Amrit Vele Da Hukamnama Gurudwara Baba Zorawar Singh Ji Baba Fateh Singh Ji – 4-12-25

ਤਿਲੰਗ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ {ਪੰਨਾ 721-722}

ਨੋਟ: ਅੰਕ ੪ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ‘ਘਰੁ ੩’ ਦਾ ਇਹ ਪਹਿਲਾ ਸ਼ਬਦ ਹੈ।

ਅਰਥ: ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ। ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।੧।ਰਹਾਉ।

ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ।੧।

(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ, ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ।੨।

ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ। ਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ।੩।

ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ।੪।੧।੩।

ਸੂਹੀ ਮਹਲਾ ੫ ॥
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥ ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥ ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ ਸੁਖੁ ਨ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥ ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥ ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥ ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥ ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥ ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥ ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥ ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥ ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ {ਪੰਨਾ 761}

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ। ਗੁਰੂ ਦੀ ਸੰਗਤਿ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ।੧।ਰਹਾਉ।

ਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ।੧।

ਹੇ ਭਾਈ! ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ। ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ।੨।

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ। ਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁਖ ਭੋਗਦੇ ਰਹਿੰਦੇ ਹਨ।੩।

ਹੇ ਭਾਈ! ਚੰਗੀ ਤਰ੍ਹਾਂ ਪੜਤਾਲ ਕਰ ਕੇ ਨਿਰਨਾ ਕਰ ਕੇ ਅਸੀ ਇਸ ਅਸਲੀਅਤ ਉਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ। ਨਾਮ ਤੋਂ ਵਾਂਜੇ ਰਹਿਣ ਵਾਲੇ ਜ਼ਰੂਰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।੪।

ਅਰਥ: (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਅਨੇਕਾਂ ਪ੍ਰਾਣੀ (ਮੁੜ ਮੁੜ) ਜੰਮਦੇ ਹਨ ਮਰਦੇ ਹਨ। ਆਤਮਕ ਮੌਤ ਸਹੇੜ ਸਹੇੜ ਕੇ ਮੁੜ ਮੁੜ ਜਨਮ ਲੈਂਦੇ ਰਹਿੰਦੇ ਹਨ। (ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਉਹਨਾਂ ਦਾ ਸਾਰਾ ਹੀ ਉੱਦਮ ਵਿਅਰਥ ਰਹਿੰਦਾ ਹੈ, ਉਹ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ।੫।

ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦੇ ਰਹਿੰਦੇ ਹਨ।੬।

ਹੇ ਭਾਈ! ਕ੍ਰੋੜਾਂ ਅਣਗਿਣਤ, ਬੇਅੰਤ, ਅਨੇਕਾਂ ਹੀ ਪ੍ਰਾਣੀ (ਪਰਮਾਤਮਾ ਦੀ) ਭਾਲ ਕਰਦੇ ਹਨ, ਪਰ ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਉਸ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ।੭।

ਹੇ ਨਾਨਕ! ਪ੍ਰਭੂ-ਚਰਨਾਂ ਵਿਚ ਅਰਦਾਸ ਕਰ, ਤੇ ਆਖ-) ਹੇ ਦਾਤਾਰ! ਮੇਰੇ ਅੰਦਰ ਇਹ ਤਾਂਘ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ। ਮੈਨੂੰ ਆਪਣਾ ਨਾਮ ਬਖ਼ਸ਼। ਮੈਂ ਤੈਨੂੰ ਕਦੇ ਨਾਹ ਭੁਲਾਵਾਂ।੮।੨।੫।

 

You may also like these