ਜੈਤਸਰੀ ਮਹਲਾ ੫ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਲੋਕ ॥
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਖੋਲੑਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਛੰਤ ॥ ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ {ਪੰਨਾ 703}
ਅਰਥ: ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ। ਹੇ ਨਾਨਕ! ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ।੧।
ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ) , ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।
ਹੇ ਦਾਸ ਨਾਨਕ! ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ।੧।