ਸਲੋਕੁ ਮਃ ੧ ॥
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਮਃ ੧ ॥ ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥ ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥ ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥
ਪਉੜੀ ॥ ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹ੍ਹੀ ਧਾਵਦੇ ॥ ਇਕਿ ਮੂਲੁ ਨ ਬੁਝਨ੍ਹ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥ ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ ਤਿਨ੍ਹ੍ਹ ਮੰਗਾ ਜਿ ਤੁਝੈ ਧਿਆਇਦੇ ॥੯॥{ਪੰਨਾ 467}
ਅਰਥ: ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ; ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ; ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ) । ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ।1।
ਅਰਥ: ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ) ; ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ) ।
ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, (ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਹੇ ਭਾਈ! ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ) ।
(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ। ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ। ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?
(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।
ਅੰਨ੍ਹਾ (ਮੂਰਖ) ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ, (ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।
ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ, ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ। (ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ।2।
ਅਰਥ: (ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ। ਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ, (ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ। (ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ। ਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ ‘ਨਾਮ’) ਮੰਗਦਾ ਹਾਂ।9।