ਧਨਾਸਰੀ ਮਹਲਾ ੫ ॥
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ {ਪੰਨਾ 677}
ਅਰਥ: ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ।ਰਹਾਉ।
ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧।
ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨।
ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩।
ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।