ਸਲੋਕੁ ਮਃ ੨ ॥
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
ਮਃ ੨ ॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
ਮਃ ੨ ॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
ਮਃ ੨ ॥ ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥
ਪਉੜੀ ॥ ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥ ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥ ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥ ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥
ਅਰਥ: ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ; ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ।੧। ਹੇ ਨਾਨਕ! ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ, (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ।੨।ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ; ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ।੪।ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ; ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ। ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ।
ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ; ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ।੭।