ਭਗਤ ਬਾਣੀ
ਮਨੁੱਖ ਦੇ ਪਰਮਾਤਮਾ ਨਾਲ ਰਾਗਾਤਮਕ ਸਬੰਧਾਂ ਨੂੰ ਭਗਤੀ ਆਖਿਆ ਜਾ ਸਕਦਾ ਹੈ। ‘ਭਗਤ’ ਸ਼ਬਦ ਸੰਸਕ੍ਰਿਤ ਭਾਸ਼ਾ ਦੇ ‘ਭਜ’ ਧਾਤੂ ਨਾਲ ਸਬੰਧਿਤ ਮੰਨਿਆ ਜਾਂਦਾ ਹੈ। ਭਜ ਦਾ ਅਰਥ ਹੈ ਜਪਣਾ, ਅਰਾਧਨਾ, ਪੂਜਣਾ, ਸੇਵਾ, ਸਿਮਰਨ ਅਤੇ ਵੰਡਣਾ ਆਦਿ। ਜੇ ਸੌਖੇ ਸ਼ਬਦਾਂ ਵਿੱਚ ਦੱਸਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਭਗਤ ਜਨ ਉਹ ਹੈ ਜੋ ਪਰਮਾਤਮਾ ਦੇ ਸਿਮਰਨ ਨਾਲ ਜੁੜ ਕੇ ਸਮੁੱਚੀ ਕਾਇਨਾਤ ਵਿੱਚ ਉਸ ਕਾਦਰ ਦਾ ਰੂਪ ਝਲਕਦਾ ਵੇਖਦਾ ਹੈ, ਉਸਦੀ ਸੇਵਾ ਕਰਦਾ ਹੈ ਅਤੇ ਵੰਡ ਕੇ ਛੱਕਦਾ ਹੈ।
ਇਸ ਤੋਂ ਇਲਾਵਾ ‘ਭਗਤ’ ਸ਼ਬਦ ਦੇ ਅੱਖਰਾਂ ਵਿੱਚ ਨਿਖੇੜ ਕੇ ਵੀ ਅਰਥ ਕੀਤੇ ਜਾਂਦੇ ਹਨ ਜਿਵੇਂ ‘ਭ’ ਅਖਰ ਪ੍ਰੇਮ (ਭਾਉ) ਨਾਲ, ‘ਗ’ ਅੱਖਰ ਗਿਆਨ ਨਾਲ ਅਤੇ ‘ਤ’ ਅੱਖਰ ਤਿਆਗ ਨਾਲ ਸਬੰਧਿਤ ਪ੍ਰਵਾਨ ਕੀਤਾ ਗਿਆ ਹੈ, ਅਤੇ ਮੰਨਿਆ ਇਹ ਗਿਆ ਹੈ ਕਿ ਜਿਸ ਵੀ ਮਨੁੱਖ ਵਿੱਚ ਇਹ ਤਿੰਨ ਗੁਣ ਵਿਦਮਾਨ ਹੋਣ, ਉਹ ਭਗਤ ਜਨ ਹੈ।
ਭਗਤੀ ਲਹਿਰ ਦੱਖਣੀ ਭਾਰਤ ਵਿੱਚ ਆਰੰਭ ਹੋਈ। ਇਸ ਦਾ ਮਾਣ ਆਡਵਾਰ ਭਗਤਾਂ ਨੂੰ ਜਾਂਦਾ ਹੈ। ਉੱਤਰੀ ਭਾਰਤ ਵਿੱਚ ਇਸ ਦਾ ਆਗਮਨ ਮੱਧ ਯੁੱਗ ਵਿੱਚ ਹੋਇਆ। ਭਗਤ ਜਨਾਂ ਨੇ ਅਸਲ ਵਿੱਚ ਇੱਕ ਰੱਬ ਦੇ ਸੰਦੇਸ਼ ਨੂੰ ਪ੍ਰਚਲਿਤ ਕਰਦੇ ਹੋਏ ਕਰਮ-ਕਾਂਡੀ ਪ੍ਰਬੰਧ ਨੂੰ ਪੂਰੀ ਤਰ੍ਹਾਂ ਨਕਾਰਨ ਦੀ ਕੋਸ਼ਿਸ਼ ਕੀਤੀ।
ਭਗਤ, ਭਟਾਂ ਅਤੇ ਹੋਰ ਬਾਣੀਕਾਰਾਂ ਦੀ ਪਛਾਣ ਲਈ ਜਿਸ ਵੀ ਮਹਾਪੁਰਖ ਦੀ ਬਾਣੀ ਹੈ, ਉਸਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਲ ਹੀ ਦਰਜ ਕੀਤਾ ਗਿਆ ਹੈ। ਇਹਨਾਂ ਭਗਤਾਂ ਦੇ ਜੀਵਨ ਅਤੇ ਬਾਣੀ ਬਿਉਰਾ ਨੂੰ ਅਸੀਂ ਵਿਸਤਾਰ ਪੂਰਵਕ ਵੇਖਣ ਦਾ ਜਤਨ ਕਰਾਂਗੇ।
ਭਗਤ ਕਬੀਰ ਜੀ
ਭਗਤ ਕਬੀਰ ਜੀ ਸ਼ਿਰੋਮਣੀ ਭਗਤ ਹੋਏ ਹਨ। ਉੱਤਰੀ ਭਾਰਤ ਨੂੰ ਭਗਤੀ ਦੇ ਰੰਗ ਵਿੱਚ ਰੰਗਣ ਵਾਲੀ ਇਸ ਪਵਿੱਤਰ ਰੂਹ ਦਾ ਜਨਮ 1398 ਈ. ਨੂੰ ਹੋਇਆ ਪ੍ਰਵਾਨ ਕੀਤਾ ਜਾਂਦਾ ਹੈ। ਆਪ ਜੀ ਦੇ ਜਨਮ ਸਬੰਧੀ ਕੋਈ ਸਪਸ਼ਟ ਸੰਕੇਤ ਨਹੀਂ ਮਿਲਦਾ ਪਰ ਆਪ ਦੀ ਪਰਵਰਿਸ਼ ਨੀਰੂ ਨਾਂ ਦੇ ਇੱਕ ਕਿਰਤੀ ਮੁਸਲਮਾਨ ਜੁਲਾਹਾ ਅਤੇ ਉਸਦੀ ਪਤਨੀ ਨੀਮਾ ਰਾਹੀਂ ਹੋਈ।
ਕਬੀਰ ਜੀ ਦੇ ਵਿਆਹ ਦੇ ਬਾਰੇ ਇਨ੍ਹਾਂ ਦੀ ਰਚਨਾ ਦਾ ਅਧਿਐਨ ਕੀਤਾ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਨੇ ਗ੍ਰਹਿਸਤੀ ਜੀਵਨ ਬਤੀਤ ਕੀਤਾ ਅਤੇ ਇਨ੍ਹਾਂ ਦੇ ਘਰ ਸੰਤਾਨ ਵੀ ਪੈਦਾ ਹੋਈ।
ਭਗਤ ਕਬੀਰ ਜੀ ਦੇ ਜਨਮ ਵੇਲੇ ਸੰਪੂਰਨ ਹਿੰਦੁਸਤਾਨ ਦੀ ਧਾਰਮਿਕ ਤੇ ਸਮਾਜਿਕ ਅਵਸਥਾ ਦੋ ਧਿਰਾਂ ਵਿੱਚ ਵੰਡੀ ਹੋਈ ਸੀ ਜਿਨ੍ਹਾਂ ਵਿੱਚ ਪਹਿਲੀ ਧਿਰ ਸੋਸ਼ਨਕਾਰੀਆਂ ਦੀ ਸੀ ਅਤੇ ਦੂਜੀ ਧਿਰ ਸੋਸ਼ਿਤਾਂ ਦੀ। ਪਹਿਲੀ ਧਿਰ ਵਿੱਚ ਰਾਜ ਕਰਤਾ ਧਿਰ ਅਤੇ ਪੁਜਾਰੀ ਵਰਗ ਆਉਂਦਾ ਸੀ, ਅਤੇ ਦੂਜੀ ਧਿਰ ਵਿੱਚ ਜਨ ਸਾਧਾਰਨ। ਭਗਤ ਕਬੀਰ ਦੂਜੀ ਧਿਰ ਨਾਲ ਸਬੰਧਿਤ ਸਨ। ਪਰ ਉਨ੍ਹਾਂ ਨੂੰ ਹੁੰਦਾ ਸੋਸ਼ਨ ਮਨਜ਼ੂਰ ਨਹੀਂ ਸੀ। ਨਤੀਜੇ ਵਜੋਂ ਭਗਤ ਕਬੀਰ ਦੀ ਆਵਾਜ਼ ਇੱਕ ਮਨੁੱਖ ਦੀ ਆਵਾਜ਼ ਨਾ ਹੋ ਕੇ ਸਮੂਹ ਦੀ ਆਵਾਜ਼ ਹੋ ਗਈ ਅਤੇ ਇਹ ਆਵਾਜ਼ ਲੋਕ ਲਹਿਰ ਦਾ ਰੂਪ ਧਾਰਨ ਕਰ ਦੰਭੀਆਂ ਅਤੇ ਪਾਖੰਡੀਆਂ ਨੂੰ ਨੰਗਿਆਂ ਕਰ ਲੋਕ ਮਾਨਸਿਕਤਾ ਵਿੱਚ ਇੱਕ ਨਵੀਂ ਰੂਹ ਦਾ ਆਗਾਜ਼ ਕਰਦਿਆਂ 1518 ਈ. ਵਿੱਚ ਇਸ ਸੰਸਾਰ ਤੋਂ ਕੂਚ ਕਰ ਗਈ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਖ਼ੁਦ ਇਸ ‘ਲੋਕ ਦੀ ਆਵਾਜ਼’ ਕੋਲ ਪਹੁੰਚੇ, ਸ਼ਾਬਾਸ਼ ਦਿੱਤੀ ਅਤੇ ਇਸ ਆਵਾਜ਼ ਨੂੰ ਖੋਰਾ ਲੱਗਣ ਤੋਂ ਨੂੰ ਬਚਾ ਹਮੇਸ਼ਾ-ਹਮੇਸ਼ਾ ਲਈ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਦਿੱਤਾ।
ਬਾਣੀ : ਕੁਲ ਜੋੜ 532, 16 ਰਾਗਾਂ ਵਿੱਚ
ਪ੍ਰਮੁੱਖ ਬਾਣੀਆਂ : ਬਾਵਨ ਅਖਰੀ, ਸਤ ਵਾਰ, ਥਿਤੀ
ਭਗਤ ਰਵੀਦਾਸ ਜੀ
ਆਪਣੇ ਇਤਿਹਾਸ ਤੇ ਵਿਰਾਸਤ ਦੇ ਫ਼ਖ਼ਰ ਨੂੰ ਸੰਭਾਲਣ ਦੀ ਪਿਰਤ ਭਾਰਤੀ ਜਨ-ਜੀਵਨ ਵਿੱਚ ਹਮੇਸ਼ਾ ਅਲੋਪ ਰਹੀ ਹੈ। ਇਹ ਹੀ ਕਾਰਣ ਹੈ ਕਿ ਵਿਰਾਸਤ ਦਾ ਬਹੁਤਾ ਫ਼ਖ਼ਰ ਆਪਣੀ ਖ਼ੁਸ਼ਬੂ ਫੈਲਾਉਣ ਦੀ ਥਾਂ ਸਮੇਂ ਦੇ ਗੇੜ ਵਿੱਚ ਦਫ਼ਨ ਹੋ ਕੇ ਰਹਿ ਗਿਆ। ਭਗਤ ਰਵੀਦਾਸ ਵਰਗਾ ਕ੍ਰਾਂਤੀਕਾਰੀ ਯੁੱਗ-ਪੁਰਸ਼ ਦੀ ਨਾ ਤਾਂ ਜੀਵਨ ਮਿਤੀ ਬਾਰੇ ਕੁਝ ਮਿਲਦਾ ਹੈ ਅਤੇ ਨਾ ਹੀ ਪਰਿਵਾਰਿਕ ਪਿਛੋਕੜ ਦੀ ਜਾਣਕਾਰੀ।
ਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਨਜ਼ਰ ਨੇ ਇਸ ਹੀਰੇ ਨੂੰ ਪਛਾਣਿਆ ਅਤੇ ਸਿੱਖ ਧਰਮ ਦੇ ਵਿੱਚ ਇਹਨਾਂ ਦੀ ਰਚਨਾ ਨੂੰ ਸ਼ਾਮਿਲ ਕਰ ਇਤਿਹਾਸ ਵਿੱਚ ਸਦੀਵੀ ਕਰ ਦਿੱਤਾ।
ਇਹ ਨਿਸ਼ਚਿਤ ਹੈ ਕਿ ਇਨ੍ਹਾਂ ਦਾ ਜਨਮ ਬਨਾਰਸ ਦੇ ਨੇੜੇ-ਤੇੜੇ ਦੇ ਕਿਸੀ ਥਾਂ ‘ਤੇ ਹੋਇਆ ਅਤੇ ਆਪ ਦਾ ਸਬੰਧ ਚਮਾਰ ਜਾਤੀ ਨਾਲ ਸੀ। ਇਸ ਦਾ ਪ੍ਰਗਟਾਅ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨ੍ਹਾਂ ਦੀ ਬਾਣੀ ਕਰਦੀ ਹੈ :
ਨਾਗਰ ਜਨਾਂ ਮੇਰੀ ਜਾਤ ਬਿਖਿਆਤ ਚੰਮਾਰੰ॥
(ਗੁ.ਗ੍ਰੰ.ਸਾ. ਅੰਗ 1293)
ਉੱਚੀ ਜਾਤਾਂ ਦੇ ਲੋਕਾਂ ਵੱਲੋਂ ਜੋ ਦੁਰਵਿਹਾਰ ਹੇਠਲੇ ਵਰਗ ਨਾਲ ਕੀਤਾ ਜਾਂਦਾ ਸੀ, ਉਸ ਦਾ ਸਪਸ਼ਟ ਉਲੇਖ ਇਨ੍ਹਾਂ ਦੀ ਬਾਣੀ ਤੋਂ ਹੋ ਜਾਂਦਾ ਹੈ। ਬ੍ਰਾਹਮਣ ਦੀ ਕਰਮ-ਕਾਂਡੀ ਜ਼ਿੰਦਗੀ, ਵਰਣ ਧਰਮ ਦਾ ਦੰਭੀ ਤੇ ਸੋਸ਼ਕਾਰੀ ਚਿਹਰਾ, ਹੁਕਮਰਾਨ ਦਾ ਦੁਰਾਚਾਰੀ ਰੂਪ ਅਤੇ ਜਨ-ਸਾਧਾਰਨ ਦਾ ਲੀਹ ਕੁੱਟੇ ਵਾਂਗ ਜ਼ਿੰਦਗੀ ਜਿਉਣਾ, ਇਨ੍ਹਾਂ ਦੀ ਰਚਨਾ ਵਿੱਚ ਸਪਸ਼ਟ ਨਜ਼ਰ ਆਉਂਦਾ ਹੈ। ਭਗਤ ਰਵੀਦਾਸ ਜੀ ਦੇ ਉਕਤ ਸਮਾਜਿਕ ਦੰਭ ਦੀ ਪਾਜ ਉਖੇੜੇ ਜਾਣ ਤੋਂ ਇਲਾਵਾ ਆਪ ਜੀ ਦੀ ਬਾਣੀ ਵਿੱਚ ਪਰਮਾਤਮਾ ਦੇ ਪਿਆਰ ਦਾ ਪਾਤਰ ਬਣ ‘ਬੇਗਮਪੁਰੇ’ ਦੀ ਸਥਾਪਨਾ, ਕਰਮ- ਕਾਂਡ ਦੀ ਵਿਰੋਧਤਾ, ਸੰਜਮੀ ਜੀਵਨ ਅਤੇ ਵਿਸ਼ੇ-ਵਿਕਾਰਾਂ ਦਾ ਬਹੁਤ ਹੀ ਖ਼ੂਬਸੂਰਤੀ ਨਾਲ ਵਰਣਨ ਕੀਤਾ ਗਿਆ ਹੈ।
ਬਾਣੀ : ਕੁਲ ਜੋੜ 40 ਸ਼ਬਦ, 16 ਰਾਗਾਂ ਵਿੱਚ
ਭਗਤ ਧੰਨਾ ਜੀ
ਭਗਤ ਧੰਨਾ ਰਾਜਸਥਾਨ ਦੇ ਕਿਰਸਾਨੀ ਪਰਿਵਾਰ ਨਾਲ ਸਬੰਧਿਤ ਸਨ ਜਿਸਨੂੰ ਜੱਟ ਕਬੀਲੇ ਦੇ ਤੌਰ ‘ਤੇ ਭਾਰਤੀ ਸਮਾਜ ਵਿੱਚ ਮਾਨਤਾ ਪ੍ਰਾਪਤ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਪ ਦਾ ਜਨਮ ਟਾਂਕ ਇਲਾਕੇ ਦੇ ਪਿੰਡ ਧੂਆਨ ਵਿੱਚ 1416 ਈ. ਨੂੰ ਹੋਇਆ।
ਧੰਨਾ ਜੀ ਨੇ ਗ੍ਰਹਿਸਤੀ ਜੀਵਨ ਬਤੀਤ ਕੀਤਾ ਅਤੇ ਪਰਿਵਾਰਿਕ ਕਾਰਜ ਖੇਤੀਬਾੜੀ ਹੀ ਬਣਾਇਆ। ਇੱਕ ਜੱਟ ਅਤੇ ਦੂਸਰਾ ਕਿਰਸਾਨੀ ਜੀਵਨ ਹੋਣ ਕਰਕੇ ਬਾਰੀਕ ਚਾਲਾਕੀਆਂ ਤੋਂ ਉਨ੍ਹਾਂ ਦੀ ਜ਼ਿੰਦਗੀ ਕੋਹਾਂ ਦੂਰ ਸੀ। ਸਖ਼ਤ ਹੱਡ-ਭੰਨਵੀਂ ਮਿਹਨਤ ਅਤੇ ਪਰਮਾਤਮਾ ਨਾਲ ਪਿਆਰ ਜ਼ਿੰਦਗੀ ਦੇ ਦੋ ਹੀ ਨਿਸ਼ਾਨੇ ਸਨ। ਨਿਰਮਲ ਸੁਭਾਅ ਧੰਨਾ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋਏ। ਇਸ ਦਾ ਪ੍ਰਸੰਗ ਸਥਾਪਨ ਗੁਰੂ ਅਰਜਨ ਪਾਤਸ਼ਾਹ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕਰਦੇ ਹਨ :
ਧੰਨੈ ਸੇਵਿਆ ਬਾਲ ਬੁਧਿ।।
(ਗੁ.ਗ੍ਰੰ.ਸਾ. ਅੰਗ 1192)
ਭਗਤ ਧੰਨਾ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਹੈ ਕਿ ਮਨੁੱਖ ਪਰਮਾਤਮਾ ਨਾਲ ਜੁੜਣ ਦੀ ਸੁਚੱਜੇ ਰੂਪ ਵਿੱਚ ਬਿਰਤੀ ਪੈਦਾ ਨਹੀਂ ਕਰਦਾ। ਇਸੇ ਕਰਕੇ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ ਅਤੇ ਜਨਮ ਮਰਨ ਦੇ ਭਵਜਲ ਜਾਲ ਵਿੱਚ ਉਲਝਿਆ ਰਹਿੰਦਾ ਹੈ। ਆਪ ਦੀ ਬਾਣੀ ਅਨੁਸਾਰ ਵਿਸ਼ਿਆਂ-ਵਿਕਾਰਾਂ ਦੇ ਰਸ ਇਕੱਠੇ ਕਰਕੇ ਮਨ ਨੂੰ ਜੀਵ ਨੇ ਇਸ ਕਦਰ ਭਰ ਲਿਆ ਹੈ ਕਿ ਪੈਦਾ ਕਰਨ ਵਾਲਾ ਵਿਸਰ ਗਿਆ ਹੈ। ਜੇਕਰ ਗੁਰੂ ਮਤ ਵਿੱਚ ਗਿਆਨ ਦਾ ਧਨ ਭਰ ਦੇਵੇ ਤਾਂ ਪ੍ਰਾਪਤੀਆਂ ਦਾ ਮਾਰਗ ਖੁਲ੍ਹ ਜਾਂਦਾ ਹੈ ਅਤੇ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ
ਹੈ।
ਭਗਤ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕਰ ਦਿੱਤਾ ਕਿ ਮੈਨੂੰ ਧਰਤੀ ਦੇ ਆਸਰੇ (ਪ੍ਰਭੂ) ਦੀ ਪ੍ਰਾਪਤੀ ਸੰਤਾਂ, ਮਹਾਪੁਰਖਾਂ ਦੀ ਸੰਗਤ ਦਾ ਸਦਕਾ ਹੀ ਹੋਈ ਹੈ
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ। (ਗੁ.ਗ੍ਰੰ.ਸਾ. ਅੰਗ 487)
ਬਾਣੀ : ਕੁਲ ਜੋੜ 3, 2 ਰਾਗਾਂ ਵਿੱਚ
ਭਗਤ ਪੀਪਾ ਜੀ
ਭਗਤ ਬਾਣੀ ਸਿਰਲੇਖ ਹੇਠ ਦਰਜ ਬਾਣੀਆਂ ਵਿੱਚ ਭਗਤ ਪੀਪਾ ਜੀ ਦਾ ਇੱਕ ਸ਼ਬਦ ਰਾਗ ਧਨਾਸਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ 695 ਉੱਤੇ ਦਰਜ ਹੈ। ਇਨ੍ਹਾਂ ਬਾਰੇ ਮਾਨਤਾ ਹੈ ਕਿ ਇਹ ਰਾਜਸਥਾਨ ਦੇ ਰਾਜਪੂਤ ਰਾਜਾ ਸਨ ਅਤੇ ਇੱਕ ਛੋਟੀ ਜਿਹੀ ਰਿਆਸਤ ਗਗਰੌਨ ਗੜ੍ਹ ਇਹਨਾਂ ਦੇ ਅਧਿਕਾਰ ਵਿੱਚ ਸੀ। ਬਹੁਤ ਛੇਤੀ ਹੀ ਰਾਜਸ਼ਾਹੀ ਦੀ ਵਿਲਾਸਤਾ ਤੋਂ ਇਹਨਾਂ ਦਾ ਮਨ ਭਰ ਗਿਆ ਅਤੇ ਇਹਨਾਂ ਦੀ ਉਦਾਸੀਨਤਾ ਨੇ ਘਰ ਵਾਲਿਆਂ ਦੀ ਚਿੰਤਾ ਵਿੱਚ ਵਾਧਾ ਕੀਤਾ। ਇਹਨਾਂ ਨੂੰ ਸਮਝਾਉਣ ਦੀ ਪਰਿਕਿਰਿਆ ਸ਼ੁਰੂ ਹੋਈ ਪਰ ਅਸਫ਼ਲ ਰਹੀ।
ਇਹਨਾਂ ਦੇ ਚਿਤ ਵਿੱਚ ਇਕੋ ਮਨਸ਼ਾ ਪ੍ਰਬਲ ਹੋ ਗਈ ਕਿ ਰੱਬ ਕੀ ਹੈ ਅਤੇ ਰੱਬੀ ਮੇਲ ਕਿਵੇਂ ਹੁੰਦਾ ਹੈ ? ਇਸ ਪ੍ਰਬਲਤਾ ਨੇ ਇਹਨਾਂ ਦੇ ਦਿਨਾਂ ਦਾ ਚੈਨ ਅਤੇ ਰਾਤਾਂ ਦੀ ਨੀਂਦ ਖੋਹ ਲਈ ਅਤੇ ਆਪ ਨੇ ਸਭ ਕੁਝ ਵਿਸਾਰ ਦਿੱਤਾ। ਮੰਨਿਆ ਜਾਂਦਾ ਹੈ ਕਿ ਇਸ ਅਵਸਥਾ ਵਿੱਚ ਆਪ ਦਾ ਮੇਲ ਸਵਾਮੀ ਰਾਮਾਨੰਦ ਜੀ ਨਾਲ ਹੋਇਆ। ਆਪ ਨੇ ਇਹਨਾਂ ਦੇ ਪ੍ਰਵਚਨ ਸੁਣੇ, ਸ਼ਾਂਤੀ ਮਿਲੀ ਅਤੇ ਹੱਥ ਜੋੜ ਬੇਨਤੀ ਕੀਤੀ ਕਿ ਸ਼ਿਸ਼ ਬਣਾਓ ਜੀ। ਹੁਕਮ ਹੋਇਆ ਕਿ ਐਨੀ ਕਾਹਲ ਹੈ ਤਾਂ ਖੂਹ ਵਿੱਚ ਛਾਲ ਮਾਰ ਦੇ। ਇਹ ਸ਼ਬਦ ਸੁਣਦੇ ਹੀ ਆਪ ਖੂਹ ਵੱਲ ਭੱਜ ਪਏ। ਪਰ ਛਾਲ ਮਾਰਨ ਤੋਂ ਪਹਿਲਾਂ ਹੀ ਭਗਤ ਰਾਮਾਨੰਦ ਜੀ ਦੇ ਚੇਲਿਆਂ ਨੇ ਫੜ ਲਿਆ ਅਤੇ ਰਾਮਾਨੰਦ ਜੀ ਨੇ ਇਹਨਾਂ ਨੂੰ ਛਾਤੀ ਨਾਲ ਲਾ ਲਿਆ।
ਭਗਤ ਪੀਪਾ ਜੀ ਨੇ ਆਪਣੇ ਸਰੀਰ ਨੂੰ ਮੰਦਰ ਦੀ ਸੰਗਿਆ ਦੇ ਕੇ ਬਾਣੀ ਦੀ ਰਚਨਾ ਕੀਤੀ ਹੈ ਜੋ ਇਸ ਤਰ੍ਹਾਂ ਹੈ :
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ।।
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਹੁ ਪਾਤੀ॥ ੧॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ।।
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ।। ੧।। ਰਹਾਉ।।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥੨॥੩॥
(ਗੁ.ਗ੍ਰੰ.ਸਾ. ਅੰਗ 695)
ਸਪਟ ਹੈ ਕਿ ਦੇਵੀ-ਦੇਵਤਿਆਂ ਦੀ ਪੂਜਾ ਦੀ ਥਾਂ ਨਿਰਾਕਾਰ ਬ੍ਰਹਮ ਨੂੰ ਆਪਣੇ ਹਿਰਦੇ ਵਿੱਚੋਂ ਖੋਜਣ ਦਾ ਪ੍ਰਸੰਗ ਆਪ ਦੀ ਬਾਣੀ ਵਿੱਚੋਂ ਮਿਲਦਾ ਹੈ।
ਭਗਤ ਪਰਮਾਨੰਦ ਜੀ
ਭਗਤ ਪਰਮਾਨੰਦ ਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਯੋਗਦਾਨੀਆਂ ਵਿੱਚੋਂ ਇੱਕ ਹਨ। ਇਹਨਾਂ ਦਾ ਇੱਕ ਸ਼ਬਦ ਰਾਗ ਸਾਰੰਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ 1253 ਉੱਤੇ ਅੰਕਿਤ ਹੈ। ਭਗਤ ਪਰਮਾਨੰਦ ਜੀ ਦੇ ਜਨਮ, ਜਨਮ ਸਥਾਨ ਅਤੇ ਮਾਤਾ-ਪਿਤਾ ਬਾਰੇ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਪਰ ਇਹ ਪ੍ਰਵਾਨਿਤ ਹੈ ਕਿ ਮੱਧ ਕਾਲ ਦੇ ਇਹ ਉੱਘੇ ਭਗਤ-ਜਨ ਸਨ।
ਭਗਤ ਪਰਮਾਨੰਦ ਜੀ ਦਾ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸ ਵਿੱਚ ਮਨੁੱਖ ਨੂੰ ਕੇਂਦਰੀ ਬਣਾ ਕੇ ਉਸਦੇ ਅੰਦਰ ਦੇ ਵਿਕਾਰਾਂ ਦਾ ਵਖਿਆਨ ਕਰਦਿਆਂ ਉਸਨੂੰ ਅਸਲੀ ਜੀਵਨ ਦੀ ਪ੍ਰਾਪਤੀ ਲਈ ਸੁਚੇਤ ਕੀਤਾ ਹੈ ਅਤੇ ਉਸਦਾ ਰਸਤਾ ਸਾਧ ਸੰਗਤ ਦੀ ਸੇਵਾ ਤੇ ਉਪਮਾ ਦੱਸਿਆ ਹੈ :
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥
ਅਨੁਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥ ੧॥ ਰਹਾਉ॥
ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ।।
ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥ ੧॥
ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ।
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥੨॥
ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ।।
ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ।।
(ਗੁ.ਗ੍ਰੰ.ਸਾ. ਅੰਗ 1253)
ਭਗਤ ਭੀਖਨ ਜੀ
ਭਗਤ ਭੀਖਨ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 659 ਉੱਤੇ ਦਰਜ ਹੈ। ਉਹਨਾਂ ਦੇ ਦੋ ਸ਼ਬਦ ਰਾਗ ਸੋਰਠਿ ਵਿੱਚ ਹਨ। ਬਾਣੀ ਦੇ ਪਹਿਲੇ ਸ਼ਬਦ ਦੀ ਮੁੱਖ ਭਾਵਨਾ ਵੈਰਾਗ ਹੈ ਅਤੇ ਦੂਸਰੇ ਸ਼ਬਦ ਵਿੱਚ ਵੈਰਾਗ (ਅੰਜਨ ਮਾਹਿ ਨਿਰੰਜਨ) ਤੋਂ ਬਾਅਦ ਅਕਾਲ ਪੁਰਖ ਦੀ ਪ੍ਰਾਪਤੀ ਦੀ ਅਵਸਥਾ ਦਾ ਜ਼ਿਕਰ ਹੈ।
ਡਾ. ਤਾਰਨ ਸਿੰਘ ਇਹਨਾਂ ਨੂੰ ਅਕਬਰ ਦੇ ਰਾਜ ਸਮੇਂ ਪੈਦਾ ਹੋਏ ਮੰਨਦੇ ਹਨ ਅਤੇ ਆਪ ਇਸਲਾਮ ਧਰਮ ਦੇ ਸੂਫ਼ੀ ਪ੍ਰਚਾਰਕ ਸਨ ਅਤੇ ਇਨ੍ਹਾਂ ਦਾ ਅੰਤਿਮ ਸਮਾਂ 1574 ਈ. ਸੀ। ਭਾਈ ਕਾਨ੍ਹ ਸਿੰਘ ਨਾਭਾ ਇਨ੍ਹਾਂ ਨੂੰ ਕਾਕੋਰੀ ਦਾ ਵਸਨੀਕ ਅਤੇ ਸੂਫ਼ੀ ਫ਼ਕੀਰ ਵਜੋਂ ਮਾਨਤਾ ਦਿੰਦੇ ਹਨ। ਮੈਕਾਲਿਫ਼ ਵੀ ਇਸੇ ਧਾਰਨਾ ਨੂੰ ਸਵੀਕਾਰ ਕਰਦਾ ਹੈ।
ਭਗਤ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸ਼ਬਦ ਇਸ ਤਰ੍ਹਾਂ ਹੈ:
ਨੈਨਹੁ ਨੀਚੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪ੍ਰਾਨੀ॥ ੧॥
ਰਾਮ ਰਾਇ ਹੋਹਿ ਬੇਦ ਬਨਵਾਰੀ।।
ਅਪਨੇ ਸੰਤਹ ਲੇਹੁ ਉਬਾਰੀ॥ ੧॥ ਰਹਾਉ॥
ਮਾਥੇ ਪੀਰ ਸਰੀਰ ਜਲਨਿ ਹੈ ਕਰਕ ਕਰਜੇ ਮਾਹੀ।
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ॥ ੨॥
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹ ਅਉਖਧੁ ਜਗਿ ਸਾਚਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥ ੩॥
( ਗੁ.ਗ੍ਰੰ.ਸਾ. ਅੰਗ 659)
ਭਗਤ ਸੂਰਦਾਸ ਜੀ
ਭਗਤ ਸੂਰਦਾਸ ਇੱਕ ਇਹੋ ਜਿਹੇ ਭਗਤ ਹਨ ਜਿੰਨ੍ਹਾਂ ਦੀ ਕੇਵਲ ਇੱਕ ਪੰਗਤੀ ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ ਅਤੇ ਇਸਨੂੰ ਸਿਰਲੇਖ “ਸਾਰੰਗ ਮਹਲਾ ੫ ਸੂਰਦਾਸ’ ਹੇਠ ਦਿੱਤਾ ਹੋਇਆ ਹੈ।
ਭਗਤ ਸੂਰਦਾਸ ਦਾ ਸਬੰਧ ਅਕਬਰ ਦੇ ਸਮੇਂ ਦੇ ਰਾਜ ਸੰਦੀਲਾ ਨਾਲ ਹੈ ਅਤੇ ਆਪ ਅਕਬਰ ਦੇ ਪ੍ਰਮੁੱਖ ਅਹਿਲਕਾਰ ਸੀ। ਇਨ੍ਹਾਂ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।
ਭਗਤ ਸੂਰਦਾਸ ਜੀ ਦੀ ਬਾਣੀ ਇਸ ਤਰ੍ਹਾਂ ਹੈ :
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥
( ਗੁ.ਗ੍ਰੰ.ਸਾ. ਅੰਗ 1253)
ਭਗਤ ਸੈਣ ਜੀ
ਗੁਰੂ ਗ੍ਰੰਥ ਸਾਹਿਬ ਦੇ ਅੰਗ 695 ਉੱਤੇ ਰਾਗ ਧਨਾਸਰੀ ਵਿੱਚ ਭਗਤ ਸੈਣ ਜੀ ਦਾ ਇੱਕ ਸ਼ਬਦ ਅੰਕਿਤ ਹੈ। ਭਗਤ ਸੈਣ ਜੀ ਦਾ ਪ੍ਰਵਾਨਿਤ ਜਨਮ ਸਾਲ 1390 ਈ. ਹੈ ਅਤੇ ਅੰਤਿਮ ਸਮਾਂ 1440 ਈ. ਮੰਨਿਆ ਜਾਂਦਾ ਹੈ। ਆਪ ਬਿਦਰ ਦੇ ਰਾਜਾ ਦੇ ਸ਼ਾਹੀ ਨਾਈ ਸਨ ਅਤੇ ਉਸ ਵੇਲੇ ਦੇ ਪ੍ਰਮੁੱਖ ਸੰਤ ਗਿਆਨਸਰ ਜੀ ਦੇ ਪਰਮ ਸੇਵਕ ਸਨ।
ਆਪ ਜੀ ਦੇ ਪਰਉਪਕਾਰੀ ਸੁਭਾਅ ਅਤੇ ਰੱਬ ਦੇ ਪਿਆਰ ਵਜੋਂ ਪ੍ਰਾਪਤ ਕੀਤੀ ਹਰਮਨ-ਪਿਆਰਤਾ ਦਾ ਬਹੁਤ ਖ਼ੂਬਸੂਰਤ ਚਿਤਰਨ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮਿਲਦਾ ਹੈ। ਇਹ ਇਸ ਗੱਲ ਨੂੰ ਰੂਪਮਾਨ ਕਰਦਾ ਹੈ ਕਿ ਰੱਬ ਦੀਆਂ ਮਿਹਰਾਂ ਦੇ ਰਸਤੇ ਵਿੱਚ ਜਾਤ ਜਾਂ ਜਨਮ ਦਾ ਕੋਈ ਅਰਥ ਨਹੀਂ ਹੈ, ਉਸ ਦਾ ਪਿਆਰਾ ਹੋਣ ਲਈ ਨਿਵਾਵਰਤਾ ਪ੍ਰਮੁੱਖ ਗੁਣ ਹੈ। ਗੁਰੂ ਅਰਜਨ ਪਾਤਸ਼ਾਹ ਦਾ ਮਹਾਂ ਵਾਕ ਹੈ :
ਜੈਦੇਵ ਤਿਆਗਿਓ ਅਹੰਮੇਵ ॥
ਨਾਈ ਉਧਰਿਓ ਸੇਨੁ ਸੇਵ॥
ਅੰਗ (1192)
ਸੋ ਸਪਸ਼ਟ ਹੈ ਕਿ ਭਗਤ ਜਨਾਂ ਦੀ ਪੈਜ ਰੱਖਣ ਵਾਲਾ ਖੁਦ ਅਕਾਲ ਪੁਰ ਹੈ ਅਤੇ ਉਹ ਇਸ ਕਾਰਜ ਲਈ ਜੁਗਾਂ ਜੁਗਾਂ ਤੋਂ ਕਾਰਜਸ਼ੀਲ ਵੀ ਹੈ। ਭਗਤ ਸੈਣ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਇਸ ਤਰ੍ਹਾਂ ਹੈ ।
ਧੂਪ ਦੀਪ ਘ੍ਰਿਤ ਸਾਜਿ ਆਰਤੀ॥
ਵਾਰਨੇ ਜਾਉ ਕਮਲਾ ਪਾਤੀ॥ ੧॥
ਮੰਗਲਾ ਹਰਿ ਮੰਗਲਾ
ਨਿਤ ਮੰਗਲੁ ਰਾਜਾ ਰਾਮ ਰਾਇ ਕੋ॥੧॥ ਰਹਾਉ॥
ਊਤਮੁ ਦੀਅਰਾ ਨਿਰਮਲ ਬਾਤੀ।|
ਤੁਹੀ ਨਿਰੰਜਨੁ ਕਮਲਾ ਪਾਤੀ॥ ੨॥
ਰਾਮਾ ਭਗਤਿ ਰਾਮਾਨੰਦ ਜਾਨੇ ਪੂਰਨ ਪਰਮਾਨੰਦੁ ਬਖਾਨੋ॥ ੩॥
ਮਦਨ ਮੂਰਤਿ ਭੈ ਤਾਹਿ ਗੋਬਿੰਦ॥
ਸੈਨੁ ਭਣੋ ਭਜੁ ਪਰਮਾਨੰਦੇ॥੩॥
ਭਗਤ ਜੈ ਦੇਵ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਬਾਣੀ ਦੇ ਰਚੇਤਾ ਵਿੱਚ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦੇ ਸਨ। ਪ੍ਰਚਲਿਤ ਮਤ ਅਨੁਸਾਰ ਆਪ ਦਾ ਜਨਮ 1170 ਈ. ਨੂੰ ਬੰਗਾਲ ਦੇ ਬੀਰ ਭੂਮਿ ਜ਼ਿਲੇ ਦੇ ਪਿੰਡ ਕੇਂਦਲੀ ਵਿਖੇ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਜੈਦੇਵ ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁੱਤਰ, ਜੋ ਰਮਾਦੇਵੀ ਦੇ ਉਦਰ ਤੋਂ ਕਦਲੀ, ਜ਼ਿਲਾ ਬੀਰ ਭੂਮੀ ਬੰਗਾਲ ਵਿੱਚ 12ਵੀਂ ਸਦੀ ਦੇ ਅਖੀਰ ਵਿੱਚ ਪੈਦਾ ਹੋਏ। ਆਰੰਭ ਵਿੱਚ ਜੋ ਦੇਵ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸ਼ਕ ਸਨ ਪਰ ਤਤਵੇਤਾ ਸਾਧੂਆਂ ਦੀ ਸੰਗਤ ਕਰਕੇ ਇੱਕ ਕਰਤਾਰ ਦੇ ਅੰਨਿਨ ਸੇਵਕ ਹੋ ਗਏ।
ਭਗਤ ਜੈ ਦੇਵ ਜੀ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਦੁਨਿਆਵੀ ਅਉਗੁਣ ਜਾਂ ਹਉਮੈ ਰੋੜਾ ਬਣ ਜਾਂਦੇ ਹਨ ਅਤੇ ਇਸ ਤੋਂ ਨਵਿਰਤੀ ਦਾ ਇੱਕੋ-ਇੱਕ ਰਾਹ ਮਨ ਬਚ ਕਰਮ ਦੀ ਸ਼ੁੱਧਤਾ ਹੈ। ਜੀਵ ਨੂੰ ਗੋਬਿੰਦ ਦੇ ਜਾਪ ਵਿੱਚ ਲੀਨ ਰਹਿਣਾ ਚਾਹੀਦਾ ਹੈ, ਇਹ ਲੀਨਤਾ ਹੀ ਰੱਬ ਦੇ ਦਰਵਾਜ਼ੇ ਦਾ ਰਸਤਾ ਹੈ। ਇਸੇ ਲੀਨਤਾ ਨੇ ਹੀ ਜੈਦੇਵ ਅਤੇ ਗੋਬਿੰਦ ਇੱਕ ਕੀਤੇ ਸਨ, ਜਿਸ ਦਾ ਜ਼ਿਕਰ ਭਗਤ ਕਬੀਰ ਜੀ ਦੀ ਬਾਣੀ ਵਿੱਚ ਵੀ ਹੈ :
ਜੈਦੇਉ ਨਾਮਾ ਬਿਪੁ ਸੁਦਾਮਾ
ਤਿਨ ਕਉ ਕ੍ਰਿਪਾ ਭਈ ਹੈ ਅਪਾਰ।।
(ਗੁ.ਗ੍ਰੰ.ਸਾ. ਅੰਗ 856)
ਬਾਣੀ : 2 ਸ਼ਬਦ – ਗੂਜਰੀ ਤੇ ਮਾਰੂ ਰਾਗ ਵਿੱਚ
ਭਗਤ ਤ੍ਰਿਲੋਚਨ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਰਾਹੀਂ ਹਮੇਸ਼ਾ-ਹਮੇਸ਼ਾ ਲਈ ਅਮਰਤਾ ਪ੍ਰਾਪਤ ਕਰਨ ਵਾਲੇ ਭਗਤਾਂ ਵਿੱਚ ਭਗਤ ਤ੍ਰਿਲੋਚਨ ਆਯੂ ਦੇ ਕਾਲ- ਅਨੁਸਾਰ ਤੀਸਰੇ ਥਾਂ ਉਪਰ ਆਉਂਦੇ ਹਨ। ਇਹਨਾਂ ਦੇ ਜਨਮ ਬਾਰੇ ਪ੍ਰਵਾਨਿਤ ਸਮਾਂ 1267 ਈ. ਹੈ। ਇਹਨਾਂ ਦੇ ਮਾਤ-ਪਿਤਾ ਜਾਂ ਸੰਸਾਰਿਕ ਰਿਸ਼ਤੇ-ਨਾਤੇ ਦਾ ਕਿਸੇ ਵੀ ਪ੍ਰਮਾਣਿਕ ਸ੍ਰੋਤ ਤੋਂ ਕੁਝ ਨਹੀਂ ਪਤਾ ਚਲਦਾ। ਪਰ ਇਹ ਮੰਨਿਆ ਜਾਂਦਾ ਹੈ ਕਿ ਮਹਾਰਾਸ਼ਟਰ ਰਾਜ ਦੇ ਜ਼ਿਲਾ ਸ਼ੋਲਾਪੁਰ ਦੇ ਪਿੰਡ ਬਾਰਸੀ ਨਾਲ ਇਹਨਾਂ ਦੇ ਜਨਮ ਦਾ ਸਬੰਧ ਹੈ।
ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਵਿੱਚ ਭਗਤ ਨਾਮਦੇਵ ਤੇ ਤ੍ਰਿਲੋਚਨ ਜੀ ਦੇ ਦੋਸਤਾਨਾ ਸਬੰਧਾਂ ਬਾਰੇ ਜ਼ਿਕਰ ਮਿਲਦਾ ਹੈ। ਗੁਰਬਾਣੀ ਵਿੱਚ ਇਥੋਂ ਤਕ ਹਵਾਲਾ ਮਿਲਦਾ ਹੈ ਕਿ ਭਗਤ ਨਾਮਦੇਵ ਦੇ ਸਾਥ ਨਾਲ ਇਹਨਾਂ ਨੂੰ ਆਪਣੇ ਅੰਦਰ ਛੁਪੀ ਹੋਈ ਪਰਮਾਤਮ ਜੋਤਿ ਦਾ ਅਹਿਸਾਸ ਹੋਇਆ :
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮਾਲਿ।।
ਹਾਥ ਪਾਉ ਕਰਿ ਕਾਮ ਸਭੁ ਚੀਤੁ ਨਿਰੰਜਨ ਨਾਲਿ।।
(ਗੁ.ਗ੍ਰੰ.ਸਾ. ਅੰਗ 1375)
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪ ਦੀ ਬਾਣੀ ਵਿੱਚ ਜਿੱਥੇ ਝੂਠੇ ਆਡੰਬਰਾਂ ਦੀ ਘੋਰ ਨਿਖੇਧੀ ਕੀਤੀ ਗਈ ਹੈ, ਉੱਥੇ ਭੇਖਾਂ-ਪਾਖੰਡਾਂ ਦਾ ਤਿਆਗ ਕਰਨ ਵੱਲ ਰੁਚਿਤ ਕਰਦਿਆਂ ਪਰਮਾਤਮਾ ਦੇ ਘਰ ਦਾ ਵਾਸੀ ਬਣਨ ਵੱਲ ਉਤਸ਼ਾਹਿਤ ਕੀਤਾ ਗਿਆ ਹੈ।
ਬਾਣੀ : ਕੁਲ ਜੋੜ 4, 3 ਰਾਗਾਂ ਵਿੱਚ
ਭਗਤ ਨਾਮਦੇਵ ਜੀ
ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਮਹਾਰਾਸ਼ਟਰਾ ਦੇ ਜ਼ਿਲਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ। ਭਾਰਤੀ ਵਰਣ ਵੰਡ ਵਿੱਚ ਆਪ ਦੀ ਜਾਤ ਛੀਂਬਾ, ਅਛੂਤ ਪ੍ਰਵਾਨ ਕੀਤੀ ਜਾਂਦੀ ਸੀ। ਆਪ ਦੇ ਪਿਤਾ ਦਾ ਨਾਂ ਦਮ ਸੇਤੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਆਪ ਨੇ ਬਚਪਨ ਤੋਂ ਪਰਮਾਤਮਾ ਨਾਲ ਪਿਆਰ ਕਰਨ ਦੀ ਗੁੜਤੀ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ। ਆਪ ਨੇ ਧਾਰਮਿਕ ਵਿੱਦਿਆ ਲਈ ਵਿਸ਼ੋਭਾ ਖੇਚਰ ਨੂੰ ਗੁਰੂ ਧਾਰਨ ਕੀਤਾ ਅਤੇ ਸਾਰੀ ਜ਼ਿੰਦਗੀ ਨਿਰਗੁਣ ਬ੍ਰਹਮ ਦੇ ਉਪਾਸ਼ਕ ਵਜੋਂ ਬਤੀਤ ਕੀਤੀ। ਪਰਮਾਤਮਾ ਨਾਲ ਇਕਸੁਰਤਾ ਨਾਲ ਆਪ ਖ਼ੁਦ ਹਰੀ ਰੂਪ ਹੋ ਗਏ ਸਨ, ਪਰ ਉਸ ਵੇਲੇ ਦੇ ਜਾਤ-ਪਾਤ ਪ੍ਰਬੰਧ ਵਿੱਚ ਉਲਝੇ ਸਮਾਜ ਵਿੱਚ ਆਪ ਦਾ ਅਨੇਕਾਂ ਵਾਰ ਤ੍ਰਿਸਕਾਰ ਹੋਇਆ। ਉੱਚ ਜਾਤੀ ਦੇ ਲੋਕ ਸ਼ੂਦਰ ਸਮਝ ਆਪ ਦੀ ਬੇਇੱਜ਼ਤੀ ਕਰਨਾ ਆਪਣਾ ਹੱਕ ਪ੍ਰਵਾਨ ਕਰਦੇ ਸਨ। ਮੰਦਰ ਵਿੱਚੋਂ ਧੱਕੇ ਦੇ ਕੇ ਕੱਢਣ ਅਤੇ ਪਰਮਾਤਮਾ ਦੁਆਰਾ ਆਪਣੇ ਭਗਤ ਦੀ ਇੱਜ਼ਤ-ਮਾਣ ਦੀ ਰੱਖਿਆ ਦਾ ਉੱਲੇਖ ਆਪ ਦੀ ਬਾਣੀ ਵਿੱਚ ਉਪਲਬਧ ਹੈ
ਹਸਤ ਖੇਲਤ ਤੇਰੇ ਦੇਹੁਰੇ ਆਇਆ।।
ਭਗਤਿ ਕਰਤ ਨਾਮਾ ਪਕਰਿ ਉਠਾਇਆ॥ ੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ।।
ਛੀਪੇ ਕੇ ਜਨਮਿ ਕਾਹੇ ਕਉ ਆਇਆ॥ ੧॥ ਰਹਾਉ॥
ਲੈ ਕਮਲੀ ਚਲਿਓ ਪਲਟਾਇ।।
ਦੇਹੁਰੇ ਪਾਛੈ ਬੈਠਾ ਜਾਇ॥ ੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ।।
ਭਗਤ ਜਨਾ ਕਉ ਦੇਹੁਰਾ ਫਿਰੈ॥ ੩॥
(ਗੁ.ਗ੍ਰੰ.ਸਾ. ਅੰਗ 1164)
ਭਗਤ ਨਾਮਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਜਿੱਥੇ ਪਰਮਾਤਮਾ ਨੂੰ ਕਾਇਨਾਤ ਦਾ ਮਾਲਿਕ ਦਰਸਾਉਂਦੀ ਹੈ, ਉੱਥੇ ਉਸਦੇ ਸਿਮਰਨ ਨਾਲ ਜੋ ਬਖ਼ਸ਼ਿਸ਼ਾਂ ਹੁੰਦੀਆਂ ਹਨ, ਉਸ ਦਾ ਜ਼ਿਕਰ ਆਪ ਆਪਣੇ ਖ਼ੁਦ ਨਾਲ ਵਾਪਰੀਆਂ ਘਟਨਾਵਾਂ ਨਾਲ ਸਪਸ਼ਟ ਕਰ ਦਿੰਦੇ ਹਨ। ਇਸ ਦੇ ਨਾਲ ਉਸ ਵੇਲੇ ਦੀ ਸਮਾਜਿਕ ਕਾਣੀ ਵੰਡ, ਹਾਕਮ ਦੀ ਬੇਹੁਰਮਤੀ ਅਤੇ ਪੁਜਾਰੀ ਦੀ ਲੁੱਟ ਦਾ ਸਪਸ਼ਟ ਉਲੇਖ ਵੀ ਮਿਲਦਾ ਹੈ। ਇਤਿਹਾਸਕ ਸ੍ਰੋਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅੰਤਿਮ ਦਿਨਾਂ ਵਿੱਚ ਆਪ ਪੰਜਾਬ ਆ ਗਏ ਅਤੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਘੁਮਾਣ ਵਿੱਚ ਰੈਣ ਬਸੇਰਾ ਬਣਾਇਆ। ਇੱਥੇ ਹੀ ਆਪ ਨੇ 1350 ਈ. ਵਿੱਚ ਅਕਾਲ ਚਲਾਣਾ ਕੀਤਾ।
ਕੁਲ ਬਾਣੀ : ਜੋੜ 61 ਸ਼ਬਦ, 18 ਰਾਗਾਂ ਵਿੱਚ
ਭਗਤ ਸਧਨਾ ਜੀ
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਸਧਨਾ ਜੀ ਦਾ ਇੱਕ ਸ਼ਬਦ ਰਾਗ ਬਿਲਾਵਲ ਵਿੱਚ ਦਰਜ ਹੈ। ਇਹਨਾਂ ਦੀ ਜਨਮ ਤਿਥ, ਦੇਹਾਂਤ ਅਤੇ ਮਾਤ-ਪਿਤਾ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ। ਇਹ ਮੰਨਿਆ ਜਾਂਦਾ ਹੈ ਕਿ ਆਪ ਮੁਸਲਿਮ ਪਰਿਵਾਰ ਨਾਲ ਸਬੰਧਤ ਸਨ ਪਰ ਬਾਅਦ ਵਿੱਚ ਕਿਸੇ ਹਿੰਦੂ ਭਗਤ ਦੇ ਮੇਲ ਨਾਲ ਆਪ ਨੇ ਸ਼ਰੀਅਤ ਨੂੰ ਤਿਲਾਂਜਲੀ ਦਿੱਤੀ। ਮਹਾਨ ਕੋਸ਼ ਵਿੱਚ ਆਪ ਦੇ ਨਾਂ ਹੇਠ ਜੋ ਜਾਣਕਾਰੀ ਮਿਲਦੀ ਹੈ, ਉਸ ਵਿੱਚ ਦੱਸਿਆ ਗਿਆ ਹੈ ਕਿ ਆਪ ਸੇਹਬਾਨ, ਜ਼ਿਲਾ ਸਿੰਧ ਦੇ ਰਹਿਣ ਵਾਲੇ ਸਨ ਅਤੇ ਆਪ ਕਿੱਤੇ ਵਜੋਂ ਕਸਾਈ ਸਨ। ਆਪ ਨੂੰ ਪ੍ਰਭੂ ਦੇ ਪਿਆਰਿਆਂ ਦਾ ਮਿਲਾਪ ਪਰਮਾਤਮਾ ਦੀ ਭਗਤੀ ਵੱਲ ਲੈ ਗਿਆ ਅਤੇ ਆਪ ਰੱਬ ਦੀ ਦਰਗਾਹ ਵਿੱਚ ਕਬੂਲ ਹੋਏ। ਇਸ ਗੱਲ ਦੀ ਪੁਸ਼ਟੀ ਭਾਈ ਗੁਰਦਾਸ ਜੀ ਦੀ 12ਵੀਂ ਵਾਰ ਵਿਚੋਂ ਹੋ ਜਾਂਦੀ ਹੈ :
ਧੰਨਾ ਜਟੁ ਉਧਾਰਿਆ ਸਧਨਾ ਜਾਤਿ ਅਜਾਤਿ ਕਸਾਈ।।
ਭਗਤ ਸਧਨਾਂ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਇਸ ਤਰ੍ਹਾਂ
ਨ੍ਰਿਪ ਕੰਨਿਆ ਕੇ ਕਾਰਨੇ ਇਕੁ ਭਇਆ ਭੇਖਧਾਰੀ।।
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ॥ ੧॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਨ ਨ ਨਾਸੈ।।
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥ ੧।। ਰਹਾਉ।।
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ॥੨॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ॥੩॥
ਮੈ ਨਾਹੀ ਕਛੁ ਹਉ ਨਾਹੀ ਕਿਛੁ ਆਹਿ ਨ ਮੋਰਾ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨ ਤੋਰਾ॥੪॥
(ਗੁ.ਗ੍ਰੰ.ਸਾ. ਅੰਗ 858)
ਭਗਤ ਬੇਣੀ ਜੀ
ਭਗਤ ਬੇਣੀ ਜੀ ਦੇ ਜਨਮ ਜਾਂ ਪਰਿਵਾਰ ਬਾਰੇ ਪੁਰਾਤਨ ਸ੍ਰੋਤ-ਸਾਹਿਤ ਬਿਲਕੁਲ ਚੁੱਪ ਹਨ। ਮੈਕਾਲਿਫ਼ ਬਿਨਾ ਕਿਸੇ ਸ੍ਰੋਤ ਦਾ ਜ਼ਿਕਰ ਕੀਤੇ ਆਪ ਦਾ ਜਨਮ 13ਵੀਂ ਸਦੀ ਦੀ ਅਖੀਰ ਮੰਨਦਾ ਹੈ। ਇਸੇ ਤਰ੍ਹਾਂ ਇੱਕ ਪੰਜਾਬੀ ਪਤ੍ਰਿਕਾ ਇਹਨਾਂ ਨੂੰ ਮੱਧ ਪ੍ਰਦੇਸ਼ ਦੇ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਦਰਸਾਉਂਦੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਜੋ ਆਪ ਦੀ ਬਾਣੀ ਦਰਜ ਹੈ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਦਾ ਸਬੰਧ ਨਿਰਗੁਣਵਾਦੀ ਭਗਤੀ ਦੇ ਨਾਲ ਹੈ ਅਤੇ ਹੋ ਸਕਦਾ ਹੈ ਕਿ ਭਗਤੀ ਲਹਿਰ ਦੇ ਉੱਤਰ ਭਾਰਤ ਵਿੱਚ ਦਾਖਲ ਹੋਣ ਵਾਲਿਆਂ ਦੇ ਮੋਢੀਆਂ ਵਿੱਚ ਆਪ ਹੋਣ।
ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਭਗਤ ਬੇਣੀ ਜੀ ਦੀ ਤਸਵੀਰ ਇੱਕ ਏਕਾਂਤ-ਵਸ ਰੱਬੀ ਰੰਗ ਵਿੱਚ ਰੰਗੇ ਭਗਤ ਵਜੋਂ ਕਰਦੇ ਹਨ। ਆਪ ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ।
ਕੁਝ ਵੀ ਹੋਵੇ ਆਪ ਦੀ ਰਚਨਾ ਵਿੱਚ ਗੂੜ ਦਾਰਸ਼ਨਿਕ ਅਤੇ ਸਮਾਜਿਕ ਚਿੱਤਰ ਦਾ ਰੂਪ ਉਘੜਦਾ ਹੈ ਜੋ ਧਾਰਮਿਕ ਕਰਮ-ਕਾਂਡਾਂ ਦੀ ਸਖ਼ਤੀ ਨਾਲ ਵਿਰੋਧ ਹੀ ਨਹੀਂ ਸੀ ਕਰਦਾ ਸਗੋਂ ਬ੍ਰਾਹਮਣੀ ਅਤੇ ਜੋਗੀ ਪਰੰਪਰਾ ਦੁਆਰਾ ਕੀਤੇ ਪ੍ਰਪੰਚਾਂ ਨੂੰ ਵੀ ਨੰਗਿਆਂ ਕਰਨ ਵਿੱਚ ਸਮਰਥ ਸੀ। ਆਪ ਜੀ ਦੀ ਸ਼ਖ਼ਸੀਅਤ ਬਾਰੇ ਭਟ ਕਲਯ ਇਸ ਤਰ੍ਹਾਂ ਲਿਖਦੇ ਹਨ :
ਭਗਤ ਬੇਣਿ ਗੁਣ ਰਵੈ ਸਹਿਜ ਆਤਮ ਰੰਗ ਮਾਣੈ।।
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭੁ ਅਵਰੁ ਨ ਜਾਣੈ॥
(ਗੁ.ਗ੍ਰੰ.ਸਾ. ਅੰਗ 1390)
ਬਾਣੀ ਰਚਨਾ : 3 ਸ਼ਬਦ, 3 ਰਾਗਾਂ ਵਿੱਚ
ਭਗਤ ਰਾਮਾਨੰਦ ਜੀ
ਭਗਤ ਰਾਮਾਨੰਦ ਜੀ ਨੇ ਉਦਾਰਵਾਦੀ ਸੰਪ੍ਰਦਾਇ ਦੀ ਨੀਂਹ ਰੱਖੀ। ਆਪ ਨੇ ਸ਼ੂਦਰਾਂ ਭਾਵ ਤਥਾ ਕਥਿਤ ਅਛੂਤਾਂ ਤੇ ਹੋਰ ਛੋਟੀਆਂ ਜਾਤਾਂ ਦੇ ਭਗਤਾਂ ਨੂੰ ਆਪਣੀ ਸੰਪ੍ਰਦਾਇ ਵਿੱਚ ਸ਼ਾਮਿਲ ਕੀਤਾ ਅਤੇ ਉਹਨਾਂ ਨੂੰ ਹਿਰਦੇ ਨਾਲ ਲਾ ਭਗਤੀ ਮਾਰਗ ਵਿੱਚ ਉਹਨਾਂ ਦੀ ਅਗਵਾਈ ਕੀਤੀ। ਰਾਮਾਨੰਦ ਜੀ ਦਾ ਸਭ ਤੋਂ ਖ਼ੂਬਸੂਰਤ ਪਹਿਲੂ ਸੀ ਕਿ ਆਪ ਨੇ ਸੰਸਕ੍ਰਿਤ ਦਾ ਤਿਆਗ ਕਰ ਲੋਕ ਭਾਸ਼ਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ, ਬੇਸ਼ਕ ਸੰਸਕ੍ਰਿਤ ਵਿੱਚ ਵੀ ਇਹਨਾਂ ਦੇ ਕੁਝ ਗ੍ਰੰਥ ਮਿਲਦੇ ਹਨ।
ਆਪ ਨੇ ਅੰਤਿਮ ਸਮਾਂ ਕਾਸ਼ੀ ਵਿੱਚ ਗੰਗਾ ਘਾਟ ਦੇ ਰਮਣੀਕ ਅਸਥਾਨ ‘ਤੇ ਬਤੀਤ ਕੀਤਾ ਅਤੇ ਇੱਥੇ ਹੀ 1467 ਈ. ਇਹ ਪਰਲੋਕ ਗਮਨ ਹੋਏ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਾ ਇੱਕ ਸ਼ਬਦ ਅੰਗ 1195 ਉੱਤੇ ਰਾਗ ਬਸੰਤ ਵਿੱਚ ਦਰਜ ਹੈ :
ਕਤ ਜਾਈਐ ਰੇ ਘਰ ਲਾਗੋ ਰੰਗੁ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥ ੧॥ ਰਹਾਉ॥
ਏਕ ਦਿਵਸ ਮਨ ਭਈ ਉਮੰਗ।।
ਘਸਿ ਚੰਦਨ ਚੋਆ ਬਹੁ ਸੁਗੰਧ ॥
ਪੂਜਨ ਚਾਲੀ ਬ੍ਰਹਮ ਠਾਇ।।
ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹਿ।।
ਜਹ ਜਾਈਐ ਤਹ ਜਲ ਪਖਾਨ ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ।।
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ।।
ਸਤਿਗੁਰ ਮੈ ਬਲਿਹਾਰੀ ਤੋਰ।।
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ।।
ਰਾਮਾਨੰਦ ਸੁਆਮੀ ਰਮਤ ਬ੍ਰਹਮ।।
ਗੁਰ ਕਾ ਸਬਦੁ ਕਾਟੈ ਕੋਟਿ ਕਰਮ
(ਗੁ.ਗ੍ਰੰ.ਸਾ. ਅੰਗ 1195)
ਸ਼ੇਖ ਫਰੀਦ ਜੀ
ਚਿਸ਼ਤੀ ਸਿਲਸਿਲੇ ਦੇ ਪ੍ਰਮੁੱਖ ਬਾਬਾ ਫ਼ਰੀਦ ਜੀ ਦਾ ਜਨਮ 1173 ਈ. ਪਿੰਡ ਖੋਤਵਾਲ ਜ਼ਿਲਾ ਮੁਲਤਾਨ ਵਿੱਚ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਘਰ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਮਰੀਅਮ ਸੀ। ਆਪ ਦਾ ਪਰਿਵਾਰਿਕ ਪਿਛੋਕੜ ਗ਼ਜ਼ਨੀ ਦੇ ਇਲਾਕੇ ਨਾਲ ਜੁੜਦਾ ਹੈ। ਪਰ ਨਿੱਤ ਦੀ ਬਦਅਮਨੀ ਕਾਰਣ ਆਪ ਦੇ ਵਡੇਰੇ ਮੁਲਤਾਨ ਦੇ ਇਸ ਪਿੰਡ ਵਿੱਚ ਆਣ ਵੱਸੇ ਸਨ। ਬਾਬਾ ਫ਼ਰੀਦ ਉਪਰ ਇਸਲਾਮੀ ਰੰਗਤ ਲਿਆਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਆਪ ਦੀ ਮਾਤਾ ਦਾ ਸੀ। ਇਹ ਲਿਵਲੀਨਤਾ ਐਨੀ ਪ੍ਰਬਲ ਹੋਈ ਕਿ ਸੋਲ੍ਹਾਂ ਸਾਲ ਦੀ ਉਮਰ ਤਕ ਆਪ ਨੇ ਹੱਜ ਦੀ ਰਸਮ ਸੰਪੂਰਨ ਕਰ ਹਾਜੀ ਦੀ ਪਦਵੀ ਵੀ ਹਾਸਲ ਕਰ ਲਈ ਅਤੇ ਸਮੁੱਚਾ ਕੁਰਆਨ ਜ਼ੁਬਾਨੀ ਯਾਦ ਕਰ ਆਪ ਹਾਫ਼ਿਜ਼ ਵੀ ਬਣ ਗਏ।
ਇਤਿਹਾਸ ਦੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਜੀ ਦੀਆਂ ਤਿੰਨ ਸ਼ਾਦੀਆਂ ਹੋਈਆਂ ਅਤੇ ਆਪ ਦੇ ਘਰ ਨੌਂ ਬੱਚੇ ਪੈਦਾ ਹੋਏ। ਆਪ ਦੀ ਵੱਡੀ ਪਤਨੀ ਹਿੰਦੋਸਤਾਨ ਦੇ ਬਾਦਸ਼ਾਹ ਬਨਬਨ ਦੀ ਬੇਟੀ ਸੀ, ਜਿਸਨੇ ਹਰ ਤਰ੍ਹਾਂ ਦੇ ਸੁਖ-ਆਰਾਮ ਦਾ ਤਿਆਗ ਕਰ ਸਾਰੀ ਉਮਰ ਫ਼ਕੀਰ ਵੇਸ ਵਿੱਚ ਬਤੀਤ ਕਰ ਦਿੱਤੀ।
ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਸੂਫ਼ੀ ਫ਼ਕੀਰ ਖਵਾਜਾ ਕੁਤਬਦੀਨ ਕਾਕੀ ਆਪ ਜੀ ਦੇ ਮੁਰਸ਼ਿਦ ਸਨ। ਇਹਨਾਂ ਦੀ ਮੌਤ ਦੇ ਬਾਅਦ ਬਾਬਾ ਫ਼ਰੀਦ ਜੀ ਨੂੰ ਮੁਖੀ ਥਾਪ ਦਿੱਤਾ ਗਿਆ। ਆਪ ਨੇ ਆਪਣਾ ਟਿਕਾਣਾ ਪਾਕਪਟਨ ਬਣਾ ਲਿਆ। ਇੱਥੇ ਹੀ 1265 ਈ. ਵਿੱਚ ਆਪ ਦਾ ਦੇਹਾਂਤ ਹੋ ਗਿਆ ਅਤੇ ਆਪ ਦੇ ਸ਼ਿਸ਼ ਹਜ਼ਰਤ ਨਿਜ਼ਾਮੁਦੀਨ ਔਲੀਆ ਜੋ ਬਾਅਦ ਵਿੱਚ ਇਹਨਾਂ ਦੇ ਗੱਦੀ-ਨਸ਼ੀਨ ਹੋਏ, ਨੇ ਆਪ ਜੀ ਦੀ ਕਬਰ ‘ਤੇ ਇੱਕ ਆਲੀਸ਼ਾਨ ਮਕਬਰਾ ਤਾਸੀਰ ਕਰਵਾਇਆ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੀਆਂ ਉਦਾਸੀਆਂ ਦਰਮਿਆਨ ਪੱਛਮ ਵੱਲ ਗਏ ਤਾਂ ਆਪ ਜੀ ਨੇ ਉਸ ਵੇਲੇ ਦੇ ਸ਼ੇਖ਼ ਫ਼ਰੀਦ ਜੀ ਦੇ ਗੱਦੀ-ਨਸ਼ੀਨ ਸ਼ੇਖ਼ ਬ੍ਰਹਮ, ਜੋ ਇਹਨਾਂ ਤੋਂ ਬਾਅਦ 11ਵੀਂ ਥਾਂ ‘ਤੇ ਸਨ, ਨੂੰ ਮਿਲੇ। ਗੁਰੂ ਨਾਨਕ ਸਾਹਿਬ ਅਤੇ ਸ਼ੇਖ਼ ਬ੍ਰਹਮ ਦਰਮਿਆਨ ਕਈ ਦਿਨ ਤਕ ਸੰਵਾਦ ਚਲਿਆ। ਸ਼ੇਖ਼ ਬ੍ਰਹਮ ਗੁਰੂ ਸਾਹਿਬ ਤੋਂ ਬੇਹਦ ਪ੍ਰਭਾਵਿਤ ਹੋਏ ਅਤੇ ਆਪਣੇ ਵਡੇਰੇ ਮੁਰਸ਼ਦ ਦੀ ਬਾਣੀ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤੀ, ਜੋ ਪੰਚਮ ਪਾਤਸ਼ਾਹ ਨੇ ‘ਆਦਿ ਗ੍ਰੰਥ’ ਦੀ ਸੰਪਾਦਨਾ ਵੇਲੇ ਇਸ ਪਵਿੱਤਰ ਗ੍ਰੰਥ ਦਾ ਹਿੱਸਾ ਬਣਾਈ।
ਬਾਣੀ ਰਚਨਾ : 4 ਸ਼ਬਦ, 2 ਰਾਗਾਂ ਵਿੱਚ ਅਤੇ 112 ਸਲੋਕ
ਕੁਲ ਜੋੜ 116