ਭਟ ਬਾਣੀ
ਸੰਸਕ੍ਰਿਤ ਦੇ ਸ਼ਬਦ ‘ਭ੍ਰਿਤ’ ਦਾ ਪੰਜਾਬੀ ਰੂਪਾਂਤਰਣ ‘ਭਟ’ ਹੈ। ਇਹ ‘’ ਧਾਤੂ ਤੋਂ ਬਣਿਆ ਮੰਨਿਆ ਜਾਂਦਾ ਹੈ। ਇਹ ਸ਼ਬਦ ਆਮ ਕਰਕੇ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਪੈਸੇ ਲੈ ਕੇ ਆਪਣੇ ਮਾਲਕ ਦੀ ਤਰਫ਼ੋਂ ਲੜਦੇ ਸਨ ਅਤੇ ਮਾਲਕ ਪ੍ਰਤੀ ਵਫ਼ਾਦਾਰੀ ਦਾ ਪ੍ਰਗਟਾਵਾ ਕਰਦੇ ਹੋਏ ਜ਼ਿੰਦਗੀ ਅਤੇ ਮੌਤ ਨੂੰ ਇਕੋ ਜਿਹਾ ਪ੍ਰਵਾਨ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਵੀ ਕੀਤੀ ਜਾਂਦੀ ਸੀ ਜੋ ਮਹਾਂਬਲੀ ਜੋਧਿਆਂ ਅਤੇ ਸੂਰਮਿਆਂ ਦੇ ਗੁਣ ਗਾਇਨ ਕਰਦੇ ਸਨ। ‘ਮਹਾਨ ਕੋਸ਼’ ਨੇ ਵੀ ‘ਭਟ’ ਸ਼ਬਦ ਨੂੰ ਇਸੇ ਪ੍ਰਥਾਇ ਮੰਨਦੇ ਹੋਏ ਇਸ ਦੇ ਅਰਥ ਉਨ੍ਹਾਂ ਲੋਕਾਂ ਤੋਂ ਕੀਤੇ ਹਨ ਜਿਹੜੇ ਮਹਾਪੁਰਖਾਂ ਦਾ ਜਸ ਗਾਇਨ ਕਰਦੇ ਸਨ ਜਾਂ ਬੰਸਾਵਲੀਨਾਮਾ ਉਚਾਰ ਕੇ ਕਿਸੇ ਮਨੁੱਖ ਜਾਂ ਪਰਿਵਾਰ ਨੂੰ ਚਾਰ ਚੰਨ ਲਾਉਂਦੇ ਸਨ। ਇਸ ਦੇ ਨਾਲ ਹੀ ਭਟ ਦੇ ਅਰਥ ਜੋਧੇ ਅਤੇ ਬੀਰ ਸਿਪਾਹੀ ਦੇ ਰੂਪ ਵਿੱਚ ਵੀ ਕੀਤੇ ਮਿਲਦੇ ਹਨ।
ਕਿ ਅਸਲ ਵਿੱਚ ਇਸ ਜਾਤੀ ਦਾ ਸਦੀਆਂ ਪੁਰਾਣਾ ਇਤਿਹਾਸ ਮੌਜੂਦ ਹੈ ਜਿਹੜਾ ਭਟਾਕਸੂਰੀ ਲਿਪੀ ਵਿੱਚ ਹੈ। ਨੌਵੀਂ ਸਦੀ ਈਸਾ ਤੋਂ ਇਨ੍ਹਾਂ ਦੀ ਚੜ੍ਹਤ टे ਦਿਨ ਸ਼ੁਰੂ ਹੁੰਦੇ ਹਨ। ਰਾਜਸਥਾਨ ਦੇ ਇਲਾਕੇ ਵਿੱਚ ਇਨ੍ਹਾਂ ਦੀਆਂ ਅਦਭੁੱਤ ਕਥਾਵਾਂ ਪ੍ਰਚਲਤ ਹਨ ਜੋ ਇਨ੍ਹਾਂ ਦੀ ਬੀਰਤਾ ਦੇ ਗੁਣ-ਗਾਨ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਸਮਾਜ ਉਸਰੱਈਏ ਦੇ ਰੂਪ ਵਿੱਚ ਸਾਹਮਣੇ ਵੀ ਲਿਆਉਂਦੀਆਂ ਹਨ। ਪ੍ਰਿਥਵੀ ਚੰਦ ਰਾਜੇ ਨੂੰ ਕਿਵੇਂ ਮੁਹੰਮਦ ਗ਼ੋਰੀ ਦੀ ਕੈਦ ਵਿਚੋਂ ਬਾਹਰ ਕਢਵਾਇਆ ਅਤੇ ਫਿਰ ਉਸ ਦੇ ਹੱਥੋਂ ਮੁਹੰਮਦ ਗ਼ੋਰੀ ਦੀ ਹੱਤਿਆ ਕਰਾ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਾ ਚਾਂਦ ਵੀ ਭਟ ਕਬੀਲੇ ਨਾਲ ਹੀ ਸਬੰਧਤ ਸੀ। ਚਾਂਦ ਭਟ ਦਾ ਇਹ ਕਿੱਸਾ ਰਾਜਸਥਾਨ ਦੇ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਅੰਕਿਤ ਹੈ। ਸਪਸ਼ਟ ਹੈ ਕਿ ਭਟਾਂ ਦੇ ਦੋ ਹੀ ਮੁੱਖ ਕੰਮ ਸਨ ਕੀਰਤੀ ਅਤੇ ਬੀਰਤਾ ਦਾ ਪ੍ਰਗਟਾਵਾ।
–
ਜਦੋਂ ਪੰਜਾਬ ਦੀ ਧਰਤੀ ‘ਤੇ ਗੁਰੂ ਨਾਨਕ ਪਾਤਸ਼ਾਹ ਨੇ ‘੧’ ਦਾ ਨਾਦ ਗੂੰਜਾ ਕੇ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਿਰਜਦਿਆਂ, ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਇਆ, ਉਸਨੂੰ ਭੂਤ ਅਤੇ ਭਵਿੱਖ ਦੇ ਚੱਕਰ ਤੋਂ ਕੱਢ ਕੇ ਉਸ ਦਾ ਵਰਤਮਾਨ ਪ੍ਰਸੰਗ ਸਿਰਜਿਆ, ਤਾਂ ਇਸ ਮਤ ਦੀ ਸਾਰੀ ਲੋਕਾਈ ਨੂੰ ਗੁਰੂ ਨਾਨਕ ਸਾਹਿਬ ਵਿੱਚ ਆਪਣੀ ਬੰਦ-ਖ਼ਲਾਸੀ ਦੀ ਪੈਗ਼ੰਬਰੀ ਰੂਹ ਦੇ ਝਲਕਾਰੇ ਨਜ਼ਰ ਆਉਣ ਲੱਗੇ। ਹੁਣ ਗੁਰੂ ਨਾਨਕ ਉਨ੍ਹਾਂ ਦਾ ਸੱਚਾ ਪਾਤਸ਼ਾਹ ਸੀ। ਗੁਰੂ ਨਾਨਕ ਪਾਤਸ਼ਾਹ ਦੇ ਫੈਲੇ ਇਸ ਪ੍ਰਤਾਪ ਦੀ ਮਹਿਮਾ ਜਦੋਂ ਭੱਟਾਂ ਦੇ ਕੰਨੀ ਪਈ ਤਾਂ ਇਹ ਵੀ ਗੁਰੂ ਦਰਬਾਰ ਵਿੱਚ ਪੁੱਜੇ। ਗੁਰੂ ਸਾਹਿਬਾਨ ਵਰਗੀ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਇਨ੍ਹਾਂ ਦੀ ਅੱਖਾਂ ਮੁੰਦ ਗਈਆਂ, ਇਹ ਧੰਨ-ਧੰਨ ਕਰ ਉੱਠੇ ਅਤੇ ਫਿਰ ਕੀਰਤ ਤੇ ਬੀਰਤਾ ਦੇ ਪ੍ਰਗਟਾਵੇ ਦੀਆਂ ਅਨੇਕ ਉਦਾਹਰਣਾਂ ਹਨ। ਭਟਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਸ਼ਬਦ ਰਚਨਾ ਵੀ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਅਤੇ ਨਾਲ ਹੀ ਜੰਗਾਂ- ਜੱਧਾਂ ਵਿੱਚ ਸ਼ਹਾਦਤਾਂ ਵੀ ਦਿੱਤੀਆਂ।
ਭਟ ਕਲਸਹਾਰ ਜੀ
ਬਾਣੀ ਕੁਲ ਜੋੜ 54
ਭਟ ਕਲਸਹਾਰ ਜੀ ਨੇ ਪੰਜਾਂ ਗੁਰੂ ਸਾਹਿਬਾਨ ਜੀ ਦੀ ਉਸਤਤ ਵਿੱਚ ਸਵਈਏ ਉਚਰੇ ਹਨ। ਆਪ ਦੇ ਪਿਤਾ ਜੀ ਦਾ ਨਾਂ ਭਟ ਚੌਖਾ ਜੀ ਸੀ ਜੋ ਕਿ ਭ ਭਿਖਾ ਜੀ ਦੇ ਛੋਟੇ ਭਰਾ ਸਨ। ਭਟ ਗਯੰਦ ਜੀ ਆਪ ਜੀ ਦੇ ਭਰਾ ਸਨ।
ਕਈ ਸਵਈਆਂ ਵਿੱਚ ਇਨ੍ਹਾਂ ਨੇ ਆਪਣਾ ਨਾਂ ਕਲਸਹਾਰ ਦੀ ਥਾਂ, ਉਪ- ਨਾਮ ਟਲ ਜਾਂ ਕਲ੍ਹ ਵੀ ਵਰਤਿਆ ਹੈ।
ਭਟ ਜਾਲਪ ਜੀ
ਬਾਣੀ : ਕੁਲ ਜੋੜ 5
ਭਟ ਜਾਲਪ ਜੀ ਨੂੰ ‘ਜਲ’ ਨਾਮ ਨਾਲ ਵੀ ਸੰਬੋਧਿਤ ਕੀਤਾ ਗਿਆ ਹੈ। ਆਪ ਜੀ ਦੇ ਪਿਤਾ ਭਟ ਭਿਖਾ ਜੀ ਸਨ। ਆਪ ਜੀ ਦੇ ਭਰਾ ਭਟ ਮਥੁਰਾ ਜੀ ਤੇ ਭਟ ਕੀਰਤ ਜੀ ਸਨ, ਜਿੰਨ੍ਹਾਂ ਦੇ ਸਵਈਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।
ਆਪ ਜੀ ਦੀ ਲਿਖਤ ਅਨੁਸਾਰ ਆਪ ਜੀ ਦੇ ਹਿਰਦੇ ਵਿੱਚ ਜੋ ਸਤਿਕਾਰ ਗੁਰੂ ਘਰ ਨਾਲ ਅਤੇ ਵਿਸ਼ੇਸ਼ ਕਰਕੇ ਗੁਰੂ ਅਮਰ ਦਾਸ ਜੀ ਨਾਲ ਸੀ, ਉਸ ਦੀ ਸੀਮਾ ਉਲੀਕਣਾ ਮੁਸ਼ਕਿਲ ਕੰਮ ਹੈ।
ਭਟ ਕੀਰਤ ਜੀ
ਬਾਣੀ ਕੁਲ ਜੋੜ 8
ਭਟ ਕੀਰਤ ਜੀ ਭਟਾਂ ਦੇ ਟੋਲੇ ਦੇ ਮੁਖੀ ਭਿਖਾ ਜੀ ਦੇ ਛੋਟੇ ਸਪੁੱਤਰ ਹਨ। ਆਪ ਜੀ ਦੀ ਬਾਣੀ ਜਿੱਥੇ ਬਹੁਤ ਹੀ ਦਿਲ ਖਿਚਵੀਂ ਹੈ, ਉਥੇ ਉਸਦਾ ਰੂਪ ਸ਼ਰਧਾਮਈ ਹੈ। ਜਿੱਥੇ ਆਪ ਜੀ ਨੇ ਬਾਣੀ ਰਾਹੀਂ ਗੁਰੂ ਉਸਤਤ ਕੀਤੀ, ਉਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ‘ਚ ਸ਼ਾਮਿਲ ਹੋ ਕੇ ਮੁਗ਼ਲਾਂ ਵਿਰੁੱਧ ਹੋਏ ਯੁੱਧਾਂ ਵਿੱਚ ਸ਼ਾਹੀ ਜਲਾਲ ਦਾ ਪ੍ਰਗਟਾਵਾ ਕਰਦਿਆਂ ਸ਼ਹਾਦਤ ਦਾ ਜਾਮ ਵੀ ਪੀਤਾ
ਭਟ ਭਿਖਾ ਜੀ
ਬਾਣੀ : ਕੁਲ ਜੋੜ 2
ਭਟ ਭਿਖਾ ਜੀ, ਭਟ ਰਈਆ ਜੀ ਦੇ ਸਪੁੱਤਰ ਸਨ ਅਤੇ ਆਪ ਜੀ ਦਾ ਜਨਮ ਸੁਲਤਾਨ ਪੁਰ ਵਿੱਚ ਹੋਇਆ ਸੀ। ਆਪ ਜੀ ਦੇ ਸਪੁੱਤਰ – ਭਟ ਕੀਰਤ ਜੀ, ਮਥੁਰਾ ਜੀ ਤੇ ਜਾਲਪ ਜੀ ਨੇ ਵੀ ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਉਸਤਤ ਕੀਤੀ ਹੈ।
ਭਟ ਸਲ੍ਹ ਜੀ
ਬਾਣੀ : ਕੁਲ ਜੋੜ 3
ਭਟ ਸਲ੍ਹ ਜੀ, ਭਟ ਭਿਖਾ ਜੀ ਦੇ ਛੋਟੇ ਭਰਾ ਸੇਖੇ ਦੇ ਸਪੁੱਤਰ ਤੇ ਭਟ ਕਲ੍ਹ ਜੀ ਦੇ ਭਰਾ ਸਨ।
ਭਟ ਭਲ੍ਹ ਜੀ
ਬਾਣੀ ਕੁਲ ਜੋੜ 1
ਭਟ ਭਲ੍ਹ ਜੀ, ਭਟ ਸਲ੍ਹ ਜੀ ਦੇ ਭਰਾ ਤੇ ਭਿਖਾ ਜੀ ਦੇ ਭਤੀਜੇ ਹਨ।
ਭਟ ਨਲ੍ਹ ਜੀ
ਬਾਣੀ ਕੁਲ ਜੋੜ 16
ਭਟ ਨਲ੍ਹ ਜੀ ਨੂੰ ‘ਦਾਸ’ ਦੇ ਉਪ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੋਇੰਦਵਾਲ ਦੀ ਪਵਿਤਰ ਧਰਤੀ ਨੂੰ ਇਹ ਬੈਕੁੰਠ ਦਾ ਦਰਜਾ ਦਿੰਦੇ ਹਨ।
ਭਟ ਗਯੰਦ ਜੀ
ਬਾਣੀ ਕੁਲ ਜੋੜ 13
ਭਟ ਗਯੰਦ ਜੀ, ਭਟ ਕਲਸਹਾਰ ਜੀ ਦੇ ਛੋਟੇ ਭਰਾ ਸਨ ਅਤੇ ਭਟਾਂ ਦੇ ਮੁਖੀਏ ਭਟ ਭਿਖਾ ਜੀ ਦੇ ਇਕ ਭਰਾ ਚੌਖੇ ਦੇ ਸਪੁੱਤਰ ਸਨ। ਗੁਰੂ ਸਾਹਿਬਾਨ ਦੀ ਉਸਤਤ ਵਿੱਚ ਰਚੇ ਭਟ ਗਯੰਦ ਜੀ ਦੇ ਸਵਈਏ ਵਿਚੋਂ ਸਿੱਖ ਦੀ ਆਪਣੇ ਗੁਰੂ ਪ੍ਰਤੀ ਸੱਚੀ ਆਸਥਾ ਰੂਪਮਾਨ ਹੁੰਦੀ ਹੈ ‘
ਭਟ ਮਥੁਰਾ ਜੀ
ਬਾਣੀ ਕੁਲ ਜੋੜ 14
ਭਟ ਮਥੁਰਾ ਜੀ, ਆਪਣੇ ਭਰਾ ਭਟ ਕੀਰਤ ਜੀ ਤੇ ਭਟ ਜਾਲਪ ਜੀ ਅਤੇ ਆਪਣੇ ਪਿਤਾ ਭਟ ਭਿਖਾ ਜੀ ਵਾਂਗ ਗੁਰੂ ਸਾਹਿਬ ਨੂੰ ਪਰਮਾਤਮ ਸਰੂਪ ਪ੍ਰਵਾਨ ਕਰਦੇ ਹਨ।
ਭਟ ਬਲ੍ਹ ਜੀ
ਬਾਣੀ : ਕੁਲ ਜੋੜ 5
ਭਟ ਬਲ੍ਹ ਜੀ, ਭਟ ਭਿਖਾ ਜੀ ਦੇ ਭਰਾ ਸੇਖੇ ਦੇ ਸਪੁੱਤਰ ਸਨ।
ਭਟ ਹਰਿਬੰਸ ਜੀ
ਬਾਣੀ ਕੁਲ ਜੋੜ 2
ਭਟ ਹਰਿਬੰਸ ਜੀ ਨੇ ਵਿਲੱਖਣ ਸ਼ੈਲੀ ਵਿੱਚ ਗੁਰੂ-ਜੋਤਿ ਦੀ ਮਹਿਮਾ ਤੇ ਮਹੱਤਤਾ ਵਰਣਨ ਕਰਕੇ ਉਸ ਅਖੰਡ ਜੋਤ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ ਹੈ।