ਧਰਮ ਗ੍ਰੰਥ, ਧਰਮ ਜਾਂ ਕੌਮੀਅਤ ਦੀ ਵਿਰਾਸਤ ਦਾ ਫ਼ਖ਼ਰ ਹੁੰਦੇ ਹਨ ਅਤੇ ਕਿਸੇ ਵੀ ਧਰਮ ਦੀ ਵੱਖਰੀ ਹੋਂਦ ਦਾ ਕੇਂਦਰੀ ਧਰਾਤਲ ਵੀ। ਧਰਮ ਗ੍ਰੰਥ ਦੇ ਬਿਨਾ ਧਰਮ ਦੀ ਹੋਂਦ ਸੰਭਵ ਹੀ ਨਹੀਂ ਹੈ।
ਧਰਮ ਗ੍ਰੰਥ ਹੀ ਆਪਣੇ ਪੈਗ਼ੰਬਰਾਂ, ਗੁਰੂਆਂ, ਪੀਰਾਂ ਵੱਲੋਂ ਦਿੱਤੇ ਹੋਏ ਸਿਧਾਂਤਾਂ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਣ ਦਾ ਰਾਹ ਨਿਰਧਾਰਿਤ ਕਰਦੇ ਹਨ ਅਤੇ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਦੇ ਹਨ। ਇਨ੍ਹਾਂ ਧਰਮ ਗ੍ਰੰਥਾਂ ਦਾ ਓਟ ਆਸਰਾ ਲੈ ਕੇ ਹੀ ਅੱਜ ਦੇ ਪ੍ਰਮੁੱਖ ਧਰਮ ਹਜ਼ਾਰਾਂ ਸਾਲ ਪੁਰਾਣਾ ਹੋਣ ਦੇ ਕੇ ਹੀ ਬਾਵਜੂਦ ਵੀ ਆਪਣੀ ਸਾਰਥਕਤਾ ਨੂੰ ਨਵਾਂ ਨਰੋਆ ਰੱਖ ਰਹੇ ਹਨ। ਇਨ੍ਹਾਂ ਕਰਕੇ ਮਹਾਪੁਰਖਾਂ ਦੇ ਉਪਦੇਸ਼ ਕੇਵਲ ਉਨ੍ਹਾਂ ਦੇ ਆਪਣੇ ਧਰਮ ਨੂੰ ਆਕਰਸ਼ਤ ਨਹੀਂ ਕਰਦੇ ਬਲਕਿ ਸਾਰੇ ਸੰਸਾਰ ਲਈ ਪ੍ਰੇਰਣਾ ਦੇ ਸ੍ਰੋਤ ਬਣ ਜਾਂਦੇ ਹਨ। ਇਨ੍ਹਾਂ ਗ੍ਰੰਥਾਂ ਸਦਕਾ ਹੀ ਸੰਸਾਰ ਦੇ ਹਰ ਹਿੱਸੇ ਵਿੱਚ ਧਰਮੀ ਅਤੇ ਸਭਿਆਚਾਰਕ ਲੋੜਾਂ ਦੀ ਹੋਂਦ ਨਜ਼ਰ ਆਉਂਦੀ ਹੈ। ਧਰਮ ਗ੍ਰੰਥ ਹੀ ਧਰਮ ਦਾ ਕੇਂਦਰੀ ਸਰੋਕਾਰ ਅਤੇ ਧਰਮ ਦੇ ਸਿਧਾਂਤਾਂ ਦੀ ਜਿੰਦ-ਜਾਨ ਹੁੰਦੇ ਹਨ।
ਧਰਮ
ਸੰਸਾਰ ਦੇ ਧਰਮਾਂ ਦੇ ਇਤਿਹਾਸ ਵੱਲ ਨਿਗਾਹ ਮਾਰਿਆਂ ਉਕਤ ਸੱਚ ਦੇ ਦੀਦਾਰੇ ਆਪ ਮੁਹਾਰੇ ਰੂਪਮਾਨ ਹੋ ਜਾਂਦੇ ਹਨ ਕਿ ਬਹੁਤ ਸਾਰੇ ਧਰਮਾਂ ਦੇ ਹਜ਼ਾਰਾਂ ਸਾਲ ਪੁਰਾਣੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਧਰਮ ਗ੍ਰੰਥਾਂ ਸਦਕਾ ਉਨ੍ਹਾਂ ਦੀ ਸਾਰਥਿਕਤਾ ਜਿਉਂ ਦੀ ਤਿਉਂ ਨਵੀਂ-ਨਰੋਈ ਹੈ।
ਇਨ੍ਹਾਂ ਧਰਮ ਗ੍ਰੰਥਾਂ ਸਦਕਾ ਹਜ਼ਾਰਾਂ ਸਾਲ ਪੁਰਾਣਾ ਹੋਣ ਦੇ ਬਾਵਜੂਦ ਯਹੂਦੀ ਧਰਮ ਆਪਣੇ ਪ੍ਰਕਾਸ਼ ਨਾਲ ਸੰਸਾਰ ਵਿੱਚ ਨਾਮਣਾ ਖੱਟ ਰਿਹਾ ਹੈ। ਈਸਾਈ ਧਰਮ ਦੁਨੀਆ ਦੇ ਵੱਡੇ ਹਿੱਸੇ ਦੀ ਰੂਹ ਦੀ ਖੁਰਾਕ ਹੈ ਅਤੇ ਇਸਲਾਮ ਅਨੁਯਾਈਆਂ ਦੀ ਕਟੱੜਤਾ ਦੇ ਬਾਵਜੂਦ ਉਹ ਧਰਤੀ ਦਾ ਖ਼ੂਬਸੂਰਤ ਫੁਲ ਹੈ, ਜਿਸਦੀ ਮਹਿਕ ਨਾਲ ਕਰੋੜਾਂ ਰੂਹਾਂ ਅੱਲਾਹ ਅਤੇ ਪੈਗ਼ੰਬਰੀ ਰੂਹਾਂ ਨੂੰ ਨਤਮਸਤਕ ਹਨ। ਪੂਰਬੀ ਧਰਮਾਂ ਵਿੱਚ ਵੀ ਵੇਦਾਂਤ ਦੇ ਅਨੁਯਾਈ ਇਸ ਧਰਮ ਨੂੰ ਅੰਗੀਕਾਰ ਕਰੀ ਬੈਠੇ ਹਨ ਅਤੇ ਬੁੱਧ ਧਰਮ ਨੂੰ ਸਮਕਾਲੀਨ ਧਰਮ ਦੀ ਮਾਰ ਤੋਂ ਬਚਾਉਣ ਲਈ ਤੇ ਅੱਜ ਤਕ ਜਿਉਂ ਦਾ ਤਿਉਂ ਨਵਾਂ ਨਰੋਆ ਰੱਖਣ ਲਈ ਉਨ੍ਹਾਂ ਦੇ ਧਰਮ ਗ੍ਰੰਥ ਹੀ ਉਨ੍ਹਾਂ ਦਾ ਢਾਰਸ ਤੇ ਸਹਾਰਾ ਬਣੇ ਹਨ।
ਧਰਮਾਂ ਦੇ ਇਤਿਹਾਸਕ ਪ੍ਰਸੰਗ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀਆਂ ਕੌਮਾਂ ਧਰਮ ਗ੍ਰੰਥ ਰੂਪੀ ਵਿਰਾਸਤ ਦੇ ਫ਼ਖ਼ਰ ਨੂੰ ਸੰਭਾਲ ਕੇ ਰੱਖਣ ਤੋਂ ਅਸਮਰਥ ਹੋ ਜਾਂਦੀਆਂ ਹਨ, ਉਹ ਸਮੇਂ ਦੇ ਕਾਲ ਚੱਕਰ ਵਿੱਚ ਆਪਣਾ ਸਰੂਪ ਤੇ ਧਰਮ ਦੋਵੇਂ ਗਵਾ ਬੈਠਦੀਆਂ ਹਨ। ਹੋਰ ਵੀ ਸੌਖੇ ਸ਼ਬਦਾਂ ਵਿੱਚ ਦੱਸਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਕੌਮੀਅਤਾਂ ਜੋ ਆਪਣੇ ਧਰਮ ਗ੍ਰੰਥਾਂ ਦੇ ਰਹੱਸ ਨੂੰ ਸਮਝਣ ਦੇ ਸਮਰਥ ਹੁੰਦੀਆਂ ਹਨ, ਉਹ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਜਾਂਦੀਆਂ ਹਨ ਅਤੇ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਦੇ ਇਸ ਫ਼ਖ਼ਰ (ਧਰਮ ਗ੍ਰੰਥ) ਨੂੰ ਸਮਝਣ ਤੋਂ ਅਸਮਰਥ ਹੋ ਜਾਂਦੀਆਂ ਹਨ, ਉਨ੍ਹਾਂ ਦਾ ਖ਼ਾਤਮਾ ਵੀ ਲਾਜ਼ਮੀ ਹੁੰਦਾ ਹੈ। ਇਤਿਹਾਸ ਵਿੱਚ ਅਨੇਕਾਂ ਉਦਾਹਰਣਾਂ ਇਸਦੀ ਪੁਸ਼ਟੀ ਵਿੱਚ ਦਿੱਤੀਆਂ ਜਾ ਸਕਦੀਆਂ ਹਨ ਕਿ ਅਨੇਕਾਂ ਅਮੀਰ ਸਭਿਆਚਾਰਾਂ, ਕੌਮਾਂ ਅਤੇ ਧਰਮਾਂ ਜਿਨ੍ਹਾਂ ਨੇ ਆਪਣੇ ਧਰਮ ਗ੍ਰੰਥ ਰੂਪੀ ਖ਼ਜ਼ਾਨੇ ਨੂੰ ਸੰਭਾਲਣ ਵਿੱਚ ਅਵੇਸਲਾਪਨ ਜਾਂ ਅਣਗਹਿਲੀ ਕੀਤੀ, ਉਹ ਸਾਰੇ ਕੇਵਲ ਇਤਿਹਾਸ ਦੀ ਕਿਸੇ ਸਮੇਂ ਵਾਪਰੀ ਘਟਨਾ ਬਣ ਕੇ ਹੀ ਰਹਿ ਗਏ।
ਸਪਸ਼ਟ ਹੈ ਕਿ ਧਰਮ ਗ੍ਰੰਥ ਅਤੇ ਧਰਮ ਦਾ ਰਿਸ਼ਤਾ ਰੂਹ ਅਤੇ ਸਰੀਰ ਵਾਲਾ ਹੈ। ਜਿਸ ਤਰ੍ਹਾਂ ਸਰੀਰ ਵਿੱਚ ਰੂਹ ਨਾ ਹੋਵੇ ਤਾਂ ਸਰੀਰ ਦਾ ਕੋਈ ਅਰਥ ਨਹੀਂ ਰਹਿੰਦਾ। ਉਸੇ ਤਰ੍ਹਾਂ ਜੇ ਧਰਮ ਗ੍ਰੰਥ ਨਾ ਹੋਵੇ ਤਾਂ ਧਰਮ ਦੀ ਭੂਮਿਕਾ ਦਾ ਪ੍ਰਸੰਗ ਸਥਾਪਤ ਨਹੀਂ ਹੁੰਦਾ ਹੈ। ਇਸ ਦੇ ਪ੍ਰਸੰਗ ਵਿੱਚ ਕਿਸੇ ਵਿਦਵਾਨ ਨੇ ਧਰਮ ਗ੍ਰੰਥਾਂ ਦੀ ਮਹੱਤਤਾ ਦਾ ਬਖਾਨ ਬਹੁਤ ਹੀ ਖ਼ੂਬਸੂਰਤੀ ਨਾਲ ਕਰਦਿਆਂ ਧਰਮ ਗ੍ਰੰਥਾਂ ਦੀ ਤੁਲਨਾ ਪਾਣੀ ਦੇ ਅਜਿਹੇ ਚਸ਼ਮਿਆਂ ਨਾਲ ਕੀਤੀ ਹੈ ਜੋ ਥੱਕੇ-ਟੁੱਟੇ ਮੁਸਾਫ਼ਿਰਾਂ ਲਈ ਆਰਾਮਗਾਹ ਹੀ ਨਹੀਂ ਬਣਦੇ ਸਗੋਂ ਜ਼ਿੰਦਗੀ ਦੇ ਮਾਰੂਥਲਾਂ ਦੀ ਤਪਸ਼ ਵਿੱਚ ਥੱਕੇ -ਹਾਰੇ, ਭਟਕਦੇ ਅਤੇ ਜਲ-ਭੁਜ ਰਹੇ ਲੋਕਾਂ ਨੂੰ ਧੁਰ ਅੰਦਰ ਤਕ ਆਪਣੀ ਠੰਢ ਨਾਲ ਸਹਿਜ ਅਵਸਥਾ ਦੇ ਧਾਰਨੀ ਬਣਾ ਦਿੰਦੇ ਹਨ। ਸਪਸ਼ਟ ਹੈ ਕਿ ਧਰਮ ਗ੍ਰੰਥ ਦੇ ਬਿਨਾ ਮਨੁੱਖ ਦੀ ਜ਼ਿੰਦਗੀ ਦੀ ਕੋਈ ਅਹਿਮੀਅਤ ਹੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ।
ਧਰਮ ਦੀ ਸਦੀਵਤਾ, ਮਨੁੱਖ ਦੀ ਉਤਮਤਾ ਅਤੇ ਧਰਮ ਦੇ ਸੰਸਥਾਤਮਕ ਰੂਪ ਵਿੱਚ ਧਰਮ ਗ੍ਰੰਥ ਹੀ ਕੇਂਦਰੀ ਰੋਲ ਅਦਾ ਕਰਦਾ ਹੈ। ਇਸ ਦੇ ਨਾਲ ਹੀ ਧਰਮ ਗ੍ਰੰਥ ਹੀ ਕਿਸੇ ਵੀ ਵੱਖਰੀ ਕੌਮ ਦੀ ਅਤੇ ਨਿਰਾਲੀ ਹੋਂਦ ਨੂੰ ਸਿੱਧ ਕਰਨ ਵਿੱਚ ਕੇਂਦਰੀ ਭੂਮਿਕਾ ਅਦਾ ਕਰਦਾ ਹੈ।
ਧਰਮ ਜਾਂ ਕੌਮੀਅਤ ਦੀ ਵੱਖਰੀ ਹੋਂਦ ਲਈ ਪੰਜ ਮਾਪਦੰਡ ਨਿਰਧਾਰਤ ਕੀਤੇ ਗਏ ਹਨ – ਪੈਗ਼ੰਬਰ, ਲਿਪੀ, ਸਭਿਆਚਾਰ, ਧਰਮ ਗ੍ਰੰਥ ਅਤੇ ਸਰੂਪ। ਇਨ੍ਹਾਂ ਤੱਤਾਂ ਵਿੱਚ ਧਰਮ ਗ੍ਰੰਥ ਦੀ ਪ੍ਰਧਾਨਤਾ ਆਪ ਮੁਹਾਰੇ ਹੀ ਸਪਸ਼ਟ ਹੋ ਜਾਂਦੀ ਹੈ ਕਿ ਧਰਮ ਗ੍ਰੰਥ ਤੋਂ ਬਿਨਾ ਧਰਮ ਦੀ ਵੱਖਰੀ ਹੋਂਦ ਚਿਤਰਣਾ ਸੰਭਵ ਹੀ ਨਹੀਂ ਹੈ।
ਧਰਮ ਗ੍ਰੰਥ ਅਸਲ ਵਿੱਚ ਕਿਸੇ ਵੀ ਧਰਮ ਦੇ ਰੱਬੀ ਪ੍ਰਕਾਸ਼ਨ ਦੀ ਲਿਖਤੀ ਸੰਗ੍ਰਹਿ ਹੁੰਦੇ ਹਨ ਜਾਂ ਇਉਂ ਕਹਿ ਲਈਏ ਕਿ ਕਿਸੇ ਵੀ ਧਰਮ ਦੇ ਪੈਗ਼ੰਬਰ ਜਾਂ ਧਰਮ ਬਾਨੀ ਨੇ ਜੋ ਰੱਬੀ ਨਾਦ ਸੁਣਿਆ, ਉਸ ਦੇ ਸੰਗ੍ਰਹਿਤ ਰੂਪ ਨੂੰ ਧਰਮ ਗ੍ਰੰਥ ਕਹਿੰਦੇ ਹਨ। ਇਹ ਨਾਦ ਜਾਂ ਇਲਹਾਮ ਭਾਵੇਂ ਇਤਿਹਾਸਕ ਘਟਨਾਵਾਂ ਦੇ ਰੂਪ ਵਿੱਚ ਨਾਜ਼ਲ ਹੋਇਆ ਹੋਵੇ ਭਾਵੇਂ ਸ਼ਬਦ ਬਾਣੀ ਦੇ ਰੂਪ ਵਿੱਚ। ਇਸ ਗੱਲ ਦਾ ਪ੍ਰਗਟਾਅ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਕਰਦੇ ਹਨ :
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ।।
(ਗੁ.ਗ੍ਰੰ.ਸਾ. ਅੰਗ 722)
ਜਾਂ ਹੋਰ ਵੀ ਖ਼ੂਬਸੂਰਤ ਅਤੇ ਸੁਖੈਨ ਰੂਪ ਵਿੱਚ ਵੀ ਦੇ ਉਤਰਨ ਦਾ ਪ੍ਰਸੰਗ ਇਸ ਤਰ੍ਹਾਂ ਸਥਾਪਤ ਕਰਦੀ ਹੈ।
ਹਉ ਆਪਹੁ ਬੋਲਿ ਨ ਜਾਣਦਾ
ਮੈ ਕਹਿਆ ਸਭੁ ਹੁਕਮਾਉ ਜੀਉ।।
(ਗੁ.ਗ੍ਰੰ.ਸਾ. ਅੰਗ 763)
ਉਪ੍ਰੋਕਤ ਬਾਣੀ ਇਸ ਗੱਲ ਦਾ ਪ੍ਰਗਟਾਅ ਹੈ ਕਿ ਧਰਮ ਗ੍ਰੰਥ ਅਸਲ ਵਿੱਚ ਵੀ ਉਸ ਇਲਹਾਮੀ ਨਾਦ ਧਰਮ ਦੇ ਬਾਨੀਆਂ ਦੇ ਰੱਬੀ ਬੋਲਾਂ ਦਾ ਖ਼ਜ਼ਾਨਾ ਹੈ।
ਦੁਨੀਆ ਭਰ ਦੇ ਪ੍ਰਾਚੀਨ ਧਰਮ ਯਹੂਦੀ, ਈਸਾਈ, ਇਸਲਾਮ ਜਾਂ ਹਿੰਦੂ ਧਰਮ ਆਦਿ ਦੇ ਇਤਿਹਾਸ ਵੱਲ ਜੇਕਰ ਨਿਗਾਹ ਮਾਰੀਏ ਜਾਂ ਇਨ੍ਹਾਂ ਧਰਮਾਂ ਦੇ ਧਰਮ ਗ੍ਰੰਥਾਂ ਨਾਲ ਰੂਬਰੂ ਹੋਈਏ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦਾਂ ਦੀ ਪੁਸ਼ਟੀ ਹੁੰਦੀ ਹੈ ਕਿ ਪਰਮੇਸ਼ਵਰ ਨੇ ਖ਼ੁਦ ਵੱਖ-ਵੱਖ ਸਮੇਂ ਵਿੱਚ ਇਨ੍ਹਾਂ ਧਰਮਾਂ ਦੇ ਪੈਗ਼ੰਬਰਾਂ ਨਾਲ ਅਹਿਦ ਕੀਤੇ ਅਤੇ ਆਪਣੇ ‘ਅਲੌਕਿਕ ਬਚਨ’ ਧਰਤਿ ਲੋਕਾਈ ਲਈ ਭੇਜੇ। ਇਹ ਅਹਿਦ ਭਾਵੇਂ ਯਹੂਦੀ ਧਰਮ ਦੇ ਪੈਗ਼ੰਬਰ ਅਬਰਾਹਮ ਜਾਂ ਮੋਜ਼ਿਜ਼ ਨਾਲ ਕੀਤਾ ਹੋਵੇ, ਈਸਾਈ ਧਰਮ ਦੇ ਪੈਗ਼ੰਬਰ ਯੀਸੂ ਨਾਲ ਜਾਂ ਇਸਲਾਮ ਧਰਮ ਦੇ ਬਾਨੀ ਮਹੁੰਮਦ ਸਾਹਿਬ ਨਾਲ। ਪੂਰਬੀ ਧਰਮਾਂ ਵਿੱਚ ਉਹ ਭਾਵੇਂ ਹਿੰਦੂ ਧਰਮ ਦੇ ਰਿਸ਼ੀਆਂ ਨੇ ਦੁਸ਼ਟਾ ਰੂਪ ਵਿੱਚ ਵੇਖਿਆ ਹੋਵੇ ਜਾਂ ਮਹਾਵੀਰ ਜੈਨ ਅਤੇ ਮਹਾਤਮਾ ਬੁੱਧ ਨੇ ‘ਸੱਚ’ ਦੇ ਰੂਪ ਵਿੱਚ। ਬੈਸ਼ਕ ਜੈਨ ਧਰਮ ਅਤੇ ਬੁਧ ਧਰਮ ਅਕਾਲ ਪੁਰਖ ਦੀ ਸ਼ਕਤੀ ਵਿੱਚ ਅਵਿਸ਼ਵਾਸ ਦੇ ਧਾਰਨੀ ਹਨ, ਪਰ ਕਿਸੇ ਰਹੱਸਮਈ ਗਿਆਨ ਨਾਲ ਸ਼ਰਸਾਰ ਹੋਣ ਦੇ ਸੰਕਲਪ ਵਿੱਚ ਇਨ੍ਹਾਂ ਦਾ ਪੂਰਨ ਵਿਸ਼ਵਾਸ ਹੈ। ਇਹੀ ਰਹੱਸਮਈ ਗਿਆਨ ਉਸ ਵੇਲੇ ਤੋਂ ਲੈ ਕੇ ਹੁਣ ਤਕ ਲੋਕਾਈ ਦੇ ਭਲੇ ਹਿਤ, ਧਰਮ ਗ੍ਰੰਥਾਂ ਦੇ ਰੂਪ ਵਿੱਚ ਹਜ਼ਾਰਾਂ ਸਾਲ ਪੁਰਾਣਾ ਹੋਣ ਦੇ ਬਾਵਜੂਦ ਕਾਰਜ ਕਰ ਰਿਹਾ ਹੈ।
ਧਰਮ ਗ੍ਰੰਥਾਂ ਨੂੰ ਇਸੇ ਕਰਕੇ ‘ਬਾਰਸ਼ੇ ਰਹਿਮਤ’ ਦੀ ਸੰਗਿਆ ਨਾਲ ਵੀ ਨਿਵਾਜਿਆ ਜਾਂਦਾ ਹੈ ਕਿਉਂਕਿ ਇਲਾਹੀ ਰਹਿਮਤ, ਪੈਗ਼ੰਬਰਾਂ ‘ਤੇ ਉਤਰਦੀ ਹੈ ਅਤੇ ਇਹ ਰਹਿਮਤ ਸ਼ਬਦੀ ਰੂਪ ਧਾਰਨ ਕਰ ਦੁਨੀਆ ਵਿੱਚ ਫੈਲੀ ਕਾਲੀ ਰਾਤ ਦਾ ਖ਼ਾਤਮਾ ਕਰਦੀ ਹੈ ਅਤੇ ਸੱਚ ਦੇ ਨਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ।
ਸੋ ਸਪਸ਼ਟ ਹੈ ਕਿ ਧਰਮ ਗ੍ਰੰਥ ਸੰਸਾਰ ਰੂਪੀ ਮਾਰੂਥਲਾਂ ਦੀ ਤਪਸ਼ ਵਿੱਚ ਸੜ ਰਹੀ ਲੋਕਾਈ ਲਈ ਪਾਣੀ ਦੇ ਠੰਡੇ ਮਿੱਠੇ ਝਰਨਿਆਂ ਵਾਂਗ ਕੰਮ ਹੀ ਨਹੀਂ ਕਰਦੇ, ਸਗੋਂ ਠੰਡੀਆਂ ਮਿੱਠੀਆਂ ਛਾਵਾਂ ਬਣ ਕੁਲ ਲੋਕਾਈ ਦਾ ਦਰਦ ਆਪਣੇ ਸੀਨੇ ਨਾਲ ਲਾ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕਰਦੇ ਹਨ।