ਵਡਹੰਸੁ ਮਃ ੫ ॥
ਤੂ ਜਾਣਾਇਹਿ ਤਾ ਕੋਈ ਜਾਣੈ ॥ ਤੇਰਾ ਦੀਆ ਨਾਮੁ ਵਖਾਣੈ ॥੧॥ ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥ ਤੁਧੁ ਆਪੇ ਕਾਰਣੁ ਆਪੇ ਕਰਣਾ ॥ ਹੁਕਮੇ ਜੰਮਣੁ ਹੁਕਮੇ ਮਰਣਾ ॥੨॥ ਨਾਮੁ ਤੇਰਾ ਮਨ ਤਨ ਆਧਾਰੀ ॥ ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ {ਪੰਨਾ 563-564}
ਅਰਥ: ਹੇ ਪ੍ਰਭੂ! ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ। ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ।੧।ਰਹਾਉ।
ਹੇ ਪ੍ਰਭੂ! ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ।੧।
ਹੇ ਪ੍ਰਭੂ! ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ (ਬਣਾਣ ਵਾਲਾ) ਹੈਂ, ਤੂੰ ਆਪ ਹੀ ਜਗਤ ਹੈਂ (ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) । ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ।੨।
ਹੇ ਪ੍ਰਭੂ! ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣਾ ਨਾਮ ਬਖ਼ਸ਼) ਤੇਰਾ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ।੩।੮।