ਤਿਲੰਗ ਮਹਲਾ ੧ ਘਰੁ ੨ ੴ ਸਤਿਗੁਰ ਪ੍ਰਸਾਦਿ ॥
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥ ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜੑਣਾ ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ ਘਿਅ ਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥ {ਪੰਨਾ 721}
ਨੋਟ: ਅੰਕ ੩ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ਇਹ ਸ਼ਬਦ “ਘਰੁ ੨” ਦਾ ਪਹਿਲਾ ਸ਼ਬਦ ਹੈ।
ਅਰਥ: (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ।੧।ਰਹਾਉ।
ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ।੧।
ਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ। ਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ।੨।
ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ) । (ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ।
ਹੇ ਨਾਨਕ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ, ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ।੩।੧।੨।