ਸਲੋਕ ॥ ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥ ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥ ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥ ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥
ਪਉੜੀ ॥ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥ ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥ ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥ ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥ ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥{ਪੰਨਾ 707}
ਅਰਥ: ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ) ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ।੧।
ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ, ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ।੨।
ਅਰਥ: ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ। ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ। ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ, (ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ, (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ।੬।