Do Shabad – ਦੋ ਸ਼ਬਦ

ਦੋ ਸ਼ਬਦ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੇ ਜ਼ਾਹਰਾ-ਜ਼ਹੂਰ ਹਾਜ਼ਰਾ-ਹਜ਼ੂਰ ਸੱਚੇ ਪਾਤਸ਼ਾਹ ਹਨ। ਇਸ ਦੇ ਸੰਕਲਨ ਦਾ ਆਰੰਭ ਗੁਰੂ ਨਾਨਕ ਪਾਤਸ਼ਾਹ ‘ਤੇ ਪ੍ਰਗਟ ਹੋਈ ‘ਧੁਰ ਕੀ ਬਾਣੀ’ ਨਾਲ ਹੋਇਆ। ਧੁਰ ਕੀ ਬਾਣੀ ਜਿਥੇ ਇਲਾਹੀ ਨਾਦ ਰੂਪ ਵਿੱਚ “ਮਾਣਸ ਤੋਂ ਦੇਵਤੇ ਕੀਏ” ਦਾ ਸਫ਼ਰ ਹੈ, ਉਥੇ ਇਸ ਅਨਮੋਲ “ਸੱਚ ਕੀ ਬੇਲਾ ਦੀ ਸਥਾਪਤੀ ਸੰਸਾਰ ਵਿੱਚ ਕੀਤੀ ਅਤੇ “ਸਭੈ ਸਾਂਝੀਵਾਲ ਸਦਾਇਨ” ਦਾ ਨਵਾਂ ਅਤੇ ਨਿਵੇਕਲਾ ਸੰਕਲਪ ਪ੍ਰਕਾਸ਼ਨ ਕਰਦਿਆਂ ਹਰ ਤਰ੍ਹਾਂ ਦੀਆਂ ਹਦਬੰਦੀਆਂ ਦੇ ਖ਼ਾਤਮੇ ਵੱਲ ਇਸ਼ਾਰਾ ਕਰ ਦਿੱਤਾ। ਇਸ ਦੇ ਸੰਪਾਦਨ ਦਾ ਕਾਰਜ ਪੰਚਮ ਪਾਤਸ਼ਾਹ ਨੇ ਸੰਪੂਰਨ ਕਰਕੇ ਸਿੱਖ ਧਰਮ ਦੀ ਵਖਰੀ ਹੋਂਦ ‘ਤੇ ਪੱਕੀ ਮੋਹਰ ਲਾ ਦਿੱਤੀ ਅਤੇ ਫਿਰ ਇਸੇ ਧਰਮ ਗ੍ਰੰਥ ਦੇ ਸਿਧਾਂਤ ‘ਤੇ ਆਪਣੀ ਸ਼ਹਾਦਤ ਦੇ ਕੇ ਸਥਾਪਤ ਕਰ ਦਿੱਤਾ ਕਿ ਸਿੱਖੀ, ਸਿਧਾਂਤ ਅਤੇ ਅਮਲ ਦੀ ਇਕਸੁਰਤਾ ਦੀ ਅਦਭੁੱਤ ਮਿਸਾਲ ਹੈ। ਇਸੇ ਪਵਿੱਤਰ ਧਰਮ ਗ੍ਰੰਥ ਨੂੰ ਦਸਮ ਪਾਤਸ਼ਾਹ ਹਜ਼ੂਰ ਨੇ ਗੁਰਗੱਦੀ ਦੇ ਕੇ ਸ਼ਬਦ ਗੁਰੂ ਦਾ ਨਿਵੇਕਲਾ ਸੰਕਲਪ ਧਰਮਾਂ ਦੇ ਇਤਿਹਾਸ ਵਿੱਚ ਸਥਾਪਤ ਕਰ ਦਿੱਤਾ। ਸਿੱਖ ਧਰਮ ਲੋਕ ਮਾਨਸਿਕਤਾ ਵਿੱਚ ਇਸ ਤਰ੍ਹਾਂ ਉਤਰਿਆ ਕਿ ਹੌਲੀ-ਹੌਲੀ ਇਹ ਧਰਮ ਇੱਕ ਲੋਕ ਲਹਿਰ ਬਣ ਗਿਆ ਅਤੇ ਲੋਕ ਲਹਿਰ ਦੀ ਅਗਵਾਈ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਲੋਕ ਮੁਕਤੀ ਲਈ ਸਿਧਾਂਤਕ ਰੂਪ ਵਿੱਚ ਮਾਰਗ ਦਰਸ਼ਕ ਬਣ ਗਈ।

ਇਸ ਲੇਖ ਦਾ ਉਦੇਸ਼ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਣਤਰ ਅਤੇ ਉਸਦੇ ਸਿਧਾਂਤਾਂ ਨੂੰ ਸੁਖੈਨ ਰੂਪ ਨਾਲ ਸਾਹਮਣੇ ਲਿਆਉਣਾ ਹੈ।  ਇਸ ਪੁਸਤਕ ਵਿੱਚ ਜਿਸ ਸੁਖੈਨ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਸਰੂਪ ਦੇ ਇੱਕ-ਇੱਕ ਪਖ ਨੂੰ ਉਜਾਗਰ ਕਰਕੇ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ ਹੈ ਉਸ ਨਾਲ ਇਸ ਪਵਿੱਤਰ ਗ੍ਰੰਥ ਨੂੰ ਸਮਝਣਾ ਅਤੇ ਸਮਝਾਉਣਾ ਸੁਖੈਨ ਕਾਰਜ ਹੋ ਜਾਵੇਗਾ। ਇਸ ਲੇਖ ਨੂੰ ਸਿੱਖ ਸਮਾਜ ਵਿੱਚ ਪੇਸ਼ ਕਰਨ ਵਿੱਚ ਹਿਸੇਦਾਰ ਹੋਣ ਕਰਕੇ ਫ਼ਖ਼ਰ ਮਹਿਸੂਸ ਕਰਦੇ ਹਾਂ।