ਸੂਹੀ ਮਹਲਾ ੪ ॥
ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥ ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥ ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥ ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥ ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ ॥ ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ ॥੨॥ ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ ॥ ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥੩॥ ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ ॥ ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥੪॥੩॥ {ਪੰਨਾ 731-732}
ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ। ਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ।੧।ਰਹਾਉ।
ਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ। ਜੇ (ਕਿਸੇ ਮਨੁੱਖ ਉਤੇ) ਗੁਰੂ ਤੱ੍ਰੁਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ।੧।
ਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ। ਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ।੨।
ਹੇ ਹਰੀ! ਅਸੀ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ। ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ।੩।
ਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ। ਹੇ ਦਾਸ ਨਾਨਕ! ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ।੪।੩।