ਚਾਰ ਸਾਹਿਬਜ਼ਾਦੇ
ਚਾਰ ਸਾਹਿਬਜ਼ਾਦੇ ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਨੇ 1676 ਈ. ਦੀ ਵਿਸਾਖੀ ਵਾਲੇ ਦਿਨ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਕੌਮ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਇਲਾਵਾ, ਆਪ ਜੀ ਨੇ ਸਰੀਰਕ ਹੁਨਰ ਅਤੇ ਸਾਹਿਤਕ ਕਾਰਜਾਂ ਵੱਲ ਵੀ ਖ਼ਾਸ ਧਿਆਨ ਦਿੱਤਾ। ਆਪ ਜੀ ਦਾ ਕਾਵਿ ਰਚਨਾ ਵੱਲ ਕਾਫੀ ਰੂਝਾਨ ਸੀ ਅਤੇ ਆਪ ਜੀ ਦੇ ਜੀਵਨ ਦੇ ਸ਼ੁਰੂਆਤੀ ਵਰ੍ਹੇ ਇਸੇ ਕਾਰਜ ਨੂੰ ਪੂਰਾ ਕਰਨ ਵਿੱਚ ਬਤੀਤ ਹੋਏ। ਆਪ ਜੀ ਦੀ ਬਹੁਤਾਤ ਸਾਹਿਤਕ ਰਚਨਾ ਪਾਉਂਟਾ ਸਾਹਿਬ ਦੇ ਸਥਾਨ 'ਤੇ ਹੋਈ ਜੋ ਕਿ ਆਪ ਜੀ ਨੇ ਜਮੁਨਾ ਨਦੀ ਦੇ ਕੰਢੇ 'ਤੇ ਵਸਾਇਆ। ਇਥੇ ਆਪ ਅਪ੍ਰੈਲ 1685 ਵਿੱਚ ਥੋੜ੍ਹੇ ਸਮੇਂ ਲਈ ਜਾ ਕੇ ਵੱਸ ਗਏ।
ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ
ਪਾਉਂਟਾ ਸਾਹਿਬ ਵਿਖੇ ਨਿਵਾਸ ਦੇ ਦੌਰਾਨ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ, ਮਾਤਾ ਸੁੰਦਰੀ ਜੀ ਦੇ ਕੁੱਖੋਂ, 26 ਜਨਵਰੀ 1687 ਨੂੰ ਹੋਇਆ। ਇਸ ਤੋਂ ਅਗਲੇ ਸਾਲ ਹੀ ਗੁਰੂ ਸਾਹਿਬ ਵਾਪਸ ਅਨੰਦਪੁਰ ਸਾਹਿਬ ਆ ਗਏ ਜਿੱਥੇ ਸਾਹਿਬਜ਼ਾਦੇ ਦੀ ਪਾਲਣਾ ਪ੍ਰਵਾਨਿਤ ਸਿੱਖ ਪਰੰਪਰਾ ਅਨੁਸਾਰ ਹੋਣ ਲੱਗੀ। ਬਾਬਾ ਅਜੀਤ ਸਿੰਘ ਨੇ ਸਿੱਖ ਸਾਹਿਤ, ਫ਼ਲਸਫ਼ੇ ਅਤੇ ਇਤਿਹਾਸ ਦਾ ਅਧਿਐਨ ਕੀਤਾ, ਅਤੇ ਨਾਲ ਹੀ ਘੁੜਸਵਾਰੀ, ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਵਰਗੀਆਂ ਨਿਰਭੈ ਕਲਾਵਾਂ ਵਿੱਚ ਸਿੱਖਿਆ ਲਈ। ਆਪ ਇੱਕ ਤੰਦਰੁਸਤ, ਮਜ਼ਬੂਤ, ਸਿਆਣੇ ਤੇ ਜੁਝਾਰੂ ਆਗੂ ਹੋ ਨਿਬੜੇ।
ਹਰ ਸ਼ਾਮ, ਆਪ ਆਪਣੇ ਛੋਟੇ ਭਰਾ ਬਾਬਾ ਜੁਝਾਰ ਸਿੰਘ ਨੂੰ ਨਾਲ ਲੈ ਕੇ, ਆਪਣੇ ਮਿੱਤਰਾਂ ਨੂੰ ਇਕੱਠਿਆਂ ਕਰਦੇ ਅਤੇ ਦੋ ਦਸਤੇ ਬਣਾ ਲੈਂਦੇ। ਫਿਰ ਆਪ ਦੋਵੇਂ ਦਸਤਿਆਂ ਵਿਚਕਾਰ ਤਲਵਾਰਾਂ ਤੇ ਤੀਰਾਂ ਨਾਲ ਨਕਲੀ ਮੁਕਾਬਲੇ ਕਰਦੇ। ਕਦੇ-ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਆਪਣੇ ਦੋਵੇਂ ਸਾਹਿਬਜ਼ਾਦਿਆਂ ਦੀਆਂ ਇਨ੍ਹਾਂ ਫ਼ੌਜੀ ਗਤੀਵਿਧੀਆਂ ਨੂੰ ਵੇਖਦੇ। ਬਾਬਾ ਅਜੀਤ ਸਿੰਘ ਇੱਕ ਬਹਾਦਰ ਤੇ ਤਕੜੇ ਜੋਧੇ ਸਨ। ਆਪ ਨੇ ਮੁੱਢਲੀ ਉਮਰ ਵਿੱਚ ਹੀ ਗੁਰੂ ਸਾਹਿਬ ਦੀਆਂ ਜੰਗਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਆਪ ਨੇ ਇਨ੍ਹਾਂ ਜੰਗਾਂ ਵਿੱਚ ਆਪਣੀ ਬਹਾਦਰੀ ਦੇ ਹੈਰਾਨੀਜਨਕ ਕੌਤਕ ਵਿਖਾਏ। ਕੋਈ ਵੀ ਖ਼ਤਰਾ ਆਪ ਜੀ ਨੂੰ ਆਪਣੇ ਫ਼ਰਜ਼ ਨੂੰ ਪੂਰਾ ਕਰਨ ਵਿੱਚ ਡਰਾ ਜਾਂ ਰੋਕ ਨਹੀਂ ਸਕਦਾ ਸੀ। 1699 ਈ. ਦੀ ਵਿਸਾਖੀ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਿੱਖ ਕੌਮ ਨੂੰ ਇੱਕ ਨਵਾਂ ਰੰਗ ਦਿੱਤਾ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਸ ਨਾਲ ਕੌਮ ਵਿੱਚ ਇੱਕ ਨਵੀਂ ਪਿਰਤ ਪੈ ਗਈ। ਗੁਰੂ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ - ਬਾਬਾ ਅਜੀਤ
ਸਿੰਘ ਤੇ ਜੁਝਾਰ ਸਿੰਘ ਸਮੇਤ ਹਜ਼ਾਰਾਂ ਹੀ ਸ਼ਰਧਾਲੂਆਂ ਨੇ ‘ਖੰਡੇ ਦੀ ਪਾਹੁਲ' ਧਾਰਨ ਕੀਤੀ। ਖ਼ਾਲਸਾ ਪੰਥ ਦੀ ਸਿਰਜਨਾ ਤੋਂ ਫੌਰੀ ਬਾਅਦ ਹੀ ਬਾਬਾ ਅਜੀਤ ਸਿੰਘ ਦੇ ਹੁਨਰਾਂ ਦੀ ਪਹਿਲੀ ਪਰਖ ਹੋਈ। ਪੰਜਾਬ ਦੇ ਉਤਰੀ-ਪੱਛਮ ਇਲਾਕੇ ਪੋਠੋਹਾਰ ਤੋਂ ਆ ਰਹੀ ਸਿੱਖ ਸੰਗਤ ਉੱਤੇ ਰਾਹ ਵਿੱਚ, ਅਨੰਦਪੁਰ ਸਾਹਿਬ ਦੇ ਨੇੜੇ, ਨੂਹ ਪਿੰਡ ਦੇ ਰੰਘੜਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਲੁੱਟ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਨੂੰ ਸਤਲੁਜ ਨਦੀ ਦੇ ਪਾਰ ਉਸ ਪਿੰਡ ਵਿੱਚ ਹਮਲਾਵਰਾਂ ਨੂੰ ਸੋਧਣ ਲਈ ਭੇਜਿਆ। 13 ਮਈ 1699 ਨੂੰ ਬਾਬਾ ਅਜੀਤ ਸਿੰਘ ਦੀ ਉਮਰ ਕੇਵਲ 12 ਵਰ੍ਹਿਆਂ ਦੀ ਸੀ ਜਦੋਂ ਉਹ 100 ਸਿੱਖਾਂ ਦਾ ਜੱਥਾਂ ਲੈ ਕੇ ਉਥੇ ਗਏ ਅਤੇ ਰੰਘੜਾਂ ਨੂੰ ਸਜ਼ਾ ਦੇ ਕੇ, ਸੰਗਤ ਦਾ ਸਾਮਾਨ ਵਾਪਸ ਲੈ ਕੇ ਆਏ। ਇਸ ਤੋਂ ਅਗਲੇ ਵਰ੍ਹੇ, ਆਪ ਜੀ ਨੂੰ ਇੱਕ ਅਹਿਮ ਕਾਰਜ ਸੌਂਪਿਆ ਗਿਆ ਜਦੋਂ ਪਹਾੜੀ ਰਾਜਿਆਂ ਨੇ ਸ਼ਾਹੀ ਫ਼ੌਜ ਨਾਲ ਮਿਲ ਕੇ ਅਨੰਦਪੁਰ 'ਤੇ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਾਰਾਗੜ੍ਹ ਕਿਲ੍ਹੇ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ, ਜੋ ਕਿ ਹਮਲੇ ਦਾ ਪਹਿਲਾ ਨਿਸ਼ਾਨਾ ਸੀ। ਇੱਕ
ਮਾਹਿਰ ਜੋਧੇ, ਭਾਈ ਉਦੇ ਸਿੰਘ ਨਾਲ ਮਿਲ ਕੇ ਆਪ ਜੀ ਨੇ ਇਸ ਹਮਲੇ ਨੂੰ ਬਖ਼ੂਬੀ ਰੋਕਿਆ। ਇਹ 29 ਅਗਸਤ 1700 ਨੂੰ ਹੋਇਆ। ਇਸ ਤੋਂ ਬਾਅਦ ਆਪ ਜੀ ਨੇ ਅਕਤੂਬਰ 1700 ਵਿੱਚ ਨਿਰਮੋਹਗੜ੍ਹ ਦੀ ਜੰਗ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। 15 ਮਾਰਚ 1701 ਨੂੰ, ਦੜਪ (ਮੌਜੂਦਾ ਸਿਆਲਕੋਟ) ਤੋਂ ਆ ਰਹੀ ਸਿੱਖ ਸੰਗਤ ਨੂੰ ਗੁੱਜਰਾਂ ਤੇ ਰੰਘੜਾਂ ਨੇ ਰਾਹ ਵਿੱਚ ਹੀ ਲੁੱਟ ਲਿਆ। ਸਾਹਿਬਜ਼ਾਦਾ ਅਜੀਤ ਸਿੰਘ ਨੇ ਉਨ੍ਹਾਂ ਨੂੰ ਸੋਧਣ ਲਈ ਇੱਕ ਸਫਲ ਚੜ੍ਹਾਈ ਕੀਤੀ। ਇੱਕ ਵਾਰ ਕਿਸੇ ਬ੍ਰਾਹਮਣ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਆ ਕੇ ਸ਼ਕਾਇਤ ਕੀਤੀ ਕਿ ਕੁਝ ਪਠਾਨਾਂ ਨੇ ਹੋਸ਼ਿਆਰਪੁਰ ਦੇ ਨੇੜੇ, ਬੱਸੀ ਵਿਖੇ ਉਸਦੀ ਨਵ-ਵਿਆਹੀ ਪਤਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਗੁਰੂ ਸਾਹਿਬ ਦੇ ਨਿਰਦੇਸ਼ 'ਤੇ ਸਾਹਿਬਜ਼ਾਦਾ ਅਜੀਤ ਸਿੰਘ 100 ਘੁੜਸਵਾਰਾਂ ਨੂੰ ਲੈ ਕੇ ਉਥੇ ਪਹੁੰਚੇ ਅਤੇ ਬ੍ਰਾਹਮਣ ਦੀ ਪਤਨੀ ਨੂੰ ਉਨ੍ਹਾਂ ਦੇ ਕਬਜ਼ੇ ਤੋਂ ਛੁਡਾ ਲਿਆਏ। ਫਿਰ ਉਸਨੂੰ ਵਾਪਸ ਬ੍ਰਾਹਮਣ ਕੋਲ ਪਹੁੰਚਾਇਆ ਗਿਆ ਅਤੇ ਪਠਾਨਾਂ ਨੂੰ ਬਣਦੀ ਸਜ਼ਾ ਦਿੱਤੀ ਗਈ। ਬੱਸੀ ਦੇ ਇਸ ਅਸਥਾਨ 'ਤੇ ਇਸ ਘਟਨਾ ਦੀ ਯਾਦ ਵਿੱਚ ਹੁਣ ਇੱਕ ਗੁਰਦੁਆਰਾ ਵੀ ਸੁਸ਼ੋਭਿਤ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਕਰਕੇ ਬਾਦਸ਼ਾਹ ਔਰੰਗਜ਼ੇਬ ਬਹੁਤ ਨਾਖ਼ੁਸ਼ ਸੀ। ਉਸਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ
ਸੀ ਕਿ ਉਸਦੇ ਰਾਜ ਵਿੱਚ ਕਿਸੇ ਨੂੰ ‘ਸੱਚਾ ਪਤਾਸ਼ਾਹ’ਕਹਿ ਕੇ ਸੰਬੋਧਨ ਕੀਤਾ ਜਾਵੇ, ਜਿਵੇਂ ਕਿ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਕਰਦੇ ਸਨ। ਉਸਨੇ ਆਪਣੇ ਜਰਨੈਲਾਂ ਨੂੰ ਹੁਕਮ ਕਰ ਦਿੱਤਾ ਕਿ ਗੁਰੂ ਦਰਬਾਰ ਦੇ ਵੱਧਦੇ ਪਸਾਰ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਜਾਵੇ। ਮੁਗ਼ਲ ਜਰਨੈਲਾਂ ਨੇ ਸਿੱਖਾਂ ਨੂੰ ਅਨੰਦਪੁਰ ਤੋਂ ਬਾਹਰ ਕੱਢਣ ਲਈ ਹਰ ਹੀਲਾ ਵਰਤਣਾ ਸ਼ੁਰੂ ਕਰ ਦਿੱਤਾ। ਮਈ 1705 ਵਿੱਚ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਿਕਾਂ ਦੀ ਮਿਲਵੀਂ ਫ਼ੌਜ ਨੇ ਅਨੰਦਪੁਰ ਵੱਲ ਕੂਚ ਕਰ ਦਿੱਤਾ ਅਤੇ ਸ਼ਹਿਰ ਦੇ ਦੁਆਲੇ ਘੇਰਾ ਪਾ ਲਿਆ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਕਈ ਮਹੀਨਿਆਂ ਤਕ ਉਨ੍ਹਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਬਹੁਤ ਬਹਾਦਰੀ ਨਾਲ ਸਾਹਮਣਾ ਕੀਤਾ, ਭਾਵੇਂ ਐਨੇ ਸਮੇਂ ਤੋਂ ਸਾਰੇ ਰਾਹ ਬੰਦ ਹੋਣ ਕਰਕੇ ਸਹੂਲਤਾਂ ਦੀ ਜ਼ਬਰਦਸਤ ਘਾਟ ਹੋ ਚੁੱਕੀ ਸੀ। ਹਮਲਾਵਰ ਵੀ ਹੁਣ ਤਕ ਥੱਕ ਚੁੱਕੇ ਸਨ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਤੇ ਸਿੱਖਾਂ ਨੂੰ ਅਨੰਦਪੁਰ ਤੋਂ ਨਿਕਲ ਜਾਣ ਲਈ ਸੁਰੱਖਿਅਤ ਲਾਂਘਾ ਦੇਣ ਦਾ ਵਾਇਦਾ ਕਰ ਦਿੱਤਾ। ਅਨੰਦਪੁਰ ਸਾਹਿਬ ਉੱਤੇ ਪਈ ਕਿਲ੍ਹੇਬੰਦੀ ਦੇ ਐਨੇ ਲੰਮੇ ਸਮੇਂ ਦੌਰਾਨ, ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਕ ਵਾਰ ਫਿਰ ਆਪਣੀ ਬਹਾਦਰੀ ਤੇ ਦ੍ਰਿੜਤਾ ਦੇ ਕੌਤਕ ਵਿਖਾਏ। ਅਖ਼ੀਰ, ਜਦੋਂ 5-6 ਦਸੰਬਰ 1705 ਦੀ ਰਾਤ ਨੂੰ, ਅਨੰਦਪੁਰ ਤੋਂ ਬਾਹਰ ਨਿਕਲਣਾ ਸੀ ਤਾਂ ਆਪ ਨੂੰ ਸਭ ਤੋਂ ਪਿੱਛੇ ਚੌਕਸੀ ਰੱਖਣ ਦੀ
ਕਮਾਨ ਸੌਂਪੀ ਗਈ। ਹਮਲਾਵਰਾਂ ਨੇ ਸੁਰੱਖਿਅਤ ਲਾਂਘਾ ਦੇਣ ਦੇ ਆਪਣੇ ਵਾਇਦੇ ਨੂੰ ਤੋੜਦਿਆਂ, ਉਨ੍ਹਾਂ ਦੇ ਦਸਤੇ ਉੱਤੇ ਹਮਲਾ ਕਰ ਦਿੱਤਾ, ਜਿਸਦਾ ਆਪ ਜੀ ਨੇ ਸ਼ਾਹੀ ਟਿੱਬੇ ਵਾਲੀ ਥਾਂ 'ਤੇ ਬਖ਼ੂਬੀ ਸਾਹਮਣਾ ਕੀਤਾ। ਆਪ ਨੇ ਉਨ੍ਹਾਂ ਨੂੰ ਉਦੋਂ ਤਕ ਉਲਝਾਏ ਰਖਿਆ ਜਦੋਂ ਤਕ ਭਾਈ ਉਦੇ ਸਿੰਘ ਨੇ ਆ ਕੇ ਕਮਾਨ ਨਹੀਂ ਸੰਭਾਲ ਲਈ। ਫਿਰ ਭਾਈ ਉਦੇ ਸਿੰਘ ਨੇ ਇਕੱਲਿਆਂ ਹੀ ਦੁਸ਼ਮਣਾਂ ਦੇ ਛੱਕੇ ਛੁੜਾ ਦਿੱਤੇ। ਸ਼ਹਾਦਤ ਪਾਉਣ ਤੋਂ ਪਹਿਲਾਂ ਉਸ ਨਿਧੱੜਕ ਜੋਧੇ ਨੇ ਕਈਆਂ ਨੂੰ ਮਾਰ ਗਿਰਾਇਆ। ਸਰਸਾ ਨਦੀ ਵਿੱਚ ਉਸ ਸਮੇਂ ਹੜ੍ਹ ਆਇਆ ਹੋਇਆ ਸੀ ਜਦੋਂ ਬਾਬਾ ਅਜੀਤ ਸਿੰਘ ਨੇ ਆਪਣੇ ਪਿਤਾ, ਆਪਣੇ ਛੋਟੇ ਭਰਾ ਜੁਝਾਰ ਸਿੰਘ ਤੇ ਕਰੀਬ ਡੇਢ ਸੌ ਸਿੰਘਾਂ ਨਾਲ ਉਸਨੂੰ ਪਾਰ ਕੀਤਾ। ਰੋਪੜ ਦੇ ਪਾਸੋਂ ਆ ਰਹੀ ਇੱਕ ਫ਼ੌਜੀ ਟੁਕੜੀ
ਦੇ ਅਚਾਨਕ ਹਮਲੇ ਕਰਕੇ ਸਿੱਖਾਂ ਦੀ ਗਿਣਤੀ ਹੋਰ ਘੱਟ ਗਈ, ਤੇ 6 ਦਸੰਬਰ 1705 ਨੂੰ ਕੇਵਲ ਚਾਲ੍ਹੀ ਸਿੰਘਾਂ ਦਾ ਇੱਕ ਦਸਤਾ ਚਮਕੌਰ ਪਹੁੰਚਿਆ। ਇਨ੍ਹਾਂ ਨੇ ਉਥੇ ਇੱਕ ਕੱਚੀ ਗੜ੍ਹੀ ਵਿੱਚ ਜਾ ਕੇ ਟਿਕਾਣਾ ਕਰ ਲਿਆ। ਇਨ੍ਹਾਂ ਦੇ ਪਿੱਛੇ ਹੀ ਮਲੇਰਕੋਟਲਾ ਤੇ ਸਰਹਿੰਦ ਤੋਂ ਸ਼ਾਹੀ ਫ਼ੌਜ ਦੀਆਂ ਟੁਕੜੀਆਂ, ਤੇ ਉਨ੍ਹਾਂ ਨਾਲ ਲੋਕਲ ਰੰਘੜ ਤੇ ਗੁੱਜਰ ਹਮਲਾਵਰ ਵੀ ਆ ਕੇ ਰਲ ਗਏ। ਇਨ੍ਹਾਂ ਸਾਰਿਆਂ ਨੇ ਮਿਲ ਕੇ ਚਮਕੌਰ ਦੀ ਉਸ ਗੜ੍ਹੀ ਦੁਆਲੇ ਸੰਘਣਾ ਘੇਰਾ ਪਾ ਲਿਆ। 7 ਦਸੰਬਰ 1705 ਦੀ ਚੜ੍ਹਦੀ ਸਵੇਰ ਨੂੰ ਇੱਕ ਬੇਮੇਲ ਪਰ ਭਿਆਨਕ ਜੰਗ ਦੀ ਸ਼ੁਰੂਆਤ ਹੋਈ। ਗੁਰੂ ਗੋਬਿੰਦ ਸਿੰਘ ਜੀ
ਦੇ ‘ਜ਼ਫ਼ਰਨਾਮੇ’ ਵਿੱਚ ਕਹੇ ਆਪਣੇ ਸ਼ਬਦਾਂ ਅਨੁਸਾਰ ਕੇਵਲ ਚਾਲ੍ਹੀ ਦਾ ਲੱਖਾਂ ਨੂੰ ਲਲਕਾਰਨਾ ਸਿੱਖ ਸਿਪਾਹੀਆਂ ਨੇ ਅਸਲਾ ਤੇ ਸਾਮਾਨ ਖ਼ਤਮ ਹੋਣ 'ਤੇ ਪੰਜ-ਪੰਜ ਸਿੰਘਾਂ ਦਾ ਜੱਥਾ ਬਣਾ ਕੇ ਹਮਲਾਵਰਾਂ ਉੱਤੇ ਤਲਵਾਰਾਂ ਤੇ ਨੇਜ਼ਿਆਂ ਨਾਲ ਧਾਵਾ ਬੋਲਣ ਦਾ ਫ਼ੈਸਲਾ ਕਰ ਲਿਆ। ਪੰਜ ਸਿੱਖ ਸਿਪਾਹੀਆਂ ਦੇ ਪਹਿਲੇ ਜੱਥੇ ਨੇ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਸੈਂਕੜਿਆਂ ਮੁਗ਼ਲ ਸਿਪਾਹੀਆਂ ਨੂੰ ਮਾਰ ਗਿਰਾਇਆ। ਇਸ ਤੋਂ ਬਾਅਦ ਦੂਜਾ ਤੇ ਤੀਜਾ ਜੱਥਾ ਵੀ ਬੜੀ ਫੁਰਤੀ ਨਾਲ ਜੰਗ ਦੇ ਮੈਦਾਨ ਵਿੱਚ ਗਿਆ। ਉਨ੍ਹਾਂ ਨੇ ਵੀ ਐਨੇ ਔਖੇ ਹਾਲਾਤਾਂ ਵਿੱਚ ਉਸੇ ਤਰ੍ਹਾਂ ਬਹਾਦਰੀ ਦਾ ਸਬੂਤ ਦਿੰਦਿਆਂ ਸ਼ਹੀਦੀਆਂ ਪਾਈਆਂ। ਇਸ ਗਹਿਗੱਚ ਲੜਾਈ ਨੂੰ ਗੁਰੂ ਸਾਹਿਬ ਗੜ੍ਹੀ ਵਿੱਚੋਂ ਸਾਫ਼ ਵੇਖ ਰਹੇ ਸਨ ਅਤੇ ਅੱਗੇ ਦੀ ਯੋਜਨਾ ਬਣਾ ਰਹੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਅੱਗੇ ਵੱਧ ਕੇ ਗੁਰੂ ਗੋਬਿੰਦ
ਸਿੰਘ ਜੀ ਪਾਸੋਂ ਮੈਦਾਨ-ਏ-ਜੰਗ ਵਿੱਚ ਜਾ ਕੇ ਲੜ੍ਹਣ ਦੀ ਆਗਿਆ ਮੰਗੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸੀਸਾਂ ਬਖ਼ਸ਼ੀਆਂ ਅਤੇ ਸਿੱਖ ਜੋਧਿਆਂ ਦਾ ਇੱਕ ਜੱਥਾ ਉਨ੍ਹਾਂ ਦੀ ਅਗਵਾਈ ਵਿੱਚ ਤੋਰ ਦਿੱਤਾ। ਜਿਵੇਂ ਹੀ ਸਾਹਿਬਜ਼ਾਦਾ ਅਤੇ ਉਨ੍ਹਾਂ ਦੇ ਸਾਥੀ ਗੜ੍ਹੀ ਵਿੱਚੋਂ ਬਾਹਰ ਨਿਕਲੇ, ਉਨ੍ਹਾਂ ਵੱਲੋਂ ਛੱਡੇ ਜੈਕਾਰੇ ਦੀ ਗੂੰਜ “ਸਤਿ ਸ੍ਰੀ ਅਕਾਲ" ਦੇ ਰੂਪ ਵਿੱਚ ਦੂਰ-ਦੂਰ ਤਕ ਫੈਲ ਗਈ। ਮੁਗ਼ਲ ਸਿਪਾਹੀਆਂ ਨੇ ਸਾਹਿਬਜ਼ਾਦੇ ਉੱਤੇ ਚਾਰੇ ਪਾਸਿਓਂ ਘੇਰਾ ਪਾ ਲਿਆ। ਉਨ੍ਹਾਂ ਨੇ ਭਾਵੇਂ ਸਭ ਨੂੰ ਕਰੜੇ ਹੱਥੀਂ ਲਿਆ ਅਤੇ ਤੀਰਾਂ ਦੀ ਬੌਛਾੜ ਕਰ ਦਿੱਤੀ। ਉਨ੍ਹਾਂ 'ਤੇ ਘੇਰਾ ਪਾ ਰਹੇ ਸਿਪਾਹੀਆਂ ਨੂੰ ਪਿੱਛੇ ਹੱਟਣਾ ਪੈ ਗਿਆ, ਪਰ ਨਾਲ ਹੀ ਹੋਰ ਸਿਪਾਹੀ ਅੱਗੇ ਨੂੰ ਵੱਧਦੇ ਚਲੇ ਆਏ। ਬਾਬਾ ਅਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਾਰਿਆਂ ਦਾ ਬੜੀ ਦਲੇਰੀ ਨਾਲ ਸਾਹਮਣਾ ਕੀਤਾ ਪਰ ਉਨ੍ਹਾਂ ਦੇ ਤੀਰ ਖ਼ਤਮ ਹੋਣ ਦੀ ਕਗਾਰ 'ਤੇ ਪੁੱਜ ਗਏ। ਬਾਬਾ ਅਜੀਤ ਸਿੰਘ ਨੇ ਘੋੜੇ ਦੀ ਚਾਲ ਤੇਜ਼ ਕੀਤੀ ਅਤੇ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਉਨ੍ਹਾਂ ਦੇ ਐਨ ਵਿਚਕਾਰ
ਆਪਣੀ ਤਲਵਾਰ ਲਹਿਰਾਉਂਦੇ ਪਹੁੰਚ ਗਏ। ਦੁਸ਼ਮਣ ਦੇ ਇੱਕ ਸਿਪਾਹੀ ਨੇ ਉਨ੍ਹਾਂ ਵੱਲ ਨਿਸ਼ਾਨਾ ਲਗਾ ਕੇ ਆਪਣਾ ਨੇਜ਼ਾ ਜ਼ੋਰ ਦੀ ਸੁੱਟ ਦਿੱਤਾ। ਸਾਹਿਬਜ਼ਾਦੇ ਨੇ ਭਾਵੇਂ ਉਸ ਹਮਲੇ ਨੂੰ ਤਾਂ ਰੋਕ ਲਿਆ ਪਰ ਉਨ੍ਹਾਂ ਦਾ ਘੋੜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਹੇਠਾਂ ਇਕੱਲਾ ਦੇਖ ਕੇ ਦੁਸ਼ਮਣ ਦੇ ਸਿਪਾਹੀਆਂ ਨੇ ਸਾਰੇ ਪਾਸਿਓਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ 19 ਸਾਲਾਂ ਦੇ ਸਾਹਿਬਜ਼ਾਦਾ ਅਜੀਤ ਸਿੰਘ ਉਸ ਗਹਿਗੱਚ ਲੜਾਈ ਵਿੱਚ ਜੂਝਦੇ ਹੋਏ ਸ਼ਹੀਦੀ ਪਾ ਗਏ। ਉਸ ਅਸਥਾਨ 'ਤੇ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸ਼ੋਭਿਤ ਹੈ ਜਿਥੇ ਸਾਹਿਬਜ਼ਾਦਾ ਅਜੀਤ ਸਿੰਘ, ਤੇ ਫਿਰ ਅੱਗਲੇ ਜੱਥੇ ਦੀ ਅਗਵਾਈ ਕਰਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਸ਼ਹੀਦੀਆਂ ਪਾਈਆਂ।
ਸਾਹਿਬਜ਼ਾਦਾ ਜੁਝਾਰ ਸਿੰਘ
ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ ਨੇ ਮਾਤਾ ਜੀਤੋ ਜੀ ਦੀ ਕੁੱਖੋਂ 14 ਮਾਰਚ 1691 ਨੂੰ ਅਨੰਦਪੁਰ ਦੀ ਪਾਵਨ ਧਰਤੀ 'ਤੇ ਜਨਮ ਲਿਆ। ਆਪਣੇ ਵੱਡੇ ਭਰਾ ਸਾਹਿਬਜ਼ਾਦਾ ਅਜੀਤ ਸਿੰਘ ਵਾਂਗ, ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਧਾਰਮਿਕ ਸਾਹਿਤ ਦੇ ਨਾਲ- ਨਾਲ ਯੁੱਧ ਕਲਾ ਦੀ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ। 1699 ਈ. ਵਿੱਚ, ਆਪ 8 ਵਰ੍ਹਿਆਂ ਦੇ ਸਨ, ਜਦੋਂ ਆਪ ਨੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ। ਦਸੰਬਰ 1705 ਵਿੱਚ ਜਦੋਂ ਦੁਸ਼ਮਣਾਂ ਦੇ ਅਨੰਦਪੁਰ ਸਾਹਿਬ ਦੁਆਲੇ ਭਾਰੀ ਘੇਰਾ ਪਾਉਣ ਕਰਕੇ ਕਿਲ੍ਹਾ ਖਾਲੀ ਕਰਨਾ ਪਿਆ ਤਾਂ ਆਪ ਪੰਦਰਾਂ ਵਰ੍ਹੇ ਦੇ ਸਨ ਅਤੇ ਇੱਕ ਨਿਧੱੜਕ ਤੇ ਬਹਾਦਰ ਅਭਿਨਵੀ ਨੌਜਵਾਨ ਜੋਧੇ ਬਣ ਚੁੱਕੇ ਸੀ। ਹਮਲਾਵਰਾਂ ਵੱਲੋਂ ਭਾਰੀ ਗਿਣਤੀ ਵਿੱਚ ਪਿੱਛੇ ਲੱਗਣ ਅਤੇ ਹਰ ਔਖਿਆਈ ਦੇ ਬਾਵਜੂਦ,
ਆਪ ਨੇ ਆਪਣੇ ਜੱਥੇ ਨਾਲ 6 ਦਸੰਬਰ 1705 ਦੀ ਰਾਤ ਨੂੰ ਹੜ੍ਹ ਆਈ ਸਰਸਾ ਨਦੀ ਨੂੰ ਪਾਰ ਕਰ ਲਿਆ ਅਤੇ ਚਮਕੌਰ ਪਹੁੰਚਣ ਵਿੱਚ ਕਾਮਯਾਬ ਹੋ ਗਏ। ਰਾਤ ਨੂੰ ਕੋਈ ਖ਼ਾਸ ਆਰਾਮ ਨਾ ਕਰਨ ਦੇ ਬਾਵਜੂਦ, ਆਪ ਨੇ ਅਗਲੇ ਦਿਨ ਬੜੀ ਬਹਾਦਰੀ ਨਾਲ ਉਸ ਗੜ੍ਹੀ ਵਿੱਚ ਲਗਾਤਾਰ ਹੋ ਰਹੇ ਹਮਲਿਆਂ ਨੂੰ ਰੋਕੀ ਰਖਿਆ ਜਿਸ ਵਿੱਚ ਆਪ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਚਾਲ੍ਹੀ ਸਿੰਘਾਂ ਨਾਲ ਟਿਕਾਣਾ ਕੀਤਾ ਹੋਇਆ ਸੀ। ਜਦੋਂ ਸਿੱਖ ਸਿਪਾਹੀਆਂ ਕੋਲ ਅਸਲਾ ਤੇ ਸਾਮਾਨ ਖ਼ਤਮ ਹੋਣ ਲੱਗਾ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਪੰਜ-ਪੰਜ ਦੇ ਜੱਥਿਆਂ ਵਿੱਚ ਵੰਡ ਕੇ, ਬਾਹਰ ਜਾ ਕੇ ਹਮਲਾਵਰਾਂ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕਰ ਲਿਆ। ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋਵੇਂ ਸਾਹਿਬਜ਼ਾਦਿਅਆਂ ਨੂੰ ਗੜ੍ਹੀ ਦੀ ਉਪਰਲੀ ਮੰਜ਼ਿਲ 'ਤੇ ਲੈ ਗਏ ਜਿੱਥੋਂ ਮੈਦਾਨ - ਏ - ਜੰਗ ਦਾ ਪੂਰਾ ਦ੍ਰਿਸ਼ ਸਾਫ਼ ਨਜ਼ਰੀ ਆਉਂਦਾ ਸੀ। ਦੁਸ਼ਮਣਾਂ ਦੇ
ਹਰ ਹਮਲੇ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਸਨ। ਸਿੱਖ ਸਿਪਾਹੀਆਂ ਨੇ ਆਪੋ- ਆਪਣੀ ਕਮਾਨ ਸੰਭਾਲ ਲਈ ਸੀ ਅਤੇ ਦੋਵੇਂ ਸਾਹਿਬਜ਼ਾਦੇ ਵੀ ਜੰਗ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਸਨ। ਹਮਲਾਵਰਾਂ ਦੇ ਭਾਰੀ ਦਸਤੇ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਭਾਵੇਂ ਬਹੁਤ ਥੋੜ੍ਹੀ ਸੀ, ਪਰ ਉਨ੍ਹਾਂ ਦੇ ਹੌਂਸਲੇ ਬਹੁਤ ਬੁਲੰਦ ਸਨ। ਉਨ੍ਹਾਂ ਸਾਰਿਆਂ ਦੇ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਹੀ ਉਨ੍ਹਾਂ ਵਿੱਚ ਮਾਨੋ ਇੱਕ ਨਵੀਂ ਜਾਨ ਪਾ ਰਹੀ ਸੀ। ਪਰਮਾਤਮਾ ਦੀ ਬਖ਼ਸ਼ਿਸ਼ ਸਦਕਾ, ਉਹ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਪੂਰੀ ਦ੍ਰਿੜ੍ਹਤਾ ਤੇ ਸਾਹਸ ਨਾਲ ਵਿਚਰ ਰਹੇ ਸਨ। ਬੜੇ ਹੀ ਸ਼ਾਂਤ ਤੇ ਸਥਿਰ ਭਾਵ ਨਾਲ ਖੜ੍ਹੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਧਿਆਨ ਨਾਲ ਜੰਗ ਦੀ ਯੋਜਨਾਬੰਦੀ ਕਰਨ ਵਿੱਚ ਲੱਗੇ ਹੋਏ ਸਨ।
ਮੈਦਾਨ-ਏ-ਜੰਗ ਵਿੱਚ ਆਪਣੇ ਵੱਡੇ ਭਰਾ ਦੀ ਅਦੁੱਤੀ ਸ਼ਹਾਦਤ ਨੂੰ ਵੇਖ ਕੇ, ਸਾਹਿਬਜ਼ਾਦਾ ਜੁਝਾਰ ਸਿੰਘ ਜੋ ਕਿ ਉਸ ਸਮੇਂ 15 ਵਰ੍ਹਿਆਂ ਦੇ ਸਨ, ਅੱਗੇ ਵੱਧੇ ਅਤੇ ਆਪਣੇ ਗੁਰੂ ਪਿਤਾ ਕੋਲੋਂ ਆਪਣੇ ਭਰਾ ਦੇ ਵਿਖਾਏ ਪੂਰਨਿਆਂ 'ਤੇ ਚਲਣ ਦੀ ਆਗਿਆ ਮੰਗੀ। ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਦੀ ਉਸ ਲੜਾਈ ਵਿੱਚ ਹਿੱਸਾ ਲੈਣ ਲਈ ਆਪਣੇ ਸਾਹਿਬਜ਼ਾਦਿਆਂ ਨੂੰ ਖ਼ੁਸ਼ੀ-ਖ਼ੁਸ਼ੀ ਵਿਦਾ ਕਰ ਦਿੱਤਾ। ਦੁਨੀਆ ਦੇ ਇਤਿਹਾਸ ਵਿੱਚ ਐਸੀ ਕੋਈ ਮਿਸਾਲ ਨਹੀਂ ਮਿਲਦੀ ਜਿੱਥੇ ਸੱਚ ਦੇ ਖ਼ਾਤਰ, ਅਨਿਆਂ ਦੇ ਖ਼ਿਲਾਫ਼, ਜ਼ਾਲਮ ਸ਼ਾਸਕਾਂ ਦੇ ਪੈਰਾਂ ਹੇਠ ਤੜਪਦੀ ਲੋਕਾਈ ਨੂੰ ਰਾਹਤ ਦਿਵਾਉਣ ਲਈ ਕੋਈ ਐਸੀ ਲੜਾਈ ਲੜੀ ਗਈ ਹੋਵੇ। 7 ਦਸੰਬਰ 1705 ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਦਿਨ ਦੇ ਖ਼ਤਮ ਹੋਣ ਸਮੇਂ ਅਖੀਰਲੇ ਜੱਥੇ ਦੀ ਅਗਵਾਈ ਕੀਤੀ। ਆਪ ਆਪਣੇ ਸਾਥੀਆਂ ਸਮੇਤ ਗੜ੍ਹੀ ਦੇ ਦਰਵਾਜ਼ੇ ਤੋਂ ਬਾਹਰ ਨਿਕਲੇ ਅਤੇ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ਨੂੰ ਖੁਲ੍ਹ ਕੇ ਵੰਗਾਰਿਆ। ਸਾਰੇ ਪਾਸੇ “ਸਤਿ ਸ੍ਰੀ ਅਕਾਲ' ਦੀ ਗੂੰਜ ਖਿਲਰ
ਗਈ। ਦੁਸ਼ਮਣਾਂ ਦੇ ਸਿਪਾਹੀ ਇਸ ਗੱਲੋਂ ਹੈਰਾਨ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੂਜੇ ਸਾਹਿਬਜ਼ਾਦੇ ਨੂੰ ਵੀ ਕੁਰਬਾਨੀ ਦੇਣ ਲਈ ਭੇਜ ਦਿੱਤਾ ਸੀ। ਭਾਰੀ ਗਿਣਤੀ ਵਿੱਚ ਦੁਸ਼ਮਣ ਉਨ੍ਹਾਂ ਵੱਲ ਤੇਜ਼ੀ ਨਾਲ ਵੱਧੇ। ਸਾਹਿਬਜ਼ਾਦਾ ਤੇ ਉਨ੍ਹਾਂ ਦੇ ਸਾਥੀਆਂ ਨੇ ਬੜੀ ਦਲੇਰੀ ਨਾਲ, ਆਪਣੀ ਸਾਰੀ ਤਾਕਤ ਲਗਾ ਕੇ, ਉਨ੍ਹਾਂ ਸਾਰਿਆਂ ਦਾ ਸਾਹਮਣਾ ਕੀਤਾ। ਸੂਰਜ ਛਿਪਣ ਵੇਲੇ, ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਉਸੇ ਥਾਂ ਦੇ ਨੇੜੇ ਸ਼ਹੀਦੀ ਪਾ ਲਈ ਜਿਥੇ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਨੇ ਪਾਈ ਸੀ | ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋਵੇਂ ਸਾਹਿਬਜ਼ਾਦਿਆਂ ਵੱਲੋਂ ਵਿਖਾਏ ਬਹਾਦਰੀ ਦੇ ਕੌਤਕਾਂ ਤੇ ਉਨ੍ਹਾਂ ਵੱਲੋਂ ਦੁਸ਼ਮਣਾਂ ਦੇ ਖੇਮੇ ਵਿੱਚ ਪਾਈਆਂ ਭਾਂਜੜਾਂ ਨੂੰ ਗੜ੍ਹੀ ਦੇ ਉਤੋਂ ਬੜੇ ਧਿਆਨ ਨਾਲ ਵਾਚ ਰਹੇ ਸਨ। ਉਨ੍ਹਾਂ ਦੀ ਅਦੁੱਤੀ ਸ਼ਹਾਦਤਾਂ ਨੂੰ ਵੇਖ ਕੇ, ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਅੱਗੇ ਸ਼ੁਕਰਾਨੇ ਵਜੋਂ ਸੀਸ ਨਿਵਾ ਦਿੱਤਾ।
ਛੋਟੇ ਸਾਹਿਬਜ਼ਾਦੇ
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ
ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਅਨੰਦਪੁਰ ਸਾਹਿਬ ਵਿਖੇ ਹੋਇਆ, ਅਤੇ ਆਪ ਉਸ ਸਮੇਂ ਸਿਰਫ਼ 9 ਵਰ੍ਹਿਆਂ ਦੇ ਸਨ ਜਦੋਂ 5-6 ਦਸੰਬਰ 1705 ਦੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨਾ ਪਿਆ। 5 ਦਸੰਬਰ 1700 ਵਿੱਚ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਪਿੱਛੋਂ ਮਾਤਾ ਗੁਜਰੀ ਜੀ (ਗੁਰੂ ਤੇਗ਼ ਬਹਾਦਰ ਜੀ ਦੇ ਮਹਲ) ਨੇ ਆਪਣੇ ਪੋਤਰਿਆਂ ਜ਼ੋਰਾਵਰ ਸਿੰਘ ਤੇ ਉਸਦੇ ਛੋਟੇ ਭਰਾ ਫਤਿਹ ਸਿੰਘ (ਜਨਮ 25 ਫਰਵਰੀ 1699) ਦੀ ਚੰਗੀ ਤਰ੍ਹਾਂ ਪਾਲਣਾ ਕੀਤੀ। ਇਹ ਦੋਵੇਂ ਸਾਹਿਬਜ਼ਾਦੇ ਉਸ ਸਮੇਂ ਮਾਤਾ ਗੁਜਰੀ ਜੀ ਦੇ ਨਾਲ ਹੀ ਸਨ, ਜਦੋਂ ਸਰਸਾ ਨਦੀ ਨੂੰ ਪਾਰ ਕਰਦਿਆਂ ਉਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੋੜਾ ਹੋ ਗਿਆ। ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮਾਤਾ ਗੁਜਰੀ ਜੀ ਸੰਘਣੇ ਜੰਗਲਾਂ ਅਤੇ ਔਖੇ ਧਰਾਤਲਾਂ ਵਿੱਚੋਂ ਲੰਘਦੇ ਗਏ। ਉਨ੍ਹਾਂ ਨੂੰ ਰਾਹ ਵਿੱਚ ਕਈ ਜੰਗਲੀ ਜਾਨਵਰ ਵੀ ਮਿਲੇ ਪਰ ਫਿਰ ਵੀ ਦੋਵੇਂ ਸਾਹਿਬਜ਼ਾਦੇ ਬੇਖ਼ੌਫ਼ ਦਾਦੀ ਦੀ ਸੰਗਤ ਵਿੱਚ, ਗੁਰਬਾਣੀ ਦਾ ਪਾਠ
ਕਰਦਿਆਂ, ਉਨ੍ਹਾਂ ਨੂੰ ਪਾਰ ਕਰ ਗਏ। ਰਾਹ ਵਿੱਚ ਦਾਦੀ ਜੀ ਉਨ੍ਹਾਂ ਦੋਵਾਂ ਨੂੰ ਸਿੱਖ ਇਤਿਹਾਸ ਵਿੱਚੋਂ ਚੋਣਵੀਆਂ ਘਟਨਾਵਾਂ ਸੁਣਾਉਂਦੇ ਗਏ ਜਿਸ ਕਰਕੇ ਰਾਹ ਸੁਖਾਲਾ ਹੋ ਗਿਆ। ਉਨ੍ਹਾਂ ਦਾ ਰਸੋਈਆ ਗੰਗੂ, ਜੋ ਕਿ ਹੜ੍ਹ ਆਈ ਨਦੀ ਪਾਰ ਕਰਨ ਵਿੱਚ ਸਫਲ ਹੋ ਗਿਆ ਸੀ, ਉਨ੍ਹਾਂ ਨੂੰ ਮੋਰਿੰਡਾ ਦੇ ਨੇੜੇ ਆਪਣੇ ਪਿੰਡ ਖੇੜੀ (ਹੁਣ ਸਹੇੜੀ, ਜ਼ਿਲਾ ਰੋਪੜ) ਵਿੱਚ ਲੈ ਗਿਆ। ਉਨ੍ਹਾਂ ਦੇ ਘੋੜਿਆਂ ਨੂੰ ਕਿੱਲੀ ਨਾਲ ਬੰਨ੍ਹਦਿਆਂ ਉਸਨੇ ਮਾਤਾ ਜੀ ਕੋਲ ਇੱਕ ਗਠੜੀ ਵਿੱਚ ਕੁਝ ਨਕਦੀ ਪਈ ਵੇਖ ਲਈ। ਇਸਨੂੰ ਵੇਖਦੇ ਹੀ ਉਸਦੇ ਮਨ ਵਿੱਚ ਲਾਲਚ ਆ ਗਿਆ। ਉਸਨੇ ਨਾ ਕੇਵਲ ਰਾਤ ਨੂੰ ਉਹ ਗਠੜੀ ਚੋਰੀ ਕਰ ਲਈ, ਬਲਕਿ ਆਪਣੇ ਜੁਰਮ ਨੂੰ ਛਿਪਾਉਣ ਲਈ ਅਤੇ ਸਰਕਾਰ ਤੋਂ ਇਨਾਮ ਦੀ ਆਸ ਵਜੋਂ ਉਨ੍ਹਾਂ ਨਾਲ ਧਰੋਹ ਕਰਨ ਬਾਰੇ ਵੀ ਸੋਚਣ ਲੱਗ ਪਿਆ। - ਉਸਨੇ ਇਹ ਸੁਣਿਆ ਹੋਇਆ ਸੀ ਕਿ ਸਰਹਿੰਦ ਦੇ ਨਵਾਬ ਨੇ ਗੁਰੂ ਜੀ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਗ੍ਰਿਫ਼ਤਾਰੀ ਕਰਾਉਣ ਵਾਲਿਆਂ ਲਈ ਇਨਾਮ ਦੀ ਰਕਮ ਦਾ ਐਲਾਨ ਕੀਤਾ ਹੋਇਆ ਹੈ। ਇਸ ਸਭ ਕਰਕੇ ਉਸਦੇ ਮਨ ਵਿੱਚ ਇੱਕ ਵਿਵਾਦ ਜਿਹਾ ਚਲ ਰਿਹਾ ਸੀ - ਆਪਣੇ ਘਰ ਵਿੱਚ ਗੁਰੂ ਜੀ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਰਨ ਦੇਣ ਬਾਰੇ ਪਤਾ ਲੱਗਣ 'ਤੇ ਫੜੇ ਜਾਣ ਦਾ ਡਰ ਅਤੇ ਦੂਜੇ ਪਾਸੇ ਇਨਾਮ ਦਾ ਲਾਲਚ। ਅਖੀਰ ਉਹ ਲਾਲਚ ਦੀ ਗ੍ਰਿਫ਼ਤ ਵਿੱਚ ਆ ਗਿਆ ਅਤੇ ਮੋਰਿੰਡਾ ਦੇ ਰੰਘੜ ਅਫ਼ਸਰਾਂ ਨੂੰ ਉਹ ਆਪਣੇ ਘਰ ਲੈ ਆਇਆ।
7 ਦਸੰਬਰ 1705 ਦੀ ਸਵੇਰ ਨੂੰ, ਚਮਕੌਰ ਦੀ ਗੜ੍ਹੀ ਵਿੱਚ ਲੜਾਈ ਵਾਲੇ ਦਿਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਬਾਬਾ ਫਤਿਹ ਸਿੰਘ ਤੇ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨਾਲ ਮੋਰਿੰਡਾ ਦੇ ਅਫ਼ਸਰਾਂ - ਜਾਨੀ ਖ਼ਾਨ ਤੇ ਮਾਨੀ ਖ਼ਾਨ ਰੰਘੜ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਰਾਤ ਨੂੰ ਉਨ੍ਹਾਂ ਨੂੰ ਉਥੇ ਹੀ ਕੋਤਵਾਲੀ ਵਿੱਚ ਰਖਿਆ ਗਿਆ। ਦੋਵੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਪਿਆਰੀ ਤੇ ਮਮਤਾਮਈ ਦਾਦੀ ਜੀ ਨੇ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਸੁਣਾਏ, ਅਤੇ ਨਾਲ ਹੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਹੀਦੀਆਂ ਬਾਰੇ ਵਿਸਤਾਰ ਵਿੱਚ ਦੱਸਿਆ। ਅਗਲੇ ਦਿਨ ਉਨ੍ਹਾਂ ਨੂੰ ਸਰਹਿੰਦ ਭੇਜ ਦਿੱਤਾ ਗਿਆ। ਰਾਹ ਵਿੱਚ ਉਨ੍ਹਾਂ ਨੂੰ ਵੇਖਣ ਲਈ ਭੀੜ ਜਮ੍ਹਾ ਹੋ ਗਈ ਕਿਉਂਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਦੂਰ-ਦੂਰ ਤਕ ਫੈਲ ਚੁੱਕੀ ਸੀ। ਸਾਰੇ ਲੋਕ ਹੈਰਾਨ ਸਨ ਕਿ ਭੋਲੇ-ਭਾਲੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਪੂਜਨੀਕ ਦਾਦੀ ਨਾਲ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਹਿਬਜ਼ਾਦਿਆਂ ਦੇ ਚਿਹਰਿਆਂ 'ਤੇ ਬੇਬਾਕੀ ਤੇ ਨਿਰਭੈਅਤਾ ਦੇ ਭਾਵਾਂ ਨੂੰ ਵੇਖ ਕੇ ਸਾਰਿਆਂ ਦੇ ਮੂੰਹੋਂ ਆਪ- ਮੁਹਾਰੇ ਹੀ ਨਿਕਲ ਜਾਂਦਾ, “ਬਹਾਦਰ ਪਿਤਾ ਦੇ ਬਹਾਦਰ ਬੱਚੇ' ਸਰਹਿੰਦ ਪਹੁੰਚਣ 'ਤੇ, ਉਨ੍ਹਾਂ ਨੂੰ ਕਿਲ੍ਹੇ ਦੇ ਇੱਕ ਠੰਡੇ ਬੁਰਜ ਵਿੱਚ ਰਖਿਆ ਿਗਆ ।
ਗੁਰੂ ਸਾਹਿਬ ਦੇ ਇੱਕ ਸ਼ਰਧਾਲੂ, ਭਾਈ ਮੋਤੀ ਮਹਿਰਾ ਨੂੰ ਜਦੋਂ ਪਤਾ ਲੱਗਾ ਕਿ ਦੋਵੇਂ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਦਾਦੀ ਨਾਲ ਠੰਡੇ ਬੁਰਜ ਵਿੱਚ ਭੁਖਿਆਂ ਰਖਿਆ ਗਿਆ ਹੈ, ਤਾਂ ਉਸਨੇ ਸ਼ਾਹੀ ਰੋਸ ਦੀ ਪਰਵਾਹ ਨਹੀਂ ਕੀਤੀ ਅਤੇ ਇੱਕ ਵੱਡਾ ਖ਼ਤਰਾ ਮੁੱਲ ਲੈ ਲਿਆ। ਉਸਨੇ ਠੰਡੇ ਬੁਰਜ 'ਤੇ ਆਪਣੀ ਪੌੜੀ ਲਾਈ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾ ਕੇ ਹੀ ਉਹ ਵਾਪਸ ਪਰਤਿਆ। 9 ਦਸੰਬਰ 1705 ਨੂੰ ਦੋਵੇਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਫ਼ੌਜਦਾਰ, ਨਵਾਬ ਵਜ਼ੀਰ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹ ਆਪਣੇ ਇੱਕ ਸਾਥੀ, ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨਾਲ ਅਜੇ ਚਮਕੌਰ ਤੋਂ ਮੁੜਿਆ ਹੀ ਸੀ। ਵਜ਼ੀਰ ਖ਼ਾਨ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਅਮੀਰੀ ਤੇ ਰੁਤਬਿਆਂ ਦੇ ਕਈ ਵੱਡੇ ਲਾਲਚ ਦਿੱਤੇ, ਪਰ ਸਾਹਿਬਜ਼ਾਦਿਆਂ ਨੇ ਸਭ ਨੂੰ ਠੁਕਰਾ ਦਿੱਤਾ। ਉਸਨੇ ਫਿਰ ਉਨ੍ਹਾਂ
ਨੂੰ ਮੌਤ ਦੀ ਧਮਕੀ ਦਿੱਤੀ, ਪਰ ਉਹ ਦੋਵੇਂ ਫਿਰ ਵੀ ਅਡੋਲ ਬਣੇ ਰਹੇ। ਅਖੀਰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਸ਼ੇਰ ਮੁਹੰਮਦ ਖ਼ਾਨ ਨੇ ਇਸ 'ਤੇ ਭਾਰੀ ਵਿਰੋਧ ਕੀਤਾ ਕਿ ਦੋ ਮਾਸੂਮ ਬੱਚਿਆਂ ਨੂੰ ਐਨੀ ਬੇਰਹਿਮੀ ਨਾਲ ਨਹੀਂ ਮਾਰਿਆ ਜਾ ਸਕਦਾ ਅਤੇ ਉਸਨੇ ਵਜ਼ੀਰ ਖ਼ਾਨ ਨੂੰ ਇਹੋ ਜਿਹੇ ਅਣ-ਮਨੁੱਖੀ ਕਾਰੇ ਨੂੰ ਅੰਜ਼ਾਮ ਦੇਣ ਤੋਂ ਰੋਕਿਆ। ਪਰ ਵਜ਼ੀਰ ਖ਼ਾਨ ਦੇ ਇੱਕ ਮੰਤਰੀ ਸੁੱਚਾ ਨੰਦ ਨੇ ਆਪਣੀ ਵਫ਼ਾਦਾਰੀ ਦਿਖਾਉਣ ਅਤੇ ਆਪਣੇ ਮਾਲਕ ਦੀ ਖ਼ੁਸ਼ੀ ਪਾਉਣ ਲਈ ਬਹੁਤ ਹੀ ਈਰਖਾਲੂ ਸੋਚ ਦਾ ਪ੍ਰਗਟਾਵਾ ਕਰ ਦਿੱਤਾ। ਉਸਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਫ਼ੌਰੀ ਤੌਰ 'ਤੇ ਮਾਰ ਦਿੱਤੇ ਜਾਣ ਦੀ ਪੈਰਵੀ ਕਰਦਿਆਂ ਕਿਹਾ, “ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ। ਇਨ੍ਹਾਂ ਦਾ ਫੁੱਟਣ ਤੋਂ ਪਹਿਲਾਂ ਹੀ ਨਾਸ ਕਰ ਦੇਣਾ ਚਾਹੀਦਾ ਹੈ।” ਲੇਕਿਨ ਸ਼ੇਰ ਮੁਹੰਮਦ ਖ਼ਾਨ ਦੇ ਮਾਸੂਮ ਬੱਚਿਆਂ ਦੀ ਜਾਨ
ਨੂੰ ਬਖ਼ਸ਼ੇ ਜਾਣ ਸਬੰਧੀ ਦਿੱਤੇ ਗਏ ‘ਹਾਅ ਦੇ ਨਾਅਰੇ' ਕਰਕੇ ਦੋਵੇਂ ਸਾਹਿਬਜ਼ਾਦਿਆਂ ਨੂੰ ਧਰਮ ਤਬਦੀਲੀ ਬਾਰੇ ਸੋਚਣ ਲਈ ਹੋਰ ਸਮਾਂ ਦੇ ਦਿੱਤਾ ਗਿਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਉਨ੍ਹਾਂ ਦੇ ਛੋਟੇ ਭਰਾ, ਬਾਬਾ ਫਤਿਹ ਸਿੰਘ ਨੇ ਦੋ ਹੋਰ ਠੰਡੀਆਂ ਰਾਤਾਂ ਉਸ ਠੰਡੇ ਬੁਰਜ ਵਿੱਚ ਆਪਣੀ ਦਾਦੀ ਦੀ ਨਿੱਘੀ ਗੋਦ ਵਿੱਚ ਬਿਤਾਈਆਂ। ਅਗਲੇ ਦਿਨ, ਸ਼ਾਹੀ ਦਰਬਾਰ ਵਿੱਚ ਜਾਣ ਤੋਂ ਪਹਿਲਾਂ, ਮਾਤਾ ਗੁਜਰੀ ਜੀ ਨੇ ਆਪਣੇ ਦੋਵੇਂ ਸਾਹਿਬਜ਼ਾਦਿਆਂ ਨੂੰ ਗਲਵਕੜੀ ਵਿੱਚ ਲੈ ਲਿਆ, ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੋਵਾਂ ਨੂੰ ਗੁਰੂ ਸਾਹਿਬਾਨ ਦੇ ਦਿੱਤੇ ਪਵਿੱਤਰ ਅਸੂਲਾਂ ਉੱਤੇ ਚਲਣ ਲਈ ਪ੍ਰੇਰਿਤ ਕੀਤਾ। ਦੋਵਾਂ ਸਾਹਿਬਜ਼ਾਦਿਆਂ ਐਸਾ ਹੀ ਕਰਨ ਦਾ ਵਚਨ ਦਿੱਤਾ ਅਤੇ ਖ਼ੁਸ਼ੀ-ਖ਼ੁਸ਼ੀ ਆਪਣੀ ਦਾਦੀ ਜੀ ਕੋਲੋਂ ਵਿਦਾ ਲਈ। ਉਨ੍ਹਾਂ ਦੋਵਾਂ ਨੂੰ ਨਵਾਬ ਦੇ ਸਾਹਮਣੇ ਫਿਰ ਤੋਂ ਪੇਸ਼ ਕੀਤਾ ਗਿਆ। ਸ਼ਾਹੀ ਦਰਬਾਰ ਦੇ
ਦੁਆਰ 'ਤੇ ਪਹੁੰਚ ਕੇ ਉਨ੍ਹਾਂ ਵੇਖਿਆ ਕਿ ਉਥੋਂ ਦਾ ਵੱਡਾ ਦਰਵਾਜ਼ਾ ਬੰਦ ਹੈ ਤੇ ਅੰਦਰ ਦਾਖਲ ਹੋਣ ਲਈ ਇੱਕ ਛੋਟਾ ਜਿਹਾ ਖਿੜਕੀਨੁਮਾ ਦਰਵਾਜ਼ਾ ਹੀ ਖੁਲ੍ਹਾ ਹੈ। ਦੋਵੇਂ ਸਾਹਿਬਜ਼ਾਦੇ ਖੇਡੀ ਜਾ ਰਹੀ ਚਾਲ ਨੂੰ ਝੱਟ ਹੀ ਭਾਂਪ ਗਏ। ਉਨ੍ਹਾਂ ਨੇ ਪਹਿਲਾਂ ਆਪਣੇ ਪੈਰ ਦਰਵਾਜ਼ੇ ਦੇ ਅੰਦਰ ਕੀਤੇ ਅਤੇ ਬਿਨਾ ਆਪਣਾ ਸਿਰ ਝੁਕਾਏ, ਉਸ ਛੋਟੇ ਜਿਹੇ ਦਰਵਾਜ਼ੇ ਤੋਂ ਕੁੱਦ ਕੇ ਅੰਦਰ ਵੱਲ ਦਾਖ਼ਲ ਹੋ ਗਏ। ਦਰਬਾਰ ਵਿੱਚ ਦਾਖ਼ਲ ਹੁੰਦਿਆਂ ਹੀ ਦੋਵਾਂ ਨੇ ਗੱਜ ਕੇ ਫ਼ਤਿਹ ਬੁਲਾਈ : ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ ।। ਦਰਬਾਰ ਵਿੱਚ ਬੈਠੇ ਸਾਰੇ ਲੋਕ ਉਨ੍ਹਾਂ ਦੋਵਾਂ ਦੀ ਨਿਡਰਤਾ ਤੋਂ ਬਹੁਤ ਪ੍ਰਭਾਵਤ ਹੋਏ। ਨਵਾਬ ਵਜ਼ੀਰ ਖ਼ਾਨ ਨੇ ਉਨ੍ਹਾਂ ਦੋਵਾਂ ਫਿਰ ਲਾਲਚ ਦਿੱਤੇ ਕਿ ਉਹ ਜੋ ਵੀ ਕਹਿਣਗੇ, ਉਨ੍ਹਾਂ ਨੂੰ ਦੇ ਦਿੱਤਾ ਜਾਵੇਗਾ ਜੇ ਉਹ ਆਪਣਾ ਧਰਮ ਤਬਦੀਲ ਕਰ ਲੈਂਦੇ ਹਨ। ਇਹ ਸੁਣਦਿਆਂ ਹੀ ਦੋਵੇਂ ਸਾਹਿਬਜ਼ਾਦੇ ਇਕਦਮ ਗਰਜ ਪਏ, “ਸਾਨੂੰ ਕਿਸੇ ਦੁਨਿਆਵੀ ਐਸ਼ੋ-ਆਰਾਮ ਦੀ ਲੋੜ ਨਹੀਂ। ਅਸੀਂ ਕਿਸੇ ਕੀਮਤ 'ਤੇ ਵੀ ਆਪਣੇ ਧਰਮ ਨੂੰ ਨਹੀਂ ਛੱਡਾਂਗੇ।” ਨਵਾਬ ਨੇ ਉਨ੍ਹਾਂ ਨੂੰ ਫਿਰ ਸਮਝਾਉਂਦਿਆਂ ਕਿਹਾ, “ਤੁਸੀਂ ਅਜੇ ਛੋਟੇ ਤੇ ਮਾਸੂਮ ਹੋ| ਅਜੇ ਤੁਹਾਡੀ ਖੇਡਣ ਤੇ ਅਨੰਦ ਮਾਣਨ ਦੀ ਉਮਰ ਹੈ। ਜੇ ਤੁਸੀਂ ਸਾਡੀ ਸਲਾਹ ਮੰਨ ਲੈਂਦੇ ਹੋ ਤਾਂ ਤੁਸੀਂ ਆਪਣੀ ਮਰਜ਼ੀ ਅਨੁਸਾਰ ਇਸ ਦੁਨੀਆ ਦੇ ਸਾਰੇ ਸੁਖ ਪਾਵੋਗੇ ਅਤੇ ਜੱਨਤ ਵਿੱਚ ਵੀ ਅਨੰਦ ਮਾਣੋਗੇ।” ਪਰ ਦੋਵੇਂ ਸਾਹਿਬਜ਼ਾਦੇ ਆਪਣੇ ਧਰਮ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਨੂੰ ਪੂਰੀ ਤਰ੍ਹਾਂ ਤਿਆਰ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਨਿਧੱੜਕ
ਹੋ ਕੇ ਕਿਹਾ, “ਅਸੀਂ ਅਨਿਆਂ ਤੇ ਜ਼ੁਲਮ ਦੇ ਖ਼ਿਲਾਫ਼ ਲੜ ਰਹੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ, ਗੁਰੂ ਤੇਗ਼ ਬਹਾਦਰ ਜੀ ਦੇ ਪੋਤਰੇ ਅਤੇ ਗੁਰੂ ਅਰਜਨ ਦੇਵ ਜੀ ਦੇ ਵਾਰਸ ਹਾਂ। ਅਸੀਂ ਉਨ੍ਹਾਂ ਦੇ ਦਰਸਾਏ ਪੂਰਨਿਆਂ 'ਤੇ ਹੀ ਚਲਾਂਗੇ। ਅਸੀਂ ਆਪਣੇ ਧਰਮ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ।” ਉਸੇ ਸਮੇਂ ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਕੋਲ ਜਾ ਕੇ ਕਿਹਾ, “ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕਿੱਥੇ ਜਾਓਗੇ ?'' ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ, “ਅਸੀਂ ਜੰਗਲਾਂ ਵਿੱਚ ਜਾਵਾਂਗੇ, ਕੁਝ ਸਿੱਖਾਂ ਨੂੰ ਇਕੱਠਿਆਂ ਕਰਾਂਗੇ, ਚੰਗੇ ਘੋੜਿਆਂ ਦਾ ਪ੍ਰਬੰਧ ਕਰਾਂਗੇ ਅਤੇ ਫਿਰ ਵਾਪਸ ਆ ਕੇ ਤੁਹਾਡਾ ਤੇ ਤੁਹਾਡੀ ਫ਼ੌਜ ਦਾ ਮੈਦਾਨ-ਏ-ਜੰਗ
ਵਿੱਚ ਸਾਹਮਣਾ ਕਰਾਂਗੇ।” ਦੀਵਾਨ ਸੁੱਚਾ ਨੰਦ ਨੂੰ ਇਹ ਜਵਾਬ ਸੁਣ ਕੇ ਕਰੜਾ ਝਟਕਾ ਲੱਗਾ ਅਤੇ ਉਸਨੇ ਨਵਾਬ ਨੂੰ ਕਿਹਾ, “ਜਨਾਬ, ਇਹ ਦੋਵੇਂ ਬੱਚੇ ਵੱਡੇ ਹੋ ਕੇ ਸਰਕਾਰ ਦੇ ਵਿਰੁੱਧ ਵਿਦਰੋਹ ਕਰਨਗੇ। ਇਸ ਲਈ ਇਨ੍ਹਾਂ ਨੂੰ ਹੁਣੇ ਹੀ ਸਜ਼ਾ ਦੇ ਦੇਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਛੱਡਣਾ ਨਹੀਂ ਚਾਹੀਦਾ।” ਦੋਵੇਂ ਸਾਹਿਬਜ਼ਾਦੇ ਬਹੁਤ ਹੀ ਅਨੰਦ-ਪ੍ਰਸੰਨ ਸਨ, ਇੱਕ-ਦੂਜੇ ਨਾਲ ਨਿਧੱੜਕ ਹੋ ਕੇ ਗੱਲਾਂ ਕਰ ਰਹੇ ਸਨ ਅਤੇ ਸ਼ਾਹੀ ਦਰਬਾਰ ਦੀਆਂ ਕਾਰਵਾਈਆਂ ਤੋਂ ਬਿਲਕੁਲ ਬੇਫ਼ਿਕਰ ਸਨ। ਦਰਬਾਰ ਵਿੱਚ ਮੌਜੂਦ ਲੋਕ ਬਹੁਤ ਹੈਰਾਨ ਸਨ ਕਿ ਉਨ੍ਹਾਂ ਦੋਵਾਂ ਦੇ ਚਿਹਰਿਆਂ 'ਤੇ ਕਿਸੇ ਕਿਸਮ ਦੇ ਖ਼ੌਫ਼ ਜਾਂ ਹੈਰਾਨੀ ਦੇ ਕੋਈ ਭਾਵ ਨਹੀਂ ਹਨ,
ਕਿਉਂਕਿ ਇਹ ਉਨ੍ਹਾਂ ਦੋਵਾਂ ਲਈ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ। ਪਰ ਇਸ ਸਭ ਦੇ ਬਾਵਜੂਦ ਉਹ ਦੋਵੇਂ ਅਡੋਲ ਬਣੇ ਰਹੇ ਅਤੇ ਅਖੀਰ 11 ਦਸੰਬਰ 1705 ਨੂੰ, ਉਨ੍ਹਾਂ ਦੋਵਾਂ ਨੂੰ ਜਿਉਂਦਿਆਂ ਦੀਵਾਰਾਂ ਵਿੱਚ ਚਿਣਵਾਏ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਸਜ਼ਾ ਬਾਰੇ ਸੁਣਦਿਆਂ ਹੀ ਭਾਵੇਂ ਸਾਰੇ ਦਰਬਾਰੀਆਂ ਨੂੰ ਭਾਰੀ ਧੱਕਾ ਵੱਜਾ, ਪਰ ਦੋਵਾਂ ਸਾਹਿਬਜ਼ਾਦਿਆਂ ਨੇ ਬਿਨਾ ਕਿਸੇ ਸ਼ਿਕਨ ਜਾਂ ਵਿਆਕੁਲਤਾ ਦੇ ਇਸ ਸਜ਼ਾ ਨੂੰ ਸੁਣਿਆ। ਉਥੇ ਮੌਜੂਦ ਮਲੇਰਕੋਟਲਾ ਦੇ ਨਵਾਬ, ਸ਼ੇਰ ਮੁਹੰਮਦ ਖ਼ਾਨ ਨੇ ਇਸ ਮੌਤ ਦੀ ਸਜ਼ਾ ਦੇ ਖ਼ਿਲਾਫ਼ ਅਪੀਲ ਕੀਤੀ ਕਿ ਐਨੀ ਭਾਰੀ ਸਜ਼ਾ ਲਈ ਇਹ ਬੱਚੇ ਅਜੇ ਬਹੁਤ ਛੋਟੇ ਹਨ ਅਤੇ ਪਿਤਾ ਦੇ ਕਿਸੇ ਕਾਰਜ ਲਈ ਇਨ੍ਹਾਂ ਬੱਚਿਆਂ ਨੂੰ ਕਿਸੇ ਹਾਲ ਵਿੱਚ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਪਰ ਨਵਾਬ ਵਜ਼ੀਰ ਖ਼ਾਨ ਨੇ ਉਨ੍ਹਾਂ ਵੱਲੋਂ ਚੁੱਕੇ ਗਏ ਇਤਰਾਜ਼ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਸਾਹਿਬਜ਼ਾਦਿਆਂ ਨੂੰ ਵਾਪਸ ਬੁਰਜ ਵਿੱਚ ਭੇਜ ਦਿੱਤਾ ਗਿਆ।
ਉਨ੍ਹਾਂ ਦੋਵਾਂ ਨੇ ਆਪਣੀ ਦਾਦੀ ਨੂੰ ਸ਼ਾਹੀ ਦਰਬਾਰ ਵਿੱਚ ਹੋਈਆਂ ਕਾਰਵਾਈਆਂ ਬਾਰੇ ਦੱਸਿਆ। ਦਾਦੀ ਨੇ ਆਪਣੇ ਪੋਤਰਿਆਂ ਨੂੰ ਗਲ ਨਾਲ ਲਾਇਆ ਅਤੇ ਉਨ੍ਹਾਂ ਵੱਲੋਂ ਚੁੱਕੇ ਬਹਾਦਰੀ ਭਰੇ ਕਦਮ ਲਈ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ। ਨਾਲ ਹੀ ਉਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ, “ਤੁਸੀਂ ਦੋਵਾਂ ਨੇ ਆਪਣੇ ਸਤਿਕਾਰਤ ਦਾਦਾ ਜੀ ਅਤੇ ਬਹਾਦਰ ਪਿਤਾ ਦੀ ਆਨ-ਸ਼ਾਨ ਨੂੰ ਵਾਕਈ ਹੀ ਬਰਕਰਾਰ ਰਖਿਆ ਹੈ। ਵਾਹਿਗੁਰੂ ਤੁਹਾਡੇ ਅੰਗ-ਸੰਗ ਰਹੇ।” ਅਗਲੇ ਦਿਨ ਮੁੜ ਦੋਵਾਂ ਸਾਹਿਬਜ਼ਾਦਿਆਂ ਨੂੰ ਨਵਾਬ ਦੇ ਦਰਬਾਰ ਵਿੱਚ ਲਿਜਾਇਆ ਗਿਆ। ਨਵਾਬ ਨੇ ਉਨ੍ਹਾਂ ਦੋਵਾਂ ਨੂੰ ਇੱਕ ਵਾਰ ਫਿਰ ਇਸਲਾਮ ਕਬੂਲ ਕਰਨ ਲਈ ਕਿਹਾ। ਦੋਵਾਂ ਸਾਹਿਬਜ਼ਾਦਿਆਂ ਨੇ ਨਿਧੱੜਕ ਹੋ ਕੇ ਆਖਿਆ, “ਅਸੀਂ ਕਦੇ ਵੀ ਆਪਣੇ ਧਰਮ ਨੂੰ ਤਿਲਾਂਜਲੀ ਨਹੀਂ ਦੇਵਾਂਗੇ। ਸਾਡੇ ਲਈ ਮੌਤ ਦਾ ਕੋਈ ਅਰਥ ਨਹੀਂ।” ਉਨ੍ਹਾਂ ਦਾ ਇਹ ਜਵਾਬ ਸੁਣ ਕੇ ਨਵਾਬ ਬਹੁਤ ਹੀ ਹੈਰਾਨ ਹੋਇਆ। ਧਰਮ ਤਬਦੀਲ ਕਰਨ ਲਈ ਮੁੜ ਮਨਾ ਕਰਨ 'ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਥਾਂ 'ਤੇ ਲਿਜਾਇਆ ਗਿਆ ਜਿੱਥੇ
ਇੱਕ ਦੀਵਾਰ ਚਿਣਵਾਈ ਜਾ ਰਹੀ ਸੀ। ਉਨ੍ਹਾਂ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਖੜ੍ਹਾ ਕਰ ਦਿੱਤਾ ਗਿਆ। ਉਥੇ ਮੌਜੂਦ ਕਾਜ਼ੀ ਨੇ ਉਨ੍ਹਾਂ 'ਤੇ ਮੁੜ ਜ਼ੋਰ ਪਾਇਆ ਕਿ ਉਹ ਇਸਲਾਮ ਧਰਮ ਨੂੰ ਕਬੂਲ ਕਰ ਲੈਣ ਅਤੇ ਆਪਣੀ ਜ਼ਿੰਦਗੀ ਨੂੰ ਐਨੀ ਛੇਤੀ ਖ਼ਤਮ ਨਾ ਕਰਨ। ਇਥੋਂ ਤਕ ਕਿ ਜੱਲਾਦਾਂ ਨੇ ਵੀ ਉਨ੍ਹਾਂ ਨੂੰ ਕਾਜ਼ੀ ਦੀ ਗੱਲ ਮੰਨ ਲੈਣ ਲਈ ਕਿਹਾ ਪਰ ਦੋਵੇਂ ਸਾਹਿਬਜ਼ਾਦੇ ਆਪਣੇ ਫ਼ੈਸਲੇ 'ਤੇ ਦ੍ਰਿੜ੍ਹ ਬਣੇ ਰਹੇ। ਦੋਵਾਂ ਨੇ ਬੜੇ ਸਹਿਜ ਭਾਵ ਨਾਲ ਜਵਾਬ ਦਿੱਤਾ, “ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਮੌਤ ਸਾਨੂੰ ਡਰਾ ਨਹੀਂ ਸਕਦੀ।” ਇਸ ਤੋਂ ਬਾਅਦ ਦੋਵਾਂ ਨੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੀਵਾਰ ਵਿੱਚ ਇੱਟਾਂ ਲੱਗਣੀਆਂ ਸ਼ੁਰੂ ਹੋ ਗਈਆਂ। ਕਿਹਾ ਜਾਂਦਾ ਹੈ ਕਿ ਜਿਵੇਂ ਹੀ ਦੀਵਾਰ ਉਨ੍ਹਾਂ ਦੇ ਮੂੰਹ ਤਕ ਪਹੁੰਚੀ, ਉਹ ਢਹਿ ਗਈ। ਇੰਝ ਵਾਪਰਿਆ ਕਿ ਉਸਾਰੀ ਕੀਤੀ ਜਾ ਰਹੀ ਦੀਵਾਰ ਅਚਾਨਕ ਢਹਿ ਗਈ ਅਤੇ ਨਾਲ ਹੀ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ। ਉਨ੍ਹਾਂ ਦੇ ਮੁੜ ਹੋਸ਼ ਉੱਤੇ ਆਉਣ 'ਤੇ, ਇੱਕ ਵਾਰ ਫਿਰ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਇਸ ਲਈ ਇਨਕਾਰ ਕਰਨ ਉੱਤੇ,
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਬਿਰਧ ਮਾਤਾ ਗੁਜਰੀ ਜੀ, ਜਿਨ੍ਹਾਂ ਨੂੰ ਪੂਰਾ ਸਮਾਂ ਉਥੇ ਬੁਰਜ ਵਿੱਚ ਹੀ ਰਖਿਆ ਗਿਆ ਸੀ, ਇਹ ਖ਼ਬਰ ਮਿਲਦੇ ਹੀ ਅਕਾਲ ਚਲਾਣਾ ਕਰ ਗਏ। ਆਪਣੇ ਬਹਾਦਰ ਪੋਤਰਿਆਂ ਦੇ ਨਾਲ-ਨਾਲ ਦਾਦੀ ਨੇ ਵੀ ਅਦੁੱਤੀ ਸ਼ਹਾਦਤ ਦੇ ਦਿੱਤੀ। ਇਸ ਖ਼ਬਰ ਨਾਲ ਪੂਰੇ ਸ਼ਹਿਰ ਵਿੱਚ ਇੱਕ ਸਨਸਨੀ ਜਿਹੀ ਫੈਲ ਗਈ। ਸਾਰੇ ਹੀ ਇਸ ਘਿਨੌਣੇ ਕਾਰੇ ਕਰਕੇ ਹੈਰਾਨ ਸਨ। ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਹਿੰਮਤ ਤੇ ਦ੍ਰਿੜਤਾ ਦੀ ਭਰਪੂਰ ਪ੍ਰਸ਼ੰਸਾ ਕਰ ਰਹੇ ਸਨ। ਸਰਹਿੰਦ ਦੇ ਇੱਕ ਅਮੀਰ ਵਪਾਰੀ,
ਸੇਠ ਟੋਡਰ ਮੱਲ ਨੇ ਅਗਲੇ ਦਿਨ ਤਿੰਨਾਂ ਸਰੀਰਾਂ ਦਾ ਅੰਤਿਮ ਸਸਕਾਰ ਕੀਤਾ। ਇਸ ਲਈ ਨਵਾਬ ਇਸ ਸ਼ਰਤ ਉੱਤੇ ਰਾਜ਼ੀ ਹੋਇਆ ਕਿ ਉਹ ਉਸ ਥਾਂ ਲਈ ਅਦਾਇਗੀ ਕਰੇ ਜਿਥੇ ਸਸਕਾਰ ਕੀਤਾ ਜਾਣਾ ਹੈ। ਇਹ ਸ਼ਰਤ ਰਖੀ ਗਈ ਕਿ ਜਿੰਨੀ ਥਾਂ ਸਸਕਾਰ ਲਈ ਲੋੜੀਂਦੀ ਹੈ, ਉਤਨੀ ਥਾਂ ਨੂੰ ਸੋਨੇ ਦੀਆਂ ਮੋਹਰਾਂ ਨਾਲ ਢੱਕ ਦਿੱਤਾ ਜਾਵੇ। ਸੇਠ ਟੋਡਰ ਮੱਲ ਨੇ ਢੁਕਵੀਂ ਥਾਂ ਦੀ ਚੋਣ ਕੀਤੀ ਅਤੇ ਉਸ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਥਾਂ ਪ੍ਰਾਪਤ ਕਰ ਲਈ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋਏ ਦੋਵੇਂ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਉਨ੍ਹਾਂ ਦੀ ਦਾਦੀ ਮਾਂ ਦੇ ਨਾਲ ਪੂਰੇ ਸਤਿਕਾਰ ਨਾਲ ਕਰ ਦਿੱਤਾ ਗਿਆ। ਦੁਨੀਆ ਦੇ ਇਤਿਹਾਸ ਵਿੱਚ ਐਸੀ ਕੋਈ ਮਿਸਾਲ ਨਹੀ ਮਿਲਦੀ ਜਿਸ ਵਿੱਚ ਐਨੇ ਛੋਟੇ ਬੱਚਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੋਣ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਉਸ ਸਮੇਂ ਸਿਰਫ਼ 8 ਵਰ੍ਹਿਆਂ ਦੇ ਸਨ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਉਮਰ ਛੇ ਸਾਲਾਂ ਤੋਂ ਵੀ ਘੱਟ ਸੀ। ਇਨ੍ਹਾਂ ਦੋਵਾਂ ਨੇ ਜ਼ਾਲਮ ਹਕੂਮਤ
ਦੇ ਅਨਿਆਂ ਹੇਠਾਂ ਦੱਬਣ ਦੀ ਬਜਾਏ ਦੀਵਾਰਾਂ ਵਿੱਚ ਚਿਣਵਾਏ ਜਾਣਾ ਮਨਜ਼ੂਰ ਕੀਤਾ। ਇਹ ਦੋਵੇਂ ਹੀ ਆਪਣੇ ਧਰਮ ਉੱਤੇ ਦ੍ਰਿੜ੍ਹ ਤੇ ਅਡੋਲ ਬਣੇ ਰਹੇ। ਇਥੋਂ ਤਕ ਕਿ, ਜਦੋਂ ਇਨ੍ਹਾਂ ਦੋਵਾਂ ਨੂੰ ਫੁਸਲਾਇਆ ਤੇ ਵਰਗਲਾਇਆ ਜਾ ਰਿਹਾ ਸੀ, ਤੇ ਖ਼ਤਰਨਾਕ ਸਿੱਟਿਆਂ ਕਰਕੇ ਡਰਾਇਆ ਜਾ ਰਿਹਾ ਸੀ, ਉਸ ਵਕਤ ਦੋਵਾਂ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ, “ਤੁਹਾਨੂੰ ਸ਼ਾਇਦ ਸਾਡੇ ਅਮੀਰ ਵਿਰਸੇ ਬਾਰੇ ਅਜੇ ਪਤਾ ਨਹੀਂ ਹੈ। ਸਾਡੇ ਗੁਰੂ-ਘਰ ਵਿੱਚ, ਕਿਸੇ ਤਰ੍ਹਾਂ ਦੀ ਬਿਪਤਾ ਆਉਣ 'ਤੇ ਵੀ ਆਪਣੇ ਧਰਮ ਵਿੱਚ ਮਜ਼ਬੂਤ ਰਹਿਣ ਦੀ ਪਰੰਪਰਾ ਰਹੀ ਹੈ। ਇਹ ਘਟਨਾ ਸਰਹਿੰਦ ਸ਼ਹਿਰ ਦੇ ਨੇੜੇ, ਫ਼ਤਹਿਗੜ੍ਹ ਸਾਹਿਬ ਵਿਖੇ ਵਾਪਰੀ। ਇਸ ਅਸਥਾਨ 'ਤੇ ਇਸ ਸਮੇਂ ਚਾਰ ਗੁਰਧਾਮ ਸੁਸ਼ੋਭਿਤ ਹਨ। ਹਰ ਸਾਲ 25 ਤੋਂ 28 ਦਸੰਬਰ ਤਕ ਇਥੇ ਇਨ੍ਹਾਂ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਜੋੜ-ਮੇਲੇ ਸਜਾਏ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਮਾਛੀਵਾੜੇ ਦੇ ਜੰਗਲਾਂ ਵਿੱਚ ਸਨ ਜਦੋਂ ਆਪ ਜੀ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ। ਇਹ ਸੁਣਦਿਆਂ ਹੀ ਆਪ ਜੀ ਨੇ ਆਪਣੇ ਤੀਰ ਦੀ ਨੋਕ ਨਾਲ ਇੱਕ ਬੂਟਾ ਉਖਾੜਦਿਆਂ ਐਲਾਨ ਕਰ ਦਿੱਤਾ ਕਿ ਇਹ ਹੁਣ ਭਾਰਤ ਵਿੱਚ ਮੁਗ਼ਲ ਰਾਜ ਦੇ ਖ਼ਾਤਮੇ ਦਾ ਕਾਰਣ ਬਣੇਗਾ। ਅਤੇ ਆਪ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਲਿਖਿਆ : ਇਸ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ ਜਦੋਂ
ਬਦਲਾ ਲੈਣ ਲਈ ਜੀਵਿਤ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਇੱਕ ਰੋਸ ਦੀ ਲਹਿਰ ਫੈਲ ਗਈ। ਕਿਉਂਕਿ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਹੁਕਮਾਂ ਨਾਲ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਸੀ, ਇਸੇ ਕਾਰਣ ਕਰਕੇ ਸਰਹਿੰਦ ਉਸ ਸਮੇਂ ਸਿੱਖਾਂ ਦੀ ਅੱਖ ਦਾ ਰੋੜਾ ਬਣਿਆ ਰਿਹਾ। ਨਵੰਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਵਿੱਚ ਜੋਤੀ-ਜੋਤਿ ਸਮਾਉਣ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ (1670-1716 ਈ.) ਦੀ ਅਗਵਾਈ ਹੇਠ ਸਿੱਖਾਂ ਨੇ ਸਰਹਿੰਦ ਉੱਤੇ ਭਾਰੀ ਹਮਲਾ ਕਰ ਦਿੱਤਾ। 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਗਹਿਗੱਚ ਲੜਾਈ ਵਿੱਚ ਮੁਗ਼ਲ ਫ਼ੌਜ ਨੂੰ ਜੜ੍ਹੋਂ ਉਖਾੜ ਦਿੱਤਾ ਗਿਆ ਅਤੇ ਵਜ਼ੀਰ ਖ਼ਾਨ ਨੂੰ ਮਾਰ ਦਿੱਤਾ ਗਿਆ। ਸਿੱਖਾਂ ਨੇ 14 ਮਈ ਨੂੰ ਸਰਹਿੰਦ 'ਤੇ ਕਬਜ਼ਾ ਕਰ ਲਿਆ। ਆਪਣੇ ਚਾਰ ਸਾਹਿਬਜ਼ਾਦਿਆਂ ਦੀਆਂ ਇਨ੍ਹਾਂ ਸ਼ਹੀਦੀਆਂ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਆਖਿਆ ਇਨ ਪੁਤ੍ਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ | ਚਾਰ ਸਾਹਿਬਜ਼ਾਦਿਆਂ ਦੀਆਂ ਇਹਨਾਂ ਅਦੁੱਤੀ ਸ਼ਹਾਦਤਾਂ ਕਰਕੇ ਹੀ ਇਹਨਾਂ ਨੂੰ ਸਿੱਖਾਂ ਵੱਲੋਂ ਕੀਤੀ ਜਾਂਦੀ ਅਰਦਾਸ ਵਿਚ ਨਿਤਾ-ਪ੍ਰਤੀ ਯਾਦ ਕੀਤਾ ਜਾਂਦਾ ਹੈ।