Amrit Vele Da Hukamnama Gurudwara Baba Zorawar Singh Ji Baba Fateh Singh Ji 14-12-24

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ ੴ ਸਤਿਗੁਰ ਪ੍ਰਸਾਦਿ ॥
ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥ ਆਪੇ ਵਰਤੈ ਅਵਰੁ ਨ ਕੋਈ ॥ ਓਤਿ ਪੋਤਿ ਜਗੁ ਰਹਿਆ ਪਰੋਈ ॥ ਆਪੇ ਕਰਤਾ ਕਰੈ ਸੁ ਹੋਈ ॥ ਨਾਮਿ ਰਤੇ ਸਦਾ ਸੁਖੁ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੧॥ ਹਿਰਦੈ ਜਪਨੀ ਜਪਉ ਗੁਣਤਾਸਾ ॥ ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥ ਸੋਮਵਾਰਿ ਸਚਿ ਰਹਿਆ ਸਮਾਇ ॥ ਤਿਸ ਕੀ ਕੀਮਤਿ ਕਹੀ ਨ ਜਾਇ ॥ ਆਖਿ ਆਖਿ ਰਹੇ ਸਭਿ ਲਿਵ ਲਾਇ ॥ ਜਿਸੁ ਦੇਵੈ ਤਿਸੁ ਪਲੈ ਪਾਇ ॥ ਅਗਮ ਅਗੋਚਰੁ ਲਖਿਆ ਨ ਜਾਇ ॥ ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥ ਮੰਗਲਿ ਮਾਇਆ ਮੋਹੁ ਉਪਾਇਆ ॥ ਆਪੇ ਸਿਰਿ ਸਿਰਿ ਧੰਧੈ ਲਾਇਆ ॥ ਆਪਿ ਬੁਝਾਏ ਸੋਈ ਬੂਝੈ ॥ ਗੁਰ ਕੈ ਸਬਦਿ ਦਰੁ ਘਰੁ ਸੂਝੈ ॥ ਪ੍ਰੇਮ ਭਗਤਿ ਕਰੇ ਲਿਵ ਲਾਇ ॥ ਹਉਮੈ ਮਮਤਾ ਸਬਦਿ ਜਲਾਇ ॥੩॥ ਬੁਧਵਾਰਿ ਆਪੇ ਬੁਧਿ ਸਾਰੁ ॥ ਗੁਰਮੁਖਿ ਕਰਣੀ ਸਬਦੁ ਵੀਚਾਰੁ ॥ ਨਾਮਿ ਰਤੇ ਮਨੁ ਨਿਰਮਲੁ ਹੋਇ ॥ ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥ ਦਰਿ ਸਚੈ ਸਦ ਸੋਭਾ ਪਾਏ ॥ ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥ ਲਾਹਾ ਨਾਮੁ ਪਾਏ ਗੁਰ ਦੁਆਰਿ ॥ ਆਪੇ ਦੇਵੈ ਦੇਵਣਹਾਰੁ ॥ ਜੋ ਦੇਵੈ ਤਿਸ ਕਉ ਬਲਿ ਜਾਈਐ ॥ ਗੁਰ ਪਰਸਾਦੀ ਆਪੁ ਗਵਾਈਐ ॥ ਨਾਨਕ ਨਾਮੁ ਰਖਹੁ ਉਰ ਧਾਰਿ ॥ ਦੇਵਣਹਾਰੇ ਕਉ ਜੈਕਾਰੁ ॥੫॥ ਵੀਰਵਾਰਿ ਵੀਰ ਭਰਮਿ ਭੁਲਾਏ ॥ ਪ੍ਰੇਤ ਭੂਤ ਸਭਿ ਦੂਜੈ ਲਾਏ ॥ ਆਪਿ ਉਪਾਏ ਕਰਿ ਵੇਖੈ ਵੇਕਾ ॥ ਸਭਨਾ ਕਰਤੇ ਤੇਰੀ ਟੇਕਾ ॥ ਜੀਅ ਜੰਤ ਤੇਰੀ ਸਰਣਾਈ ॥ ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥ ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥ ਆਪਿ ਉਪਾਇ ਸਭ ਕੀਮਤਿ ਪਾਈ ॥ ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥ ਸਚੁ ਸੰਜਮੁ ਕਰਣੀ ਹੈ ਕਾਰ ॥ ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥ ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥ ਹਉਮੈ ਮੇਰਾ ਭਰਮੈ ਸੰਸਾਰੁ ॥ ਮਨਮੁਖੁ ਅੰਧਾ ਦੂਜੈ ਭਾਇ ॥ ਜਮ ਦਰਿ ਬਾਧਾ ਚੋਟਾ ਖਾਇ ॥ ਗੁਰ ਪਰਸਾਦੀ ਸਦਾ ਸੁਖੁ ਪਾਏ ॥ ਸਚੁ ਕਰਣੀ ਸਾਚਿ ਲਿਵ ਲਾਏ ॥੮॥ ਸਤਿਗੁਰੁ ਸੇਵਹਿ ਸੇ ਵਡਭਾਗੀ ॥ ਹਉਮੈ ਮਾਰਿ ਸਚਿ ਲਿਵ ਲਾਗੀ ॥ ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥ ਤੂ ਸੁਖਦਾਤਾ ਲੈਹਿ ਮਿਲਾਇ ॥ ਏਕਸ ਤੇ ਦੂਜਾ ਨਾਹੀ ਕੋਇ ॥ ਗੁਰਮੁਖਿ ਬੂਝੈ ਸੋਝੀ ਹੋਇ ॥੯॥ ਪੰਦ੍ਰਹ ਥਿਤੀ ਤੈ ਸਤ ਵਾਰ ॥ ਮਾਹਾ ਰੁਤੀ ਆਵਹਿ ਵਾਰ ਵਾਰ ॥ ਦਿਨਸੁ ਰੈਣਿ ਤਿਵੈ ਸੰਸਾਰੁ ॥ ਆਵਾ ਗਉਣੁ ਕੀਆ ਕਰਤਾਰਿ ॥ ਨਿਹਚਲੁ ਸਾਚੁ ਰਹਿਆ ਕਲ ਧਾਰਿ ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥ {ਪੰਨਾ 841}

ਨੋਟ: ਮ: ੧ ਦੀ ਬਾਣੀ ‘ਥਿਤੀ’ ਦੀ ‘ਰਹਾਉ’ ਦੀ ਤੁਕ ਗਹੁ ਨਾਲ ਪੜ੍ਹੋ-“ਕਿਆ ਜਪੁ ਜਾਪਉ ਬਿਨੁ ਜਗਦੀਸੈ’। ‘ਵਾਰ ਸਤ’ ਦੀ ਭੀ ‘ਰਹਾਉ’ ਦੀ ਤੁਕ ਵੇਖੋ-‘ਹਿਰਦੈ ਜਪਨੀ ਜਪਉ ਗੁਣ ਤਾਸਾ’। ਲਫ਼ਜ਼ਾਂ ਦੀ ਸਾਂਝ ਦੱਸਦੀ ਹੈ ਕਿ ਬਾਣੀ ‘ਥਿਤੀ’ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ, ਜਦੋਂ ਉਹਨਾਂ ‘ਵਾਰ ਸਤ’ ਬਾਣੀ ਲਿਖੀ। ਦੋਹਾਂ ਦਾ ‘ਘਰੁ ੧੦’ ਹੈ।

ਅਰਥ: ਹੇ ਭਾਈ! ਸਾਰੇ ਜਗਤ ਦਾ) ਮੂਲ ਉਹ ਅਕਾਲ ਪੁਰਖ ਆਪ ਹੀ (ਸਭ ਥਾਂ) ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ। ਉਹ ਪਰਮਾਤਮਾ ਸਾਰੇ ਜਗਤ ਨੂੰ ਤਾਣੇ ਪੇਟੇ ਵਾਂਗ (ਆਪਣੀ ਰਜ਼ਾ ਵਿਚ) ਪ੍ਰੋ ਰਿਹਾ ਹੈ। (ਜਗਤ ਵਿਚ) ਉਹ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰਦਾ ਹੈ। ਉਸ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ। ਪਰ ਕੋਈ ਵਿਰਲਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।੧।

ਹੇ ਭਾਈ! ਮੈਂ (ਆਪਣੇ) ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ (ਪਰਮਾਤਮਾ ਦੇ ਨਾਮ) ਨੂੰ ਜਪਦਾ ਹਾਂ (ਇਹੀ ਹੈ ਮੇਰੀ) ਮਾਲਾ। ਪਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਤਾਂ ਸੰਤ ਜਨਾਂ ਦੀ ਚਰਨੀਂ ਲੱਗ ਕੇ ਸੰਤ ਜਨਾਂ ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ।੧।ਰਹਾਉ।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਹੋਇਆ ਰਹਿੰਦਾ ਹੈ (ਉਸ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। (ਪਰ ਇਹ ਸਿਮਰਨ ਤੇ ਯਾਦ ਦੀ ਦਾਤਿ) ਜਿਸ (ਮਨੁੱਖ) ਨੂੰ (ਪਰਮਾਤਮਾ ਆਪ) ਦੇਂਦਾ ਹੈ, ਉਸ ਨੂੰ (ਹੀ) ਮਿਲਦੀ ਹੈ, (ਆਪਣੇ ਉੱਦਮ ਨਾਲ ਸੁਰਤਾਂ ਜੋੜਨ ਵਾਲੇ ਅਤੇ ਸਿਫ਼ਤਾਂ ਆਖਣ ਵਾਲੇ ਮਨੁੱਖ) ਸਿਫ਼ਤਾਂ ਆਖ ਆਖ ਕੇ ਅਤੇ ਸੁਰਤਿ ਜੋੜ ਜੋੜ ਕੇ ਸਾਰੇ ਹੀ ਥੱਕ ਜਾਂਦੇ ਹਨ।

ਹੇ ਭਾਈ! ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਪਰਮਾਤਮਾ ਵਿਚ ਲੀਨ ਰਹਿ ਸਕਦਾ ਹੈ।੨।

ਹੇ ਭਾਈ! ਪਰਮਾਤਮਾ ਨੇ) ਮਾਇਆ ਦਾ ਮੋਹ (ਆਪ ਹੀ) ਪੈਦਾ ਕੀਤਾ ਹੈ, ਆਪ ਹੀ (ਇਸ ਮੋਹ ਨੂੰ) ਹਰੇਕ (ਜੀਵ ਦੇ) ਸਿਰ ਉੱਤੇ (ਥਾਪ ਕੇ ਹਰੇਕ ਨੂੰ ਮਾਇਆ ਦੇ) ਧੰਧੇ ਵਿਚ ਲਾਇਆ ਹੋਇਆ ਹੈ। ਜਿਸ ਮਨੁੱਖ ਨੂੰ (ਪਰਮਾਤਮਾ) ਆਪ ਸਮਝ ਬਖ਼ਸ਼ਦਾ ਹੈ, ਉਹੀ (ਇਸ ਮੋਹ ਦੀ ਖੇਡ ਨੂੰ) ਸਮਝਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ (ਪਰਮਾਤਮਾ ਦਾ) ਦਰ-ਘਰ ਦਿੱਸ ਪੈਂਦਾ ਹੈ। ਉਹ ਮਨੁੱਖ ਸੁਰਤਿ ਜੋੜ ਕੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ, (ਤੇ, ਇਸ ਤਰ੍ਹਾਂ) ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਅਤੇ (ਮਾਇਆ ਦੀ) ਮਮਤਾ ਸਾੜ ਲੈਂਦਾ ਹੈ।੩।

ਹੇ ਭਾਈ! ਪਰਮਾਤਮਾ) ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਵਿਚ ਰੱਖ ਕੇ ਸ੍ਰੇਸ਼ਟ ਬੁੱਧੀ, ਉੱਚਾ ਆਚਰਨ, ਸਿਫ਼ਤਿ-ਸਾਲਾਹ ਅਤੇ (ਆਪਣੇ ਗੁਣਾਂ ਦੀ) ਵਿਚਾਰ (ਬਖ਼ਸ਼ਦਾ ਹੈ, ਇਸ ਤਰ੍ਹਾਂ ਉਸ ਦੇ) ਨਾਮ ਵਿਚ ਰੰਗੇ ਹੋਏ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਸੋਭਾ ਖੱਟਦਾ ਹੈ।

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।੪।

ਹੇ ਭਾਈ! ਗੁਰੂ ਦੇ ਦਰ ਤੇ (ਰਹਿ ਕੇ ਮਨੁੱਖ ਪਰਮਾਤਮਾ ਦਾ) ਨਾਮ-ਲਾਭ ਖੱਟ ਲੈਂਦਾ ਹੈ, (ਪਰ ਇਹ ਦਾਤਿ ਹੈ, ਤੇ ਇਹ ਦਾਤਿ) ਦੇਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ। ਸੋ, ਜਿਹੜਾ ਪ੍ਰਭੂ (ਇਹ ਦਾਤਿ) ਦੇਂਦਾ ਹੈ ਉਸ ਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ, ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਨਾ ਚਾਹੀਦਾ ਹੈ।

ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ, ਤੇ, ਉਸ ਸਭ ਕੁਝ ਦੇ ਸਕਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹੋ।੫।

ਹੇ ਭਾਈ! ਬਵੰਜਾ) ਬੀਰਾਂ ਨੂੰ (ਭੀ ਪਰਮਾਤਮਾ ਨੇ) ਭਟਕਣਾ ਵਿਚ ਪਾ ਕੇ (ਮਾਇਆ ਦੇ ਮੋਹ ਵਿਚ) ਭੁਲਾਈ ਰੱਖਿਆ, ਸਾਰੇ ਭੂਤ ਪ੍ਰੇਤ ਭੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ। ਪਰਮਾਤਮਾ ਨੇ ਆਪ (ਹੀ ਇਹ ਸਾਰੇ) ਪੈਦਾ ਕੀਤੇ, (ਇਹਨਾਂ ਨੂੰ) ਵੱਖ ਵੱਖ ਕਿਸਮਾਂ ਦੇ ਬਣਾ ਕੇ (ਸਭ ਦੀ) ਸੰਭਾਲ (ਭੀ) ਕਰਦਾ ਹੈ।

ਹੇ ਕਰਤਾਰ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਸਾਰੇ ਜੀਵ ਜੰਤ ਤੇਰੀ ਸਰਨ ਹਨ। ਉਹ ਮਨੁੱਖ (ਹੀ ਤੈਨੂੰ) ਮਿਲਦਾ ਹੈ ਜਿਸ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ।੬।

ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ) ਪਰਮਾਤਮਾ ਵਿਆਪਕ ਹੈ, (ਸ੍ਰਿਸ਼ਟੀ ਨੂੰ) ਆਪ (ਹੀ) ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਭੀ ਆਪ ਹੀ ਜਾਣਦਾ ਹੈ।

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾਂਦਾ ਹੈ। ਸਦਾ-ਥਿਰ ਹਰਿ-ਨਾਮ ਦਾ ਸਿਮਰਨ, ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦਾ ਉੱਦਮ-ਇਹ ਉਸ ਮਨੁੱਖ ਦਾ ਨਿੱਤ ਦਾ ਕਰਤੱਬ, ਨਿੱਤ ਦੀ ਕਾਰ ਹੋ ਜਾਂਦੀ ਹੈ।

ਪਰ ਵਰਤ ਰੱਖਣਾ, ਕਰਮ ਕਾਂਡ ਦਾ ਹਰੇਕ ਨੇਮ ਨਿਬਾਹੁਣਾ, ਰੋਜ਼ਾਨਾ ਦੇਵ-ਪੂਜਾ-ਆਤਮਕ ਜੀਵਨ ਦੀ ਸੂਝ ਤੋਂ ਬਿਨਾ ਇਹ ਸਾਰਾ ਉੱਦਮ ਮਾਇਆ ਦਾ ਪਿਆਰ (ਹੀ ਪੈਦਾ ਕਰਨ ਵਾਲਾ) ਹੈ।੭।

ਹੇ ਭਾਈ! ਪਰਮਾਤਮਾ ਦਾ ਸਿਮਰਨ ਛੱਡ ਕੇ) ਸ਼ੋਨਕ ਦਾ ਜੋਤਿਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ-(ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿਚ ਭਟਕਦਾ ਰਹਿੰਦਾ ਹੈ। ਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ।

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ ਸਿਮਰਨ ਨੂੰ (ਆਪਣਾ ਰੋਜ਼ਾਨਾ) ਕਰਤੱਬ ਬਣਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ।੮।

ਹੇ ਭਾਈ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸਰਨ ਆ ਪੈਂਦੇ ਹਨ, (ਆਪਣੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਦੀ) ਸੁਰਤਿ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੱਗ ਜਾਂਦੀ ਹੈ।

ਹੇ ਪ੍ਰਭੂ! ਗੁਰੂ ਦੀ ਸਰਨ ਆਉਣ ਵਾਲੇ ਮਨੁੱਖ) ਤੇਰੇ ਪਿਆਰ-ਰੰਗ ਵਿਚ ਟਿਕੇ ਰਹਿੰਦੇ ਹਨ। ਸਾਰੇ ਸੁਖ ਦੇਣ ਵਾਲਾ ਤੂੰ (ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ।

ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਸ ਗੱਲ ਨੂੰ) ਸਮਝ ਲੈਂਦਾ ਹੈ, (ਉਸ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ) ।੯।

ਹੇ ਭਾਈ! ਜਿਵੇਂ) ਪੰਦ੍ਰਾਂ ਥਿੱਤਾਂ ਅਤੇ ਸੱਤ ਵਾਰ, ਮਹੀਨੇ, ਰੁੱਤਾਂ, ਰਾਤ, ਦਿਨ ਮੁੜ ਮੁੜ ਆਉਂਦੇ ਰਹਿੰਦੇ ਹਨ, ਤਿਵੇਂ ਇਹ ਜਗਤ ਹੈ (ਭਾਵ, ਜਗਤ ਦੇ ਜੀਵ ਜੰਮਦੇ ਮਰਦੇ ਰਹਿੰਦੇ ਹਨ। ਕਰਤਾਰ ਨੇ (ਆਪ ਹੀ ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਬਣਾ ਦਿੱਤਾ ਹੈ। ਅਟੱਲ ਰਹਿਣ ਵਾਲਾ ਸਦਾ-ਥਿਰ ਪ੍ਰਭੂ ਹੀ ਹੈ ਜੋ (ਸਾਰੀ ਸ੍ਰਿਸ਼ਟੀ ਵਿਚ ਆਪਣੀ) ਸੱਤਾ ਟਿਕਾ ਰਿਹਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ (ਭਾਗਾਂ ਵਾਲਾ) ਮਨੁੱਖ (ਗੁਰੂ ਦੇ) ਸ਼ਬਦ ਨੂੰ (ਆਪਣੇ) ਮਨ ਵਿਚ ਵਸਾ ਕੇ (ਇਸ ਗੱਲ ਨੂੰ) ਸਮਝ ਲੈਂਦਾ ਹੈ।੧੦।੧।

 

You may also like these