Amrit Vele Da Hukamnama Gurudwara Baba Zorawar Singh Ji Baba Fateh Singh Ji 17-3-24

ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ
ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੩ ॥
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥ ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥ ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥ ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥ ਮਃ ੩ ॥ ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥ ਮਃ ੩ ॥ ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥ ਪਉੜੀ ॥ ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥ ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥ ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥ ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥ ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥ {ਪੰਨਾ 585}

ਅਰਥ: ਜੋ ਮਨੁੱਖ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਵੱਡੇ ਬਿਬੇਕੀ (ਸੰਤ) ਹਨ; ਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ; ਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਹੇ ਨਾਨਕ! ਆਖ-) ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ।੧।
ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ; ਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ।੨।
ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ, ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ।੩।
ਹੇ ਪ੍ਰਭੂ! ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ, ਤੂੰ ਆਪ ਹੀ ਹੈਂ; ਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ) , ਤੇਰੇ ਵਰਗਾ ਕੋਈ ਦੂਜਾ ਨਹੀਂ ਹੈ। ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ; ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ।
(ਹੇ ਭਾਈ!) ਸਾਰੇ ਆਖਹੁ-ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤਿ (ਅਸਾਡੇ) ਮੂੰਹ ਵਿਚ ਪਾਈ ਹੈ (ਭਾਵ, ਅਸਾਨੂੰ ਨਾਮ ਦੀ ਦਾਤਿ ਬਖ਼ਸ਼ੀ ਹੈ) ।੧।

About the Author

You may also like these

Discover more from

Subscribe now to keep reading and get access to the full archive.

Continue reading