ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥
ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥ ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥ ਸੋ ਦਿਨੁ ਆਵਨ ਲਾਗਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥ ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥ ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥ ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥ ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥ ਓਛੇ ਤਪ ਕਰਿ ਬਾਹੁਰਿ ਐਬੋ ॥੧॥ ਕਿਆ ਮਾਂਗਉ ਕਿਛੁ ਥਿਰੁ ਨਾਹੀ ॥ ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥ ਸੋਭਾ ਰਾਜ ਬਿਭੈ ਬਡਿਆਈ ॥ ਅੰਤਿ ਨ ਕਾਹੂ ਸੰਗ ਸਹਾਈ ॥੨॥ ਪੁਤ੍ਰ ਕਲਤ੍ਰ ਲਛਮੀ ਮਾਇਆ ॥ ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥ ਕਹਤ ਕਬੀਰ ਅਵਰ ਨਹੀ ਕਾਮਾ ॥ ਹਮਰੈ ਮਨ ਧਨ ਰਾਮ ਕੋ ਨਾਮਾ ॥੪॥੪॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ੍ਹ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥ ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥ {ਪੰਨਾ 691}
ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।
ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।
(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।
ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।
ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।
ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।
ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, (ਸਭ ਜੀਵਾਂ ਦੇ ਸਿਰ ਉੱਤੇ) ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ (ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ?।੧।
(ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ-ਸ਼ਿਕਾਰੀ ਆ ਪਕੜਦਾ ਹੈ) ; ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ।੧।ਰਹਾਉ।
ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ, ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ-ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ।੨।
ਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ) । ਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ।੩।੨।
ਸ਼ਬਦ ਦਾ ਭਾਵ: ਮੌਤ ਨੇੜੇ ਆ ਰਹੀ ਹੈ, ਉਮਰ ਸਹਿਜੇ ਸਹਿਜੇ ਘਟਦੀ ਜਾ ਰਹੀ ਹੈ। ਭਜਨ ਕਰੋ।
ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।੧।
ਹੇ ਸੰਤ ਜਨੋ! ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ) । (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।੧।ਰਹਾਉ।
(ਪਰ) ਕਬੀਰ ਆਖਦਾ ਹੈ-ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ) , ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ।੨।੩।
(ਮੈਂ ਆਪਣੇ ਪ੍ਰਭੂ ਪਾਸੋਂ ‘ਨਾਮ’ ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ) ।੧।ਰਹਾਉ।
ਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਇਗਾ ਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ (ਭਾਵ, ਸ਼ਾਸਤ੍ਰ ਦੇ ਆਪਣੇ ਹੀ ਲਿਖੇ ਅਨੁਸਾਰ ਇਹਨੀਂ ਥਾਈਂ ਭੀ ਸਦਾ ਨਹੀਂ ਟਿਕੇ ਰਹਿ ਸਕੀਦਾ) ।੧।
ਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ-ਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣ ਸਕਦਾ।੨।
ਪੁੱਤਰ ਵਹੁਟੀ, ਧਨ ਪਦਾਰਥ-ਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ?।੩।
ਕਬੀਰ ਆਖਦਾ ਹੈ-(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੋਰ ਕੋਈ ਕੰਮ ਕਿਸੇ ਅਰਥ ਨਹੀਂ। ਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ।੪।੪।
ਸ਼ਬਦ ਦਾ ਭਾਵ: ਪਰਮਾਤਾਮਾ ਦਾ ਭਜਨ ਹੀ ਇਕ ਐਸਾ ਧਨ ਹੈ ਜੋ ਸਦਾ ਨਾਲ ਨਿਭਦਾ ਹੈ। ਸੁਰਗ, ਸ਼ਿਵ-ਪੁਰੀ, ਰਾਜ, ਵਡਿਆਈ, ਸੰਬੰਧੀ-ਇਹਨਾਂ ਵਿਚੋਂ ਕੋਈ ਭੀ ਸਦਾ ਦਾ ਸਾਥੀ ਨਹੀਂ।
ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ। ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ।੧।ਰਹਾਉ।
ਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ, ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ।੧।
ਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ, ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ।੨।
(ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ) । ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ?।੩।
(ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ-ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ। ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ।੪।੫।
ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਸਿਮਰੋ-ਇਹੀ ਹੈ ਸਦਾ ਦਾ ਸਾਥੀ, ਤੇ ਇਸ ਦੀ ਬਰਕਤਿ ਨਾਲ ਬੜੇ ਬੜੇ ਵਿਕਾਰੀ ਭੀ ਤਰ ਜਾਂਦੇ ਹਨ। ਕਰਮ-ਕਾਂਡ ਦੇ ਭੁਲੇਖਿਆਂ ਵਿਚ ਨਾਹ ਪਵੋ।