂੰ ਛੱਡ ਕੇ ਚਲੇ ਗਏ, ਫਿਰ ਦਰ- ਦਰ ਦੀਆਂ ਠੋਕਰਾਂ ਨਸੀਬ ਹੋਈਆਂ ਅਤੇ ਅੰਤ ਗੁਰੂ ਘਰ ਦੇ ਪੂਰਨ ਗੁਰਸਿੱਖ ਭਾਈ ਲੱਧਾ ਜੀ ਦੁਆਰਾ ਕੀਤੀ ਬੇਨਤੀ ਉੱਤੇ ਆਪ ਦੋਵੇਂ ਬਖ਼ਸ਼ਾਏ ਗਏ। ਅਜਿਹੀਆਂ ਕਹਾਣੀਆਂ ਨੂੰ ਅਸਲੀਅਤ ਨਾਲੋਂ ਪ੍ਰਤੀਕ ਰੂਪ ਵਿੱਚ ਸਮਝਣਾ ਵੱਧ ਵਾਜਿਬ ਹੋਵੇਗਾ, ਕਿਉਂਕਿ ਹਉਮੈ ਰੂਪੀ ਪਹਾੜ ਤੋਂ ਜਦੋਂ ਮਨੁੱਖ ਮੂੰਹ ਪਰਨੇ ਡਿੱਗਦਾ ਹੈ ਤਾਂ ਜ਼ਿੰਦਗੀ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ। ਇਸ ਕਥਾ ਵਿੱਚ ਜਿੱਥੇ ਹਉਮੈ ਦਾ ਅਉਗੁਣ ਰੂਪਮਾਨ ਹੁੰਦਾ ਹੈ, ਉੱਥੇ ਗੁਰੂ ਘਰ ਵੱਲੋਂ ਬਖ਼ਸ਼ੇ ਜਾਣ ਦਾ ਸਿਧਾਂਤਕ ਪ੍ਰਸੰਗ ਵੀ ਆਪ ਮੁਹਾਰੇ ਸਥਾਪਿਤ ਹੋ ਜਾਂਦਾ ਹੈ।
ਇਹਨਾਂ ਦੋਵਾਂ ਮਹਾਪੁਰਖਾਂ ਦੀ ਬਾਣੀ ਦੀਆਂ ਕੁਲ 8 ਪਉੜੀਆਂ ਹਨ ਜਿਨ੍ਹਾਂ ਵਿੱਚੋਂ ਪੰਜ ਪਉੜੀਆਂ ਦੀ ਰਚਨਾ ਰਾਇ ਬਲਵੰਡ ਜੀ ਦੀ ਹੈ ਅਤੇ ਤਿੰਨ ਪਉੜੀਆਂ ਦੇ ਰਚੈਤਾ ਭਾਈ ਸੱਤਾ ਜੀ ਹਨ। ਇਹ ਰਚਨਾ ਰਾਮਕਲੀ ਰਾਗ ਵਿੱਚ ਅੰਕਿਤ ਹੈ ਅਤੇ ਇਸ ਦਾ ਸਿਰਲੇਖ ਹੈ
ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ।
ਰਾਇ ਬਲਵੰਡ ਜੀ ਦੀਆਂ ਪਉੜੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੁਆਰਾ ਭਾਈ ਲਹਿਣੇ ਨੂੰ ਗੁਰਗੱਦੀ ਦੇ ਗੁਰੂ ਅੰਗਦ ਵਜੋਂ ਸਥਾਪਿਤ ਕਰਨਾ ਅਤੇ ਗੁਰੂ ਅੰਗਦ ਜੀ ਦੇ ਸਮੇਂ ਸਿੱਖੀ ਦੇ ਵਿਕਾਸ ਦੇ ਰੂਪ ਦਾ ਪ੍ਰਗਟਾਅ ਹੈ।
ਭਾਈ ਸਤੇ ਦੁਆਰਾ ਰਚਿਤ ਪਉੜੀਆਂ ਵਿੱਚ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਹਜ਼ੂਰ ਤਕ ਦੇ ਕਾਲ ਦੇ ਸਫ਼ਰ ਨੂੰ ਰੂਪਮਾਨ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਦੀਆਂ ਰਚਨਾਵਾਂ ਦਾ ਰੂਪ ਇਸ ਤਰ੍ਹਾਂ ਹੈ :
ਭਾਈ ਬਲਵੰਡ :
ਲਹਣੇ ਦੀ ਫੈਰਾਈਐ ਨਾਨਕਾ ਦੋਹੀ ਖਟੀਐ।।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ।।
(ਗੁ.ਗ੍ਰੰ.ਸਾ. ਅੰਗ 966)
ਭਾਈ ਸਤਾ :
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ।।
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ।।
(ਗੁ.ਗ੍ਰੰ.ਸਾ. ਅੰਗ 968)