ਸੂਹੀ ਮਹਲਾ ੪ ॥
ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥ ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥ ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥੧॥ ਰਹਾਉ ॥ ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥ ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥ ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥ ਹਉਮੈ ਬਿਆਪਿਆ ਸਬਦੁ ਨ ਚੀਨੑੈ ਫਿਰਿ ਫਿਰਿ ਜੂਨੀ ਆਵੈ ॥੩॥ ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥ ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥ {ਪੰਨਾ 732}
ਅਰਥ: ਹੇ ਗਿਆਨਵਾਨ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ (ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ।੧।ਰਹਾਉ।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ। ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ।੧।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮੰਤ੍ਰਾਂ ਦਾ) ਜਾਪ (ਧੂਣੀਆਂ ਦਾ) ਤਪਾਣਾ (ਆਦਿਕ) ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ। ਉਸ ਦੇ ਮਨ ਵਿਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ। ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।੨।
ਹੇ ਭਾਈ! ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ। ਹਉਮੈ-ਅਹੰਕਾਰ ਵਿਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੩।
ਹੇ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹ (ਆਤਮਕ ਜੀਵਨ ਦੇ ਰਸਤੇ ਨੂੰ) ਸਮਝ ਲੈਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਗੁਰੂ ਦੀ ਕਿਰਪਾ ਨਾਲ ਉਹ ਇਕ ਪਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ।੪।੪।