Amrit Vele Da Hukamnama Gurudwara Baba Zorawar Singh Ji Baba Fateh Singh Ji – 3-10-25

ਵਡਹੰਸੁ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥
ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥ ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥ ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥ ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥ ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥ ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥ ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥ ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥ ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥ ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥ ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥ ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥ ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ ॥ ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥ ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥ ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥ ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥ ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥{ਪੰਨਾ 561}

ਅਰਥ: ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਹੇ ਹਰੀ! ਤੇਰਾ ਦਰਸਨ ਕਰ ਸਕਾਂ। (ਇਸ ਵਾਸਤੇ) ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ, ਤੇ, ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ। ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ, ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।੧।

ਮੈਂ ਪ੍ਰਭੂ-ਪਤੀ ਮਿਲਣ ਦੀ ਖ਼ਾਤਰ ਸਾਰੇ ਵੇਸ (ਧਾਰਮਿਕ ਪਹਿਰਾਵੇ ਆਦਿਕ) ਕਰਦੀ ਹਾਂ, ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ। ਪਰ ਉਹ ਪਿਆਰਾ ਪ੍ਰਭੂ ਮੇਰੇ ਵਲ (ਮੇਰੇ ਇਹਨਾਂ ਵੇਸਾਂ ਵਲ) ਨਿਗਾਹ ਕਰ ਕੇ ਭੀ ਨਹੀਂ ਤੱਕਦਾ, (ਤਾਂ ਫਿਰ ਇਹਨਾਂ ਬਾਹਰਲੇ ਵੇਸਾਂ ਨਾਲ) ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ? ਜਿਸ ਪ੍ਰਭੂ-ਪਤੀ ਦੀ ਖ਼ਾਤਰ ਮੈਂ (ਇਹ ਬਾਹਰਲਾ) ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ-ਪਤੀ ਤਾਂ ਹੋਰਨਾਂ (ਅੰਦਰਲੇ ਆਤਮਕ ਸੁਹਜਾਂ) ਵਿਚ ਪ੍ਰਸੰਨ ਹੁੰਦਾ ਹੈ। ਹੇ ਨਾਨਕ! ਆਖ-) ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ।੨।

ਪ੍ਰਭੂ-ਖਸਮ ਦੀ ਪਿਆਰੀ (ਜੀਵ-ਇਸਤ੍ਰੀ) ਨੂੰ ਮੈਂ ਜਾ ਕੇ ਪੁੱਛਦੀ ਹਾਂ-(ਹੇ ਭੈਣ!) ਤੂੰ ਪਿਆਰਾ ਪ੍ਰਭੂ-ਪਤੀ ਕਿਵੇਂ ਲੱਭਾ? (ਉਹ ਉੱਤਰ ਦੇਂਦੀ ਹੈ-ਹੇ ਭੈਣ!) ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਤੀ ਨੇ ਮੇਰੇ ਉਤੇ ਮੇਹਰ ਦੀ ਨਜ਼ਰ ਕੀਤੀ, ਤਾਂ ਮੈਂ ਮੇਰ-ਤੇਰ (=ਵਿਤਕਰਾ) ਛੱਡ ਦਿੱਤੀ। ਹੇ ਭੈਣ! ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ-ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ-ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ। ਹੇ ਨਾਨਕ! ਆਖ-ਹੇ ਭੈਣ!) ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ।੩।

ਜੇਹੜਾ (ਗੁਰਮੁਖਿ) ਮੈਨੂੰ ਹਰੀ-ਪ੍ਰਭੂ (ਦੀ ਸਿਫ਼ਤਿ-ਸਾਲਾਹ) ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ; ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ, ਤੇ, ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ। ਪਰਮਾਤਮਾ ਦਾ ਜੇਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਤਿਆਰ ਹਾਂ ਸਦਾ ਤਿਆਰ ਹਾਂ। ਹੇ ਨਾਨਕ! ਆਖ-) ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ ਟਿਕੀ ਹੋਈ) ਆਸ ਪੂਰੀ ਕਰਦਾ ਹੈ।੪।

ਹੇ ਹਰੀ! ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ, ਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ, ਗੁਰੂ ਦੀ ਸੰਗਤਿ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ। (ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਮੈਂ ਸਦਾ ਹੀ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਾਂ। ਹੇ ਹਰੀ! ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਹੇ ਨਾਨਕ! ਆਖ-) ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ।੫।

ਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ। ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। (ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ। ਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ।੬।੧।੩।

ਸੂਹੀ ਮਹਲਾ ੪ ॥
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥ {ਪੰਨਾ 773}

ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ।੧।

ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੂੰ ਮਿਹਰ ਕਰ ਕੇ ਜਿਸ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦੇਂਦਾ ਹੈਂ (ਉਸ ਦਾ) ਮਨ (ਦੁਨੀਆ ਦੇ) ਸਾਰੇ ਡਰਾਂ ਵਲੋਂ ਨਿਡਰ ਹੋ ਜਾਂਦਾ ਹੈ, (ਗੁਰੂ ਉਸ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ-ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ।

ਹੇ ਭਾਈ! ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰ ਕੇ) ਪਰਮਾਤਮਾ ਦੇ ਗੁਣ ਗਾਂਦੀ ਹੈ, ਉਸ ਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ। (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ) ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ। (ਉਸ ਜੀਵ-ਇਸਤ੍ਰੀ ਨੂੰ ਆਪਣੇ) ਅੰਦਰ ਅਤੇ ਬਾਹਰ (ਸਾਰੇ ਜਗਤ ਵਿਚ) ਸਿਰਫ਼ ਪਰਮਾਤਮਾ ਹੀ (ਵੱਸਦਾ ਦਿੱਸਦਾ ਹੈ) , ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ।

ਹੇ ਦਾਸ ਨਾਨਕ! ਆਖ-ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ) ਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, (ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ) ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ।੨।

ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ) ਵੈਰਾਗਵਾਨਾਂ ਦੇ ਮਨ ਵਿਚ (ਤੇਰੇ ਮਿਲਾਪ ਲਈ) ਤਾਂਘ ਪੈਦਾ ਹੁੰਦੀ ਹੈ, (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ ਹੈ।

ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ, (ਉਹ ਮਨੁੱਖ ਜੀਵਨ ਨੂੰ) ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ।

ਹੇ ਭਾਈ! ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ, (ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ) ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ। ਪਰ, ਹੇ ਭਾਈ! ਪਰਮਾਤਮਾ ਦਾ ਨਾਮ (ਤਦੋਂ ਹੀ) ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ।

ਹੇ ਭਾਈ! ਦਾਸ ਨਾਨਕ ਆਖਦਾ ਹੈ (ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਲਾਂਵ ਸਮੇ (ਜੀਵ-ਇਸਤ੍ਰੀ ਦੇ) ਮਨ ਵਿਚ ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ ਪੈਦਾ ਹੋ ਜਾਂਦੀ ਹੈ।੩।

ਹੇ ਸੋਹਣੇ ਰਾਮ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ) ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ। (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ) ਚੌਥੀ ਸੋਹਣੀ ਲਾਂਵ ਹੈ।

ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪ੍ਰਭੂ-) ਪ੍ਰੇਮ ਵਿਚ (ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ) ਮਿਲ ਪੈਂਦਾ ਹੈ, (ਉਸ ਦੇ) ਮਨ ਵਿਚ (ਉਸ ਦੇ) ਤਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।

ਹੇ ਭਾਈ! ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਸਦਾ ਪ੍ਰਭੂ (ਦੀ ਯਾਦ ਵਿਚ (ਆਪਣੀ) ਸੁਰਤਿ ਜੋੜੀ ਰੱਖਦਾ ਹੈ, ਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।

ਹੇ ਭਾਈ! ਪ੍ਰਭੂ ਨੇ, ਮਾਲਕ-ਹਰੀ ਨੇ (ਜਿਸ ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ (ਆਪਣੇ) ਹਿਰਦੇ ਵਿਚ ਸਦਾ ਆਨੰਦ-ਭਰਪੂਰ ਰਹਿੰਦੀ ਹੈ। ਦਾਸ ਨਾਨਕ ਆਖਦਾ ਹੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੪।੨।

 

You may also like these