ਸੋਰਠਿ ਮਹਲਾ ੫ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ {ਪੰਨਾ 612}
ਅਰਥ: ਹੇ ਮਿੱਤਰ! ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ। ਹੇ ਭਰਾ! ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ) ।ਰਹਾਉ।
ਹੇ ਮਿੱਤਰ! ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ। ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ।੧।
ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ। ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ।੨।
{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ}
ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ। ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ।੩।
ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। (ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।੪।੧।੧੨।