Daarshnik Updesh – ਦਾਰਸ਼ਨਿਕ ਉਪਦੇਸ਼

  1. ਦਾਰਸ਼ਨਿਕ ਉਪਦੇਸ਼


    i. ਹੁਕਮ

ਹੁਕਮ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਫ਼ੁਰਮਾਨ, ਫ਼ਤਵਾ, ਹਕੂਮਤ ਅਤੇ ਇਜਾਜ਼ਤ। ਧਾਰਮਿਕ ਦੁਨੀਆ ਵਿੱਚ ਇਸਨੂੰ ਇਲਾਹੀ ਆਦੇਸ਼ ਵਜੋਂ ਲਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਨੂੰ ਪਰਮਾਤਮਾ ਦੇ ਨਿਯਮਾਂ ਦੇ ਸਮੁੱਚ ਦੇ ਰੂਪ ਵਿੱਚ ਵਰਤਿਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਇਸਦੀ ਮਹਿਮਾ ਦਾ ਬਹੁਤ ਖ਼ੂਬਸੂਰਤ ਬਖਾਨ ਕਰਕੇ ਇਸਨੂੰ “ਏਕੋ ਨਾਮ” ਆਖਦੇ ਹਨ।

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥

(ਗੁ.ਗ੍ਰੰ.ਸਾ. ਅੰਗ 72)

ਇਸ ਦਾ ਭਾਵ ਹੈ ਕਿ ਸੰਸਾਰ ਵਿੱਚ ਹਰ ਚੀਜ਼ ਹੁਕਮ ਵਿੱਚ ਹੀ ਵਿਚਰਦੀ ਹੈ। ਇਸ ਤਰ੍ਹਾਂ ਹੁਕਮ ਕਾਰਜ, ਕਰਮ ਅਤੇ ਕਰਮ-ਫਲ ਨਿਰਧਾਰਿਤ ਕਰਨ ਵਾਲਾ ਨਿਯਮ ਵੀ ਪ੍ਰਵਾਨ ਕੀਤਾ ਜਾਂਦਾ ਹੈ। ਹੁਕਮ ਦੇ ਰਹੱਸਮਈ ਸੰਦਰਭ ਨੂੰ ਸਮਝਣ ਲਈ ਸਾਡੇ ਵਾਸਤੇ ‘ਜਪੁ’ ਦੀ ਦੂਜੀ ਪਉੜੀ ਨੂੰ ਵਿਚਾਰ ਲੈਣਾ ਵਾਜਿਬ ਹੋਵੇਗਾ :

 …ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।…

(ਗੁ.ਗ੍ਰੰ.ਸਾ. ਅੰਗ 1)

ਇਸ ਪਉੜੀ ਵਿੱਚ ਹੁਕਮ ਦੇ ਵੱਖ-ਵੱਖ ਪੱਖ ਲਏ ਗਏ ਹਨ : 

  1. ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਰਾਹੀਂ ਹੋਂਦ ਵਿੱਚ ਆਈ ਹੈ ਤੇ ਹੁਕਮ ਰਾਹੀਂ ਹੀ ਚਲ ਰਹੀ ਹੈ। ਕੁਝ ਵੀ ਹੁਕਮ ਦੇ ਘੇਰੇ ਵਿੱਚੋਂ ਬਾਹਰ ਨਹੀਂ ਹੈ।

      2.ਹੁਕਮ ਦੀ ਪਛਾਣ ਕਰਨ ਵਾਲੇ ਜੀਵ ਦੀ ਮਹਿਮਾ ਹੈ ਅਤੇ ਜੋ ਹੁਕਮ ਨੂੰ ਨਹੀਂ ਮੰਨਦਾ, ਉਹ ਉਸਦੀ ਮਨਮੁਖਤਾ ਬਣ ਜਾਂਦੀ ਹੈ।

  1. ਹੁਕਮ ਗਿਆਨ ਦਾ ਪ੍ਰਤੀਕ ਹੈ ਅਤੇ ਹਉਮੈ ਅਗਿਆਨ ਦਾ। ਇਸ ਲਈ ਹੁਕਮ ਅਤੇ ਹਉਮੈ ਇੱਕ ਰਸਤੇ ਦੇ ਪਾਂਧੀ ਨਹੀਂ ਹਨ। ਸਗੋਂ ਹਉਮੈ ਹਮੇਸ਼ਾ ਹੁਕਮ ਦੇ ਵਿਰੋਧ ਵਿੱਚ ਹੀ ਹੁੰਦੀ ਹੈ :

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥

(ਗੁ.ਗ੍ਰੰ.ਸਾ. ਅੰਗ 560)

ਹੁਕਮ ਦੇ ਬੁੱਝਣ ਦੇ ਰਾਹ ਵਿੱਚ ਵੀ ਹਉਮੈ ਹੀ ਰੁਕਾਵਟ ਹੈ। ਸਪਸ਼ਟ ਹੋਇਆ ਕਿ ਹੁਕਮ ਗੁਰਮੁਖੀ ਜੁਗਤ ਹੈ ਅਤੇ ਹਉਮੈ ਮਨਮੁਖੀ ਰਸਤਾ।

ਹੁਕਮ ਤੋਂ ਬੇਮੁਖ ਹੋਇਆ ਜੀਵ ਜਨਮ-ਮਰਨ ਦੇ ਚੱਕਰ ਵਿੱਚ ਫੱਸ ਜਾਂਦਾ ਹੈ। ਹੁਕਮ ਨੂੰ ਬੁੱਝਣਾ ਆਪਣੇ ਸੀਮਿਤ ਆਪੇ ਤੋਂ ਮੁਕਤ ਹੋ ਜਾਣਾ ਹੈ। ਸੀਮਿਤ ਆਪੇ ਨਾਲ ਵਿਸ਼ਾਲ ਆਪੇ ਨਾਲ ਅਭੇਦ ਹੋਣ ਦਾ ਇਹ ਸਫ਼ਲ ਮਾਰਗ ਹੈ। ਗੁਰਮੁਖ ਜਦੋਂ ਜਨਮ ਸੰਵਾਰ ਕੇ ਦਰਗਾਹ ਵਿੱਚ ਜਾਣ ਦੀ ਤਿਆਰੀ ਕਰ ਲੈਂਦਾ ਹੈ ਤਾਂ ਉਸਦਾ ਆਧਾਰ ਇਸ ਲੋਕ ਵਿੱਚ ਜੀਵਿਆ ਉਸਦਾ ਹੁਕਮੀ ਜੀਵਨ ਹੀ ਹੁੰਦਾ ਹੈ। 

  1. ਹਉਮੈ

‘ਹਉਮੈ’ ਸ਼ਬਦ ‘ਹਉ ਤੇ ‘ਮੈਂ’ ਦਾ ਮੇਲ ਹੈ ਜਿਸਦੇ ਅਰਥ ਹਨ ‘ਮੈਂ’ ਤੇ ‘ਮੇਰਾ’। ਹਉਮੈ ਸ਼ਬਦ ਤੋਂ ਭਾਵ ਹੈ ਅਹੰਕਾਰ ਜਾਂ ਅਭਿਮਾਨ। ਗੁਰੂ ਗ੍ਰੰਥ ਸਾਹਿਬ ਵਿੱਚ ਹਉਮੈ ਸ਼ਬਦ ਦੀ ਵਰਤੋਂ ਦਾਰਸ਼ਨਿਕ ਤੇ ਨੈਤਿਕ ਦੋਵੇਂ ਅਰਥਾਂ ਵਿੱਚ ਹੋਈ ਹੈ।

ਜੀਵ ਦੇ ਸਰੀਰ ਵਿੱਚ ਹੀ ਪਰਮਾਤਮਾ ਦਾ ਵਾਸਾ ਹੈ ਪਰ ਉਹ ਅਹੰਕਾਰ ਕਰਕੇ ਉਸਨੂੰ ਵੇਖਣ ਵਿੱਚ ਅਸਮਰਥ ਹੈ ਅਤੇ ਮੋਹ-ਮਾਇਆ ਵਿੱਚ ਫਸਿਆ ਕਰਮ ਕਰਦਾ ਹੈ। ਜੋ-ਜੋ ਕਰਮ, ਇਸ ਲਾਲਚ ਭਰੀ ਹਉਮੈ ਨੂੰ ਕਾਇਮ ਰੱਖਣ ਲਈ ਉਹ ਕਰਦਾ ਹੈ, ਉਹ ਬੰਧਨ ਰੂਪ ਬਣ ਜਾਂਦੇ ਹਨ ਅਤੇ ਇਹਨਾਂ ਕਰਕੇ ਉਹ ਜਨਮ-ਮਰਨ ਦੇ ਗੇੜ ਵਿੱਚ ਫੱਸਿਆ ਰਹਿੰਦਾ ਹੈ। ਜੀਵਾਤਮਾ ਤੇ ਪਰਮਾਤਮਾ ਇੱਕੋ ਥਾਂ ਉੱਤੇ ਰਹਿੰਦੇ ਹੋਏ ਵੀ, ਅਹੰਕਾਰ ਕਰਕੇ ਇੱਕ-ਦੂਜੇ ਨਾਲ ਇੱਕ-ਮਿੱਕ ਨਹੀਂ ਹੋ ਸਕਦੇ: 

ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਗੀ।
(ਗੁ.ਗ੍ਰੰ.ਸਾ. ਅੰਗ 1263)

ਦੋਵਾਂ ਵਿੱਚ ਹਉਮੈ ਦੀ ਦੀਵਾਰ ਖੜੀ ਹੈ ਅਤੇ ਇਸ ਦੀਵਾਰ ਦੇ ਡਿੱਗਣ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ :

ਹਉਮੈ ਜਾਈ ਤਾ ਕੰਤ ਸਮਾਈ।।
(ਗੁ.ਗ੍ਰੰ.ਸਾ. ਅੰਗ 750)

ਹਉਮੈ ਮਾਇਆ ਮੋਹਣੀ ਹੈ, ਇਸਦੇ ਪ੍ਰਭਾਵ ਹੇਠ ਜੀਵ ਭਟਕਦਾ ਰਹਿੰਦਾ ਹੈ ਅਤੇ ਇਹ ਹਉਮੈ ਗੁਰੂ ਦੇ ਸ਼ਬਦ ਦੁਆਰਾ ਸਾੜੀ ਜਾਂਦੀ ਹੈ ਤਾਂ ਇਹ ਵਿੱਚੋਂ ਚਲੀ ਜਾਂਦੀ ਹੈ। ਇਸ ਦੇ ਜਾਣ ਦਾ ਸਿੱਟਾ ਇਹ ਹੁੰਦਾ ਹੈ ਕਿ ਤਨ ਤੇ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਨਾਮ ਦਾ ਵਾਸਾ ਮਨ ਵਿੱਚ ਹੋ ਜਾਂਦਾ ਹੈ।

ਹਉਮੈ ਇੱਕ ਵੱਡਾ ਰੋਗ ਹੈ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ :

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ।।
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਏ।।
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖੁ ਜਾਹਿ।।

(ਗੁ.ਗ੍ਰੰ.ਸਾ. ਅੰਗ 466)

ਜੀਵ ਲਈ ਜ਼ਰੂਰੀ ਹੈ ਕਿ ਉਹ ਆਪਣੇ ਸਾਰੇ ਕਾਰਜ ਪਰਮਾਤਮਾ ਦੇ ਹੁਕਮਾਂ ਅਨੁਸਾਰ ਕਰੇ ਅਤੇ ਉਸਦੇ ਭਾਣੇ ਵਿੱਚ ਚਲ ਕੇ ਆਪਣਾ ਜੀਵਨ ਬਤੀਤ ਕਰੇ। ਇਸ ਤੋਂ ਇਲਾਵਾ ਹਉਮੈ ਨੂੰ ਮਾਰਨ ਦੇ ਹੋਰ ਉਪਾਅ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਸਾਏ ਗਏ ਹਨ, ਜਿਵੇਂ ਕਿ ਆਪਣੇ ਨੂੰ ਸਾਰਿਆਂ ਦੀ ਧੂੜ ਮੰਨਣਾ ਭਾਵ ਨਿਮਾਣਾਪਨ, ਪਰਮਾਤਮਾ ਨੂੰ ਸਰਬ-ਵਿਆਪਕ ਮੰਨਣਾ, ਪਰਮਾਤਮਾ ਨੂੰ ਹਮੇਸ਼ਾ ਅੰਗ-ਸੰਗ ਸਮਝਣਾ ਆਦਿ। ਇਹਨਾਂ ਸਾਰੇ ਉਪਾਵਾਂ ਨਾਲ ਮਨੁੱਖ ਦੀ ਹਉਮੈ ਦਾ ਨਾਸ ਹੋਣਾ ਸੰਭਵ ਹੈ।

 

iii. ਮੁਕਤੀ

ਮਨੁੱਖ ਅਤੇ ਮੁਕਤੀ ਨੂੰ ਇੱਕ-ਦੂਜੇ ਨਾਲੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਮੁਕਤੀ ਜਾਂ ਮੋਕਸ਼ ਦੀ ਪ੍ਰਾਪਤੀ ਮਨੁੱਖ ਦੇ ਪ੍ਰਮੁੱਖ ਉਪਦੇਸ਼ ਵਜੋਂ ਹਰ ਧਰਮ ਗ੍ਰੰਥ ਦਾ ਮੁੱਖ ਉਪਦੇਸ਼ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਮੁਕਤੀ ਦਾ ਸੰਕਲਪ ਨਿਵੇਕਲਾ ਵੀ ਹੈ ਅਤੇ ਵਿਲੱਖਣ ਵੀ। ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਹੈ ਕਿ ਬੇਸ਼ਕ ਸਿੱਖ ਧਰਮ ਦਾ ਮੂਲ ਲਕਸ਼ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤ ਕਰਕੇ ਸਦਾ ਲਈ ਪਰਮਾਤਮਾ ਵਿੱਚ ਲੀਨ ਕਰ ਦੇਣਾ ਹੈ ਪਰ ਇਸਦੀ ਪ੍ਰਾਪਤੀ ਤਕ ਪਹੁੰਚਣ ਦਾ ਮਾਰਗ ਅਤੇ ਜੁਗਤ ਬਿਲਕੁਲ ਸੁਤੰਤਰ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ‘ਮੁਕਤੀ’ ਦੇ ਨਾਲ ‘ਜੀਵਨ’ ਸ਼ਬਦ ਵੀ ਆਉਂਦਾ ਹੈ। ਇਸਦਾ ਅਰਥ ਹੈ ਆਪਣੇ ਜੀਵਨ ਵਿੱਚ ਹੀ ਮੁਕਤ ਹੋਣਾ। ਇਹ “ਮਤ ਕੋ ਜਾਣੈ ਜਾਇ ਅਗੈ ਪਾਇਸੀ” ਦਾ ਨਿਵੇਕਲਾ ਸਿਧਾਂਤ ਹੈ। ਭਾਵ ਸਮਾਜ ਵਿੱਚ ਰਹਿੰਦੇ ਹੋਏ ਸੰਸਾਰਕ ਵਾਸ਼ਨਾਵਾਂ ਅਤੇ ਹਉਮੈ ਦਾ ਨਾਸ ਕਰਕੇ ਆਪਣੇ ਆਪ ਨੂੰ ਪਰਮਾਤਮਾ ਦੇ ਨਾਮ ਵਿੱਚ ਲੀਨ ਕਰ ਦੇਣਾ ਅਤੇ ਸਮੂਹ ਲੋਕਾਈ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਕਰਮ ਕਰਦਿਆਂ ਵਿਚਰਨਾ, ਅਜਿਹੇ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ‘ਜੀਵਨ ਮੁਕਤ’ ਪ੍ਰਵਾਨ ਕੀਤਾ ਗਿਆ ਹੈ। 

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ।।

(ਗੁ.ਗ੍ਰੰ.ਸਾ. ਅੰਗ 449)

ਇਸ ਦਾ ਨਤੀਜਾ ਇਹ ਕੱਢਿਆ ਹੈ ਕਿ ਸਿੱਖ ਨੇ ਇਸ ਸੰਸਾਰ ਵਿੱਚ ਰਹਿੰਦੇ ਹੋਏ ਕਮਲ ਵਰਗੀ ਨਿਰਲੇਪ ਜ਼ਿੰਦਗੀ ਜਿਊਂਦੇ ਹੋਏ ਕਰਮਸ਼ੀਲ ਰਹਿਣਾ ਹੈ

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੈ।।
(ਗੁ.ਗ੍ਰੰ.ਸਾ. ਅੰਗ 938)

ਗੁਰਮਤਿ ਅਨੁਸਾਰ ਇਹ ਸੰਸਾਰ ਸੱਚਾ ਹੈ, ਇਸ ਲਈ ਮਨੁੱਖ ਦਾ ਨਿਸ਼ਾਨਾ ਇਸ ਸਮਾਜਿਕ ਜੀਵਨ ਤੋਂ ਨਿਜਾਤ ਪਾਉਣਾ ਨਹੀਂ ਹੈ ਬਲਕਿ ਆਤਮਕ ਤੇ ਨੈਤਿਕ ਜੀਵਨ ਜਿਊਣ ਦੀ ਵੰਗਾਰ ਨੂੰ ਪ੍ਰਵਾਨ ਕਰਨਾ ਹੈ। ਮੁਕਤੀ ਸਿੱਖ ਦੇ ਦੇ ਜੀਵਨ ਦਾ ਹਿੱਸਾ ਹੈ, ਇਸੇ ਲਈ ਮਾਨਵ ਜੀਵਨ ਸੇਵਾ ਦੇ ਮਾਧਿਅਮ ਰਾਹੀਂ ਅਕਾਲ ਪੁਰਖ ਦੇ ਘਰ ਵਿੱਚ ਪ੍ਰਵਾਨ ਹੋਇਆ ਮੰਨਿਆ ਜਾਂਦਾ ਹੈ। ਗੁਰੂ ਵਾਕ ਹੈ: 

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥

(ਗੁ.ਗ੍ਰੰ.ਸਾ. ਅੰਗ 26)

ਮੁਕਤ ਜੀਵ ਹੀ ‘ਬੇਗਮਪੁਰਾ’ ਦੀ ਸਥਾਪਨਾ ਹਿਤ ਕਾਰਜਸ਼ੀਲ ਹੋ ਸਕਦਾ ਹੈ। ਸਿੱਖ ਧਰਮ ਵਿੱਚ ਜੀਵਨ ਮੁਕਤ ਜੀਵ ਨੂੰ ‘ਖ਼ਾਲਸੇ’ ਦੀ ਸੰਗਿਆ ਨਾਲ ਨਿਵਾਜਿਆ ਗਿਆ ਹੈ।

ਖ਼ਾਲਸਾ ਸੋਇ ਜੋ ਕਰੈ ਨਿਤ ਜੰਗ।।
ਖ਼ਾਲਸਾ ਸੋਇ ਜੋ ਚੜੈ ਤਰੰਗ।।

  1. ਮਨ

‘ਮਨ’ ਸ਼ਬਦ ਸੰਸਕ੍ਰਿਤ ਦੇ ‘ਮਨਸ਼’ ਤੋਂ ਬਣਿਆ ਹੈ ਜਿਸਦਾ ਅਰਥ ਹੈ ਸਾਰੀਆਂ ਦਿਮਾਗੀ ਤਾਕਤਾਂ, ਗਿਆਨ ਸ਼ਕਤੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਮਨ ਦਾ ਵਰਣਨ ਚਿਤ, ਬੁੱਧੀ ਤੇ ਅੰਤਹਕਰਣ ਦੇ ਅਰਥਾਂ ਵਿੱਚ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਮਨ ਦੀ ਤੁਲਨਾ ਉਸ ਪੰਛੀ ਨਾਲ ਕਰਦੇ ਹਨ ਜੋ ਸਰੀਰ ਰੂਪੀ ਬ੍ਰਿਛ ‘ਤੇ ਬੈਠਾ ਹੋਇਆ ਹੈ। ਇਹ ਪੰਛੀ ਹਰ ਵੇਲੇ ਉਡਾਰੀਆਂ ਲਾਉਣ ਲਈ ਤਿਆਰ ਰਹਿੰਦਾ ਹੈ। ਇਹ ਪੰਛੀ (ਮਨ) ਪੰਜ ਇੰਦਰਿਆਂ ਦਾ ਸਮੂਹ ਹੈ। ਇਹ ਸਾਰੇ ਇੰਦਰੇ ਰਲ ਕੇ ਅਸਲ ਤੱਤ ਦੀ ਚੋਗ ਚੁਗਣ ਤਾਂ ਇਸ ਪੰਛੀ ਨੂੰ ਕੋਈ ਬੰਧਨ ਨਹੀਂ ਪੈਂਦਾ ।

ਇਹ ਮਨ ਬਹੁਤ ਚੰਚਲ ਹੈ, ਲੋਚਾ ਸ਼ਕਤੀ ਰੱਖਦਾ ਹੈ ਅਤੇ ਕਦੀ ਕੁਝ ਚਾਹੁੰਦਾ ਹੈ ਤੇ ਕਦੇ ਕੁਝ। ਚੰਚਲ ਹੋਣ ਕਰਕੇ ਇਹ ਛੇਤੀ ਕਾਬੂ ਵਿੱਚ ਨਹੀਂ ਆਉਂਦਾ। ਇਸ ਦੇ ਅਸਰ ਹੇਠ ਜੀਵ ਆਪਣੇ ਅਸਲ ਤੱਤ ਨੂੰ ਭੁੱਲ ਜਾਂਦਾ ਹੈ, ਪਰਮ ਤੱਤ ਨੂੰ ਵਿਸਾਰ ਦਿੰਦਾ ਹੈ। ਜਦੋਂ ਮਨ ਅੰਦਰ ਸਥਿਤ ਪਰਮਾਤਮਾ ਦੀ ਜੋਤਿ ‘ਤੇ ਧਿਆਨ ਲਾਉਂਦਾ ਹੈ ਤਾਂ ਗੁਰੂ ਦੀ ਕਿਰਪਾ ਨਾਲ ਮਨ ਦੀ ਚੰਚਲਤਾਈ ਖ਼ਤਮ ਹੋ ਜਾਂਦੀ ਹੈ, ਇਹ ਸਥਿਰ ਹੋ ਜਾਂਦਾ ਹੈ ਅਤੇ ਇਸਨੂੰ ਪਤਾ ਲੱਗ ਜਾਂਦਾ ਹੈ ਕਿ :

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।।

(ਗੁ.ਗ੍ਰੰ.ਸਾ. ਅੰਗ 441)

ਗੁਰੂ ਗ੍ਰੰਥ ਸਾਹਿਬ ਵਿੱਚ ਮਨ ਦੇ ਦੋ ਰੂਪ ਸ੍ਵੀਕਾਰ ਕੀਤੇ ਗਏ ਹਨ। ਇੱਕ ਉਹ ਪ੍ਰਕਾਸ਼ਮਈ ਮਨ ਹੈ ਜੋ ਸ਼ੁਭ ਕਰਮ ਕਰਦਾ ਹੈ ਤੇ ਗੁਰੂ ਦੀ ਦੀਖਿਆ ਲੈਂਦਾ ਹੈ। ਦੂਜਾ ਉਹ ਅੰਧਕਾਰਮਈ ਮਨ ਹੈ ਜੋ ਲੋਭੀ ਤੇ ਮੂਰਖ ਹੈ ਅਤੇ ਹਮੇਸ਼ਾ ਅਸ਼ੁਭ ਕਰਮ ਕਰਦਾ ਹੈ। ਸੁਆਲ ਉੱਠਦਾ ਹੈ ਕਿ ਇਸ ਅੰਧਕਾਰਮਈ ਮਨ ਨੂੰ ਕਿਸ ਤਰ੍ਹਾਂ ਪ੍ਰਕਾਸ਼ਮਈ ਮਨ ਵਿੱਚ ਤਬਦੀਲ ਕੀਤਾ ਜਾਵੇ, ਅਰਥਾਤ ਮਨ ‘ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾਵੇ ਕਿ ਉਹ ਪਰਮਾਤਮਾ ਦੀ ਇੱਛਾ ਅਨੁਸਾਰ ਕੰਮ ਕਰੇ ?

ਗੁਰੂ ਗ੍ਰੰਥ ਸਾਹਿਬ ਵਿੱਚ ਮਨ ਨੂੰ ਮਾਰਨ ਦੇ ਕੁਝ ਉਪਾਆਂ ਦਾ ਵਰਣਨ ਕੀਤਾ ਗਿਆ ਹੈ। ਪਹਿਲਾ, ਮਨ ਦੇ ਦੁਆਰਾ ਮਨ ਨੂੰ ਮਾਰਨਾ। ਭਾਵ ਪ੍ਰਕਾਸ਼ਮਈ ਮਨ ਦੁਆਰਾ ਅੰਧਕਾਰਮਈ ਮਨ ਨੂੰ ਆਪਣੇ ਅਧੀਨ ਕਰ ਲੈਣਾ। ਇਸ ਅਧੀਨਤਾ ਦੇ ਨਤੀਜੇ ਵਜੋਂ ਮਨੁੱਖ ਦੀਆਂ ਸਾਰੀਆਂ ਕਾਮਨਾਵਾਂ ਤੇ ਵਾਸ਼ਨਾਵਾਂ ‘ਤੇ ਅੰਕੁਸ਼ ਲੱਗ ਜਾਂਦਾ ਹੈ, ਮਨ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਅਤੇ ਉਸ ਦੀ ਚੰਚਲਤਾਈ ਖ਼ਤਮ ਹੋ ਜਾਂਦੀ ਹੈ।

ਸੁਭਰ ਭਰੇ ਨਾਹੀ ਚਿਤੁ ਡੋਲੈ 
ਮਨ ਹੀ ਤੇ ਮਨੁ ਮਾਨਿਆ।

(ਗੁ.ਗ੍ਰੰ.ਸਾ. ਅੰਗ 1233)

ਦੂਜਾ ਉਪਾਅ ਹੈ ਪਰਮਾਤਮਾ ਦੇ ਗੁਣਗਾਨ ਕਰਨ ਨਾਲ ਮਨ ਨੂੰ ਮਾਰਨਾ। ਤੀਜਾ ਉਪਾਅ ਹੈ ਗੁਰੂ ਦੀ ਦੀਖਿਆ ਦੁਆਰਾ ਮਨ ਨੂੰ ਮਾਰਨਾ। ਇਸ ਤੋਂ ਇਲਾਵਾ ਕੁਝ ਹੋਰ ਉਪਾਵਾਂ ਦਾ ਸੰਕੇਤ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ, ਜਿਵੇਂ ਦੁਰਜਨਾਂ ਦੀ ਕੁਸੰਗਤੀ ਦਾ ਤਿਆਗ ਅਤੇ ਸਾਧਸੰਗਤ ਦਾ ਆਸਰਾ। ਮਨ ਸਮਝਾਉਣ ਦਾ ਇੱਕ ਹੋਰ ਉਪਾਅ ਦੱਸਿਆ ਗਿਆ ਹੈ ਸੱਚ ਆਚਾਰ। ਸੱਚ ਆਚਾਰ ਕਰਕੇ ਜੀਵ ਮਨ ਨੂੰ ਸੋਧ ਕੇ ਆਨੰਦਿਤ ਅਵਸਥਾ ਵਿੱਚ ਲਿਆ ਸਕਦਾ ਹੈ :

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥

(ਗੁ.ਗ੍ਰੰ.ਸਾ. ਅੰਗ 62)

  1. ਗ੍ਰਹਿਸਤ ਮਾਰਗ

ਗੁਰੂ ਗ੍ਰੰਥ ਸਾਹਿਬ ਨੇ ਪ੍ਰਚਲਿਤ ਕੋਰੇ ਗਿਆਨ ਮਾਰਗ, ਕਰਮ ਮਾਰਗ ਤੇ ਹੋਰ ਜੋਗ ਵਰਗੀਆਂ ਕਠਿਨ ਸਾਧਨਾਵਾਂ ਜਿਹੜੀਆਂ ਗ੍ਰਹਿਸਤੀ ਜੀਵਨ ਨੂੰ ਨਕਾਰਦੀਆਂ ਸਨ, ਨੂੰ ਰੱਦ ਕਰਦਿਆਂ ਇਹਨਾਂ ਤੋਂ ਪੈਦਾ ਹੁੰਦੀ ਕਠੋਰ ਤੇ ਕਠਿਨ ਧਾਰਮਿਕ ਚੇਤਨਾ ਨੂੰ ਤਿਆਗਣ ਦੀ ਪ੍ਰੇਰਨਾ ਦਿੱਤੀ। ਨਾਲ ਹੀ ਮਨੁੱਖਤਾ ਨੂੰ ਗ੍ਰਹਿਸਤੀ ਦਾ ਨਵਾਂ ਦਾਰਸ਼ਨਿਕ ਸੰਕਲਪ ਦੇ ਕੇ ਉਸਦੇ ਮਹੱਤਵ ਨੂੰ ਰੂਪਮਾਨ ਕਰ ਦਿੱਤਾ।

ਨਗਨ ਫਿਰਤ ਜੌ ਪਾਈਐ ਜੋਗੁ।। ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ।।
ਕਿਆ ਨਾਗੇ ਕਿਆ ਬਾਧੇ ਚਾਮ।।
ਜਬ ਨਹੀ ਚੀਨਸਿ ਆਤਮ ਰਾਮ।।
ਮੂਡ ਮੁੰਡਾਏ ਸੌ ਸਿਧਿ ਪਾਈ।। ਮੁਕਤੀ ਭੇਡ ਨ ਗਈਆ ਕਾਈ।। 
ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।।

(ਗੁ.ਗ੍ਰੰ.ਸਾ. ਅੰਗ 324)

ਗੁਰਮਤਿ ਨੇ ਲੋਕਾਂ ਨੂੰ ਇਸ ਧਾਰਮਿਕ ਨਵ-ਚੇਤਨਾ ਦਾ ਭਾਗੀ ਬਣਾਇਆ ਕਿ ਪਰਮਾਤਮਾ ਵਿੱਚ ਸੁਰਤ ਟਿਕਾਉਣ ਲਈ ਘਰ-ਬਾਰ ਗ੍ਰਹਿਸਤ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪ ਅਤੇ ਸਰੀਰ ਨੂੰ ਅਨੇਕਾਂ ਪ੍ਰਕਾਰ ਦੇ ਕਸ਼ਟ ਦੇਣਾ ਬੇਕਾਰ ਹੈ। ਮਨੁੱਖ ਗ੍ਰਹਿਸਤ ਵਿੱਚ ਰਹਿ ਕੇ ਹੀ ਆਪਣੇ ਅਸਲੇ ਦੀ ਪਛਾਣ ਕਰ ਸਕਦਾ ਹੈ ਅਤੇ ਪਰਮਾਤਮਾ ਦੇ ਵਿੱਚ ਲਿਵ ਜੋੜ ਸਕਦਾ ਹੈ। ਲੋਕ ਮਨਾਂ ਵਿੱਚ ਇਹ ਚੇਤਨਾ ਵਿਕਸਿਤ ਹੋ ਗਈ ਕਿ ਰੋਜ਼ਾਨਾ ਜ਼ਿੰਦਗੀ ਦੇ ਸਾਧਾਰਣ ਕੰਮ ਵੀ ਉਤਨੇ ਹੀ ਮਹੱਤਵਪੂਰਨ ਹਨ ਜਿੰਨੀ ਸੰਨਿਆਸੀ ਜੀਵਨ ਦੀ ਪਵਿੱਤਰਤਾ। ਮਨੁੱਖਾ ਜੀਵਨ ਦਾ ਅਸਲ ਮਨੋਰਥ ਕਮਜ਼ੋਰੀਆਂ ਤੋਂ ਡਰ ਕੇ ਭੱਜਣਾ ਨਹੀਂ, ਸਗੋਂ ਉਹਨਾਂ ਉੱਤੇ ਸਰਦਾਰੀ ਪ੍ਰਾਪਤ ਕਰਕੇ ਅਸਲੇ ਦੀ ਪ੍ਰਾਪਤੀ ਲਈ ਜਤਨਸ਼ੀਲ ਰਹਿਣਾ ਹੈ। ਇਸ ਲਈ ਸੰਸਾਰ ਵਿੱਚ ਰਹਿ ਕੇ ਗ੍ਰਹਿਸਤ ਦੇ ਸਭ ਕਾਰ-ਵਿਹਾਰ ਭਲੀ ਪ੍ਰਕਾਰ ਨਿਭਾਉਣੇ ਧਰਮ ਜਿੰਨੇ ਹੀ ਜ਼ਰੂਰੀ ਹਨ।

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ 
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥

(ਗੁ.ਗ੍ਰੰ.ਸਾ. ਅੰਗ 522)

ਇਸ ਤਰ੍ਹਾਂ ਗ੍ਰਹਿਸਤ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇਹ ਦਾਰਸ਼ਨਿਕ ਉਪਦੇਸ਼ ਬਣ ਗਿਆ ਜਿਸਨੇ ਵੈਦਿਕ ਧਰਮ ਦੇ ਗ੍ਰਹਿਸਤ ਵਿਰੋਧੀ ਦਾਰਸ਼ਨਿਕ ਉਪਦੇਸ਼ ਨੂੰ ਨਿਰਾਰਥਕ ਸਿੱਧ ਕਰ ਦਿੱਤਾ।