ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥ {ਪੰਨਾ 757}
ਅਰਥ: ਹੇ ਪ੍ਰਭੂ! ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਤਾਂ ਤੇਰਾ ਦਰਸਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ।੧।ਰਹਾਉ।
ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ।੧।
ਹੇ ਪ੍ਰਭੂ! ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ।੨।
ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ।੩।
ਹੇ ਪ੍ਰਭੂ! ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ।੪।
ਹੇ ਪ੍ਰਭੂ! ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ।੫।
ਹੇ ਪ੍ਰਭੂ! ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ।੬।