ਸਲੋਕੁ ਮਃ ੩ ॥
ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥ ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ ਪਉੜੀ ॥ ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥ ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥ ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ {ਪੰਨਾ 654}
ਅਰਥ: ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ; ਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।
ਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ; ਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ।੧।
ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ। ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ, ਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ।੨।
ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂ; ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾ; ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ। ਸਭ ਥਾਈਂ (ਹਰੀ ਦਾ) ਹੀ ਹੁਕਮ ਵਰਤ ਰਿਹਾ ਹੈ; ਜੋ ਉਹ ਕਰਦਾ ਹੈ ਸੋਈ ਹੁੰਦਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਨੂੰ ਪ੍ਰਭੂ ਵਡਿਆਈ ਬਖ਼ਸ਼ਦਾ ਹੈ, ਉਹ ਉਸ ਹਰੀ ਨੂੰ ਮਿਲ ਪੈਂਦਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਸਿਮਰਦੇ ਹਨ, (ਹੇ ਭਾਈ!) ਸਾਰੇ ਆਖੋ, ਕਿ ਉਹ ਸਤਿਗੁਰੂ, ਧੰਨ ਹੈ, ਧੰਨ ਹੈ, ਧੰਨ ਹੈ।੨੯।੧। ਸੁਧੁ।