ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥ ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥ ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥ ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥ ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥ ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥ ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥ ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥ ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥ ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥ ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥ ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥ ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥ ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥ ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥ ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥ ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥ ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥ ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥ ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥ ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥ {ਪੰਨਾ 754}
ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤਿ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ) । ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।੧।ਰਹਾਉ।
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ।੧।
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨਿ੍ਹਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ। ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।੨।
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ) , ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸਭ ਦਾਤਾਂ ਦੇਣ ਵਾਲਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਅਟੱਲ ਹੈ। ਉਹ ਮਨੁੱਖ (ਹੋਰਨਾਂ ਨੂੰ ਭੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਰਹਿੰਦਾ ਹੈ।੩।
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਨਾਮ ਸਿਮਰਨ ਦੀ) ਮੇਹਨਤ ਕਰਦਾ ਹੈ, (ਨਾਮ-ਧਨ) ਖੱਟਦਾ ਹੈ, ਤੇ, (ਹੋਰਨਾਂ ਨੂੰ ਭੀ) ਨਾਮ ਜਪਾਂਦਾ ਹੈ। ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ। ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ।
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ, (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਿਰ ਬੀਜਦਾ ਹੈ, ਤੇ ਉਹੀ ਜ਼ਹਿਰ ਖਾਂਦਾ ਹੈ (ਉਸੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ) । ਉਹ ਮਨੁੱਖ ਆਤਮਕ ਮੌਤ ਦੀਆਂ ਫਾਹੀਆਂ ਵਿਚ ਬੱਝਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ। (ਇਸ ਬਿਪਤਾ ਵਿਚੋਂ ਉਸ ਨੂੰ) ਗੁਰੂ ਤੋਂ ਬਿਨਾ ਹੋਰ ਕੋਈ ਛਡਾ ਨਹੀਂ ਸਕਦਾ।੪।
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। (ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ,
(ਉਹ ਤੀਰਥ) ਮੈਲ ਨਹੀਂ ਚੰਬੋੜਦਾ। ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ ਹੈ।੫।
ਪਰ, ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ (ਮਨੁੱਖ) ਖੋਟੀ ਮਤਿ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ) ਪਵਿਤ੍ਰ ਹੋ ਜਾਂਦਾ ਹੈ (ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, (ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਮਸਤ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।੬।
ਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ। ਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ। ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ। (ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।੭।
ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ। ਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ। ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ। ਹੇ ਨਾਨਕ! ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ।੮।੧।