Amrit Vele Da Hukamnama Gurudwara Baba Zorawar Singh Ji Baba Fateh Singh Ji 2-9-24

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨੑਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥ {ਪੰਨਾ 753}

ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤਿ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ) । ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ।੧।

ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨਿ੍ਹਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ। ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।੨।

You may also like these