ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥
ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥ ਗੁਰਮਤਿ ਸਹਜੇ ਨਾਮੁ ਧਿਆਏ ॥ ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥ ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥ ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥ ਜੁਗ ਮਹਿ ਰਾਮ ਨਾਮੁ ਨਿਸਤਾਰਾ ॥ ਗੁਰ ਤੇ ਉਪਜੈ ਸਬਦੁ ਵੀਚਾਰਾ ॥ ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥ ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥ ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥ ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥ ਸਾਜਨ ਆਇ ਵੁਠੇ ਘਰ ਮਾਹੀ ॥ ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥ ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥ ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥ ਸਾਜਨ ਆਇ ਵੁਠੇ ਘਰ ਮਾਹੀ ॥੪॥੧॥ {ਪੰਨਾ 767}
ਅਰਥ: ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ। ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ। ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।੧।
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ। ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ।
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।੨।
ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ (ਹਰੇਕ ਜੀਵ ਦਾ) ਪਾਰ-ਉਤਾਰਾ ਕਰਦਾ ਹੈ। ਜੇਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ (ਜਿਉਂ ਜਿਉਂ) ਵਿਚਾਰਦਾ ਹੈ ਤਿਉਂ ਤਿਉਂ) ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ, ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹੀ ਮਨੁੱਖ (ਇਹ ਦਾਤਿ) ਪ੍ਰਾਪਤ ਕਰਦਾ ਹੈ।
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ।
ਹੇ ਪ੍ਰਭੂ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ) , ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹੇ ਪ੍ਰਭੂ! ਮੈਂ ਤੇਰਾ (ਸੇਵਕ) ਹਾਂ, ਤੂੰ ਸਾਡਾ ਮਾਲਕ ਹੈਂ (ਸਾਨੂੰ ਆਪਣਾ ਨਾਮ ਬਖ਼ਸ਼) । ਹੇ ਭਾਈ! ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ ਹਰੇਕ ਜੀਵ ਦਾ ਪਾਰ-ਉਤਾਰਾ ਕਰਦਾ ਹੈ।੩।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਮਾਇਆ ਵਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹ ਰੱਜ ਜਾਂਦੇ ਹਨ।
ਹੇ ਭਾਈ! ਜੇਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗਾ ਕੇ (ਮਾਇਆ ਵਲੋਂ) ਤ੍ਰਿਪਤ ਹੋ ਜਾਂਦੀ ਹੈ, ਉਸ ਨੂੰ ਮੁੜ ਮਾਇਆ ਦੀ ਭੁੱਖ ਆ ਕੇ ਨਹੀਂ ਚੰਬੜਦੀ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ।
ਹੇ ਨਾਨਕ! ਪਰਮਾਤਮਾ ਆਪ ਹੀ (ਕਿਸੇ ਨੂੰ ਮਾਇਆ ਵਿਚ) ਜੋੜ ਕੇ (ਆਪਣੇ ਚਰਨਾਂ) ਨਾਲੋਂ ਵਿਛੋੜਦਾ ਹੈ। ਪਰਮਾਤਮਾ ਤੋਂ ਬਿਨਾ ਹੋਰ (ਐਸੀ ਸਮਰਥਾ ਵਾਲਾ) ਨਹੀਂ ਹੈ। (ਜਿਸ ਉਤੇ ਮੇਹਰ ਕਰਦੇ ਹਨ) ਉਸ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ।੪।੧।