ਬਿਲਾਵਲੁ ਮਹਲਾ ੫ ॥
ਦੋਵੈ ਥਾਵ ਰਖੇ ਗੁਰ ਸੂਰੇ ॥ ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥ ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥ ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥ {ਪੰਨਾ 825}
ਅਰਥ: (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ (ਉਸ ਦਾ ਇਹ ਲੋਕ ਅਤੇ ਪਰਲੋਕ) ਦੋਵੇਂ ਹੀ (ਵਿਗੜਨ ਤੋਂ) ਬਚਾ ਲੈਂਦਾ ਹੈ। ਪਰਮਾਤਮਾ ਨੇ (ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ।੧।ਰਹਾਉ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਵਿਚ ਟਿਕੇ ਰਹੀਦਾ ਹੈ, ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ, ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ।੧।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ, ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।੨।੨੨।੧੦੮।