Amrit Vele Da Hukamnama Gurudwara Baba Zorawar Singh Ji Baba Fateh Singh Ji – 26-2-26

ਬਿਲਾਵਲੁ ਮਹਲਾ ੫ ॥
ਤੁਮ੍ਹ੍ਹ ਸਮਰਥਾ ਕਾਰਨ ਕਰਨ ॥ ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥ ਜੋ ਜੋ ਕੀਨੋ ਸੋ ਤੁਮ੍ਹ੍ਹ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥ ਬਡ ਪਰਤਾਪੁ ਸੁਨਿਓ ਪ੍ਰਭ ਤੁਮ੍ਹ੍ਹਰੋ ਕੋਟਿ ਅਘਾ ਤੇਰੋ ਨਾਮ ਹਰਨ ॥੧॥ ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਹ੍ਹਰੋ ਬਿਰਦੁ ਪਤਿਤ ਉਧਰਨ ॥ ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥ {ਪੰਨਾ 828}

ਅਰਥ: ਹੇ ਮੇਰੇ ਗੋਬਿੰਦ! ਹੇ ਮੇਰੇ ਸਭ ਤੋਂ ਵੱਡੇ (ਮਾਲਕ) ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ, ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ।੧।ਰਹਾਉ।

ਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ) । ਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ।੧।

ਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ। ਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ।੨।੨।੧੧੮।

You may also like these