Naitik Updesh – ਨੈਤਿਕ ਉਪਦੇਸ਼

  1. ਨੈਤਿਕ ਉਪਦੇਸ਼

    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ‘ਧਰਮ ਸ਼ਬਦ ਦੀ ਜੋ ਵਰਤੋਂ ਕੀਤੀ ਗਈ ਹੈ, ਉਹ ਕਿਸੇ ਖ਼ਾਸ ਮੱਤ ਵੱਲ ਇਸ਼ਾਰਾ ਨਹੀਂ ਕਰਦਾ ਸਗੋਂ ਧਰਮ ਸ਼ਬਦ ਨੈਤਿਕਤਾ ਅਤੇ ਸਦਾਚਾਰ ਗੁਣ ਦੇ ਰੂਪ ਵਿਚ ਵਰਤਿਆ ਇਸ ਦੇ ਨਾਲ ਹੀ ਬਹੁਤ ਖ਼ੂਬਸੂਰਤ ਬਖਾਨ ਹੈ ਕਿ ਜੇਕਰ ਸਮਾਜ ਵਿੱਚ ਧਰਮ ਅਲੋਪ ਹੋ ਜਾਵੇ ਭਾਵ ਅਉਗੁਣ ਭਾਰੀ ਹੋ ਜਾਣ ਤਾਂ ਸਮਾਜ ਨੂੰ ਚਲਾਉਣ ਵਾਲੇ ਕਸਾਈ ਹੋ ਜਾਂਦੇ ਹਨ ਅਤੇ ਨੈਤਿਕ ਵਿਹੂਣ ਸਮਾਜ ਦਾ ਤਾਣਾ-ਬਾਣਾ ਉਲਝ ਜਾਂਦਾ ਹੈ। ਗੁਰੂ ਉਪਦੇਸ਼ ਹੈ :

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।। 
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।

 (ਗੁ.ਗ੍ਰੰ.ਸਾ. ਅੰਗ 145)

 

ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਸਮਾਜ ਨੂੰ ਇਕ ਇਹੋ ਜਿਹਾ ਅਧਾਰ ਮੰਨਦਾ ਹੈ ਜਿੱਥੇ ਮਨੁੱਖ ਧਰਮ ਕਮਾਉਣ ਆਉਂਦਾ ਹੈ। ਧਰਮ ਤਦ ਕਮਾਇਆ ਜਾਂਦਾ ਹੈ ਜੇ “ਸਾਝ ਕਰੀਜੈ ਗੁਣਹ ਕੇਰੀ” ਦੇ ਉਪਦੇਸ਼ ਨੂੰ ਧਾਰਨ ਕੀਤਾ ਜਾਵੇ। ਗੁਣਾਂ ਨੂੰ ਧਾਰਨ ਕਰਨਾ ਅਤੇ ਅਵਗੁਣਾਂ ਨੂੰ ਮਾਰਨਾ ਹੀ ਨੈਤਿਕ ਸਮਾਜ ਦੀ ਸਿਰਜਨਾ ਦਾ ਮੂਲ ਅਧਾਰ ਹੈ। ਇਸ ਅਧਾਰ ਦੀ ਸਥਾਪਤੀ ਲਈ ਕੁਝ ਨੈਤਿਕ ਗੁਣਾਂ ਨੂੰ ਸੰਕਲਪੀ ਵਿੱਚ ਇਥੇ ਵਿਚਾਰ ਲੈਣਾ ਸਾਰਥਕ ਹੋਵੇਗਾ :

 

i.. ਸੱਚ

ਹਰ ਧਰਮ ਦੇ ਪ੍ਰਕਾਸ਼ਨ ਦਾ ਮੂਲ ਆਧਾਰ ਸੱਚ ਹੈ। ਗੁਰੂ ਗ੍ਰੰਥ ਸਾਹਿਬ ਇਸ ਸਮਾਜ ਨੂੰ ਦੋ ਧਾਰਾਵਾਂ ਦਾ ਸੰਗਰਾਮ ਮੰਨਦਾ ਹੈ, ਇੱਕ ਧਿਰ ‘ਸੱਚ’ ਦੀ ਅਤੇ ਦੂਸਰੀ ‘ਕੂੜ’ ਦੀ। ਸੱਚ ਦੀ ਧਿਰ ਬਣਨ ਲਈ “ਕਿਵ ਕੂੜੈ ਤੁਟੈ ਪਾਲਿ” ਦਾ ਪ੍ਰਸ਼ਨ ਹੈ ਅਤੇ ਨਾਲ ਹੀ ਜਵਾਬ ਹੈ “ਹੁਕਮ ਰਜਾਈ ਚਲਣਾ” ਭਾਵ ਪਰਮਾਤਮਾ ਦੇ ਹੁਕਮ ਵਿੱਚ ਚਲਣਾ। ਪਰ ਪਰਮਾਤਮਾ ਦੇ ਹੁਕਮ ਵਿੱਚ ਚਲਿਆ ਕਿਵੇਂ ਜਾਵੇ ਅਤੇ ਇਸ ਰਹੱਸ ਤੋਂ ਪਰਦਾ ਕਿਵੇਂ ਉਠਾਇਆ ਜਾਵੇ।

 

ਜਪੁ ਜੀ ਸਾਹਿਬ ਇਸ ਬੁਝਾਰਤ ਨੂੰ ਬੁੱਝਣ ਅਤੇ ਜੀਵਨ ਵਿੱਚ ਅੰਗੀਕਾਰ ਕਰਨ ਲਈ ਕੁਝ ਉਤਮ ਗੁਣਾਂ ਦਾ ਧਾਰਨੀ ਹੋਣ ਦਾ ਉਪਦੇਸ਼ ਕਰਦਾ ਹੈ। ਉਨ੍ਹਾਂ ਗੁਣਾਂ ਵਿੱਚ ਸਭ ਤੋਂ ਪਹਿਲਾ ਉਤਮ ਗੁਣ ਸੁਣਨ ਨੂੰ ਪ੍ਰਵਾਨ ਕੀਤਾ ਹੈ। ਸੁਣਨਾ ਕਠਿਨ ਕਾਰਜ ਹੈ ਇਸ ਲਈ ਆਪਣੇ ਅੰਦਰ ਸਹਿਜ ਦਾ ਪ੍ਰਕਾਸ਼ ਕਰਨਾ ਪਵੇਗਾ। ਜ਼ਿੰਦਗੀ ਵਿੱਚ ਸਹਿਜ ਉਤਮ ਸਦਗੁਣ ਹੈ, ਜੇ ਸਹਿਜ ਪੈਦਾ ਹੋ ਗਿਆ ਤਾਂ ਸੁਣਨ ਦੀ ਭਾਵਨਾ ਪੈਦਾ ਹੋ ਜਾਵੇਗੀ। ਇਹ ਭਾਵਨਾ ਗਿਆਨ ਦੇ ਮਾਰਗ ਦਾ ਪਾਂਧੀ ਬਣਾ ਕੇ ਦੇਵੇਗੀ। ਪਰ ਪਾਂਧੀ ਬਣ ਜਾਣ ਨਾਲ ਹੀ ਪ੍ਰਾਪਤੀਆਂ ਨਹੀਂ, ਪਾਂਧੀ ਬਣ ਕੇ ਸੱਚ ਦੀ ਖੋਜ ਦੇ ਮਾਰਗ ‘ਤੇ ਚਲਣਾ ਹੈ। ਰਹੱਸ ਬਰਕਰਾਰ ਹੈ, ਅਸਲੀ ਉਪਦੇਸ਼ ਹੈ ਸੁਣ ਤੇ ਫਿਰ ਮੰਨ। ਜੇ ਸੁਣ ਕੇ ਅਮਲ ਨਾ ਕੀਤਾ ਤਾਂ ਪ੍ਰਾਪਤੀਆਂ ਦਾ ਅਮਲ ਖ਼ਤਮ ਹੈ। ਪਰ ਜੇ ਸੁਣ ਕੇ ਮੰਨ ਲਿਆ ਤਾਂ ਸੱਚ ਦੀ ਪ੍ਰਾਪਤੀ ਦੇ ਅਗਲੇ ਮਾਰਗ ‘ਤੇ ਚਲ ਪਿਆ ਜਿਸ ਨੂੰ ‘ਪੰਚ’ ਕਿਹਾ ਗਿਆ ਹੈ। ਪੰਚ ਦਾ ਮਾਰਗ ਕਠਿਨ ਹੈ, ਇਹ ਸੱਚ ਦੀ ਧਿਰ ਬਣਨਾ ਹੈ। ਝੂਠ, ਦੰਭ, ਪਾਖੰਡ ਦਾ ਪਰਦਾ ਹੀ ਫਾਸ਼ ਨਹੀਂ ਕਰਨਾ ਸਗੋਂ ਇਸ ਵਿਰੁੱਧ ਸੰਗਰਾਮ ਵੀ ਕਰਨਾ ਹੈ। ਸੰਗਰਾਮ ਜ਼ਿੰਦਗੀ ਅਤੇ ਮੌਤ ਨੂੰ ਇਕੋ ਜਿਹਾ ਸਮਝਣਾ ਹੈ ਅਤੇ ਇਹ ਹੀ ਸਚਖੰਡ ਦੀ ਸਥਾਪਨਾ ਦਾ ਮੀਲ ਪੱਥਰ ਹੈ।

 

  1. ਪ੍ਰੇਮ

ਦੁਨੀਆ ਵਿੱਚ ਪ੍ਰੇਮ ਸਮਾਜਿਕ ਈਰਖਾ, ਦਵੈਤ, ਕ੍ਰੋਧ, ਵੈਰ ਦੇ ਖ਼ਾਤਮੇ ਦਾ ਮੂਲ ਆਧਾਰ ਹੀ ਨਹੀਂ ਬਣਦਾ ਸਗੋਂ ਪਰਮਾਤਮਾ ਨਾਲ ਮਿਲਣ ਦਾ ਰਸਤਾ ਵੀ ਨਿਰਧਾਰਿਤ ਕਰਦਾ ਹੈ। ਮਨੁੱਖਤਾ ਨਾਲ ਪ੍ਰੇਮ, ਰੱਬ ਨਾਲ ਪ੍ਰੇਮ ਦੀ ਪਉੜੀ ਦਾ ਪਹਿਲਾ ਡੰਡਾ ਹੈ। ਇਹ ਕਾਇਨਾਤ ਜਾਂ ਲੋਕਾਈ ਜਦ ਉਸਨੇ ਸਾਜੀ ਤਾਂ ਉਸਨੇ ਆਪਣੀ ਜੋਤ ਇਸ ਵਿੱਚ ਰੱਖੀ। ਜਦੋਂ ਮਨੁੱਖ ਵਿੱਚ ਉਸਦੀ ਜੋਤਿ ਹੈ ਤਾਂ ਫਿਰ ਉਸਨੂੰ ਪਿਆਰ ਕਿਉਂ ਨਾ ਕੀਤਾ ਜਾਵੇ ਕਿਉਂਕਿ ਸੱਚਾ ਪ੍ਰੇਮ ਅਕਾਲ ਪੁਰਖ ਦਾ ਵਰਦਾਨ ਹੈ ਜੋ ਪਰਮਾਤਮਾ ਦੀ ਸਾਜੀ ਇਸ ਸੰਪੂਰਨ ਕਾਇਨਾਤ ਵਿੱਚ ਮਾਨਣ ਨੂੰ ਪ੍ਰਾਪਤ ਹੈ।

ਗੁਰਮਤਿ ਪ੍ਰੇਮ ਦੇ ਰਾਹ ਨੂੰ ਗਾਡੀ ਰਾਹ ਪ੍ਰਵਾਨ ਕਰਦੀ ਹੈ, ਜਿਸ ਨੇ “ਲੋਕ ਸੁਖੀਏ ਪਰਲੋਕ ਸੁਹੇਲੇ’ ਦਾ ਸੱਚ ਸਥਾਪਤ ਕਰਨਾ ਹੈ। ਪ੍ਰੇਮ ਕੋਈ ਸੁਖਾਲਾ ਮਾਰਗ ਨਹੀਂ ਹੈ। ਪ੍ਰੇਮ ਦੀ ਆਸਥਾ ਤੇ ਵਿਸ਼ਵਾਸ ਵਿੱਚ ਖ਼ਤਰੇ ਅਤੇ ਦੁੱਖ ਉਠਾਉਣੇ ਪੈਂਦੇ ਹਨ। ਇਸ ਆਸਥਾ ਵਿੱਚ ਖੋਪਰੀਆਂ ਲੁਹਾਉਣੀਆਂ ਅਤੇ ਬੰਦ-ਬੰਦ ਵੀ ਕਟਾਉਣੇ ਪੈ ਸਕਦੇ ਹਨ। ਕੇਵਲ ਜਾਨ ਹੀ ਨਹੀਂ ਸਗੋਂ ਸਭ ਕੁਝ ਅਰਪਣ ਕਰਨਾ ਪੈ ਸਕਦਾ ਹੈ। ਪ੍ਰੇਮ ਭਾਵਨਾ ਵਿੱਚ ਪਿੱਛੇ ਮੁੜਨ ਦਾ ਰਸਤਾ ਨਹੀਂ ਹੁੰਦਾ। ਜੀਵਨ ਬੇੜੀ ਨੂੰ ਜਦੋਂ ਪ੍ਰੇਮ ਦੇ ਸਾਗਰ ਵਿੱਚ ਠੇਲ ਦਿੱਤਾ ਤਾਂ ਫਿਰ ਕਿਸੇ ਵੀ ਰੁਕਾਵਟ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਫਿਰ ਭਾਵੇਂ ਸੱਜਣ ਪ੍ਰਭੂ ਦਾ ਘਰ ਦੂਰ ਹੋਵੇ ਜਾਂ ਰਸਤੇ ਵਿੱਚ ਮੋਹ ਮਾਇਆ ਅਤੇ ਵਿਸ਼-ਵਿਕਾਰਾਂ ਦਾ ਚਿੱਕੜ। ਪ੍ਰੀਤਮ ਨੇਹੁ ਦੀ ਤਾਂਘ ਇਨ੍ਹਾਂ ਵਿਘਨਾਂ ਦੀ ਪ੍ਰਵਾਹ ਨਹੀਂ ਕਰਦੀ।

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਬਾ ਫਰੀਦ ਦੀ ਬਾਣੀ ਸਵਾਲ ਜਵਾਬ ਦੇ ਰੂਪ ਵਿੱਚ ਪ੍ਰੇਮ ਦੇ ਪ੍ਰਸੰਗ ਨੂੰ ਨਿਰਾਲੇ ਰੂਪ ਵਿੱਚ ਸਥਾਪਿਤ ਕਰਦੀ ਹੈ :

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥ 
ਚਲਾਂ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥

ਖ਼ੂਬਸੂਰਤ ਉੱਤਰ ਹੈ :

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥ 
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ||

(ਗੁ.ਗ੍ਰੰ.ਸਾ. ਅੰਗ 1379)

 

ਸਪਸ਼ਟ ਹੈ ਕਿ ਗੁਰਮਤਿ ਵਿੱਚ ਪ੍ਰੇਮ ਦਾ ਉੱਤਮ ਨੈਤਿਕ ਗੁਣ ਤਲੀ ‘ਤੇ ਸੀਸ ਰੱਖਣ ਵਰਗਾ ਹੀ ਮਾਰਗ ਹੈ। ਪਰ ਪ੍ਰੇਮ ਦੇ ਉੱਤਮ ਮਾਰਗ ‘ਤੇ ਜੋ ਚਲ ਪਿਆ, ਉਹ ਰੱਬੀ ਰੂਪ ਹੋ ਜਾਂਦਾ ਹੈ, ਕੁਲ ਕਾਇਨਾਤ ਉਸ ਦੇ ਨਾਮ ਦਾ ਜਾਪ ਕਰਦੀ ਹੈ, ਉਸ ਨੂੰ ਅੰਗੀਕਾਰ ਕਰਨ ਨੂੰ ਬਿਹਬਲ ਹੋ ਉੱਠਦੀ ਹੈ। ਇਹ ਜਿਊਣਾ ‘ਭਾਈ ਘਨਈਆ’ ਹੋ ਉਠਦਾ ਹੈ। ਫਿਰ ਭਾਈ ਘਨਈਆ ਵਰਗੇ ਸੰਕਲਪੀ ਰੂਪ ਦੀ ਖ਼ੁਸ਼ਬੂ ਅਤੇ ਮਿਠਾਸ ਲੁਕਾ ਕੇ ਰੱਖਣਾ ਸੰਭਵ ਹੀ ਨਹੀਂ ਹੈ।

ਸਪਸ਼ਟ ਹੈ ਕਿ ਪ੍ਰੇਮ ਪ੍ਰਾਪਤੀਆਂ ਦਾ ਮਾਰਗ ਹੈ। ਸਮਾਜਿਕ ਖੇਤਰ ਵਿੱਚ ਜਿੱਥੇ ਇਸ ਨਾਲ ਮੁੱਖ ਉਜਲਾ ਅਤੇ ਸੱਭਿਅ ਸਮਾਜ ਸਥਾਪਤ ਹੁੰਦਾ ਹੈ, ਉੱਥੇ ਰੂਹਾਨੀ ਖੇਤਰ ਵਿੱਚ ਅਕਾਲ ਪੁਰਖ ਦੀ ਪ੍ਰਾਪਤੀ ਦਾ ਮੁੱਖ ਵਸੀਲਾ ਵੀ ਪ੍ਰੇਮ ਨੂੰ ਜੰਨਿਆ ਹੈ। ਪਰਮਾਤਮਾ ਖ਼ੁਦ ਪ੍ਰੇਮ ਹੈ ਅਤੇ ਪ੍ਰੇਮ ਹੀ ਜੀਵਾਂ ਦੀ ਪਾਲਣਾ ਅਤੇ ਸਾਰਿਆਂ ਨਾਲ ਗਲ ਨਾਲ ਲਾਉਣ ਦਾ ਆਧਾਰ ਹੈ।

ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ।।
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ।।
(ਗੁ.ਗ੍ਰੰ.ਸਾ. ਅੰਗ 617)

iii. ਸੇਵਾ

ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਉਪਦੇਸ਼ ਵਿੱਚ ਇਸਨੂੰ ਸਦਗੁਣ ਦੇ ਰੂਪ ਵਿੱਚ ਪ੍ਰਵਾਨ ਕਰਦਿਆਂ ਮਨੁੱਖੀ ਜ਼ਿੰਦਗੀ ਦੇ ਕੇਂਦਰੀ ਥੰਮ ਵਜੋਂ ਇਸ ਦੀ ਸਥਾਪਨਾ ਕੀਤੀ ਗਈ ਹੈ। ਸਿੱਖ ਇਤਿਹਾਸਕ ਪ੍ਰਸੰਗ ਵਿੱਚ ਸੇਵਾ ਦੀ ਐਨੀ ਮਹਾਨਤਾ ਹੈ ਕਿ ‘ਲਹਿਣੇ ਤੋਂ ਅੰਗਦ ਹੋਣ’ ਦੇ ਸਫ਼ਰ ਦਾ ਮਾਧਿਅਮ ਸੇਵਾ ਹੀ ਬਣਿਆ ਅਤੇ ਇਸ ਤਰ੍ਹਾਂ ‘ਅਮਰੂ ਨਿਥਾਵੇ ਤੋਂ ਨਿਥਾਵਿਆ ਦੇ ਥਾਂ ਬਣਨ ਵਿੱਚ ਸੇਵਾ ਨੇ ਹੀ ਮੁੱਖ ਭੂਮਿਕਾ ਨਿਭਾਈ।

ਸਪਸ਼ਟ ਹੈ ਕਿ ਸੇਵਾ ਰੱਬ ਦੇ ਰਾਹ ‘ਤੇ ਚਲਣ ਅਤੇ ਰੱਬ ਬਣਨ ਦਾ ਇਕੋ ਇਕ ਰਸਤਾ ਹੈ। ਸਮਾਜਿਕ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਕਿ ਸੇਵਾ ਉਦਮ ਦੇ ਰਸਤੇ ਦਾ ਰਾਹ ਖੋਲ੍ਹਦੀ ਹੈ। ਇਹ ਉੱਚ ਆਚਰਣ ਦਾ ਆਧਾਰ ਬਣਦੀ ਹੈ, ਸੇਵਾ ਹੀ ਨਿਮਰਤਾ ਤਕ ਲੈ ਕੇ ਜਾਂਦੀ ਹੈ, ਇਸੇ ਤੋਂ ਹੀ ਸਮਰਪਣ ਦੀ ਭਾਵਨਾ ਉਜਾਗਰ ਹੁੰਦੀ ਹੈ। ਸਹਿਨਸ਼ੀਲਤਾ ਦਾ ਉਤਮ ਸਦਗੁਣ ਸੇਵਾ ਰਾਹੀਂ ਹੀ ਰੂਪਮਾਨ ਹੁੰਦਾ ਹੈ। ਭਾਈਚਾਰਕ ਸਾਂਝ ਅਤੇ ਸਮਾਜਿਕ ਰੋਕਾਂ ਨੂੰ ਤੋੜਨ ਵਿੱਚ ਸੇਵਾ ਹੀ ਉੱਤਮ ਹਥਿਆਰ ਹੈ। ਇਹ ਸਾਰੇ ਸਦਗੁਣ ਸੇਵਾ ਦੇ ਮਾਧਿਅਮ ਰਾਹੀਂ ਜਦੋਂ ਮਨੁੱਖੀ ਜੀਵਨ ਦਾ ਅੰਗ ਬਣ ਜਾਂਦੇ ਹਨ ਤਾਂ ਮਨੁੱਖ ਵਿੱਚ ਪਰਮਾਤਮਾ ਵਾਲੇ ਉੱਤਮ ਗੁਣ ਪੈਦਾ ਹੋ ਜਾਂਦੇ ਹਨ, ਉਹ ਸਮੁੱਚੀ ਕਾਇਨਾਤ ਨੂੰ ਇੱਕ ਅਕਾਲ ਪੁਰਖ ਦੀ ਜਾਣ ਕੇ ਉਸ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਨਿਰਭਉ ਨਿਰਵੈਰੀ ਕੀਮਤਾਂ ਦਾ ਮਾਲਕ ਬਣ ਸੇਵਾ ਤੋਂ ਸਿਮਰਨ ਅਤੇ ਸਿਮਰਨ ਤੋਂ ਸ਼ਹਾਦਤ ਤਕ ਦੇ ਰਸਤਿਆਂ ਨੂੰ ਬਿਨਾ ਭੈਅ ਪਾਰ ਕਰ ਪਰਮਾਤਮਾ ਨੂੰ ਅੰਗੀਕਾਰ ਹੋ ਜਾਂਦਾ ਹੈ। ਗੁਰੂ ਵਾਕ ਹੈ :

ਅਨਿਕ ਭਾਂਤਿ ਕਰਿ ਸੇਵਾ ਕਰੀਐ।
ਜੀਉ ਪ੍ਰਾਨ ਧਨੁ ਆਗੈ ਧਰੀਐ।। 
ਪਾਨੀ ਪਖਾ ਕਰਉ ਤਜਿ ਅਭਿਮਾਨੁ॥
ਅਨਿਕ ਬਾਰ ਜਾਈਐ ਕੁਰਬਾਨੁ॥

(ਗੁ.ਗ੍ਰੰ.ਸਾ. ਅੰਗ 391)

ਬਿਨਾ ਸੁਆਰਥ ਕੀਤੀ ਹੋਈ ਸੇਵਾ ਹੀ ਪ੍ਰਵਾਨ ਹੁੰਦੀ ਹੈ ਅਤੇ ਜੀਵ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ :
ਸੇਵਾ ਕਰਤ ਹੋਇ ਨਿਹਕਾਮੀ।। 
ਤਿਸ ਕਉ ਹੋਤ ਪਰਾਪਤਿ ਸੁਆਮੀ।।

(ਗੁ.ਗ੍ਰੰ.ਸਾ. ਅੰਗ 286)

 

ਪ੍ਰਭੁ ਦੇ ਚਰਨਾਂ ਵਿੱਚ ਮਨ ਲਾ ਕੇ ਕੀਤੀ ਸੇਵਾ ਹੀ ਸਫ਼ਲ ਹੈ :
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ।।
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ।।
(ਗੁ.ਗ੍ਰੰ.ਸਾ. ਅੰਗ 644)

 

  1. ਨਿਰਭੈਤਾ

ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਗੁਣਾਂ ਦਾ ਉਲੇਖ ਮੂਲ ਮੰਤਰ ਵਿੱਚ ਕੀਤਾ ਹੋਇਆ ਹੈ। ਇਸ ਵਿੱਚ ਅਕਾਲਪੁਰਖ ਦਾ ਇਕ ਮੀਰੀ ਗੁਣ ‘ਨਿਰਭਉ ਹੈ। ਨਿਰਭਉ ਕੌਣ ਹੋ ਸਕਦਾ ਹੈ, ਉਹ ਜੋ ਸਰਵ-ਸ਼ਕਤੀਵਾਨ ਹੋਵੇ। ਪਰ ਕੀ ਇਹ ਗੁਣ ਮਨੁੱਖ ਦਾ ਗੁਣ ਬਣ ਸਕਦਾ ਹੈ ਜਾਂ ਨਹੀਂ। ਸਿੱਖ ਸਿਧਾਂਤ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਜੀਵ ਵਿੱਚ ਵੀ ਪਰਮ ਆਤਮਾ ਵਾਲੇ ਗੁਣ ਪੈਦਾ ਹੋ ਸਕਦੇ ਹਨ ਬੇਸ਼ਰਤੇ ਕਿ ਉਹ ਸੱਚ, ਪ੍ਰੇਮ ਅਤੇ ਸੇਵਾ ਦੇ ਰਸਤੇ ਨੂੰ ਧਾਰਨ ਕਰ ਲਵੇ।

ਸਿੱਖ ਧਰਮ ਦਾ ਇਸ ਸਿਧਾਂਤ ਵਿਚ ਦ੍ਰਿੜ ਵਿਸ਼ਵਾਸ ਹੈ ਕਿ ‘ਪਤਿ’ ਦੇ ਜੀਵਨ ਬਗ਼ੈਰ ਜਿਊਣਾ ਬੇਗ਼ੈਰਤ ਹੋ ਕੇ ਜ਼ਿੰਦਗੀ ਕੱਟਣਾ ਹੈ :

ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ॥

(ਗੁ.ਗ੍ਰੰ.ਸਾ. ਅੰਗ 903)

ਇਸ ਅਧਿਆਤਮਕ ਪ੍ਰਸੰਗ ਵਿੱਚ ਪਰਪੱਕ ਆਦਮੀ ਆਪਣੀ ਇੱਜ਼ਤ ਆਬਰੂ ਦੀ ਰਖਵਾਲੀ ਕਰਨ ਦੇ ਸਮਰੱਥ ਹੋ ਸਕਦਾ ਹੈ। ਇਸ ਵਿਸ਼ਵਾਸ ਨੇ ਸਿੱਖਾਂ ਨੂੰ ਆਤਮ-ਨਿਰਭਰ ਹੋਣ ਵਾਲੇ ਪਾਸੇ ਵੱਲ ਤੋਰਿਆ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਵਿਧਾਨ ਕੀਤਾ ਹੋਇਆ ਹੈ ਕਿ ਪੂਜਾ ਅਤੇ ਪਤਿ ਨਾਲ-ਨਾਲ ਤੁਰਦੀਆਂ ਹਨ, ਜੇ ਕੋਈ ਸੰਜਮੀ ਅਖਵਾਉਣਾ ਚਾਹੁੰਦਾ ਹੈ, ਉਸ ਲਈ ਸੱਚਾ ਹੋਣਾ ਜ਼ਰੂਰੀ ਹੈ। ਇਥੋਂ ਤਕ ਕਿ ਕੋਈ ਧਾਰਮਿਕ ਰਹਿਤ ਕਿਸੇ ਨਾ ਕਿਸੇ ਨੈਤਿਕਤਾ ਦੀ ਸੂਚਕ ਹੁੰਦੀ ਹੈ :

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥

(ਗੁ.ਗ੍ਰੰ.ਸਾ. ਅੰਗ 1427)

ਕੇਵਲ ਇਹੋ ਜਿਹੇ ਵਿਸ਼ਵਾਸ ਵਾਲਾ ਮਾਨਵ ਹੀ ਭੈਅ ਮੁਕਤ ਜੀਵਨ ਬਤੀਤ ਕਰ ਸਕਦਾ ਹੈ। ਭੈਅ ਮੁਕਤ ਨੈਤਿਕਤਾ ਨੂੰ ਸਿੱਖ ਧਰਮ ਵਿਚ ਅਮਰ ਦੀ ਪੱਧਰ ‘ਤੇ ਕੇਂਦਰੀਅਤਾ ਪ੍ਰਵਾਨ ਹੈ। ਗੁਰੂ ਗ੍ਰੰਥ ਸਾਹਿਬ ਇਸ ਨੂੰ ਇੱਕ ਸੀਮਾ ਵਿੱਚ ਪ੍ਰਵਾਨ ਕਰਨ ਦਾ ਆਦੇਸ਼ ਦਿੰਦਾ ਹੈ ਅਤੇ ਜ਼ੁਲਮ ਵਿਰੁੱਧ ਜੂਝਣ ਲਈ “ਪ੍ਰੇਮ ਖੇਲਣ ਕਾ ਚਾਉ” ਮੰਨਦਾ ਹੈ :

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ।।
(ਗੁ.ਗ੍ਰੰ.ਸਾ. ਅੰਗ 1412)

 

  1. ਸੰਤੋਖ

ਗੁਰਬਾਣੀ ਸੰਤੋਖ ਦੇ ਨੈਤਿਕ ਗੁਣ ਨੂੰ ਮਨੁੱਖੀ ਮਨ ਦਾ ਹਿੱਸਾ ਬਣਾਉਣ ਦਾ ਉਪਦੇਸ਼ ਦਿੰਦੀ ਹੈ। ਗੁਰੂ ਵਾਕ ਹੈ :

ਧੌਲੁ ਧਰਮੁ ਦਇਆ ਕਾ ਪੂਤੁ॥ 
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥

(ਗੁ.ਗ੍ਰੰ.ਸਾ. ਅੰਗ 3)

 

ਸੰਤੋਖ ਪੈਦਾ ਕਿਵੇਂ ਹੋਵੇ ? ਇਹ ਪ੍ਰਸ਼ਨ ਹੈ ਅਤੇ ਇਸ ਦਾ ਉੱਤਰ ਵੀ ਗੁਰਬਾਣੀ ਵਿੱਚ ਦਿੱਤਾ ਹੋਇਆ ਹੈ ਕਿ ਜੇਕਰ ਮਨੁੱਖ ਸੰਜਮੀ ਬਿਰਤੀਆਂ ਦਾ ਧਾਰਨੀ ਹੋ ਜਾਵੇ ਤਾਂ ਸੰਤੋਖ ਇੱਕ ਨੈਤਿਕ ਗੁਣ ਵਜੋਂ ਮਨੁੱਖੀ ਜੀਵਨ ਦਾ ਅੰਗ ਹੋ ਜਾਂਦਾ ਹੈ। ਸੰਤੋਖ ਭਾਵੇਂ ਸੰਸਾਰਕ ਸੁਖਾਂ ਤੋਂ ਭਾਂਜਵਾਦੀ ਬਿਰਤੀ ਨਹੀਂ ਹੈ, ਸਗੋਂ ਸੰਸਾਰ ਸੁਖਾਂ ਦੀ ਵਰਤੋਂ ਕਰਦੇ ਹੋਏ ਲਗ਼ਾਮ ਆਪਣੇ ਹੱਥ ਵਿਚ ਰੱਖਣਾ ਹੈ। ਇੱਛਾਵਾਂ ਸਵਾਰ ਅਤੇ ਮਨੁੱਖ ਘੋੜਾ ਬਣ ਜਾਵੇਗਾ ਤਾਂ ਸਮਾਜ ਵਿਨਾਸ਼ ਦਾ ਰਾਹ ਖੁੱਲ੍ਹ ਜਾਵੇਗਾ, ਇਸੇ ਕਰਕੇ ਉਪਦੇਸ਼ ਹੈ :

 

ਸਤਿ ਸੰਤੋਖਿ ਰਹਹੁ ਜਨ ਭਾਈ॥

(ਗੁ.ਗ੍ਰੰ.ਸਾ. ਅੰਗ 1030)

 

ਨਵਾਬ ਕਪੂਰ ਸਿੰਘ ਲਈ ਨਵਾਬੀ ਦੇ ਕੋਈ ਅਰਥ ਨਹੀਂ ਹਨ। ਉਸ ਲਈ ਤਾਂ ਖ਼ਾਲਸਾ ਜੰਗਜੂਆਂ ਦੇ ਘੋੜਿਆਂ ਦੀ ਸੇਵਾ ਉੱਤਮ ਨੈਤਿਕ ਗੁਣ ਹੈ। ਪਰ ਜਦ ਹੁਕਮ ਦੇ ਰੂਪ ਵਿੱਚ ਉਸ ਨੂੰ ਨਵਾਬੀ ਦੀ ਖ਼ਿਲਅਤ ਧਾਰਨ ਕਰਨੀ ਪੈ ਜਾਂਦੀ ਹੈ ਤਾਂ ਉਹ ਸਿਰ ਨਿਵਾਂ ਕੇ ਪ੍ਰਵਾਨ ਤਾਂ ਕਰ ਲੈਂਦਾ ਹੈ ਪਰ ਜਿਸ ਸੰਜਮੀ ਬਿਰਤੀ ਦਾ ਪ੍ਰਗਟਾਵਾ ਕਰਦਾ ਹੈ ਉਹ ਸੰਤੋਖ ਦੀ ਉੱਤਮ ਉਦਾਹਰਣ ਹੈ। ਉਹ ਖ਼ਾਲਸਾ ਜੰਗਜੂਆਂ ਅੱਗੇ ਹੱਥ ਜੋੜ ਕੇ ਇਹ ਮੰਨਵਾ ਲੈਂਦਾ ਹੈ ਕਿ ਨਵਾਬੀ ਦੇ ਨਾਲ-ਨਾਲ ਘੋੜਿਆਂ ਦੀ ਸਫ਼ਾਈ ਦੀ ਜ਼ਿੰਮੇਵਾਰੀ ਦਾ ਭਾਰ ਉਸ ਦੇ ਸਿਰ ਹੋ ਜਾਵੇਗਾ। ਇਹ ਜਿੱਥੇ ਊਤਮ ਸੇਵਾ ਦਾ ਗੁਣ ਸੀ ਉੱਥੇ ਹਉਮੈ ਤੋਂ ਛੁਟਕਾਰੇ ਦਾ ਉੱਤਮ ਮਾਰਗ ਵੀ ਸੀ। ਪਰ ਇਸ ਉੱਤਮ ਮਾਰਗ ‘ਤੇ ਕੇਵਲ ਗੁਰੂ ਦੇ ਪੂਰੇ ਸੂਰੇ ਸੰਤੋਖੀ ਜੀਵ ਹੀ ਚਲ ਸਕਦੇ ਹਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਤੋਖ ਨੂੰ ਤੀਰਥ ਦੀ ਸੰਗਿਆ ਪ੍ਰਦਾਨ ਹੈ :

ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ।।

(ਗੁ.ਗ੍ਰੰ.ਸਾ. ਅੰਗ 1245)