ਵਡਹੰਸੁ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥ ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥ ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥ ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥ ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥ ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥ ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥ ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥ ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥ ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥ {ਪੰਨਾ 565-566}
ਅਰਥ: ਸਰੀਰ ਨੂੰ (ਹਿਰਦੇ ਨੂੰ) ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ। ਉਹੀ ਮਨੁੱਖ ਨ੍ਹਾਤਾ ਹੋਇਆ (ਪਵਿਤ੍ਰ) ਹੈ ਤੇ ਉਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ ਜੋ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਜਦੋਂ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਜੀਵ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ। ਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤਿ (ਕੂੜ ਵਿਚੋਂ ਨਿਕਲ ਕੇ) ਉੱਚੀ ਨਹੀਂ ਹੋ ਸਕਦੀ। ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰ ਕੇ ਸਗੋਂ ਆਪਣਾ ਆਤਮਕ ਜੀਵਨ ਹੋਰ ਖ਼ਰਾਬ ਕਰਦਾ ਹੈ। ਜਿਥੇ ਭੀ (ਭਾਵ, ਸਾਧ ਸੰਗਤਿ ਵਿਚ) ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਆਪਣੀ ਸੁਰਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰੋਣੀ ਚਾਹੀਦੀ ਹੈ। (ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ?।੧।
(ਪਰ ਇਹ ਸਿਫ਼ਤਿ-ਸਾਲਾਹ ਹੇ ਪ੍ਰਭੂ! ਤੇਰੀ ਆਪਣੀ ਬਖ਼ਸ਼ਸ਼ ਹੈ) ਮੈਂ ਤਦੋਂ ਹੀ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।
(ਪ੍ਰਭੂ ਦੀ ਮੇਹਰ ਨਾਲ ਹੀ) ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ। ਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਦਾ ਹੈ ਤਦੋਂ ਦੁੱਖ ਨੇ (ਉਸ ਮਨ ਵਿਚੋਂ) ਆਪਣਾ ਡੇਰਾ ਚੁੱਕ ਲਿਆ (ਸਮਝੋ) ।
ਹੇ ਪ੍ਰਭੂ! ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ। ਹੇ ਪ੍ਰਭੂ! ਜਿਸ ਤੈਂ ਨੇ ਆਪਣੇ ਆਪ ਨੂੰ ਆਪ ਹੀ (ਜਗਤ-ਰੂਪ ਵਿਚ) ਪਰਗਟ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ। ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ।੨।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ (ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਬਣਾਂਦਾ ਹੈ, ਇਸ ਵਾਸਤੇ) ਕਿਸੇ ਮਨੁੱਖ ਨੂੰ ਭੈੜਾ ਆਖ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭੈੜਾ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਹੀ ਭੈੜਾ ਬਣਿਆ ਹੈ। ਭੈੜੇ ਨੂੰ ਨਿੰਦਿਆਂ ਪ੍ਰਭੂ ਨਾਲ ਝਗੜਾ ਹੈ। (ਸੋ, ਹੇ ਭਾਈ!) ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰ ਲਈਦਾ ਹੈ।
ਜਿਸ ਮਾਲਕ ਦੇ ਆਸਰੇ ਸਦਾ ਜੀਊਣਾ ਹੈ, ਉਸੇ ਨਾਲ ਹੀ ਬਰਾਬਰੀ ਕਰ ਕੇ (ਜੇ ਦੁੱਖ ਪ੍ਰਾਪਤ ਹੋਇਆ ਤਾਂ ਫਿਰ ਉਸੇ ਪਾਸ) ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ। ਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਨਹੀਂ ਕਰਨੀ ਚਾਹੀਦੀ, ਗਿਲਾ ਗੁਜ਼ਾਰੀ ਕਰ ਕੇ ਵਿਅਰਥ ਬੋਲ-ਬੁਲਾਰਾ ਨਹੀਂ ਕਰਨਾ ਚਾਹੀਦਾ। (ਅਸਲ ਗੱਲ ਇਹ ਹੈ ਕਿ) ਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।੩।
ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ। (ਉਸ ਦੇ ਦਰ ਤੋਂ ਸਭ ਜੀਵ ਦਾਤਾਂ ਮੰਗਦੇ ਹਨ) ਕੌੜੀ ਚੀਜ਼ ਭੀ ਨਹੀਂ ਮੰਗਦਾ, ਹਰੇਕ ਜੀਵ ਮਿੱਠੀਆਂ ਸੁਖਦਾਈ ਚੀਜ਼ਾਂ ਹੀ ਮੰਗਦਾ ਹੈ। ਹਰੇਕ ਜੀਵ ਮਿੱਠੇ ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।
ਜੀਵ (ਦੁਨੀਆ ਦੇ ਮਿੱਠੇ ਪਦਾਰਥਾਂ ਦੀ ਖ਼ਾਤਰ) ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ। ਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤਿ ਮਿਲਦੀ ਹੈ।
ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ।੪।੧।