Adhyatmik Updesh – ਅਧਿਆਤਮਕ ਉਪਦੇਸ਼

ਅਧਿਆਤਮਕ ਉਪਦੇਸ਼

ਗੁਰੂ ਗ੍ਰੰਥ ਸਾਹਿਬ ਦੇ ਪ੍ਰਮੁੱਖ ਅਧਿਆਤਮਕ ਸਿਧਾਂਤਾਂ ਵਿੱਚੋਂ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ, ਸ੍ਰਿਸ਼ਟੀ ਦੀ ਹੋਂਦ, ਨਾਮ, ਸਤਿਸੰਗਤ ਅਤੇ ਅਰਦਾਸ ਦੀ ਵਿਆਖਿਆ ਰਾਹੀਂ ਧਰਮ ਅਤੇ ਉਪਦੇਸ਼ ਦੇ ਸਬੰਧਾਂ ਨੂੰ ਸਾਹਮਣੇ ਲਿਆਉਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਅਧਿਆਤਮਕ ਸਿਧਾਂਤ ਹਨ ਪਰ ਉਹਨਾਂ ਦੇ ਵਰਣਨ ਦੀ ਇੱਥੇ ਗੁੰਜਾਇਸ਼ ਨਹੀਂ ਅਤੇ ਉਹਨਾਂ ਦਾ ਵਿਸ਼ਲੇਸ਼ਣ ਥਾਂ ਸਿਰ ਕੀਤਾ ਜਾਵੇਗਾ।

  1. ਇੱਕ ਕਰਤਾ ਵਿੱਚ ਵਿਸ਼ਵਾਸ

ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਮੂਲ ਮੰਤਰ ਦਰਜ ਹੈ ਅਤੇ ਮੂਲ ਮੰਤਰ ਵਿੱਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਗਈ ਹੈ। ਇਸ ਮੂਲ ਮੰਤਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲਾਚਰਨ ਵਜੋਂ ਵਰਤਿਆ ਗਿਆ ਹੈ।

ਸਿੱਖ ਧਰਮ ਦਾ ਮੂਲ ਅਕਾਲ ਪੁਰਖ ਹੈ। ਅਕਾਲ ਪੁਰਖ ਦੇ ਸਰੂਪ ਅਤੇ ਗੁਣਾਂ ਦਾ ਵਿਖਿਆਨ ਮੁੱਢਲੇ ਤੌਰ ‘ਤੇ ਮੂਲ ਮੰਤਰ ਵਿੱਚੋਂ ਹੀ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਦਰਜ ਮੂਲ ਮੰਤਰ ਇਸ ਤਰ੍ਹਾਂ ਹੈ :

ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ੴ  – ਅਕਾਲ ਪੁਰਖ ਕੇਵਲ ਇੱਕ ਹੈ, ਉਸ ਜਿਹਾ ਹੋਰ ਕੋਈ ਨਹੀਂ ਅਤੇ ਉਹ ਸਭ ਥਾਂ ਇੱਕ ਰਸ ਵਿਆਪਕ ਹੈ।

ਸਤਿਨਾਮੁ – ਉਸ ਦਾ ਨਾਮ ਸਦੀਵੀ ਹੋਂਦ ਵਾਲਾ ਤੇ ਸਦਾ ਲਈ ਅਟੱਲ ਹੈ।
ਕਰਤਾ – ਉਹ ਸਭ ਕੁਝ ਬਨਾਉਣ ਵਾਲਾ ਹੈ।
ਪੁਰਖੁ  – ਉਹ ਸਭ ਕੁਝ ਬਣਾ ਕੇ ਉਸ ਵਿੱਚ ਇੱਕ ਰਸ ਵਿਆਪਕ ਹੈ। 
ਨਿਰਭਉ  –  ਉਸ ਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰੁ – ਉਸ ਦਾ ਕਿਸੇ ਨਾਲ ਵੀ ਵੈਰ ਨਹੀਂ ਹੈ।
ਅਕਾਲ ਮੂਰਤਿਉਹ ਕਾਲ ਰਹਿਤ ਹੈ, ਉਸ ਦੀ ਕੋਈ ਮੂਰਤ ਨਹੀਂ, ਉਹ ਸਮੇ ਦੇ ਪ੍ਰਭਾਵ ਤੋਂ ਮੁਕਤ ਹੈ।
ਅਜੂਨੀ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ।
ਸੈਭੰ ਉਸਨੂੰ ਕਿਸੇ ਨੇ ਨਹੀਂ ਬਣਾਇਆ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ।
ਗੁਰਪ੍ਰਸਾਦਿ ਅਜਿਹਾ ਅਕਾਲ ਪੁਰਖ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ।

ਇਹ ਮੰਗਲਾਚਰਨ ਕਿਸੇ ਥਾਂ ਪੂਰਾ ਅਤੇ ਕਿਸੇ ਥਾਂ ਛੋਟੇ ਸਰੂਪ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਇਸ ਦੇ ਕੁਲ ਰੂਪ ਇਸ ਤਰ੍ਹਾਂ ਦਰਜ ਹਨ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ (33 ਵਾਰ)

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ

ੴ ਸਤਿ ਨਾਮੁ ਗੁਰ ਪ੍ਰਸਾਦਿ

ੴ ਸਤਿਗੁਰ ਪ੍ਰਸਾਦਿ

ਅਸਲ ਵਿੱਚ ਮੂਲ ਮੰਤਰ ਵਿੱਚ ਦਿੱਤੇ ਰੱਬ ਦੇ ਗੁਣ ਮਨੁੱਖ ਅੰਦਰ ਉਤਾਰਨ ਅਤੇ ਉਸਨੂੰ ਰੱਬ ਵਰਗਾ ਬਨਾਉਣ ਦਾ ਉਪਦੇਸ਼ ਪਹਿਲੀ ਵਾਰ ਗੁਰਬਾਣੀ ਨੇ ਦਿੱਤਾ। ਕਿਉਂਕਿ ਜੀਵ ਜੇਕਰ ਪਰਮਾਤਮਾ ਦੇ ਗੁਣਾਂ ਨੂੰ ਅੰਗੀਕਾਰ ਕਰ ਲਵੇਗਾ ਤਾਂ ਸੰਸਾਰ ਵਿੱਚ ਨਿਰਭਉ ਨਿਰਵੈਰੀ ਕੀਮਤਾਂ ਦੀ ਸਥਾਪਨਾ ਹੋਵੇਗੀ। ਇਹਨਾਂ ਕੀਮਤਾਂ ਦੀ ਸਥਾਪਨਾ ਸਚਖੰਡ ਦੀ ਸਥਾਪਨਾ ਦਾ ਮਾਰਗ ਦਰਸ਼ਨ ਕਰੇਗੀ ਅਤੇ ਸੰਸਾਰ ‘ਬੇਗਮਪੁਰਾ’ ਬਣ ਜਾਏਗਾ।

  1. ਸ੍ਰਿਸ਼ਟੀ ਰਚਨਾ

ਸੰਸਾਰ ਦਾ ਹਰ ਧਰਮ ਗ੍ਰੰਥ ਦ੍ਰਿਸ਼ਟੀ ਰਚਨਾ ਬਾਰੇ ਆਪੋ-ਆਪਣੇ ਸਿਧਾਂਤ ਪ੍ਰਗਟ ਕਰਦਾ ਹੈ। ਇਹਨਾਂ ਵਿੱਚ ਕੇਵਲ ਇਕੋ ਸਾਂਝ ਹੈ ਕਿ ਸ੍ਰਿਸ਼ਟੀ ਨੂੰ ਸਿਰਜਣ ਵਾਲੀ ਕੋਈ ਵੱਡੀ ਸ਼ਕਤੀ ਹੈ। ਗੁਰੂ ਗ੍ਰੰਥ ਸਾਹਿਬ ਵੀ ਸੰਸਾਰ ਦੇ ਦੂਜੇ ਧਰਮਾਂ ਵਾਂਗ ਬ੍ਰਹਿਮੰਡ ਦੀ ਉਤਪਤੀ, ਉਸਦੇ ਪ੍ਰਕਾਸ਼ ਅਤੇ ਵਿਨਾਸ਼ ਨੂੰ ਮੰਨਦਾ ਹੈ ਪਰ ਦੂਜੇ ਧਰਮ ਗ੍ਰੰਥਾਂ ਵਾਂਗ ਥਿਤਾਂ, ਰੁਤਾਂ, ਵਾਰਾਂ, ਯੁਗਾਂ ਆਦਿ ਦੀ ਗਿਣਤੀ-ਮਿਣਤੀ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਅਤੇ ਨਾ ਹੀ ਇਸ ਗੱਲ ਨਾਲ ਸਹਿਮਤ ਹੈ ਕਿ ਧਰਤੀ ਦੀ ਰਚਨਾ ਕੁਝ ਨਿਸ਼ਚਿਤ ਦਿਨਾਂ ਵਿੱਚ ਹੋਈ ਹੈ। ਸਭ ਅਸਮਾਨ ਅਤੇ ਸਤ ਧਰਤੀਆਂ ਦੇ ਸਿਧਾਂਤ ਨੂੰ ਵੀ ਇਹ ਅਪ੍ਰਵਾਨ ਕਰਦਾ ਹੈ।

ਗੁਰੂ ਗ੍ਰੰਥ ਸਾਹਿਬ ਉਪਦੇਸ਼ ਦਿੰਦਾ ਹੈ ਕਿ ਸੰਸਾਰ ਦੀ ਉਤਪਤੀ ਅਤੇ ਵਿਕਾਸ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਅਕਾਲ ਪੁਰਖ ਸ੍ਰਿਸ਼ਟੀ ਦਾ ਕਰਤਾ ਅਤੇ ਜਗਤ ਦਾ ਨਿਰਮਾਤਾ ਵੀ ਹੈ। ਕਰਤੇ ਨੂੰ ਉਸਦੀ ਕ੍ਰਿਤ ਜਾਣ ਨਹੀਂ ਸਕਦੀ ਅਤੇ ਇਹ ਬ੍ਰਹਿਮੰਡ ਅਕਾਲ ਪੁਰਖ ਦੀ ਖੇਡ ਹੈ। ਜਦੋਂ ਉਹ ਚਾਹੁੰਦਾ ਹੈ, ਇਸ ਖੇਡ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਜਦੋਂ ਉਸਦਾ ਦਿਲ ਚਾਹੁੰਦਾ ਹੈ ਇਸਨੂੰ ਸਮੇਟ ਕੇ ਆਪਣੇ ਵਿੱਚ ਸ਼ਾਮਿਲ ਕਰ ਲੈਂਦਾ ਹੈ।

ਗੁਰੂ ਗ੍ਰੰਥ ਸਾਹਿਬ ਅਨੁਸਾਰ ਬ੍ਰਹਿਮੰਡ ਦੀ ਹੋਂਦ ਤੋਂ ਪਹਿਲਾਂ ਸੁੰਨ ਅਤੇ ਧੁੰਧੂਕਾਰ ਦੀ ਅਵਸਥਾ ਸੀ, ਪਰਮਾਤਮਾ ਦੇ ਹੁਕਮ ਨਾਲ ਉਸ ਵਿੱਚੋਂ ਸ੍ਰਿਸ਼ਟੀ ਦੀ ਉਤਪਤੀ ਹੋਈ ਅਤੇ ਇਸ ਉਤਪਤੀ ਨੂੰ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ’ ਦੇ ਸੰਦਰਭ ਵਿੱਚ ਮੰਨ ਕੇ ਜਿਊਣਾ ਚਾਹੀਦਾ ਹੈ।

ਸ੍ਰਿਸ਼ਟੀ ਰਚਨਾ ਦਾ ਜੋ ਪਸੰਗ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਸ ਪ੍ਰਸੰਗ ਨੇ ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਦਿੱਤੇ ਸ੍ਰਿਸ਼ਟੀ ਰਚਨਾ ਦੇ ਪ੍ਰਸੰਗ ਨੂੰ ਨਿਰਾਰਥਕ ਸਿਧ ਕਰਕੇ ਇਸਨੂੰ ਪਰਮਾਤਮਾ ਦਾ ਅਬੁੱਝ ਹੁਕਮ ਦਰਸਾਇਆ ਹੈ।

ਆਧੁਨਿਕ ਗਿਆਨ-ਵਿਗਿਆਨ ਨੇ ਆਪਣੀਆਂ ਖੋਜ ਪਰਿਕਿਰਿਆਵਾਂ ਰਾਹੀਂ ਜੋ ਸਿਧ ਕੀਤਾ ਹੈ, ਉਸੇ ਸੱਚ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਤੋਂ ਕਿਤੇ ਪਹਿਲੇ ਰੂਪਮਾਨ ਕਰਕੇ ਸਿੱਖ ਧਰਮ ਦੀ ਸਰਦਾਰੀ ਸਥਾਪਿਤ ਕਰ ਦਿੱਤੀ ਗਈ ਹੈ ਅਤੇ ਇਸਨੂੰ ਆਧੁਨਿਕ ਸਮੇਂ ਦਾ ਧਰਮ ਪ੍ਰਵਾਨ ਕਰਦੇ ਹੋਏ ਵੱਡੇ ਵਿਗਿਆਨੀ ਵੀ ਨਮੋ ਕਰਨ ਲਈ ਮਜਬੂਰ ਹੋ ਜਾਂਦੇ ਹਨ। ਸਾਇੰਸ ਨੇ ਜੋ ਨਤੀਜੇ ਕੱਢੇ, ਉਹਨਾਂ ਵਿੱਚ ਹੋਰਨਾਂ ਧਰਮਾਂ ਦੁਆਰਾ ਸਥਾਪਿਤ ਕੀਤੇ ਸ੍ਰਿਸ਼ਟੀ ਦੇ ਪੈਦਾ ਹੋਣ ਦੇ ਵਕਤ ਨਕਾਰਿਆ ਹੈ, ਉਸਦੀ ਪਰਿਕਿਰਿਆ ਨੂੰ ਅਸਵੀਕਾਰ ਕੀਤਾ ਹੈ, ਸਤ ਅਸਮਾਨਾਂ ਸਭ ਧਰਤੀਆਂ ਨੂੰ ਮੂਲੋਂ ਰੱਦ ਕੀਤਾ ਹੈ। ਸਾਇੰਸ ਵੱਲੋਂ ਪ੍ਰਵਾਨ ਕੀਤਾ ਸ੍ਰਿਸ਼ਟੀ ਸਾਜਨਾ ਦਾ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਨੇ ਪਹਿਲਾਂ ਹੀ ਸਥਾਪਿਤ ਕਰ ਦਿੱਤਾ 

 

  1. ਨਿਸ਼ਚਿਤ ਸਮੇਂ ਨੂੰ ਮੰਨਣ ਤੋਂ ਇਨਕਾਰੀ

ਜਗਤ ਦੇ ਬਣਨ ਦੀ ਥਿੱਤ, ਵਾਰ ਅਤੇ ਰੁੱਤ ਬਾਰੇ ਕੋਈ ਨਹੀਂ ਜਾਣ ਸਕਦਾ। ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਕਿਹੜੀ ਰੁੱਤ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਨਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ। 

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਇ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।

(ਜਪੁ ਜੀ, ਪਉੜੀ 21, ਅੰਗ 4)

 

  1. ਸ੍ਰਿਸ਼ਟੀ ਤੋਂ ਪਹਿਲਾਂ ਦੀ ਅਵਸਥਾ

ਬ੍ਰਹਿਮੰਡ ਦੀ ਹੋਂਦ ਤੋਂ ਪਹਿਲਾਂ ਸੁੰਨ ਅਤੇ ਧੁੰਧੂਕਾਰ ਦੀ ਅਵਸਥਾ ਸੀ 

ਅਰਬਦ ਨਰਬਦ ਧੁੰਧੂਕਾਰਾ।। 
ਧਰਣਿ ਨ ਗਗਨਾ ਹੁਕਮੁ ਅਪਾਰਾ।। 
ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥

(ਮਾਰੂ ਮ: 1, ਅੰਗ 1035)

  1. ਧਰਤੀ ਦੇ ਪਸਾਰੇ ਸਬੰਧੀ

ਪਾਤਾਲਾਂ ਦੇ ਹੇਠ ਹੋਰ ਲੱਖਾਂ ਹੀ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥….
…..ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥

(ਜਪੁ ਜੀ, ਪਉੜੀ 22, ਅੰਗ 5)

  1. ਪਰਮਾਤਮਾ ਦਾ ਪਸਾਰਾ

ਇਹ ਸਾਰੀ ਰਚਨਾ ਪਰਮਾਤਮਾ ਤੋਂ ਪੈਦਾ ਹੋਈ ਹੈ ਅਤੇ ਉਸੇ ਵਿੱਚ ਸਮਾ ਜਾਂਦੀ ਹੈ।

iii. ਨਾਮ

ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।।

(ਆਸਾ ਕੀ ਵਾਰ, ਅੰਗ 463)

ਨਾਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਮੁੱਖ ਉਪਦੇਸ਼ ਹੈ। ਇਸਨੂੰ ਸਿਰਜਣਹਾਰ, ਪਾਲਣਹਾਰ ਅਤੇ ਸਰਬ-ਸਮਰਥ ਹਸਤੀ ਲਈ ਵੀ ਵਰਤਿਆ ਹੋਇਆ ਹੈ। ਇਸ ਤਰ੍ਹਾਂ ਇਹ ਪਰਮਾਤਮਾ ਦੀਆਂ ਸੰਪੂਰਨਤਾਵਾਂ ਦਾ ਪ੍ਰਕਾਸ਼ਨ ਕਰਨ ਵਾਲਾ ਤਰੀਕਾ ਵੀ ਹੈ ਅਤੇ ਇਸਦੇ ਮਾਧਿਅਮ ਰਾਹੀਂ ਮਨੁੱਖ ਇਸਦੇ ਰਹੱਸ ਨੂੰ ਬੁੱਝ ਵੀ ਸਕਦਾ ਹੈ।

ਨਾਮ ਇੱਕ ਸਰਬ ਵਿਆਪਕ ਹੋਂਦ ਹੈ ਜੋ ਹਰ ਥਾਂ ਭਰਪੂਰ ਹੋ ਕੇ ਘੱਟ-ਘੱਟ ਨੂੰ ਤਾਰ ਰਹੀ ਹੈ। ਨਾਮ ਸਭ ਤੋਂ ਉੱਚਾ ਹੈ, ਸਰਬ-ਸ਼ਕਤੀਮਾਨ ਹੈ, ਹਰ ਥਾਂ ਪਸਰਿਆ ਹੋਇਆ ਹੈ। ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ, ਇਹ ਸਭ ਤੋਂ ਸ੍ਰੇਸ਼ਟ ਹੈ

ਨਾਮ ਤੁਲਿ ਕਛੁ ਅਵਰੁ ਨ ਹੋਇ।।
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ।
(ਗੁ.ਗ੍ਰੰ.ਸਾ. ਅੰਗ 265)


ਨਾਮ ਪਰਮਾਤਮਾ ਦਾ ਦੂਸਰਾ ਰੂਪ ਹੈ।

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਈਐ ਨਰਕਿ ਨ ਜਾਈਐ।।

(ਗੁ.ਗ੍ਰੰ.ਸਾ. ਅੰਗ 465)

ਨਾਮ ਮਾਧਿਅਮ ਵੀ ਹੈ ਅਤੇ ਮੰਜ਼ਿਲ ਵੀ। ਨਾਮ ਨੂੰ ਅਨੁਭਵ ਦਾ ਹਿੱਸਾ ਬਣਾਏ ਜਾਣ ਦੀ ਲੋੜ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕੀਤਾ ਗਿਆ ਹੈ। ਨਾਮ ਪ੍ਰਾਪਤੀ ਦਾ ਮਾਧਿਅਮ ਅਤੇ ਸਥਾਨ ਸਤਿਸੰਗਤ ਨੂੰ ਪ੍ਰਵਾਨ ਕੀਤਾ ਗਿਆ ਹੈ। ਨਾਮ ਕਿਵੇਂ ਘੱਟ-ਘੱਟ ਵਿੱਚ ਵਿਆਪਕ ਹੈ, ਇਸਨੂੰ ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਨਾਲ ਜਾਣਿਆ ਜਾ ਸਕਦਾ ਹੈ :

ਨਾਮ ਕੇ ਧਾਰੇ ਸਗਲੇ ਜੰਤ।। ਨਾਮ ਕੇ ਧਾਰੇ ਖੰਡ ਬ੍ਰਹਮੰਡ।।….
ਨਾਮ ਕੇ ਧਾਰੇ ਆਗਾਸ ਪਾਤਾਲ।। ਨਾਮ ਕੇ ਧਾਰੇ ਸਗਲ ਆਕਾਰ।

(ਗੁ.ਗ੍ਰੰ.ਸਾ. ਅੰਗ 284)

ਨਾਮ ਅਭਿਆਸ ਤੋਂ ਭਾਵ ਹੈ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਪੈਦਾ ਕਰਨਾ (Practising Presence of God)। ਨਾਮ ਦੀ ਪ੍ਰਾਪਤੀ ‘ਗੁਰਪ੍ਰਸਾਦਿ’ ਭਾਵ ਗੁਰੂ ਦੀ ਕਿਰਪਾ ਰਾਹੀਂ ਹੀ ਹੋ ਸਕਦੀ ਹੈ।

 

  1. ਸਤਿਸੰਗਤ

ਸਤਿਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨੇ ਅਧਿਆਤਮਕ ਚੇਤਨਾ ਦਾ ਕੇਂਦਰੀ ਧੁਰਾ ਪ੍ਰਵਾਨ ਕੀਤਾ ਹੈ ਕਿਉਂਕਿ ਸਤਿਸੰਗਤ ਜਾਤ-ਪਾਤ, ਊਚ-ਨੀਚ ਅਤੇ ਭੇਦ- ਭਾਵ ਤੋਂ ਮੁਕਤ ਅਧਿਆਤਮਕ ਸੰਸਥਾ ਹੈ। ਸੇਵਾ ਅਤੇ ਆਤਮ ਸਮਰਪਣ ਇਸ ਦੀਆਂ ਮੁਢਲੀਆਂ ਲੋੜਾਂ ਹਨ। ਵਿਸ਼ੇ-ਵਿਕਾਰਾਂ, ਬੁਰੀਆਂ ਆਦਤਾਂ ਤੋਂ ਛੁਟਕਾਰਾ ਪਾਉਣ ਅਤੇ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਲਈ ਸੱਚੇ ਪੁਰਖਾਂ ਦੀ ਸੰਗਤ ਵਿੱਚ ਬੈਠਣਾ, ਉਹਨਾਂ ਦੇ ਮਹਾਨ ਉਪਦੇਸ਼ਾਂ ਨੂੰ ਸੁਣਨਾ ਅਤੇ ਪ੍ਰਭੂ ਗੁਣਾਂ ਦੀ ਚਰਚਾ ਕਰਨੀ ਆਦਿ ਸਤਿਸੰਗਤ ਦਾ ਮੁੱਢਲਾ ਕਰਮ ਮੰਨਿਆ ਗਿਆ ਹੈ।

ਗੁਰੂ ਗ੍ਰੰਥ ਸਾਹਿਬ ਸਤਿਸੰਗਤ ਨੂੰ ਸ੍ਰੇਸ਼ਠ ਹੀ ਨਹੀਂ ਮੰਨਦਾ ਸਗੋਂ ਅਧਿਆਤਮਕ ਉਨੱਤੀ ਅਤੇ ਸਮਾਜਿਕ ਬਰਾਬਰੀ ਦਾ ਜ਼ਰੂਰੀ ਅੰਗ ਵੀ ਪ੍ਰਵਾਨ ਕਰਦਾ ਹੈ। ਕਿਉਂਕਿ ਸਤਿਸੰਗਤ ਉਹ ਹੈ ਜਿੱਥੇ ਸੱਤ ਮਨੁੱਖ ਇੱਕ ਸੁਰ ਹੋ ਕੇ ਉਸ ਸੱਚੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ।

ਸਤਿਸੰਗਤਿ ਕੈਸੀ ਜਾਣੀਐ।। 
ਜਿਥੈ ਏਕੋ ਨਾਮੁ ਵਖਾਣੀਐ।।

(ਗੁ.ਗ੍ਰੰ.ਸਾ. ਅੰਗ 72)

ਸਤਿਸੰਗਤ ਉਸਨੂੰ ਪ੍ਰਵਾਨ ਕੀਤਾ ਜਾਂਦਾ ਹੈ ਜਿਸਦੇ ਸੰਪਰਕ ਨਾਲ ਜੀਵ ਮੁਕਤੀ ਮਾਰਗ ਉੱਤੇ ਚਲ ਪਏ। ਸਤਿਸੰਗਤ ਦੁਆਰਾ ਸਭ ਪਾਪਾਂ ਦੇ ਨਾਸ਼ ਹੋ ਜਾਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਮਨ ਪ੍ਰਭੂ ਦੇ ਨਾਮ ਸਿਮਰਨ ਵਿੱਚ ਲੀਨ ਹੋਣ ਦੀ ਜਾਚ ਸਿੱਖ ਜਾਏ ਅਤੇ ਵਿਕਾਰਾਂ ਮਗਰ ਭੱਜਣ ਤੋਂ ਹਟ ਜਾਵੇ। ਸਤਿਸੰਗਤ ਵਿੱਚ ਹੀ ਪ੍ਰਭੂ ਦੇ ਨਾਮ (ਗਿਆਨ) ਦਾ ਪ੍ਰਕਾਸ਼ ਹੁੰਦਾ ਹੈ। 

ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ
ਮਿਲਿ ਜਨ ਨਾਨਕ ਨਾਮ ਪਰਗਾਸਿ।।

(ਗੁ.ਗ੍ਰੰ.ਸਾ. ਅੰਗ 125)

ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਕਿ ਇੱਥੇ ਬ੍ਰਾਹਮਣ ਜਾਂ ਸ਼ੂਦਰ ਦਾ ਕੋਈ ਭੇਦ ਨਹੀਂ ਹੈ। ਜੋ ਵੀ ਸੰਗਤ ਦੀ ਸ਼ਰਨ ਵਿੱਚ ਆਇਆ, ਉਹ ਪ੍ਰਭੂ ਦਾ ਪਿਆਰਾ ਹੋ ਗਿਆ। ਬੇਸ਼ਕ ਉਹ ਜੁਲਾਹਾ ਕਬੀਰ ਸੀ, ਚਮਾਰ ਰਵਿਦਾਸ ਜਾਂ ਧੰਨਾ ਜੱਟ : 

ਸਾਧੂ ਸਰਣਿ ਪਰੈ ਸੋ ਉਬਰੈ, ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ।।
ਨਾਮਾ ਜੈਦੇਉ ਕੰਬੀਰੁ ਤਿਲੋਚਨੁ ਆਉਜਾਤਿ ਰਵਿਦਾਸੁ ਚਮਿਆਰੁ ਚਮਈਆ। 
ਜੋ ਜੋ ਮਿਲੈ ਸਾਧੂ ਜਨੁ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ

(ਗ੍ਰੰ.ਗ੍ਰੰ.ਸਾ. ਅੰਗ 835)

ਰੂਹਾਨੀ ਗੁਣਾਂ ਦੇ ਉਜਾਗਰ ਹੋ ਸਕਣ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਸਾਧਸੰਗਤ ਇੱਕ ਅਜਿਹੇ ਮਾਨਸਰੋਵਰ ਦੀ ਨਿਆਈਂ ਮੰਨੀ ਗਈ ਹੈ ਜਿਸ ਵਿੱਚ ਅਮੋਲਕ ਰਤਨ ਅਤੇ ਸਤ, ਸੰਤੋਖ ਵਰਗੇ ਸਦਗੁਣ ਪੈਦਾ ਹੋ ਸਕਦੇ ਹਨ। ਇਹਨਾਂ ਸਾਰੇ ਦੁਰਲੱਭ ਪਦਾਰਥਾਂ ਦੀ ਹੋਂਦ ਬੀਜ ਰੂਪ ਵਿੱਚ ਸੰਸਾਰ ਦੇ ਅੰਦਰ ਹੀ ਹੈ। ਪਰ ਇਨ੍ਹਾਂ ਨੂੰ ਪ੍ਰਗਟ ਕਰਨ ਵਿੱਚ ਸਤਿਸੰਗਤ ਸਹਾਈ ਹੋ ਸਕਦੀ ਹੈ। ਜਿਵੇਂ ਹੰਸ ਮਾਨਸਰੋਵਰ ਉੱਤੇ ਕੇਵਲ ਮੋਤੀ ਚੁੱਗਣ ਲਈ ਜਾਂਦਾ ਹੈ, ਤਿਵੇਂ ਹੀ ਗੁਰਸਿੱਖ ਸਾਧ ਸੰਗਤ ਰੂਪੀ ਮਾਨਸਰੋਵਰ ਵਿੱਚ ਜਾ ਕੇ ਸੂਰਤ ਰਾਹੀਂ ਗੁਰ-ਸ਼ਬਦ ਦੇ ਮੋਤੀ ਚੁੱਗ ਕੇ ਸਦਗੁਣਾਂ ਨਾਲ ਭਰਪੂਰ ਹੋ ਕੇ ਗੁਰਮਤਿ ਦਾ ਅਡੋਲ ਪਾਂਧੀ ਹੋ ਜਾਂਦਾ ਹੈ।

  1. ਅਰਦਾਸ

ਅਰਦਾਸ ਸਿੱਖ ਧਰਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਤੇ ਖ਼ੂਬਸੂਰਤ ਸਿਧਾਂਤ ਹੈ। ਸਿੱਖ ਧਰਮ ਵਿੱਚ ਇਸ ਤੋਂ ਬਿਨਾ ਕੋਈ ਵੀ ਕਾਰਜ ਸੰਪੰਨ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਅਰਦਾਸ ਨੂੰ ਉਪਦੇਸ਼ ਰੂਪ ਵਿੱਚ ਵਰਣਨ ਕੀਤਾ ਹੈ ਅਤੇ ਇਸਦੀ ਮਹੱਤਤਾ ਨੂੰ ਵੀ ਰੂਪਮਾਨ ਕੀਤਾ ਹੈ।

ਅਰਦਾਸ ਅਸਲ ਵਿੱਚ ਅਕਾਲ ਪੁਰਖ ਨਾਲ ਗੱਲਾਂ ਕਰਨ ਦਾ ਮਾਧਿਅਮ ਹੈ। ਇਹ ਸ਼ਬਦ ‘ਅਰਦਾਸ’ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ 26 ਵਾਰ, ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ 7 ਵਾਰ, ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ 9 ਵਾਰ, ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ 53 ਵਾਰ, ਭਗਤ ਕਬੀਰ ਜੀ ਦੀ ਬਾਣੀ ਵਿੱਚ 1 ਵਾਰ, ਭਟਾਂ ਦੇ ਸਵੱਈਏ ਵਿੱਚ 2 ਵਾਰ ਅਤੇ ਸਦੁ ਬਾਣੀ ਵਿੱਚ 1 ਵਾਰ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਦੀ ਕੁਲ ਗਿਣਤੀ 99 ਬਣਦੀ ਹੈ।

ਸੰਸਕ੍ਰਿਤ ਮੂਲ ਮੁਤਾਬਿਕ ਅਰਦਾਸ ਸ਼ਬਦ ਅਰਦ + ਆਸ ਤੋਂ ਬਣਿਆ ਹੈ। ਇਸ ਦਾ ਅਰਥ ਹੈ ਮੁਰਾਦ ਮੰਗਣ ਦੀ ਪਰਿਕਿਰਿਆ। ਇਹ ਫ਼ਾਰਸੀ ਸ਼ਬਦ ਅਰਜ਼ + ਦਾਸਤ ਦਾ ਮੇਲ ਹੈ ਜਿਸ ਦਾ ਅਰਥ ਹੈ ਬਿਨੈ ਪੱਤਰ ਅਤੇ ਬੇਨਤੀ।

ਅਰਦਾਸ ਆਪਣੇ ਆਪ ਵਿੱਚ ਇੱਕ ਬੜਾ ਕੀਮਤੀ ਅਤੇ ਗੁਣਕਾਰੀ ਅਮਲ ਹੈ। ਇਸ ਰਾਹੀਂ ਜਗਿਆਸੂ ਆਪਣੇ ਪਰਮਾਤਮਾ ਨਾਲ ਖੁਲ੍ਹੇ ਦਿਲ ਨਾਲ ਗੱਲਾਂ ਕਰ ਸਕਦਾ ਹੈ। ਅਰਦਾਸ ਹੀ ਮਨੁੱਖ ਦੀ ਸੀਮਿਤ ਹੋਂਦ ਅਤੇ ਅਸੀਮਿਤ ਅਕਾਲ ਪੁਰਖ ਵਿਚਲੀ ਦੂਰੀ ਨੂੰ ਪੂਰਾ ਕਰਨ ਦਾ ਸਾਧਨ ਬਣਦਾ ਹੈ।

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ।।
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ।।

(ਗੁ.ਗ੍ਰੰ.ਸਾ. ਅੰਗ 714)

ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਪਰੰਪਰਾ ਕਿਸੇ ਨਾ ਕਿਸੇ ਰੂਪ ਵਿੱਚ ਦੂਜੇ ਧਰਮਾਂ ਵਿੱਚ ਵੀ ਹੈ। ਪਰ ਸਿੱਖ ਧਰਮ ਵਿੱਚ ਅਰਦਾਸ ਦਾ ਵਿਲੱਖਣ ਸਰੂਪ ਅਤੇ ਸਿਧਾਂਤ ਹੈ। ਅਰਦਾਸ ਵਿੱਚ ਸਿੱਖ ਆਪਣੀ ਇੱਛਾ ਨੂੰ ਪਰਮਾਤਮਾ ਦੀ ਇੱਛਾ ਦੇ ਅਧੀਨ ਕਰ ਦਿੰਦਾ ਹੈ ਅਤੇ ਵਾਹਿਗੁਰੂ ਤੋਂ ਭਾਣਾ ਮੰਨਣ ਅਤੇ ਹੁਕਮ ਵਿੱਚ ਚਲਣ ਦੀ ਸ਼ਕਤੀ ਮੰਗਦਾ ਹੈ। ਇਸ ਨਾਲ ਚੜ੍ਹਦੀ ਕਲਾ ਦੇ ਸਿਧਾਂਤ ਦੀ ਨੀਂਹ ਟਿੱਕ ਜਾਂਦੀ ਹੈ। ਸਮਰਪਿਤ ਆਪਾ ਹੀ ਚੜ੍ਹਦੀ ਕਲਾ ਦੇ ਮਾਰਗ ਉੱਤੇ ਤੁਰ ਸਕਦਾ ਹੈ। ਇਸੇ ਲਈ ਸਿੱਖ ਵਾਸਤੇ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਵਿੱਚ ਵੀ ਗੁਰੂ ਦੇ ਟੇਕ ਨੂੰ ਕਾਇਮ ਰੱਖਣ ਦਾ ਆਦੇਸ਼ ਹੈ। ਇਹੀ ਖ਼ੁਸ਼ੀਆਂ ਤੇ ਗ਼ਮੀਆਂ ਨੂੰ ਇੱਕੋ ਜਿਹਾ ਤਸਲੀਮ ਕਰਨ ਦਾ ਸਿਧਾਂਤ ਹੈ।

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। 
ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ।।

(ਗੁ.ਗ੍ਰੰ.ਸਾ. ਅੰਗ 519)

ਅਰਦਾਸ ਰਾਹੀਂ ਸਿੱਖ ਸਦਾ ਜੂਝਦੇ ਰਹਿਣ ਦੀ ਪ੍ਰੇਰਣਾ ਪ੍ਰਾਪਤ ਕਰ ਸਕਦਾ ਹੈ। ਇਸ ਪਿੱਛੇ “ਨਾ ਕਉ ਬੈਰੀ ਨਾਹੀ ਬੇਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” ਦਾ ਸਿਧਾਂਤ ਕੰਮ ਕਰਦਾ ਹੈ। ਅਰਦਾਸ ਸਰਬੱਤ ਦੇ ਭਲੇ ਦਾ ਇੱਕ ਅਨੋਖਾ ਉਪਦੇਸ਼ ਹੈ।