ਆਦਿ ਗ੍ਰੰਥ
ਧੁਰੋਂ ਪਠਾਏ ਗੁਰੂ ਨਾਨਕ ਪਾਤਸ਼ਾਹ ਨੇ ‘ਧੁਰ ਕੀ ਬਾਣੀ’ ਨੂੰ ਆਪ ਉਚਾਰਿਆ ਵੀ ਤੇ ਸੰਭਾਲਿਆ ਵੀ। ਆਪ ਜੀ ਨੇ ਇਸ ਬਾਣੀ ਨੂੰ ‘ਖਸਮ ਕੀ ਬਾਣੀ’ ਜਾਣ ਕਰਕੇ ਅਤਿ ਆਦਰ-ਸਤਿਕਾਰ ਦਾ ਤਰੀਕਾ ਲੋਕਾਈ ਨੂੰ ਸਮਝਾਇਆ ਅਤੇ ਇਸ ਨਵੇਂ ਨਿਵੇਕਲੇ ਧਰਮ ਦੀ ਵਿਲੱਖਣ ਪਛਾਣ ਨੂੰ ਸਿਧਾਂਤਕ ਤੌਰ ‘ਤੇ ਸਥਿਰ ਕੀਤਾ। ਇਹ ਪਹਿਲੀ ਵੇਰਾਂ ਸੀ ਕਿ ਪਰਮਾਤਮਾ ਦੀ ਹੋਂਦ ਦੇ ਸੰਕਲਪ ਵਿੱਚ ਸਰਗੁਣ ਤੇ ਨਿਰਗੁਣ, ਨਿਰਭਉ ਤੇ ਨਿਰਵੈਰ, ਦਿੱਸਦੇ ਸੰਸਾਰ ਤੇ ਅਣਦਿੱਸਦੇ ਬ੍ਰਹਿਮੰਡ ਦੀ ਵਿਸ਼ਾਲਤਾ ਵਿੱਚ ਨਿਰੰਤਰਤਾ ਨੂੰ ‘ੴ’ ਦਾ ਵਿਸਤਾਰ ਦੱਸਿਆ। ਹਰ ਕੋਈ ਦੁਨੀਆ ਦੇ ਫ਼ਰਜ਼ ਨਿਭਾਉਂਦਿਆਂ ਹੋਇਆ ਵੀ ਧਰਮੀ ਜੀਵਨ ਬਤੀਤ ਕਰ ਸਕਦਾ ਹੈ। ਇਸ ਸਾਰੇ ਦਾ ਵਿਸਤਾਰ ਸ਼ਬਦ ਗੁਰੂ ਦੇ ਰਾਹੀਂ ਹੋਣਾ ਦੱਸਿਆ ਹੈ। ਗੁਰੂ ਨਾਨਕ ਪਾਤਸ਼ਾਹ ਦਾ ਅਕੀਦਾ ਮਾਨਵ ਜਾਤਿ ਨੂੰ ‘ਸ਼ਬਦ ਗੁਰੂ’ ਨਾਲ ਜੋੜਣ ਦਾ ਸੀ ਤਾਂ ਕਿ ਲੋਕਾਈ ਨੂੰ ਵਹਿਮਾਂ-ਭਰਮਾਂ ਦੇ ਵਿਅਰਥ ਚੱਕਰਾਂ ਵਿਚੋਂ ਕੱਢ ਕੇ ਇੱਕ ਅਕਾਲ ਪੁਰਖ ਦੀ ਅਰਾਧਨਾ ਲਈ ਪ੍ਰੇਰਿਆ ਜਾਵੇ।
ਗੁਰੂ ਅੰਗਦ ਪਾਤਸ਼ਾਹ ਨੇ ਇਸੇ ਬਾਣੀ ਦੀ ਸੰਭਾਲ ਤੇ ਵਿਸਤਾਰ ਆਪਣੇ ਗੁਰੂ ਕਾਲ ਵਿੱਚ ਕੀਤੀ ਅਤੇ ਗੁਰਮੁਖੀ ਲਿਪੀ ਨੂੰ ਸ਼ਿੰਗਾਰਿਆ ਤੇ ਪ੍ਰਚਾਰਿਆ ਜਿਸ ਵਿੱਚ ਇਸ ਬਾਣੀ ਦੀ ਸੰਭਾਲ ਹੋ ਰਹੀ ਸੀ। ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਘਰ ਦਾ ਵਿਰੋਧ ਕੁਝ ਵਧੇਰੇ ਉੱਚੀ ਸੁਰ ਵਿੱਚ ਹੋਇਆ ਅਤੇ ਕੱਚੀ ਬਾਣੀ ਦੀ ਰਚਨਾ ਵੀ ਹੋਣ ਲੱਗ ਪਈ ਜਿਸਦੇ ਨਿਖੇੜੇ ਲਈ ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਇਸ ਦਾ ਨਿਬੇੜਾ ਕਰ ਦਿੱਤਾ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।
(ਗੁ.ਗ੍ਰੰ.ਸਾ. ਅੰਗ 920)
ਗੁਰੂ ਰਾਮਦਾਸ ਜੀ ਨੇ ਸੰਗੀਤ ਤੇ ਰਾਗ ਪੱਖੋਂ ਬਾਣੀ ਦੀ ਕਲਾਤਮਕਤਾ ਸਿਖਰਾਂ ਤਕ ਪਹੁੰਚਾਇਆ। ਨਾਲ ਹੀ ਆਪ ਜੀ ਨੇ ਬਾਣੀ ਤੇ ਗੁਰੂ ਵਿੱਚ ਅਭੇਦਤਾ ਨੂੰ ਸਪਸ਼ਟਤਾ ਦੇ ਨਾਲ ਬਿਆਨ ਕੀਤਾ :
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।।
ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥
(ਗੁ.ਗ੍ਰੰ.ਸਾ. ਅੰਗ 982)
ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਵੱਧ ਬਾਣੀ ਰਚਨਾ ਅਤੇ ਸੰਪੂਰਨ ਬਾਣੀ ਦਾ ਸੰਕਲਨ ਤੇ ਸੰਪਾਦਨ ਕਰ ਇਸਨੂੰ ‘ਆਦਿ ਗ੍ਰੰਥ’ ਦਾ ਨਾਂ ਦੇ ਦਿੱਤਾ। ਇਹ ਦੁਨੀਆ ਦਾ ਪਹਿਲਾ ਅਜਿਹਾ ਧਾਰਮਿਕ ਗ੍ਰੰਥ ਹੋਇਆ ਜਿਸਦਾ ਸੰਪਾਦਨ ਖ਼ੁਦ ਧਰਮ ਦੇ ਬਾਨੀ ਨੇ ਆਪ ਕੀਤਾ। ‘ਆਦਿ ਗ੍ਰੰਥ’ ਦੇ ਪਹਿਲੇ ਪ੍ਰਕਾਸ਼ ਤੋਂ ਬਾਅਦ ਗੁਰੂ ਸਾਹਿਬ ਨੇ ਆਪਣਾ ਸਿੰਘਾਸਨ ਨੀਵਾਂ ਕਰ ਲਿਆ ਅਤੇ ਬਾਣੀ ਦੇ ਸਤਿਕਾਰ ਪਿਆਰ ਦੀ ਜਾਚ ਸੰਗਤ ਨੂੰ ਸਿਖਾਈ।
ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਬਾਣੀ ਦੇ ਪ੍ਰਚਾਰ ਤੇ ਪਸਾਰ ਲਈ ‘ਆਦਿ ਗ੍ਰੰਥ’ ਦੇ ਬਹੁਤ ਸਾਰੇ ਉਤਾਰੇ ਕਰਵਾਏ ਅਤੇ ਸਭ ਤੋਂ ਵੱਧ ਉਤਾਰੇ ਗੁਰੂ ਹਰਿ ਰਾਇ ਸਾਹਿਬ ਦੇ ਸਮੇਂ ਹੋਏ ਮਿਲਦੇ ਹਨ। ਬਾਣੀ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਪੁੱਤਰ ਦਾ ਤਿਆਗ ਵੀ ਕਰਨਾ ਪਿਆ ਤਾਂ ਆਪ ਨੇ ਰਾਮਰਾਇ ਨੂੰ ਮੂੰਹ ਨਾ ਲਾਇਆ ਅਤੇ ਯੋਗਤਾ ਨੂੰ ਪ੍ਰਮੁੱਖ ਰਖਦਿਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਿਆਈ ਦੀ ਸੌਂਪਣਾ ਕੀਤੀ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਇਸ ਬਾਣੀ ਪ੍ਰਚਾਰ-ਪਸਾਰ ਲਈ ਵੱਡੇ ਪ੍ਰਚਾਰਕ ਦੌਰੇ ਕੀਤੇ, ਆਪ ਬਾਣੀ ਉਚਾਰੀ ਅਤੇ ਇੱਕ ਨਵਾਂ ਰਾਗ ‘ਜੈਜਾਵੰਤੀ’ ਵੀ ਵਰਤਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਤੇ ਅਨੰਦਪੁਰ ਸਾਹਿਬ ਵਿਖੇ ਬਾਣੀ ਦੀ ਸੰਭਾਲ, ਲਿਖਾਈ ਤੇ ਵਿਆਖਿਆ ਦਾ ਵੱਡੇ ਪੱਧਰ ਉੱਤੇ ਪ੍ਰਬੰਧ ਕੀਤਾ ਅਤੇ ਤਲਵੰਡੀ ਸਾਬੋ ਵਿਖੇ ਅੱਜ ਦੀ ਮੌਜੂਦਾ ‘ਗੁਰੂ ਗ੍ਰੰਥ ਸਾਹਿਬ’ ਦੀ ਬੀੜ ਦਾ ਸਰੂਪ ਤਿਆਰ ਕਰਵਾਇਆ, ਜਿਸਨੂੰ ਨਾਂਦੇੜ ਵਿਖੇ ਗੁਰਿਆਈ ਦੀ ਸੌਂਪਣਾ ਕਰ, ਆਪ ਮੱਥਾ ਟੇਕ ਕੇ, ਗੁਰੂ ਜੋਤਿ ਉਸ ਵਿੱਚ ਟਿਕਾ ਕੇ, ਸਿੱਖਾਂ ਨੂੰ ਉਸਦੇ ਲੜ ਲਾ ਦਿੱਤਾ। ਇਸ ਤਰ੍ਹਾਂ ਆਪ ਨੇ ਗੁਰੂ ਪੰਥ ਨੂੰ ‘ਗੁਰੂ ਗ੍ਰੰਥ’ ਦੀ ਤਾਬਿਆਂ ਕਰ ਦਿੱਤਾ।