ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦ ੴ ਸਤਿਗੁਰ ਪ੍ਰਸਾਦਿ ॥
ਨਿਕਟਿ ਵਸੈ ਦੇਖੈ ਸਭੁ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਵਿਣੁ ਭੈ ਪਇਐ ਭਗਤਿ ਨ ਹੋਈ ॥ ਸਬਦਿ ਰਤੇ ਸਦਾ ਸੁਖੁ ਹੋਈ ॥੧॥ ਐਸਾ ਗਿਆਨੁ ਪਦਾਰਥੁ ਨਾਮੁ ॥ ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ ॥ ਗਿਆਨੁ ਗਿਆਨੁ ਕਥੈ ਸਭੁ ਕੋਈ ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥ ਕਥਿ ਕਹਣੈ ਤੇ ਰਹੈ ਨ ਕੋਈ ॥ ਬਿਨੁ ਰਸ ਰਾਤੇ ਮੁਕਤਿ ਨ ਹੋਈ ॥੨॥ ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥ ਸਾਚੀ ਰਹਤ ਸਾਚਾ ਮਨਿ ਸੋਈ ॥ ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥ ਨਾਵਹੁ ਭੂਲੇ ਥਾਉ ਨ ਕੋਈ ॥੩॥ ਮਨੁ ਮਾਇਆ ਬੰਧਿਓ ਸਰ ਜਾਲਿ ॥ ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ ॥ ਜੋ ਆਂਜੈ ਸੋ ਦੀਸੈ ਕਾਲਿ ॥ ਕਾਰਜੁ ਸੀਧੋ ਰਿਦੈ ਸਮ੍ਹ੍ਹਾਲਿ ॥੪॥ ਸੋ ਗਿਆਨੀ ਜਿਨਿ ਸਬਦਿ ਲਿਵ ਲਾਈ ॥ ਮਨਮੁਖਿ ਹਉਮੈ ਪਤਿ ਗਵਾਈ ॥ ਆਪੇ ਕਰਤੈ ਭਗਤਿ ਕਰਾਈ ॥ ਗੁਰਮੁਖਿ ਆਪੇ ਦੇ ਵਡਿਆਈ ॥੫॥ ਰੈਣਿ ਅੰਧਾਰੀ ਨਿਰਮਲ ਜੋਤਿ ॥ ਨਾਮ ਬਿਨਾ ਝੂਠੇ ਕੁਚਲ ਕਛੋਤਿ ॥ ਬੇਦੁ ਪੁਕਾਰੈ ਭਗਤਿ ਸਰੋਤਿ ॥ ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥ ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ ॥ ਗੁਰਮੁਖਿ ਸਾਂਤਿ ਊਤਮ ਕਰਾਮੰ ॥ ਮਨਮੁਖਿ ਜੋਨੀ ਦੂਖ ਸਹਾਮੰ ॥ ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥ ਮੰਨੇ ਨਾਮੁ ਸਚੀ ਪਤਿ ਪੂਜਾ ॥ ਕਿਸੁ ਵੇਖਾ ਨਾਹੀ ਕੋ ਦੂਜਾ ॥ ਦੇਖਿ ਕਹਉ ਭਾਵੈ ਮਨਿ ਸੋਇ ॥ ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥ {ਪੰਨਾ 831}
ਅਰਥ: ਪਰਮਾਤਮਾ ਦਾ ਨਾਮ ਇਕ ਅਜੇਹਾ (ਸ੍ਰੇਸ਼ਟ) ਪਦਾਰਥ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰ ਦੇਂਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਇਹ ਪਦਾਰਥ) ਹਾਸਲ ਕਰਦਾ ਹੈ, ਉਹ (ਇਸ ਦੇ) ਰਸ ਵਿਚ ਭਿੱਜ ਕੇ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੧।ਰਹਾਉ।
ਪਰਮਾਤਮਾ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ, ਪਰ ਇਹ ਭੇਤ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ। ਜਿਤਨਾ ਚਿਰ (ਇਹ) ਡਰ ਪੈਦਾ ਹੋਵੇ (ਕਿ ਉਹ ਹਰ ਵੇਲੇ ਨੇੜੇ ਵੇਖ ਰਿਹਾ ਹੈ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਜੇਹੜੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਰੰਗ ਵਿਚ) ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।੧।
(ਜ਼ਬਾਨੀ ਜ਼ਬਾਨੀ ਤਾਂ) ਹਰ ਕੋਈ ਆਖਦਾ ਹੈ (ਕਿ ਮੈਨੂੰ ਪਰਮਾਤਮਾ ਦਾ) ਗਿਆਨ (ਪ੍ਰਾਪਤ ਹੋ ਗਿਆ ਹੈ,) ਗਿਆਨ (ਮਿਲ ਗਿਆ ਹੈ) , (ਜਿਉਂ ਜਿਉਂ ਗਿਆਨ ਗਿਆਨ) ਆਖ ਕੇ ਚਰਚਾ ਕਰਦਾ ਹੈ (ਉਸ ਚਰਚਾ ਵਿਚੋਂ) ਕਲੇਸ਼ ਹੀ ਪੈਦਾ ਹੁੰਦਾ ਹੈ। ਚਰਚਾ ਕਰ ਕੇ (ਅਜੇਹੀ ਆਦਤ ਪੈ ਜਾਂਦੀ ਹੈ ਕਿ) ਚਰਚਾ ਕਰਨ ਤੋਂ ਜੀਵ ਹਟਦਾ ਭੀ ਨਹੀਂ। (ਪਰ ਚਰਚਾ ਤੋਂ ਕੋਈ ਆਤਮਕ ਆਨੰਦ ਨਹੀਂ ਮਿਲਦਾ, ਕਿਉਂਕਿ) ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ।੨।
ਪਰਮਾਤਮਾ ਨਾਲ ਡੂੰਘੀ ਸਾਂਝ ਤੇ ਉਸ ਵਿਚ ਸੁਰਤਿ ਦਾ ਟਿਕਾਉ-ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ। (ਜਿਸ ਨੂੰ ਮਿਲਦਾ ਹੈ ਉਸ ਦੀ) ਰਹਿਣੀ ਪਵਿਤ੍ਰ ਹੋ ਜਾਂਦੀ ਹੈ ਉਸ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਵੱਸ ਪੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਗਿਆਨ ਦੀਆਂ ਨਿਰੀਆਂ) ਗੱਲਾਂ ਹੀ ਕਰਦਾ ਹੈ, ਪਰ ਉਸ ਦੀ ਰਹਿਣੀ (ਪਵਿਤ੍ਰ) ਨਹੀਂ ਹੁੰਦੀ। ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ (ਮਾਇਆ ਦੀ ਭਟਕਣ ਤੋਂ ਬਚਣ ਲਈ) ਕੋਈ ਆਸਰਾ ਨਹੀਂ ਮਿਲਦਾ।੩।
ਮਾਇਆ ਨੇ (ਜੀਵਾਂ ਦੇ) ਮਨ ਨੂੰ (ਮੋਹ ਦੇ) ਤੀਰਾਂ ਦੇ ਜਾਲ ਵਿਚ ਬੰਨਿ੍ਹਆ ਹੋਇਆ ਹੈ। (ਭਾਵੇਂ ਪਰਮਾਤਮਾ) ਹਰੇਕ ਸਰੀਰ ਵਿਚ ਮੌਜੂਦ ਹੈ, ਪਰ (ਮਾਇਆ ਦੇ ਮੋਹ ਦਾ) ਜ਼ਹਿਰ ਭੀ ਹਰੇਕ ਦੇ ਅੰਦਰ ਹੀ ਹੈ, (ਇਸ ਵਾਸਤੇ) ਜੋ ਭੀ (ਜਗਤ ਵਿਚ) ਜੰਮਦਾ ਹੈ ਉਹ ਆਤਮਕ ਮੌਤ ਦੇ ਵੱਸ ਵਿਚ ਦਿੱਸ ਰਿਹਾ ਹੈ। ਪਰਮਾਤਮਾ ਨੂੰ ਹਿਰਦੇ ਵਿਚ ਯਾਦ ਕਰਨ ਨਾਲ ਹੀ (ਮਨੁੱਖਾ ਜੀਵਨ ਵਿਚ) ਕਰਨ-ਜੋਗ ਕੰਮ ਸਿਰੇ ਚੜ੍ਹਦਾ ਹੈ।੪।
ਉਹੀ ਮਨੁੱਖ ਗਿਆਨ-ਵਾਨ (ਅਖਵਾ ਸਕਦਾ) ਹੈ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾਂਦਾ ਹੈ। (ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪਣੀ ਭਗਤੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵ ਨੂੰ) ਗੁਰੂ ਦੇ ਸਨਮੁਖ ਕਰ ਕੇ ਵਡਿਆਈ ਦੇਂਦਾ ਹੈ।੫।
(ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ) ਇਕ ਹਨੇਰੀ ਰਾਤ ਹੈ, ਪਰਮਾਤਮਾ ਦੀ ਜੋਤਿ ਦੇ ਪਰਗਟ ਹੋਣ ਨਾਲ ਹੀ ਇਹ ਰੌਸ਼ਨ ਹੋ ਸਕਦੀ ਹੈ। ਨਾਮ ਤੋਂ ਵਾਂਜੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ, (ਭਾਵ, ਹੋਰਨਾਂ ਨੂੰ ਭੀ ਕੁਰਾਹੇ ਪਾ ਦੇਂਦੇ ਹਨ। ਵੇਦ ਆਦਿਕ ਹਰੇਕ ਧਰਮ-ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ ਪੁਕਾਰ ਕੇ ਦੱਸਦਾ ਹੈ। ਜੋ ਜੋ ਜੀਵ ਇਸ ਸਿੱਖਿਆ ਨੂੰ ਸੁਣ ਸੁਣ ਕੇ ਸਰਧਾ ਲਿਆਉਂਦਾ ਹੈ ਉਹ ਰੱਬੀ ਜੋਤਿ ਨੂੰ (ਹਰ ਥਾਂ) ਵੇਖਦਾ ਹੈ।੬।
ਸਿਮ੍ਰਿਤੀਆਂ ਸ਼ਾਸਤ੍ਰ ਆਦਿਕ ਧਰਮ-ਪੁਸਤਕ ਭੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ, ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਉਹਨਾਂ ਦੀ ਰਹਿਣੀ ਸ਼੍ਰੇਸ਼ਟ ਹੋ ਜਾਂਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸਹਾਰਦੇ ਹਨ, ਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾਇਆ ਜਾਏ।੭।
ਪਰਮਾਤਮਾ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ, ਜੇਹੜਾ ਬੰਦਾ ਉਸ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ੍ਹ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ, ਉਸ ਦਾ ਆਦਰ ਹੁੰਦਾ ਹੈ।
ਨਾਨਕ ਆਖਦਾ ਹੈ-ਮੈਂ ਹਰ ਥਾਂ ਉਸੇ ਨੂੰ ਵੇਖਦਾ ਹਾਂ, ਉਸ ਤੋਂ ਬਿਨਾ ਉਸ ਵਰਗਾ ਕੋਈ ਹੋਰ ਨਹੀਂ ਹੈ। ਉਸ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਉਹੀ ਮੈਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ।੮।੧।